ਇਕ ਹੋਰ ਅਵਾਜ਼ ਆਈ:-
੧੭੨੩ ਸੰਮਤ ਵਿਚ ਸਤਿਗੁਰ ਪ੍ਰਗਟੇ ੧੭੬੫ ਵਿਚ ਜੋਤੀ ਜੋਤਿ ਸਮਾਏ, ਇਹ ਵਾਕਿਆ ਇੰਜ ਹੋਏ ਤੇ ਇੰਜ ਠੀਕ ਹਨ।
ਸੰਤੋਖ ਸਿੰਘ ਜੀ ਬੋਲੇ:-
ਫਿਲਸਫਾ ਤੇ ਇਤਿਹਾਸ ਆਪਣੀ ਰਾਹੇ ਟੁਰਨ, ਪਏ ਟੁਰਨ, ਪਰ ਆਤਮਕ ਦੁਨੀਆਂ ਦਾ ਸੱਚ ਤੇ ਪਰਤੱਖ ਸੱਚ ਇਉਂ ਹੈ ਕਿ:-
ਸਤਿਗੁਰ ਦੀ ਜੋਤਿ ਅਜ਼ਲੀ ਜੋਤਿ ਹੈ, ਅਜ਼ਲੀ ਚੀਜ਼ ਦਾ ਆਦਿ ਅੰਤ ਨਹੀਂ, ਉਸਦਾ ਜਨਮ ਮਰਨ ਕਥਨ ਕਰਨਾ ਖ਼ਤਾ ਕਰਨੀ ਹੈ। ਉਹ ਅਜ਼ਲੀ ਜੋਤਿ ਦੇਸ਼ ਕਾਲ ਦੀ ਕੈਦ ਤੋਂ ਪਰੇ ਹੈ। ਅਸੀਂ ਸਾਰੇ ਮਨ ਵਾਲੇ, ਸੋਚ ਵਾਲੇ ਹੱਦ ਵਾਲੇ ਲੋਕ ਹਾਂ, ‘ਦੇਸ਼ ਕਾਲ' ਆਦਿ ਬਿਨਾਂ ਅਸੀਂ ਕੁਛ ਸੋਚ ਹੀ ਨਹੀਂ ਸਕਦੇ। ਅਸੀਂ ਅਜ਼ਲੀ ਜੋਤਿ ਨੂੰ ਦੇਸ਼ਕਾਲ ਦੇ ਜਾਮੇਂ ਪਹਿਨਾ ਕੇ ਕੀਕੂੰ ਸੱਚੀਆਂ ਦਲੀਲਾਂ ਕਰ ਸਕਦੇ ਹਾਂ।
ਸਤਿਗੁਰ ਦੀ ਅਜ਼ਲੀ (ਅਬਚਲੀ) ਜੋਤਿ ਆਪਣੇ ਜੋਤਿ ਸਰੂਪ ਵਿਚ 'ਅਨੰਦ' ਹੈ, ਜੇ ਚਾਹੇ ਤਾਂ ਸੰਸਾਰ ਦੇ ਕੰਮ ਕਰਦੀ ਹੈ, - ਅਰੂਪ ਰੂਪ ਰਹਿਕੇ ਕਰਦੀ ਹੈ, ਰੂਪ ਧਾਰ ਕੇ ਕਰਦੀ ਹੈ। ਗੁਰੂ ਆਖਦਾ ਹੈ ਕਿ ਮੈਂ ਸਦਾ ਜੀਉਂਦਾ ਹਾਂ। ਮੈਂ ਅਵਧੂਤ ਬੀ ਹਾਂ, ਰਸਾਲ ਬੀ ਹਾਂ। ‘ਪੁਰਖ ਰਸਿਕ ਬੀ ਹਾਂ, ‘ਬੈਰਾਗੀ’ ਬੀ ਹਾਂ। ਮੈਂ ‘ਅਰੂਪ' ਬੀ ਹਾਂ, ‘ਰੂਪ’ ਬੀ ਹਾਂ; ‘ਅਰੂਪ ਰੂਪ ਬੀ ਹਾਂ। ਮੈਂ ‘ਖੇਲ’ ਬੀ ਹਾਂ, ‘ਅਖੇਲ’ ਬੀ ਹਾਂ, ‘ਅਖੇਲ ਖੇਲਨ' ਬੀ ਹਾਂ। ਮਿੱਤ੍ਰ ! ਸਿੱਖ ਹਾਂ, ਸਿੱਖ ਪਦ ਵਿਚ ਗੁਰੂ ਪਦ ਦੀ ਸੰਭਾਵਨਾ ਹੈ। ਸੋ ਤੁਸਾਡਾ ਗੁਰੂ ਹੈ, ਉਹ ਗੁਰੂ ਸਦਾ ਜੀਉਂਦਾ ਹੈ, ਉਸ ‘ਸਦਾ ਜੀਵਨ' ਨੇ ਸਦਾ ਸੰਸਾਰ ਦੇ ਜੀਵਾਂ ਨੂੰ 'ਜੀਅਦਾਨ' ਦੇਣਾ ਹੈ। ਅਸੀਂ ਤਾਂ ਦੇਹ ਦੇ ਦਰਸ਼ਨ ਪਾਏ, ਹਜ਼ਾਰਾਂ ਲੱਖਾਂ ਸਾਥੋਂ ਮਗਰੋਂ ਆਉਣਗੇ, ਸਿੱਖ ਅਖਾਉਣਗੇ ਸਿੱਖੀ ਸਿਦਕ ਪਾਲਨਗੇ, ਸਤਿਗੁਰ ਨੂੰ ਮਿਲਣਗੇ। ਕੀਕੂੰ? ਵੀਚਾਰ ਕਰੋ। ਜੇ ਤੁਸਾਂ ਸਤਿਗੁਰ ਨੂੰ ਨਿਰੇ ਫਿਲਸਫੇ ਤੇ ਇਤਿਹਾਸ ਦੇ ਖੋਪਿਆਂ ਨਾਲ ਤੱਕਿਆ ਤੇ ਏਹ ਖੋਪੇ ਅੱਗੋਂ ਆਪਣੀ ਆਲ ਉਲਾਦ ਨੂੰ ਦੇ ਦਿੱਤੇ ਤਾਂ ਸਤਿਗੁਰ ਤੋਂ ਲਾਭ ਕੌਣ ਉਠਾਉ? ਉਹ ਦਿਨ ਹਾਇ ਹਾਇ ਦਾ ਹੋਊ, ਸ਼ੋਕ ਦਾ ਹੋਊ, ਜਿਸ ਦਿਨ ਖਾਲਸਾ ਸਤਿਗੁਰ ਨੂੰ 'ਜਾਗਤਾ ਦੇਉ' ਨਾ ਸਮਝੁ, ਜਿਸ ਦਿਨ ਸਤਿਗੁਰ ਜੀ ਦੀ ਹੋਂਦ ਦਾ ਧਿਆਨ ਪੰਥ ਵਿਚ ਨਾ ਰਹੂ, ਜਿਸ ਦਿਨ ਸਤਿਗੁਰ ਸਿੱਖੀ ਦਾ ਆਦਰਸ਼ ਨਾ ਰਹੂ। ਹਾਵਿਆ ਵਾਲਾ ਹੋਊ ਉਹ ਦਿਨ, ਜਿਸ ਦਿਨ ਸਿੱਖ ਸੇਵਾ ਸੇਵਾ, ਉਪਕਾਰ, ਪੰਥ ਦਾ ਕੰਮ ਕਰਨਗੇ; ਪਰ ਹੀਏ ਵਿਚ ਸਤਿਗੁਰ ਦਾ ਚਾਉ ਤੇ ਸਾਰਾ ਕੁਛ ਉਸਨੂੰ ਸਮਰਪਨ ਕਰਨ ਦਾ ਉਮਾਹ ਨਹੀਂ ਧਾਰਨਗੇ। ਉਸ ਦਿਨ ਸਿੱਖ ਮਨਮੁਖ ਹੋ ਜਾਣਗੇ, ਜਿਸ ਦਿਨ ਸਤਿਗੁਰ ਨੂੰ ਭੁਲਾ ਦੇਣਗੇ। ਹਾਂ, ਜਦ ਤੱਕ ਸਿੱਖ ਸਤਿਗੁਰ ਨੂੰ ਆਦਰਸ਼ ਬਨਾਈ ਰੱਖਣਗੇ, ਸਤਿਗੁਰ ਨੂੰ (ਖਿਆਲੀ ਨਹੀਂ ਸਗੋਂ) ਸੱਚੀ ਅਜ਼ਲੀ ਜੋਤ ਜਾਣਨਗੇ; ਜੋ ਕੰਮ ਕਰਨਗੇ, ਉਸਦਾ ਹੁਕਮ ਜਾਣਕੇ ਕਰਨਗੇ, ਜੋ ਸੇਵਾ ਸ਼ੁਭ ਗੱਲਾਂ ਕਮਾਉਣਗੇ ਉਹਦੇ ਚਰਨਾਂ ਵਿਚ ਭੇਟ ਧਰਨਗੇ, ਤਦ ਤੱਕ ਸਿੱਖ ਸਿੱਖ ਰਹਿਣਗੇ। ਸੋ ਮਿਲੇ ਰਹੋ ਮਿਲੇ ਰਹੋ ਸਦਾ ਸਤਿਗੁਰ ਨੂੰ ।