ਅਰਸ਼ੀ ਪ੍ਰੀਤਮ
(੧ ਬੰਦੀ ਛੋਰ)
ਧੀਰਉ ਦੇਖਿ ਤੁਮ੍ਹਾਰੈ ਰੰਗਾ ॥ ਤੁਹੀ ਸੁਆਮੀ ਅੰਤਰਜਾਮੀ ਤੂਹੀ ਵਸਹਿ ਸਾਧ ਕੈ ਸੰਗਾ ॥
ਸੁੰਦਰਤਾ ਦਾ ਇਕ ਅਰਸ਼ੀ ਟੁਕੜਾ, ਇਸ ਧਰਤੀ ਪੁਰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਹੈ। ਕੋਮਲ ਹੁਨਰਾਂ ਦਾ ਕਮਾਲ ਬੀ ਏਥੇ ਹੈ। ਸਾਰੇ ਜਗਤ ਦੇ ਸੁਹਣੇ ਟਿਕਾਣੇ ਤੱਕ ਆਓ, ਇਹ ਗੰਭੀਰਤਾ, ਇਹ ਪ੍ਰਕਾਸ਼, ਇਹ ਖੁੱਲਾਪਨ, ਇਹ ਅਛੋਤ ਸੁਹਣੱਪ, ਇਹ ਦੈਵੀ ਪ੍ਰਭਾਵ, ਇਹ ਅਮਰੀ ਛਵੀ ਕਿਸੇ ਦੀ ਵਿਉਂਤ ਵਿੱਚ ਨਾ ਦਿੱਸੂ ਜੋ ਇਸ ਮੰਦਰ - ਹਰੀਮੰਦਰ - ਵਿੱਚ ਦਿਸਦੀ ਹੈ। ਇਲਾਹੀ ਨੂਰ, ਦੈਵੀ ਪ੍ਰਕਾਸ਼, ਆਤਮ ਰੰਗ, ਗੁਹਝ ਕਥਾ ਤੇ ਰੱਬੀ ਭੇਤਾਂ ਦਾ ਜ਼ਿੰਮੇਵਾਰ ਇਹ ਸਤਿਗੁਰੂ ਦਾ ਸਰੀਰ ਮਾਨੋਂ ਅਡੋਲ, ਅਹਿੱਲ ਸਮਾਧੀ ਵਿੱਚ ਇਸਥਿਤ ਹੈ। ਇਰਦ ਗਿਰਦ ਐਨੀਂ ਖੁੱਲ ਹੈ ਕਿ ਕੋਈ ਲੁਕ, ਪਰਦਾ ਹੋਰ ਨਹੀਂ। ਅਕਾਸ਼ ਖੁੱਲਾ ਦੀਦਾਰੇ ਕਰੇ, ਰੋਸ਼ਨੀ ਖੁੱਲ੍ਹੀ ਆ ਕੇ ਮੱਥੇ ਟੇਕੇ, ਚੁਫੇਰੇ ਜਲ ਦਾ ਘੇਰਾ ਹੈ, ਜਿਸਦੇ ਕਾਰਨ ਹਵਾ ਦਾ ਮੰਡਲ ਸਦਾ ਖੁੱਲਾ ਤੇ ਸਾਫ ਰਹਿਂਦਾ ਹੈ। ਸਰੋਵਰ ਦਾ ਡੂੰਘ ਨਿੰਮ੍ਰਤਾ ਦੀਆਂ ਡੂੰਘਾਈਆਂ ਦਾ ਲਖਾਇਕ, ਤੇ ਗੁੰਬਜ਼ਾਂ ਦੀ ਉਚਾਈ ਚੜਦੀਆਂ ਕਲਾਂ ਦੀ ਉਚਾਣ ਹੈ। ਇਸ ਹਰਿਮੰਦਰ ਦੇ ਚਾਰ ਦਰਵਾਜ਼ੇ ਚਵਾਂ ਲਾਂਭਾ (ਦਿਸ਼ਾਂ) ਦੇ ਵਿਚਕਾਰ, ਤੇ ਹਰਿਮੰਦਰ ਦੀਆਂ ਚਾਰੇ ਨੁਕਰਾਂ ਚਹੁਵਾਂ ਲਾਂਭਾ ਦੀ ਸੇਧ ਉਪਰ ਹਨ। ਰੱਬ ਲਾਂਭਾਂ ਵਿੱਚ ਹੀ ਨਹੀਂ, ਸਾਰੇ ਹੈ, ਏਹ ਉਪਦੇਸ਼ ਦਰਬਾਰ ਸਾਹਿਬ ਦੇ ਚਾਰ ਦਰਵਾਜ਼ੇ ਦੇ ਰਹੇ ਹਨ। ਵਿਆਪਕ ਵਾਹਿਗੁਰੂ ਨੂੰ ਵਿਆਪਕ ਸਮਝਣ ਦੇ ਭਾਵ ਤੇ ਚੁੱਪ ਦੀ ਅਵਾਜ਼ ਵਿਚ ਉਪਦੇਸ਼ ਦਾਤਾ ਸਤਿਗੁਰੂ ਦਾ ਸਰੀਰ - ਸੱਚ ਮੁੱਚ ਸਰੀਰ - ਇਹ ਹਰੀ ਮੰਦਰ ਹੈ। ਇਸ ਪ੍ਰਤੱਖ ਸਤਿਗੁਰ ਦੇ ਸਰੀਰ ਵਿੱਚ ਰਬੀ ਗਿਆਨ ਦਾ ਨਿਵਾਸ, ਅਡੋਲ ਰੰਗ ਵਿੱਚ ਤੇ ਕੀਰਤਨ ਰੂਪ ਵਿੱਚ ਅਠ ਪਹਿਰ ਜਾਰੀ। ਅਹਾਰ ਲਈ ਕੜਾਹ ਪ੍ਰਸ਼ਾਦ, ਸੁੰਘਣ ਲਈ ਫੁੱਲ, ਸੁਣਨ ਲਈ ਕੀਰਤਨ ਸੰਗੀਤ, ਤੱਕਣ ਲਈ ਭਗਤਾਂ ਦੇ ਦਰਸ਼ਨ ਤੇ ਸ਼ਧਾ ਨਾਲ ਝੁਕਦੇ ਸੀਸ, ਸਪਰਸ਼ ਲਈ ਠੰਢੀ ਪੌਣ, ਸਾਰੇ ਸਰੀਰ ਲਈ ਬੀ ਲੁੜੀਂਦੇ ਸਾਮਾਨ ਏਥੇ ਸਦਾ ਪ੍ਰਾਪਤ ਹਨ। ਹਰਿਮੰਦਰ ਦੇ ਗੁੰਬਜ਼ ਦਾ ਸ਼ਿਖਰ ਸਾਰੀ ਧਰਤੀ ਦਾ ਮਾਨੋਂ ਕੇਂਦਰ ਹੈ। ਜੋਤਸ਼ੀਆਂ ਗ਼ਲਤੀ ਨਾਲ ਅਗਲੇ ਸਮੇਂ ਬਨਾਰਸ ਤੇ ਹੁਣ ਗ੍ਰੀਨਿਚ ਧਰਤੀ ਦੇ ਕੇਂਦਰ ਬਨਾਏ ਹਨ, ਅਸਲ ਅਰ ਹਿਸਾਬ ਨਾਲ ਠੀਕ ਕੇਂਦਰ ਇਹ ਦਰਬਾਰ ਸਾਹਿਬ ਦੇ ਗੁੰਬਜ਼ ਦੀ ਚੋਟੀ ਹੇਠਲਾ ਸਥਾਨ ਹੈ, ਜਿੱਥੇ ਮਾਲਕ ਦਾ ਯਸ਼ ਹਰ ਛਿਨ ਜਾਰੀ ਹੈ। ਹਰਿਮੰਦਰ ਅਰਸ਼ੀ ਮੰਦਰ ਹੈ, ਸਗੋਂ ਅਰਸ਼ਾਂ ਤੋਂ ਬੀ ਸੁਹਣਾ ਹੈ, ਕਿਉਂਕਿ ਅਰਸ਼ ਲੁਕਿਆ ਹੋਇਆ ਹੈ ਪਰ ਇਹ ਪ੍ਰਗਟ ਹੈ ਜੋ ਉਪਦੇਸ਼ ਤੇ ਕੀਰਤਨ ਕਰਦਾ ਹੈ। ਹਰਿਮੰਦਰ ਦੇ ਅੰਦਰ ਸਤਿਗੁਰ ਜੀ ਦੇ ਗਿਆਨ ਦਾ ਚਾਨਣਾ ਹੈ, ਇਹੋ ਚਾਨਣਾ ਸਾਰੇ ਪੇਹਨ ਵਿਚ ਪਸਰ ਰਿਹਾ ਹੈ। ਸੁਨਹਿਰੀ ਗੁੰਬਜ਼ਾਂ ਤੋਂ ਚਾਨਣੇ ਦੀਆਂ ਰਿਸ਼ਮਾਂ ਸਾਰੇ ਸਰੋਵਰ ਅਰ ਪ੍ਰਕਰਮਾਂ ਵਿਚ ਪ੍ਰਤਿਬਿੰਬਤ ਹੁੰਦਿਆਂ ਹਨ। ਹਰੀਮੰਦਰ ਦਾ ਪੁਲ ਵਾਹਿਗੁਰੂ ਦੀ ਦੇ ਤੱਕ ਅੱਪੜਨ ਦਾ ਵਿਚੋਲਾ ਆਪਣੀ ਛਬੀ ਵਿਚ ਅਦੁਤੀ ਐਉਂ ਦਮਕਦਾ ਹੈ ਜੀਕੂੰ ਕਿਸੇ ਅਸਮਾਨਾਂ ਦੇ ਰਾਜ ਹੰਸ ਨੇ ਆਪਣੀ ਡਾਢੀ ਲੰਮੀ ਧੌਣ ਪਿਆਰ ਨਾਲ ਮੱਥੇ ਟੇਕਣ ਵਿਚ ਲੰਮੀ ਪਾ ਦਿੱਤੀ ਹੈ। ਠੀਕ ਹੈ, ਇਹ ਪੁਲ ਹੈ - ਪੁਲ ਸੰਗਤ ਦੇ ਭੈ ਨੂੰ ਤੋੜਨ ਵਾਲਾ ਪਰਮਹੰਸ ਉਪਦੇਸ਼ਕ ਜੋ ਦੱਸਦਾ ਹੈ ਕਿ ਰਾਈ ਦੇ ਦਸਵੇਂ ਭਾਗ ਜਿੰਨਾਂ ਤੰਗ ਮੁਕਤ ਦਾ ਦਰਵਾਜ਼ਾ ਕੀਕੂੰ ਖੁੱਲਾ ਹੋ ਜਾਂਦਾ ਹੈ:-
ਕਬੀਰ ਐਸਾ ਸਤਿਗੁਰੁ ਜੇ ਮਿਲੈ ਤੁਠਾ ਕਰੇ ਪਸਾਉ॥ ਮੁਕਤਿ ਦੁਆਰਾ ਮੋਕਲਾ ਸਹਜੇ ਆਵਉ ਜਾਉ ॥
ਜੀਕੂੰ ਭੈਜਲ ਸੰਸਾਰ ਵਿਚ ਗੁਰਮੁਖ ਦਾ ਸ਼ਰੀਰ ਅਡੋਲ ਟਿਕਾਉ ਵਿਚ ਖੜਾ ਰਹਿਂਦਾ ਹੈ, ਤੀਕੂੰ ਇਹ ਪੁਲ ਤੇ ਮੰਦਰ ਅੰਮ੍ਰਿਤ ਜਲ ਪਰ ਐਉਂ ਖੜਾ ਜਾਪਦਾ ਹੈ, ਜਿਵੇਂ ਕਿਸੇ ਨੇ ਮਲਕੜੇ ਟਿਕਾ ਦਿੱਤਾ ਹੈ। ਹਰਿਮੰਦਰ, ਸੱਚਖੰਡ ਦਾ ਆਦਰਸ਼ ਹੈ, ਪਹੁੰਚਣੇ ਲਈ ਪੁਲ ਇਹ ਦੱਸ ਰਿਹਾ ਹੈ ਕਿ ਸਤਿਗੁਰ ਨੇ ਦਰਗਾਹ ਪਹੁੰਚਣ ਲਈ ‘ਗੁਰਮੁਖ ਗਾਡੀ ਰਾਹ' ਸਾਜਕੇ ਭੈਜਲ ਉਤੇ ਪੁਲ ਬਣਾ ਦਿੱਤਾ ਹੈ, ਹੁਣ ਤਰਕੇ ਯਾਂ ਬੇੜੀਆਂ ਵਿਚ ਚੜ੍ਹਕੇ ਜਾਣ ਦੀ ਲੋੜ ਨਹੀਂ। ਹਾਂ, ‘ਗੁਰ ਨਾਨਕ ਮਾਰਗ' ਪੁਲ ਸਮਾਨੀ ਸੁਖਦਾਇਕ ਹੈ, ਇਸ ਪਰ ਤੁਰੋ। ਸੂਰਜ ਰੋਜ਼ ਦਰਸ਼ਨ ਕਰਦਾ ਚਾਰੋਂ ਪਹਿਰ ਹਰਿਮੰਦਰ ਨੂੰ ਨਜ਼ਰੋਂ ਉਹਲੇ ਨਹੀਂ ਹੋਣ ਦਿੰਦਾ ਤੇ ਰਾਤ ਇਸੇ ਖਿੱਚ ਵਿਚ ਫਿਰਦਾ ਸਵੇਰੇ ਮੁੜ ਆ ਜਾਂਦਾ ਹੈ। ਚੰਦ ਦੀ ਸ਼ਰਮੀਲੀ ਠੰਢੀ ਪਿਆਰੀ ਨਜ਼ਰ ਇਸ ਪਵਿੱਤ੍ਰ ਸਤਿਗੁਰ ਦੇਹੀ ਤੋਂ ਲੋਟਨ ਪੋਟਨ ਹੁੰਦੀ ਫਿਰਦੀ ਹੈ। ਹਾਂ ਚੰਦ ਦੀ ਟਿੱਕੀ ਰਾਤਾਂ ਨੂੰ ਅੰਮ੍ਰਿਤ ਸਰੋਵਰ ਵਿਚ ਟੁੱਬੀਆਂ ਲਾਉਂਦੀ ਦੀਹਦੀ ਹੈ। ਤਾਰਾ ਮੰਡਲ ਸਾਰੇ ਦਾ ਸਾਰਾ ਐਨਾਂ ਉੱਚਾ ਹੋ ਕੇ ਸਰੋਵਰ ਦੀ ਤਹਿ ਤੱਕ ਉੱਤਰ ਜਾਂਦਾ ਹੈ, ਹਾਂ ਸਰੋਵਰ ਦੀ ਨਿਵਾਣ ਵਿਚ ਉੱਚਾ ਅਸਮਾਨ ਆ ਸਮਾਉਂਦਾ ਹੈ, ਜਿਵੇਂ ਵਾਹਿਗੁਰੂ ਅਤਿ ਉੱਚਾ ਉੱਚਿਆਂ ਦਾ ਉੱਚਾ ਹੈ:-
ਵਡਾ ਸਾਹਿਬੁ ਊਚਾ ਥਾਉ ॥ ਊਚੇ ਉਪਰਿ ਊਚਾ ਨਾਉ ॥
ਪਰ ਇਸ ਨੀਵੇਂ ਮਾਤਲੋਕ ਵਿਚ, ਭਗਤ ਦੇ ਹਿਦੇ ਵਿਚ ਪ੍ਰਤਿਬਿੰਬਤ ਹੁੰਦਾ ਹੈ। ਜੀਕੂੰ ਸਰੋਵਰ ਵਿਚ ਉੱਚਾ ਤਾਰਾਮੰਡਲ ਪ੍ਰਤਿਬਿੰਬਤ ਦੇਖਦੇ ਹੋ, ਇੱਸੇ ਤਰ੍ਹਾਂ ਹਰੀ ਮੰਦਰ ਦੇ ਅੰਦਰ ਉੱਚਾ ਵਾਹਿਗੁਰੂ ਪ੍ਰਤਿਬਿੰਬਤ ਹੈ। ਹਰਿਮੰਦਰ ਵਿਚ ਵਾਹਿਗੁਰੂ ਪ੍ਰਤਿਬਿੰਬਤ ਹੋਣ ਕਰਕੇ ਹੀ ਇਹ ਮੰਦਰ ਨਹੀਂ, ਸਤਿਗੁਰੂ ਦੀ ਦੇਹੀ ਹੈ। ਇਸ ਮੰਦਰ ਦਾ ਅੰਦਰਲਾ ਨੂਰ ਦਿਲਾਂ ਨੂੰ ਖਿੱਚਦਾ ਹੈ, ਹਾਂ, ਇਸ ਵਾਹਿਗੁਰੂ ਦੀ ਛਬੀ ਦੀ ਖਿੱਚ ਮਨਾਂ ਨੂੰ ਮੋਂਹਦੀ ਹੈ, ਇਸ ਆਤਮ ਤੇ ਭੂਗੋਲਿਕ ਕੇਂਦਰ ਵਿਚ ਕੋਈ ਛਿਕੀ ਹੈ, ਧੂਹ ਹੈ ਅਰ ਉਸ ਧੂਹ ਵਿਚ ਕੋਈ ਰਸ ਹੈ ਕਿ ਹਰ ਮਤ ਦਾ ਰਸੀਆ ਫਕੀਰ ਇੱਥੇ ਆਇਆ ਨਹੀਂ, ਦਰਸ਼ਨ ਪਾਇਆ ਨਹੀਂ ਕਿ ਦਾਮਨਿਕ ਰੌਆਂ ਨਾਲ ਥਰਾਇਆ ਨਹੀਂ, ਥਰਾਇਆ ਨਹੀਂ ਕਿ ਦਿਲ ਦੀ ਧੌਣ ਝੁਕੀ ਨਹੀਂ ਕਿ ਰਸ ਨਾਲ ਭਰਿਆ ਨਹੀਂ। ਇਹ ਹਰਿਮੰਦਰ ਵਾਹਿਗੁਰੂ ਪ੍ਰਕਾਸ਼ਿਕ ਹੈ। ਭੈਜਲ ਤੋਂ ਪਾਰ ਕਰਦਾ ਹੈ, ਸ਼ਬਦ ਦਾਤਾ, ਗਿਆਨ ਦਾ ਪ੍ਰਕਾਸ਼ਿਕ ਹੈ, ਤੇ ਹਰੀ ਰਸ ਦੇ ਦੇਣ ਹਾਰਾ ਹੈ, ਹਾਂ, ਏਥੇ ਹੀ:-
ਫਰੀਦਾ ਰਬ ਖਜੂਰੀ ਪਕੀਆਂ ਮਾਖਿਅ ਨਈ ਵਹੰਨ੍ਹਿ ॥ ਜੋ ਜੋ ਵੰਞੈ ਡੀਹੜਾ ਸੋ ਉਮਰ ਹਥ ਪਵੰਨਿ ॥
ਪੱਕੀਆਂ ਰੱਬੀ ਖਜੂਰਾਂ ਏਥੇ ਹਨ, ਆਤਮ ਮਾਖਿਓ ਰੂਹਾਨੀ ਸ਼ਹਿਦਾਂ ਮਿੱਠੀਆਂ ਰਸ ਭਰੀਆਂ ਦੇ ਫੁਹਾਰੇ ਏਥੇ ਹੀ ਛੁੱਟ ਰਹੇ ਹਨ, ਜੋ ਜੋ ਪ੍ਰੇਮੀ ਆਇਆ ਉਸ ਨੇ ਉੱਮਲ ਉੱਮਲ ਕੇ ਹੱਥ ਪਾਏ ਕਿ ਵੱਧ ਤੋਂ ਵੱਧ ਖਾਵਾਂ ਤੇ ਰਸ ਪਾਵਾਂ।
ਇਹ ਹਰਿ ਮੰਦਰ ਅਮਨ ਦਾ ਘਰ ਹੈ, ਜਾਲ ਇਸ ਦੇ ਸਰੋਵਰ ਵਿਚ ਨਹੀਂ ਪੈ ਸਕਦਾ ਤੇ ਬੰਦੂਕ ਇਸ ਦੇ ਵਾਯੂ ਮੰਡਲ ਵਿਚ ਨਹੀਂ ਚੱਲ ਸਕਦੀ ਇਥੇ ਖੇਲਦੇ ਪੰਛੀ ਅਮਨ ਵਿਚ ਹਨ। ਇਹ ਮਾਨ ਸਰੋਵਰ ਹੈ ਜਿਥੇ ਸੰਤ ਮਰਾਲ ਕੰਤੂਹਲ ਕਰਦੇ ਹੈਨ। ਇਹ ਅਰਸ਼ਾਂ ਦਾ ਗਗਨ ਹੈ। ਗਗਨ ਦਮਾਮਾਂ ਏਥੇ ਬਜਦਾ ਹੈ! ਕੁਰਬਾਨੀ ਦਾ ਨਕਸ਼ਾ, ਸਦਕੇ ਹੋਣ ਦਾ ਨਮੂਨਾ ‘ਪ੍ਰਕ੍ਰਮਾਂ’ ਏਥੇ ਵਿਦਮਾਨ ਹੈ। ਰੋਜ਼ ਪਤੰਗੇ ਵਾਂਗ ਪ੍ਰੇਮੀ ਆਕੇ ਪ੍ਰਕ੍ਰਮਾਂ ਕਰਦੇ ਇਹ ਦੱਸਦੇ ਹਨ ਕਿ ਅਸੀਂ ਸਦਕੇ ਨੁਛਾਵਰ ਹੁੰਦੇ ਹਾਂ, ਪਰ ਪਤੰਗਿਆਂ ਵਾਂਗ ਮਰਦੇ ਨਹੀਂ ਹਾਂ, ਸਗੋਂ ਫਰਿਸ਼ਤਿਆਂ ਵਾਂਗ ਅਮਰ ਜੀਵਨ ਦੀਆਂ ਝਰਨਾਟਾਂ ਵਿਚ ਜੀਉ ਉੱਠਦੇ ਹਾਂ। ਇਹ ਸ਼ਹਿਰ ਦੇ ਅੰਦਰ 'ਜੀਅ
