ਮੈਂ ਹਜੂਰ ਦੀ ਖਿਦਮਤ ਕਰਨ ਲਈ ਹਾਜ਼ਰ ਹਾਂ । ਮੈਂ ਕਿਹੜੀ ਨਸ ਚਲੀ ਆਂ, ਖੀਰ ਖਾਓ ਸਰਕਾਰ ਠੰਡੀ ਕਰ ਕੇ । ਛਾਲੇ ਨਾ ਪੈ ਜਾਣ ਨਾਜ਼ਕ ਜਿਹੀ ਜੀਭ ਤੇ । ਆਓ ਹਜੂਰ ਤਸ਼ਰੀਫ ਰਖੋ, ਕਲੀਆਂ ਹਾਜ਼ਰ ਹਨ, ਬਰਾਬ ਦਾਸੀ ਲਈ ਖੜੀ ਏ। ਝੁਕ ਕੇ ਆਖਿਆ ਅਨੂਪ ਕੌਰ ਨੇ।
"ਤੇਰੇ ਹੁਸਨ ਨੇ ਖਿਚ ਆਂਦਾ ਏ । ਨਹੀਂ ਤੇ ਸਰਹਿੰਦ ਵਿਚ ਜਸ਼ਨ ਹੋ ਰਿਹਾ ਸੀ ।"
"ਮੈਂ ਤੇ ਹੁਣ ਕਨੀਜ਼ ਬਣ ਕੇ ਰਹਾਂਗੀ।''
"ਕਨੀਜ਼ਾਂ ਬਹੁਤ ਹਨ, ਮੈਨੂੰ ਮਲਕਾ ਦੀ ਲੋੜ ਏ, ਕੱਲ੍ਹ ਮਲੇਰ ਕੋਟਲੇ ਵਾਲੇ ਆਪਣੀ ਨਵੀਂ ਮਾਲਕਾ ਦਾ ਜਲਾਲ ਨਾਲ ਇਸਤਕਬਾਲ ਕਰਨਗੇ ।"
"ਸ਼ਰਾਬ ਦੀ ਕਟੋਰੀ ਹਜ਼ਾਰ ਏ ।"
''ਇਕ ਕੀ. ਦਸ ਲਿਆ ਗੋਰੀਏ ।"
"ਅਜੇ ਤੋਂ ਇਕ ਈ ਏ ।"
"ਮੈਂ ਇਕ ਪਿਆਲੀ ਤੋਂ ਆਪਣੀ ਹਕੂਮਤ ਵੇਚ ਸਕਦਾ ਹਾਂ । ਮੈਂ ਅਜ ਰਾਤ ਤੇਰੀਆਂ ਲਾਲ ਬੁਲ੍ਹੀਆਂ ਤੇ ਬੱਸੇ ਦੀ ਮੋਹਰ ਲਾ ਦੇਣੀ ਚਾਹੁੰਦਾ ਹਾਂ । ਇਸਲਾਮ ਵਿਚ ਜਾਇਜ਼ ਹੋ ਜਾਏ ਨਿਕਾਹ," ਸ਼ੇਰ ਮੁਹੰਮਦ ਖਾਨ ਨੇ ਗਲਵਕੜੀ ਵਿਚ ਲੈ ਲਈ ਅਨੂਪ ਕੌਰ ।
"ਜਾਓ ਕਾਜ਼ੀ ਸਾਹਿਬ ਨਿਕਾਹ ਕੱਲ੍ਹ ਹੋਵੇਗਾ ।" ਕਾਜ਼ੀ ਚਲਾ ਗਿਆ।
ਹਰਮ ਵਿਚ ਹੁਣ ਸ਼ੇਰ ਮੁਹੰਮਦ ਖਾਨ ਸੀ ਜਾਂ ਅਨੂਪ ਕੌਰ । ਮਾਲਣਾ ਪਰਦੇ ਪਿਛੇ ਸਨ ।
ਸ਼ੇਰ ਮੁਹੰਮਦ ਖਾਨ ਨੇ ਗਲਵਕੜੀ ਵੇਖੀ ਤਾਂ ਉਹ ਖਾਲੀ ਸੀ । ਸਿਰਫ ਨਸ਼ਾ ਹੀ ਨਸ਼ਾ ਸੀ।
ਅਨੂਪ ਕੌਰ ਸ਼ਰਮ ਦਾ ਪਜ ਪਾ ਕੇ ਲਾਂਭੇ ਹੋ ਗਈ ਅਤੇ ਫੁਰਤੀ ਤੋਂ ਕੰਮ ਲਿਆ ਗਹਿਣੇ ਛਟਕ ਪਏ, ਮਨ ਮਚਲਿਆ ਸ਼ੇਰ ਮੁਹੰਮਦ ਖਾਨ ਦਾ, ਝਾਂਜਰ ਬੋਲੀ ਅਤੇ ਕਾਲਜਾ ਡੋਲਿਆ ਬੁੱਢੇ ਦਾ । ਅਨੂਪ ਕੌਰ ਨੇ ਸ਼ਰਾਬੀ ਨਵਾਬ ਦੀ ਕਮਰ ਵਿਚੋਂ ਖੰਜਰ ਧੂਹ ਲਿਆ । ਅਨੂਪ ਕੌਰ ਸੋਚਣ ਲਗੀ "ਸ਼ੇਰ ਮੁਹੰਮਦ ਖਾਨ ਦੀ ਅਲਖ ਮੁਕਾ ਦੇਵੇ ।" ਪਰ ਫਿਰ ਸੋਚੀਂ ਪੈ ਗਈ ਕਿ ਅਨੰਦਪੁਰ ਵਿਚੋਂ ਕੌਣ ਕੌਣ ਨਿਕਲਿਆ ਤੇ ਕੌਣ ਕੌਣ ਬਚਿਆ ਏ । ਜੇ ਮੈਂ ਮਾਰ ਕੇ ਜੀਉਦੀ ਨਿਕਲ ਗਈ ਤਾਂ ਮੇਰਾ ਕੌਣ ਨਿਗਾਹਬਾਨ ਬਣੂ। ਇਹ ਗਲਤ ਏ ? ਇਹੋ ਜਿਹੀ ਭੁਲ ਨਹੀਂ ਕਰਨੀ ਚਾਹੀਦੀ । ਸਿਆਸਤ ਤੋਂ ਕੰਮ ਲਿਆ ਜਾਵੇ ਅਜ ਨਵਾਬ ਦੀ ਮਰਜ਼ੀ ਦੇ ਮੁਤਾਬਕ ਹੀ ਰਾਤ ਕਟੀ ਜਾਏ ।"
"ਮਜ਼ਾ ਲੁਟ ਲੈ ਇਹ ਰਾਤ ਮੁੜ ਕੇ ਨਹੀਂ ਓ ਲਭਣੀ ।" ਅਨੂਪ ਕੌਰ ਦਾ ਦਿਲ ਬੋਲਿਆ ।
ਸ਼ੇਰ ਮੁਹੰਮਦ ਖਾਨ ਨੇ ਦੂਜੀ ਵਾਰ ਜਕੜ ਲਈ ਗਲਵਕੜੀ ਵਿਚ ਅਨੂਪ ਕੌਰ । ਸੁਆਦ ਲੈਣਾ ਚਾਹੁੰਦਾ ਸੀ ਅਨੂਪ ਕੌਰ ਦੀਆਂ ਬੁਲ੍ਹੀਆਂ ਦਾ। ਜਕੜੀ ਅਤੇ ਕਾਬੂ ਵਿਚ ਆਈ ਅਨੂਪ ਕੌਰ ਨੇ ਖੰਜਰ ਦਾ ਮੂੰਹ ਆਪਣੀ ਹਿਕ ਵਲ ਕਰ ਲਿਆ।
ਜਦ ਗਲਵਕੜੀ ਭਰ ਜੋਬਨ ਤੇ ਆਈ ਤਾਂ ਸ਼ੇਰ ਮੁਹੰਮਦ ਖਾਨ ਨੇ ਬੁਲੀਆਂ ਚੁੰਮੀਆਂ ਤਾਂ ਉਹ ਖਾਲੀ ਲਾਸ਼ ਸੀ । ਕਚੇ ਕਵਾਰੇ ਅਤੇ ਅਣਖੀ ਖੂਨ ਨਾਲ ਹਰਮ ਲਾਲ ਸੂਹਾ ਹੋ ਚੁੱਕਾ ਸੀ । ਰੂਹ ਆਤਮਾ ਨਾਲ ਜਾ ਮਿਲੀ ਜਿਸ ਨਾਲ ਦਿਲ ਦੀ ਤਾਰ ਜੁੜੀ ਹੋਈ ਸੀ।