ਮੁਗਲ ਫੜਨ ਜੋਗੇ ਕਿਥੇ ਹੋਏ ਇਹ ਤਾਂ ਮਾਰਿਆ ਸ਼ਿਕਾਰ ਖਾਣ ਵਾਲੇ ਹਨ। ਮਾਰਨ ਝੰਡੇ ਨਹੀਂ ।"
"ਨ੍ਹਰਿਆ ! ਤੂੰ ਗੁਰੂ ਘਰ ਦਾ ਬੜਾ ਪ੍ਰੇਮੀ ਜਾਪਦਾ ਏਂ ?”
"ਹਾਂ ਸਰਦਾਰ ਜੀ, ਅਸੀਂ ਪਠਾਣ ਹਾਂ । ਅਸੀਂ ਉਚ ਦੇ ਪੀਰ ਨੂੰ ਸਲਾਮਾਂ ਕਰਦੇ ਆਏ । ਪੰਜਾਬ ਵਿਚ ਸਦੀਆਂ ਤਕ ਗੁਰੂ ਵਰਗਾ ਹੋਰ ਕੋਈ ਨਹੀਂ ਜੰਮ ਸਕਦਾ । ਮੇਰਾ ਪੀਰ ਇਸ ਤਰ੍ਹਾਂ ਆਖਦਾ ਏ। ਸ਼ਬਦ ਪੜ੍ਹ ਕੇ ਮੇਰਾ ਤਾਂ ਰੋਮ ਰੋਮ ਪਵਿਤਰ ਹੋ ਗਿਆ ।” ਨੂਰੇ ਦੀ ਆਵਾਜ਼ ਸੀ ।
"ਅਸੀਂ ਡਾਰ ਵਿਚੋਂ ਵਿਛੜ ਗਏ ਹਾਂ ਸਾਨੂੰ ਡਾਰ ਨਾਲ ਰਲਾ ਨੂਰਿਆ ।"
“ਚਮਕੌਰ ਥਾਣੀ ਮਾਛੀ ਵਾੜੇ ਜਾਓ । ਰਾਹ ਵਿਚ ਕੋਈ ਗੁਰਮੁਖ ਮਿਲਦਾ ਜਾਉ। ਸਿਰਫ ਡਰ ਏ ਤਾਂ ਗਸ਼ਤੀ ਫੌਜ ਦਾ । ਹੋਰ ਕੋਈ ਤੁਹਾਡੀ ਵਾਅ ਵਲ ਨਹੀਂ ਵੇਖਦਾ। ਜਨਤਾ ਦੇ ਦਿਲ ਵਿਚ ਤੁਹਾਡੇ ਨਾਲ ਹਮਦਰਦੀ ਕੁੱਟ ਕੁੱਟ ਕੇ ਭਰੀ ਹੋਈ ਏਂ । ਬਾਣਾ ਬਦਲੋ, ਕੁਰਾਹੇ ਤੁਰੇ ਜਾਓ। ਡੰਡੀਆਂ ਦੇ ਚੱਕਰ 'ਚ ਨਾ ਪਵੋ । ਮੰਜ਼ਲ ਤੇ ਪੁੱਜ ਜਾਉਗੇ । ਸ਼ਾਮਾਂ ਤਕ ਮੈਂ ਤੁਹ ਡੇ ਨਾਲ ਹਾਂ । ਬਾਂਟਾ ਲਿਆ ਦੇਂਦਾ ਹਾਂ । ਪ੍ਰਸ਼ਾਦ ਛਕੋ। ਰਾਤ ਨੂੰ ਪੰਧ ਮੁਕਾਓ। ਦਿਨ ਫਿਰ ਕਿਤੇ ਸਾਹ ਲੈ ਲੈਣਾ। ਕਦੀ ਨਾ ਕਦੀ ਆ ਜਾਏਗਾ ਯਾਰ ਦਾ ਦਵਾਰਾ ।" ਨੂਰ ਵਜਦ ਵਿਚ ਆਖ ਰਿਹਾ ਸੀ ।
"ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਣਾ ।"
"ਨੂਰਿਆ, ਜਿਦਾਂ ਤੇਰੀ ਰਜ਼ਾ ।”
ਸ਼ਾਮੀ ਵੱਗ ਮੋੜਿਆ । ਡਾਂਗ ਮੋਢੇ ਤੇ ਰਖੀ । ਸੱਦਾਂ ਲਾਉਂਦਾ ਮਿਰਜ਼ੇ ਜਟ ਦੀਆਂ ਪਿੰਡ ਵਿਚ ਜਾ ਪੁੱਜਾ । ਰਾਤ ਪਈ। ਅੰਨ ਪਾਣੀ ਚੁੱਕੀ, ਬਾਣੇ ਦੀ ਗੱਠੜੀ ਬੰਨ੍ਹੀ, ਨੂਰਾ ਫਿਰ ਉਸੇ ਟੋਟੇ ਦੇ ਲਾਗੇ ਆ ਗਿਆ ।
ਬਿੜਕ ਲਈ । ਖੁਰਾ ਨੱਪਿਆ । ਕੋਈ ਸੁਹਾ ਲੱਗਾ ਹੋਇਆ ਸੀ1 ਪੈੜਾਂ ਪੈੜਾਂ ਤੇ ਈ ਤੁਰਿਆ ਆਇਆ ।
ਖੰਨੀ ਖੰਨੀ ਖਾਣੀ ਸੀ, ਖਾ ਲਈ ਤੇ ਬਾਣਾ ਬਦਲ ਲਿਆ । ਸੂਹੀਆ ਘੜੰਮ ਕੁੱਦ ਪਿਆ ਵਿਚਕਾਰ ਆ ਕੇ ।
"ਇਹ ਕਰਤੂਤ ਨੂਰਿਆ ਤੇਰੀ । ਕਾਫਰਾਂ ਦੀ ਮਦਦ ਤੇ ਇਸਲਾਮ ਨੂੰ ਧੋਖਾ ?"
"ਜਾਹ ਰਾਹੇ ਰਾਹੇ ਜਾਹ । ਭਰਾ ਪੈਂਡਾ ਖੋਟਾ ਨਾ ਕਰ । ਰੱਬ ਤੋਂ ਡਰੀਦਾ ਏ ।” ਨੂਰਾ ਆਖਣ ਲੱਗਾ ।
"ਮੈਂ ਤੇ ਕਾਜ਼ੀ ਨੂੰ ਜਾ ਦਸੂੰ । ਵਾਹਰ ਚੁੱਕ ਲਊਂ ਪਿੰਡ ਜਾ ਕੇ । ਤੋਰੀਆਂ ਮੁਸ਼ਕਾਂ ਬੰਨ੍ਹਵਾ ਦੇਊਂ ਤੇ ਖੱਲ ਲੁਹਾ ਦਿਊਂ ਪੁਠੀ ।"
'ਚੰਗੇ ਕੰਮ ਵਿਚ ਲੱਤ ਨਹੀਂ ਮਾਰੀਦੀ ਵੀਰ ।"
"ਇਹ ਚੰਗਾ ਕੰਮ ਏ ? ਸੱਪਾਂ ਨੂੰ ਦੁੱਧ ਪਿਆਉਣਾ ।"