ਸ਼ਬਦ ਦੀ ਗੂੰਜ, ਇਲਾਹੀ ਰੌ ਦੀ ਝਰਨਾਟ, ਆਤਮਿਕ ਸ਼ਕਤੀ ਦੇ ਲਹਿਰਾਉ, ਰੂਹਾਨੀ ਦਾਮਨਿਕ ਧਾਰਾ ਇੱਥੇ ਪੂਰੇ ਜੋਬਨਾਂ ਵਿਚ ਹਨ, ਜਿਨ੍ਹਾਂ ਤੋਂ ਰਸੀਏ ਰਸ ਮਾਣਦੇ ਹਨ।
ਇਕ ਦਿਨ ਅੰਮ੍ਰਿਤ ਵੇਲੇ ਇਸ ਮੰਦਰ ਵਿਚ ਬੈਠਿਆਂ ਇਸ ਸੁਹਾਵੇ ਮੰਦਰ ਦੇ ਸੁਹਾਵੇ ਰਸ ਨੂੰ ਅੰਦਰ ਲੈਂਦਿਆਂ ਲੈਂਦਿਆਂ ਇਕ ਨਿਮਗਨਤਾ ਜਿਹੀ ਛਾ ਗਈ। ਇਸ ਮਗਨਤਾ ਵਿਚ ਸੁਰਤ ਚੱਲੀ, ਹਾਂ ਚੱਲੀ ਹੁਣ ਸੈਂਕੜੇ ਮੀਲ ਹੇਠਾਂ ਦੱਖਣ ਦੇਸ਼ ਨੂੰ, ਕੀ ਦੇਖਦੇ ਹਾਂ, ਦੀਵਾਨ ਸਜ ਰਿਹਾ ਹੈ, ਸਿੰਘ ਗੁਰੂ ਕਲਗ਼ੀਧਰ ਦੇ ਵਿਛੋੜੇ ਵਿਚ ਬੈਠੇ ਹਨ, ਕੀਰਤਨ ਦਾ ਭੋਗ ਪਿਆ ਤਾਂ ਇਕ ਸਿੰਘ ਜੀ ਬੋਲੇ:-
'ਜਨਮ ਮਰਣ ਦੁਹਹੂ ਮਹਿ ਨਾਹੀ ਜਨ ਪਰਉਪਕਾਰੀ ਆਏ ॥
ਜੀਅ ਦਾਨੁ ਦੇ ਭਗਤੀ ਲਾਇਨਿ ਹਰਿ ਸਿਉ ਲੈਨਿ ਮਿਲਾਏ ॥
ਇਸ ਪਰ ਇਕ ਸੁਖ ਮਈ ਝਰਨਾਟ ਛਿੜੀ, ਅਰ ਸਿਦਕੀ ਤੇ ਰਸੀਏ ਜੋਧਿਆਂ ਦੇ ਮੂੰਹ ਲਾਲ ਹੋ ਗਏ। ਧੰਨ ਸਤਿਗੁਰ!! ਦੀ ਗੂੰਜ ਉਠੀ ਤੇ ਜੈਕਾਰੇ ਗੱਜ ਪਏ।
ਫੇਰ ਭਾਈ ਸੰਤੋਖ ਸਿੰਘ ਜੀ ਜਥੇਦਾਰ ਬੋਲੇ :-
ਖਾਲਸਾ ਜੀ ! ਸਤਿਗੁਰੂ ਜੀ ਨੇ ਗੁਰੂ ਖਾਲਸਾ ਥਾਪਿਆ ਹੈ ਗੁਰੂ ਗ੍ਰੰਥ ਜੀ ਦੀ ਤਾਬੇ, ਤੇ ਆਪ ਸਦਾ ਵਿਚਰਨਗੇ ਖਾਲਸੇ ਵਿਚ ਤੇ ਫੁਰਮਾਯਾ ਸੀ ਕਿ ਮੈਨੂੰ ਚੋਲਾ ਛਡ ਜਾਣਤੇ ਟੁਰ ਗਿਆ ਨਾ ਸਮਝਣਾ, ਮੈਂ ਤੁਸਾਂ ਦੇ ਵਿਚ ਹਾਂ, ਤੁਸਾਂ ਦੇ ਨਾਲ ਹਾਂ, ਹਾਂ ‘ਸਭ ਥਾਂਈ ਹੋਹਿ ਸਹਾਇ' ਇਹ ਗੁਰੂ ਕਾ ਬਿਰਦ ਹੈ। ਜਿੱਥੇ ਕੋਈ ਅਰਾਧੇਗਾ ਗੁਰੂ ਬਾਹੁੜੀ ਕਰੇਗਾ, ਸਦਾ ਅੰਗ ਸੰਗ ਹੋ ਵਰਤੇਗਾ। ਖਾਲਸਾ ਜੀ! ਸਤਿਗੁਰ ਦੇ ਘਰ 'ਗੁਰਪੁਰਬ ਸਦਾ ਦਸਾਹਿਰਾ ਹੈ। ‘ਅਵਤਾਰ ਧਾਰਨਾ’ ਕਿ ‘ਅੰਤਰ ਧਿਆਨ ਹੋਣਾ' ਸਤਿਗੁਰ ਦਾ ਸਦਾ ਗੁਰਪੁਰਬ ਹੈ। ਸਾਡਾ ਸਤਿਗੁਰ ਜੀਵਨ ਦਾ ਸੂਰਜ ਹੈ; ਸੂਰਜ ਸਦਾ ਚਮਕਦਾ ਹੈ। ਸੂਰਜ ਦਾ ਉਦੇ ਅਸਤ ਸੂਰਜ ਦਾ ਜਨਮ ਮਰਨ ਨਹੀਂ ਹੁੰਦਾ, ਤਿਵੇਂ ਸਤਿਗੁਰ ਦਾ ਪ੍ਰਗਟ ਹੋਣਾ ਯਾ ਅੰਧਿਆਨ ਹੋਣਾ ਆਵਾਗਵਨ ਨਹੀਂ ਹੈ ਨਾ ‘ਭਾਵ’ ‘ਅਭਾਵ’ ਹੈ। ਸਤਿਗੁਰ ਜਾਗਤੀ ਜੋਤ ਸਦਾ ਪ੍ਰਕਾਸ਼ਮਾਨ ਹੈ। ਸਾਡੇ ਅੰਗ ਸੰਗ ਹੈ, ਸਾਡੇ ਵਿਚ ਹੈ ਜਿੱਕੂ:-
ਬਾਬਾ ਮੜੀ ਨ ਗੋਰ ਗੁਰ ਅੰਗਦ ਕੇ ਹੀਏ ਮੇ ॥
ਤਿੱਕੂ :-
ਕਲਗੀਆਂ ਵਾਲਾ ਨਾਥ, ਟੁਰ ਨਹੀਂ ਗਿਆ, ਪੰਥ ਹੀਏ ਵਿਚਕਾਰ ਜੋਤ ਜਗਾ ਰਿਹਾ ਹੈ। ਇੱਕ ਸਿੰਘ
ਬੋਲਿਆ:-
ਇਕ ਹੋਰ ਅਵਾਜ਼ ਆਈ:-
੧੭੨੩ ਸੰਮਤ ਵਿਚ ਸਤਿਗੁਰ ਪ੍ਰਗਟੇ ੧੭੬੫ ਵਿਚ ਜੋਤੀ ਜੋਤਿ ਸਮਾਏ, ਇਹ ਵਾਕਿਆ ਇੰਜ ਹੋਏ ਤੇ ਇੰਜ ਠੀਕ ਹਨ।
ਸੰਤੋਖ ਸਿੰਘ ਜੀ ਬੋਲੇ:-
ਫਿਲਸਫਾ ਤੇ ਇਤਿਹਾਸ ਆਪਣੀ ਰਾਹੇ ਟੁਰਨ, ਪਏ ਟੁਰਨ, ਪਰ ਆਤਮਕ ਦੁਨੀਆਂ ਦਾ ਸੱਚ ਤੇ ਪਰਤੱਖ ਸੱਚ ਇਉਂ ਹੈ ਕਿ:-
ਸਤਿਗੁਰ ਦੀ ਜੋਤਿ ਅਜ਼ਲੀ ਜੋਤਿ ਹੈ, ਅਜ਼ਲੀ ਚੀਜ਼ ਦਾ ਆਦਿ ਅੰਤ ਨਹੀਂ, ਉਸਦਾ ਜਨਮ ਮਰਨ ਕਥਨ ਕਰਨਾ ਖ਼ਤਾ ਕਰਨੀ ਹੈ। ਉਹ ਅਜ਼ਲੀ ਜੋਤਿ ਦੇਸ਼ ਕਾਲ ਦੀ ਕੈਦ ਤੋਂ ਪਰੇ ਹੈ। ਅਸੀਂ ਸਾਰੇ ਮਨ ਵਾਲੇ, ਸੋਚ ਵਾਲੇ ਹੱਦ ਵਾਲੇ ਲੋਕ ਹਾਂ, ‘ਦੇਸ਼ ਕਾਲ' ਆਦਿ ਬਿਨਾਂ ਅਸੀਂ ਕੁਛ ਸੋਚ ਹੀ ਨਹੀਂ ਸਕਦੇ। ਅਸੀਂ ਅਜ਼ਲੀ ਜੋਤਿ ਨੂੰ ਦੇਸ਼ਕਾਲ ਦੇ ਜਾਮੇਂ ਪਹਿਨਾ ਕੇ ਕੀਕੂੰ ਸੱਚੀਆਂ ਦਲੀਲਾਂ ਕਰ ਸਕਦੇ ਹਾਂ।
ਸਤਿਗੁਰ ਦੀ ਅਜ਼ਲੀ (ਅਬਚਲੀ) ਜੋਤਿ ਆਪਣੇ ਜੋਤਿ ਸਰੂਪ ਵਿਚ 'ਅਨੰਦ' ਹੈ, ਜੇ ਚਾਹੇ ਤਾਂ ਸੰਸਾਰ ਦੇ ਕੰਮ ਕਰਦੀ ਹੈ, - ਅਰੂਪ ਰੂਪ ਰਹਿਕੇ ਕਰਦੀ ਹੈ, ਰੂਪ ਧਾਰ ਕੇ ਕਰਦੀ ਹੈ। ਗੁਰੂ ਆਖਦਾ ਹੈ ਕਿ ਮੈਂ ਸਦਾ ਜੀਉਂਦਾ ਹਾਂ। ਮੈਂ ਅਵਧੂਤ ਬੀ ਹਾਂ, ਰਸਾਲ ਬੀ ਹਾਂ। ‘ਪੁਰਖ ਰਸਿਕ ਬੀ ਹਾਂ, ‘ਬੈਰਾਗੀ’ ਬੀ ਹਾਂ। ਮੈਂ ‘ਅਰੂਪ' ਬੀ ਹਾਂ, ‘ਰੂਪ’ ਬੀ ਹਾਂ; ‘ਅਰੂਪ ਰੂਪ ਬੀ ਹਾਂ। ਮੈਂ ‘ਖੇਲ’ ਬੀ ਹਾਂ, ‘ਅਖੇਲ’ ਬੀ ਹਾਂ, ‘ਅਖੇਲ ਖੇਲਨ' ਬੀ ਹਾਂ। ਮਿੱਤ੍ਰ ! ਸਿੱਖ ਹਾਂ, ਸਿੱਖ ਪਦ ਵਿਚ ਗੁਰੂ ਪਦ ਦੀ ਸੰਭਾਵਨਾ ਹੈ। ਸੋ ਤੁਸਾਡਾ ਗੁਰੂ ਹੈ, ਉਹ ਗੁਰੂ ਸਦਾ ਜੀਉਂਦਾ ਹੈ, ਉਸ ‘ਸਦਾ ਜੀਵਨ' ਨੇ ਸਦਾ ਸੰਸਾਰ ਦੇ ਜੀਵਾਂ ਨੂੰ 'ਜੀਅਦਾਨ' ਦੇਣਾ ਹੈ। ਅਸੀਂ ਤਾਂ ਦੇਹ ਦੇ ਦਰਸ਼ਨ ਪਾਏ, ਹਜ਼ਾਰਾਂ ਲੱਖਾਂ ਸਾਥੋਂ ਮਗਰੋਂ ਆਉਣਗੇ, ਸਿੱਖ ਅਖਾਉਣਗੇ ਸਿੱਖੀ ਸਿਦਕ ਪਾਲਨਗੇ, ਸਤਿਗੁਰ ਨੂੰ ਮਿਲਣਗੇ। ਕੀਕੂੰ? ਵੀਚਾਰ ਕਰੋ। ਜੇ ਤੁਸਾਂ ਸਤਿਗੁਰ ਨੂੰ ਨਿਰੇ ਫਿਲਸਫੇ ਤੇ ਇਤਿਹਾਸ ਦੇ ਖੋਪਿਆਂ ਨਾਲ ਤੱਕਿਆ ਤੇ ਏਹ ਖੋਪੇ ਅੱਗੋਂ ਆਪਣੀ ਆਲ ਉਲਾਦ ਨੂੰ ਦੇ ਦਿੱਤੇ ਤਾਂ ਸਤਿਗੁਰ ਤੋਂ ਲਾਭ ਕੌਣ ਉਠਾਉ? ਉਹ ਦਿਨ ਹਾਇ ਹਾਇ ਦਾ ਹੋਊ, ਸ਼ੋਕ ਦਾ ਹੋਊ, ਜਿਸ ਦਿਨ ਖਾਲਸਾ ਸਤਿਗੁਰ ਨੂੰ 'ਜਾਗਤਾ ਦੇਉ' ਨਾ ਸਮਝੁ, ਜਿਸ ਦਿਨ ਸਤਿਗੁਰ ਜੀ ਦੀ ਹੋਂਦ ਦਾ ਧਿਆਨ ਪੰਥ ਵਿਚ ਨਾ ਰਹੂ, ਜਿਸ ਦਿਨ ਸਤਿਗੁਰ ਸਿੱਖੀ ਦਾ ਆਦਰਸ਼ ਨਾ ਰਹੂ। ਹਾਵਿਆ ਵਾਲਾ ਹੋਊ ਉਹ ਦਿਨ, ਜਿਸ ਦਿਨ ਸਿੱਖ ਸੇਵਾ ਸੇਵਾ, ਉਪਕਾਰ, ਪੰਥ ਦਾ ਕੰਮ ਕਰਨਗੇ; ਪਰ ਹੀਏ ਵਿਚ ਸਤਿਗੁਰ ਦਾ ਚਾਉ ਤੇ ਸਾਰਾ ਕੁਛ ਉਸਨੂੰ ਸਮਰਪਨ ਕਰਨ ਦਾ ਉਮਾਹ ਨਹੀਂ ਧਾਰਨਗੇ। ਉਸ ਦਿਨ ਸਿੱਖ ਮਨਮੁਖ ਹੋ ਜਾਣਗੇ, ਜਿਸ ਦਿਨ ਸਤਿਗੁਰ ਨੂੰ ਭੁਲਾ ਦੇਣਗੇ। ਹਾਂ, ਜਦ ਤੱਕ ਸਿੱਖ ਸਤਿਗੁਰ ਨੂੰ ਆਦਰਸ਼ ਬਨਾਈ ਰੱਖਣਗੇ, ਸਤਿਗੁਰ ਨੂੰ (ਖਿਆਲੀ ਨਹੀਂ ਸਗੋਂ) ਸੱਚੀ ਅਜ਼ਲੀ ਜੋਤ ਜਾਣਨਗੇ; ਜੋ ਕੰਮ ਕਰਨਗੇ, ਉਸਦਾ ਹੁਕਮ ਜਾਣਕੇ ਕਰਨਗੇ, ਜੋ ਸੇਵਾ ਸ਼ੁਭ ਗੱਲਾਂ ਕਮਾਉਣਗੇ ਉਹਦੇ ਚਰਨਾਂ ਵਿਚ ਭੇਟ ਧਰਨਗੇ, ਤਦ ਤੱਕ ਸਿੱਖ ਸਿੱਖ ਰਹਿਣਗੇ। ਸੋ ਮਿਲੇ ਰਹੋ ਮਿਲੇ ਰਹੋ ਸਦਾ ਸਤਿਗੁਰ ਨੂੰ ।
‘ਨਾ ਓਹੁ ਮਰੈ ਨ ਹੋਵੈ ਸੋਗੁ' ਹੈ।
ਹਾਂ, ਅੱਜ ਸ਼ੋਕ ਦਾ ਦਿਨ ਨਹੀਂ, ਅੱਜ ਬੀ ਖੁਸ਼ੀ ਦਾ ਦਿਨ ਹੈ। ਪਰ ਤਾਂ, ਜੇ ਅਸੀਂ ਸਿਦਕ ਦੀ ਐਨਕ ਨਾਲ ਸਤਿਗੁਰ ਦੇ ਅਸਲ ਸਰੂਪ ਨੂੰ ਤੱਕੀਏ। ਤਕੜੇ ਹੋਵੋ ਅਰ ਆਖੋ:-
“ਸਤਿਗੁਰ ਮੜੀ ਨ ਗੋਰ, ਗੁਰੂ ਪੰਥ ਦੇ ਹਿਦੇ ਵਿੱਚ; ਲਿਵ ਦੀ ਲੱਗੀ ਡੋਰ, ਹਾਜ਼ਰ ਦਿੱਸੇ ਜ਼ਾਹਰਾ । "
ਇਤਿਹਾਸਕਾਰ ਦੇ ਮਗਰ ਲੱਗ ਕੇ ‘ਆਤਮ ਸੱਚ' ਨੂੰ ਨਾ ਗੁਆਓ। ਇਤਿਹਾਸਕਾਰ ਹਨੇਰੇ ਵਿੱਚ ਹੈ, ਕੇਵਲ ਛਿੱਲੜ ਤੱਕਦਾ ਹੈ, ਉਸ ਨੂੰ ਗਿਰੀ ਤੇ ਗਿਰੀ ਦੀਆਂ ਸ਼ਕਤੀਆਂ ਦਾ ਪਤਾ ਨਹੀਂ ਹੈ। ਫਿਲਸਫੇ ਵਾਲਾ ਗੇਣਤੀ ਵਿੱਚ ਹੈ; ਉਸ ਨੂੰ ਅਸੰਖ ਪਦ ਦਾ ਪਤਾ ਨਹੀਂ, ਉਸ ਨੂੰ ਅਮੁਲ ਦੀ ਗਯਾਤ ਅਜੇ ਨਹੀਂ ਆਈ। ਹਾਂ ਭਾਈਓ ! ਟਿੰਡਾਂ ਬੈਠ ਕੇ ਕੁਮਿਹਾਰ ਦਾ ਪਾਰਾਵਾਰ ਲੈਂਦੀਆਂ ਹਨ। ਸਿੱਖ ਬਣੋਂ, ਹਨੇਰੇ ਵਿੱਚੋਂ ਨਿਕਲੋ, ਸੁਰਤੇ ਹੋ ਕੇ ਚਾਉ ਵਿੱਚ ਤੱਕੋ, ਸਤਿਗੁਰ ਸਦਾ ਜਾਗਦੀ ਜੋਤ ਹੈ। ਉਹ ਜੀਕੂੰ ਸਾਡੇ ਵਿਚ ਸਾਡੇ ਵਰਗੇ ਕਾਗਜ਼ੀ ਤਖਤੇ ਤੇ ਮੂਰਤ ਦਿਖਾ ਗਏ ਹਨ, ਉਹ ਅਮੂਰਤ ਤਖਤੇ ਉੱਤੇ ਉਸੀ ਤਰ੍ਹਾਂ ਮੂਰਤੀ ਮਾਨ ਹਨ। ਹਾਂ ਹਾਂ ਸਤਿਗੁਰ ਸਾਡਾ:-
ਹਲਤ ਪਲਤ ਸੁਆਰਨਗੇ, ਸਾਡੇ ਬੰਧਨ ਕੱਟਣਗੇ। ਸਤਿਗੁਰ ਦਾ ਬਿਰਦ ਹੈ:-
"ਜਹ ਜਹ ਕਾਜ ਕਿਰਤਿ ਸੇਵਕ ਕੀ ਤਹਾ ਤਹਾ ਉਠਿ ਧਾਵੈ॥੧॥ ਸੇਵਕ ਕਉ ਨਿਕਟੀ ਹੋਇ ਦਿਖਾਵੈ॥"
ਜਿਵੇਂ ਬਰਫ ਜੋ ਤੁਸੀਂ ਨਿੱਗਰ ਤੱਕ ਰਹੇ ਹੋ ਪਾਣੀ ਹੈ। ਪਾਣੀ ਭਾਫ ਬਣਕੇ ਪੌਣ ਰੂਪ ਹੋ ਜਾਂਦਾ ਹੈ। ਤਿਵੇਂ ਸ਼ਰੀਰ, ਮਨ ਬੁੱਧੀ ਸਭ ਇਕੋ ਆਤਮਾ ਦੇ ਆਪਣੇ ਕੋਈ ਚੋਜ ਹਨ। ਜੀਵ ਦੀ ਆਤਮਾ ਜਦੋਂ ਸੁਤੰਤ੍ਰ ਤੇ ਨਿਰਭੈ ਪਦ ਤੇ ਜਾਵੇ ਫਿਰ ਉਸ ਦੇ ਅਗੇ ਉਹ ਕੁਛ ਸੰਭਵ ਹੈ ਜੋ ਸਾਡੇ ਅਗੇ ਨਹੀਂ। ਤੁਸੀਂ ਸਤਿਗੁਰ ਦੀ ਜੋਤ ਤੇ ਈਮਾਨ ਧਰੋ, ਜੋ ਅਜ਼ਲੀ ਹੈ। ਮੇਰਾ ਜੀ ਇਹ ਕਰਦਾ ਹੈ ਕਿ ਫੋਕੇ ਗਿਆਨ ਨੂੰ ਬੀ ਦੂਰ ਰੱਖੋ, ਸਤਿਗੁਰ ਨੂੰ ਉਂਞ