ਸ਼ਬਦ ਦੀ ਗੂੰਜ, ਇਲਾਹੀ ਰੌ ਦੀ ਝਰਨਾਟ, ਆਤਮਿਕ ਸ਼ਕਤੀ ਦੇ ਲਹਿਰਾਉ, ਰੂਹਾਨੀ ਦਾਮਨਿਕ ਧਾਰਾ ਇੱਥੇ ਪੂਰੇ ਜੋਬਨਾਂ ਵਿਚ ਹਨ, ਜਿਨ੍ਹਾਂ ਤੋਂ ਰਸੀਏ ਰਸ ਮਾਣਦੇ ਹਨ।
ਇਕ ਦਿਨ ਅੰਮ੍ਰਿਤ ਵੇਲੇ ਇਸ ਮੰਦਰ ਵਿਚ ਬੈਠਿਆਂ ਇਸ ਸੁਹਾਵੇ ਮੰਦਰ ਦੇ ਸੁਹਾਵੇ ਰਸ ਨੂੰ ਅੰਦਰ ਲੈਂਦਿਆਂ ਲੈਂਦਿਆਂ ਇਕ ਨਿਮਗਨਤਾ ਜਿਹੀ ਛਾ ਗਈ। ਇਸ ਮਗਨਤਾ ਵਿਚ ਸੁਰਤ ਚੱਲੀ, ਹਾਂ ਚੱਲੀ ਹੁਣ ਸੈਂਕੜੇ ਮੀਲ ਹੇਠਾਂ ਦੱਖਣ ਦੇਸ਼ ਨੂੰ, ਕੀ ਦੇਖਦੇ ਹਾਂ, ਦੀਵਾਨ ਸਜ ਰਿਹਾ ਹੈ, ਸਿੰਘ ਗੁਰੂ ਕਲਗ਼ੀਧਰ ਦੇ ਵਿਛੋੜੇ ਵਿਚ ਬੈਠੇ ਹਨ, ਕੀਰਤਨ ਦਾ ਭੋਗ ਪਿਆ ਤਾਂ ਇਕ ਸਿੰਘ ਜੀ ਬੋਲੇ:-
'ਜਨਮ ਮਰਣ ਦੁਹਹੂ ਮਹਿ ਨਾਹੀ ਜਨ ਪਰਉਪਕਾਰੀ ਆਏ ॥
ਜੀਅ ਦਾਨੁ ਦੇ ਭਗਤੀ ਲਾਇਨਿ ਹਰਿ ਸਿਉ ਲੈਨਿ ਮਿਲਾਏ ॥
ਇਸ ਪਰ ਇਕ ਸੁਖ ਮਈ ਝਰਨਾਟ ਛਿੜੀ, ਅਰ ਸਿਦਕੀ ਤੇ ਰਸੀਏ ਜੋਧਿਆਂ ਦੇ ਮੂੰਹ ਲਾਲ ਹੋ ਗਏ। ਧੰਨ ਸਤਿਗੁਰ!! ਦੀ ਗੂੰਜ ਉਠੀ ਤੇ ਜੈਕਾਰੇ ਗੱਜ ਪਏ।
ਫੇਰ ਭਾਈ ਸੰਤੋਖ ਸਿੰਘ ਜੀ ਜਥੇਦਾਰ ਬੋਲੇ :-
ਖਾਲਸਾ ਜੀ ! ਸਤਿਗੁਰੂ ਜੀ ਨੇ ਗੁਰੂ ਖਾਲਸਾ ਥਾਪਿਆ ਹੈ ਗੁਰੂ ਗ੍ਰੰਥ ਜੀ ਦੀ ਤਾਬੇ, ਤੇ ਆਪ ਸਦਾ ਵਿਚਰਨਗੇ ਖਾਲਸੇ ਵਿਚ ਤੇ ਫੁਰਮਾਯਾ ਸੀ ਕਿ ਮੈਨੂੰ ਚੋਲਾ ਛਡ ਜਾਣਤੇ ਟੁਰ ਗਿਆ ਨਾ ਸਮਝਣਾ, ਮੈਂ ਤੁਸਾਂ ਦੇ ਵਿਚ ਹਾਂ, ਤੁਸਾਂ ਦੇ ਨਾਲ ਹਾਂ, ਹਾਂ ‘ਸਭ ਥਾਂਈ ਹੋਹਿ ਸਹਾਇ' ਇਹ ਗੁਰੂ ਕਾ ਬਿਰਦ ਹੈ। ਜਿੱਥੇ ਕੋਈ ਅਰਾਧੇਗਾ ਗੁਰੂ ਬਾਹੁੜੀ ਕਰੇਗਾ, ਸਦਾ ਅੰਗ ਸੰਗ ਹੋ ਵਰਤੇਗਾ। ਖਾਲਸਾ ਜੀ! ਸਤਿਗੁਰ ਦੇ ਘਰ 'ਗੁਰਪੁਰਬ ਸਦਾ ਦਸਾਹਿਰਾ ਹੈ। ‘ਅਵਤਾਰ ਧਾਰਨਾ’ ਕਿ ‘ਅੰਤਰ ਧਿਆਨ ਹੋਣਾ' ਸਤਿਗੁਰ ਦਾ ਸਦਾ ਗੁਰਪੁਰਬ ਹੈ। ਸਾਡਾ ਸਤਿਗੁਰ ਜੀਵਨ ਦਾ ਸੂਰਜ ਹੈ; ਸੂਰਜ ਸਦਾ ਚਮਕਦਾ ਹੈ। ਸੂਰਜ ਦਾ ਉਦੇ ਅਸਤ ਸੂਰਜ ਦਾ ਜਨਮ ਮਰਨ ਨਹੀਂ ਹੁੰਦਾ, ਤਿਵੇਂ ਸਤਿਗੁਰ ਦਾ ਪ੍ਰਗਟ ਹੋਣਾ ਯਾ ਅੰਧਿਆਨ ਹੋਣਾ ਆਵਾਗਵਨ ਨਹੀਂ ਹੈ ਨਾ ‘ਭਾਵ’ ‘ਅਭਾਵ’ ਹੈ। ਸਤਿਗੁਰ ਜਾਗਤੀ ਜੋਤ ਸਦਾ ਪ੍ਰਕਾਸ਼ਮਾਨ ਹੈ। ਸਾਡੇ ਅੰਗ ਸੰਗ ਹੈ, ਸਾਡੇ ਵਿਚ ਹੈ ਜਿੱਕੂ:-
ਬਾਬਾ ਮੜੀ ਨ ਗੋਰ ਗੁਰ ਅੰਗਦ ਕੇ ਹੀਏ ਮੇ ॥
ਤਿੱਕੂ :-
ਕਲਗੀਆਂ ਵਾਲਾ ਨਾਥ, ਟੁਰ ਨਹੀਂ ਗਿਆ, ਪੰਥ ਹੀਏ ਵਿਚਕਾਰ ਜੋਤ ਜਗਾ ਰਿਹਾ ਹੈ। ਇੱਕ ਸਿੰਘ
ਬੋਲਿਆ:-
ਇਕ ਹੋਰ ਅਵਾਜ਼ ਆਈ:-
੧੭੨੩ ਸੰਮਤ ਵਿਚ ਸਤਿਗੁਰ ਪ੍ਰਗਟੇ ੧੭੬੫ ਵਿਚ ਜੋਤੀ ਜੋਤਿ ਸਮਾਏ, ਇਹ ਵਾਕਿਆ ਇੰਜ ਹੋਏ ਤੇ ਇੰਜ ਠੀਕ ਹਨ।
ਸੰਤੋਖ ਸਿੰਘ ਜੀ ਬੋਲੇ:-
ਫਿਲਸਫਾ ਤੇ ਇਤਿਹਾਸ ਆਪਣੀ ਰਾਹੇ ਟੁਰਨ, ਪਏ ਟੁਰਨ, ਪਰ ਆਤਮਕ ਦੁਨੀਆਂ ਦਾ ਸੱਚ ਤੇ ਪਰਤੱਖ ਸੱਚ ਇਉਂ ਹੈ ਕਿ:-
ਸਤਿਗੁਰ ਦੀ ਜੋਤਿ ਅਜ਼ਲੀ ਜੋਤਿ ਹੈ, ਅਜ਼ਲੀ ਚੀਜ਼ ਦਾ ਆਦਿ ਅੰਤ ਨਹੀਂ, ਉਸਦਾ ਜਨਮ ਮਰਨ ਕਥਨ ਕਰਨਾ ਖ਼ਤਾ ਕਰਨੀ ਹੈ। ਉਹ ਅਜ਼ਲੀ ਜੋਤਿ ਦੇਸ਼ ਕਾਲ ਦੀ ਕੈਦ ਤੋਂ ਪਰੇ ਹੈ। ਅਸੀਂ ਸਾਰੇ ਮਨ ਵਾਲੇ, ਸੋਚ ਵਾਲੇ ਹੱਦ ਵਾਲੇ ਲੋਕ ਹਾਂ, ‘ਦੇਸ਼ ਕਾਲ' ਆਦਿ ਬਿਨਾਂ ਅਸੀਂ ਕੁਛ ਸੋਚ ਹੀ ਨਹੀਂ ਸਕਦੇ। ਅਸੀਂ ਅਜ਼ਲੀ ਜੋਤਿ ਨੂੰ ਦੇਸ਼ਕਾਲ ਦੇ ਜਾਮੇਂ ਪਹਿਨਾ ਕੇ ਕੀਕੂੰ ਸੱਚੀਆਂ ਦਲੀਲਾਂ ਕਰ ਸਕਦੇ ਹਾਂ।
ਸਤਿਗੁਰ ਦੀ ਅਜ਼ਲੀ (ਅਬਚਲੀ) ਜੋਤਿ ਆਪਣੇ ਜੋਤਿ ਸਰੂਪ ਵਿਚ 'ਅਨੰਦ' ਹੈ, ਜੇ ਚਾਹੇ ਤਾਂ ਸੰਸਾਰ ਦੇ ਕੰਮ ਕਰਦੀ ਹੈ, - ਅਰੂਪ ਰੂਪ ਰਹਿਕੇ ਕਰਦੀ ਹੈ, ਰੂਪ ਧਾਰ ਕੇ ਕਰਦੀ ਹੈ। ਗੁਰੂ ਆਖਦਾ ਹੈ ਕਿ ਮੈਂ ਸਦਾ ਜੀਉਂਦਾ ਹਾਂ। ਮੈਂ ਅਵਧੂਤ ਬੀ ਹਾਂ, ਰਸਾਲ ਬੀ ਹਾਂ। ‘ਪੁਰਖ ਰਸਿਕ ਬੀ ਹਾਂ, ‘ਬੈਰਾਗੀ’ ਬੀ ਹਾਂ। ਮੈਂ ‘ਅਰੂਪ' ਬੀ ਹਾਂ, ‘ਰੂਪ’ ਬੀ ਹਾਂ; ‘ਅਰੂਪ ਰੂਪ ਬੀ ਹਾਂ। ਮੈਂ ‘ਖੇਲ’ ਬੀ ਹਾਂ, ‘ਅਖੇਲ’ ਬੀ ਹਾਂ, ‘ਅਖੇਲ ਖੇਲਨ' ਬੀ ਹਾਂ। ਮਿੱਤ੍ਰ ! ਸਿੱਖ ਹਾਂ, ਸਿੱਖ ਪਦ ਵਿਚ ਗੁਰੂ ਪਦ ਦੀ ਸੰਭਾਵਨਾ ਹੈ। ਸੋ ਤੁਸਾਡਾ ਗੁਰੂ ਹੈ, ਉਹ ਗੁਰੂ ਸਦਾ ਜੀਉਂਦਾ ਹੈ, ਉਸ ‘ਸਦਾ ਜੀਵਨ' ਨੇ ਸਦਾ ਸੰਸਾਰ ਦੇ ਜੀਵਾਂ ਨੂੰ 'ਜੀਅਦਾਨ' ਦੇਣਾ ਹੈ। ਅਸੀਂ ਤਾਂ ਦੇਹ ਦੇ ਦਰਸ਼ਨ ਪਾਏ, ਹਜ਼ਾਰਾਂ ਲੱਖਾਂ ਸਾਥੋਂ ਮਗਰੋਂ ਆਉਣਗੇ, ਸਿੱਖ ਅਖਾਉਣਗੇ ਸਿੱਖੀ ਸਿਦਕ ਪਾਲਨਗੇ, ਸਤਿਗੁਰ ਨੂੰ ਮਿਲਣਗੇ। ਕੀਕੂੰ? ਵੀਚਾਰ ਕਰੋ। ਜੇ ਤੁਸਾਂ ਸਤਿਗੁਰ ਨੂੰ ਨਿਰੇ ਫਿਲਸਫੇ ਤੇ ਇਤਿਹਾਸ ਦੇ ਖੋਪਿਆਂ ਨਾਲ ਤੱਕਿਆ ਤੇ ਏਹ ਖੋਪੇ ਅੱਗੋਂ ਆਪਣੀ ਆਲ ਉਲਾਦ ਨੂੰ ਦੇ ਦਿੱਤੇ ਤਾਂ ਸਤਿਗੁਰ ਤੋਂ ਲਾਭ ਕੌਣ ਉਠਾਉ? ਉਹ ਦਿਨ ਹਾਇ ਹਾਇ ਦਾ ਹੋਊ, ਸ਼ੋਕ ਦਾ ਹੋਊ, ਜਿਸ ਦਿਨ ਖਾਲਸਾ ਸਤਿਗੁਰ ਨੂੰ 'ਜਾਗਤਾ ਦੇਉ' ਨਾ ਸਮਝੁ, ਜਿਸ ਦਿਨ ਸਤਿਗੁਰ ਜੀ ਦੀ ਹੋਂਦ ਦਾ ਧਿਆਨ ਪੰਥ ਵਿਚ ਨਾ ਰਹੂ, ਜਿਸ ਦਿਨ ਸਤਿਗੁਰ ਸਿੱਖੀ ਦਾ ਆਦਰਸ਼ ਨਾ ਰਹੂ। ਹਾਵਿਆ ਵਾਲਾ ਹੋਊ ਉਹ ਦਿਨ, ਜਿਸ ਦਿਨ ਸਿੱਖ ਸੇਵਾ ਸੇਵਾ, ਉਪਕਾਰ, ਪੰਥ ਦਾ ਕੰਮ ਕਰਨਗੇ; ਪਰ ਹੀਏ ਵਿਚ ਸਤਿਗੁਰ ਦਾ ਚਾਉ ਤੇ ਸਾਰਾ ਕੁਛ ਉਸਨੂੰ ਸਮਰਪਨ ਕਰਨ ਦਾ ਉਮਾਹ ਨਹੀਂ ਧਾਰਨਗੇ। ਉਸ ਦਿਨ ਸਿੱਖ ਮਨਮੁਖ ਹੋ ਜਾਣਗੇ, ਜਿਸ ਦਿਨ ਸਤਿਗੁਰ ਨੂੰ ਭੁਲਾ ਦੇਣਗੇ। ਹਾਂ, ਜਦ ਤੱਕ ਸਿੱਖ ਸਤਿਗੁਰ ਨੂੰ ਆਦਰਸ਼ ਬਨਾਈ ਰੱਖਣਗੇ, ਸਤਿਗੁਰ ਨੂੰ (ਖਿਆਲੀ ਨਹੀਂ ਸਗੋਂ) ਸੱਚੀ ਅਜ਼ਲੀ ਜੋਤ ਜਾਣਨਗੇ; ਜੋ ਕੰਮ ਕਰਨਗੇ, ਉਸਦਾ ਹੁਕਮ ਜਾਣਕੇ ਕਰਨਗੇ, ਜੋ ਸੇਵਾ ਸ਼ੁਭ ਗੱਲਾਂ ਕਮਾਉਣਗੇ ਉਹਦੇ ਚਰਨਾਂ ਵਿਚ ਭੇਟ ਧਰਨਗੇ, ਤਦ ਤੱਕ ਸਿੱਖ ਸਿੱਖ ਰਹਿਣਗੇ। ਸੋ ਮਿਲੇ ਰਹੋ ਮਿਲੇ ਰਹੋ ਸਦਾ ਸਤਿਗੁਰ ਨੂੰ ।
‘ਨਾ ਓਹੁ ਮਰੈ ਨ ਹੋਵੈ ਸੋਗੁ' ਹੈ।
ਹਾਂ, ਅੱਜ ਸ਼ੋਕ ਦਾ ਦਿਨ ਨਹੀਂ, ਅੱਜ ਬੀ ਖੁਸ਼ੀ ਦਾ ਦਿਨ ਹੈ। ਪਰ ਤਾਂ, ਜੇ ਅਸੀਂ ਸਿਦਕ ਦੀ ਐਨਕ ਨਾਲ ਸਤਿਗੁਰ ਦੇ ਅਸਲ ਸਰੂਪ ਨੂੰ ਤੱਕੀਏ। ਤਕੜੇ ਹੋਵੋ ਅਰ ਆਖੋ:-
“ਸਤਿਗੁਰ ਮੜੀ ਨ ਗੋਰ, ਗੁਰੂ ਪੰਥ ਦੇ ਹਿਦੇ ਵਿੱਚ; ਲਿਵ ਦੀ ਲੱਗੀ ਡੋਰ, ਹਾਜ਼ਰ ਦਿੱਸੇ ਜ਼ਾਹਰਾ । "
ਇਤਿਹਾਸਕਾਰ ਦੇ ਮਗਰ ਲੱਗ ਕੇ ‘ਆਤਮ ਸੱਚ' ਨੂੰ ਨਾ ਗੁਆਓ। ਇਤਿਹਾਸਕਾਰ ਹਨੇਰੇ ਵਿੱਚ ਹੈ, ਕੇਵਲ ਛਿੱਲੜ ਤੱਕਦਾ ਹੈ, ਉਸ ਨੂੰ ਗਿਰੀ ਤੇ ਗਿਰੀ ਦੀਆਂ ਸ਼ਕਤੀਆਂ ਦਾ ਪਤਾ ਨਹੀਂ ਹੈ। ਫਿਲਸਫੇ ਵਾਲਾ ਗੇਣਤੀ ਵਿੱਚ ਹੈ; ਉਸ ਨੂੰ ਅਸੰਖ ਪਦ ਦਾ ਪਤਾ ਨਹੀਂ, ਉਸ ਨੂੰ ਅਮੁਲ ਦੀ ਗਯਾਤ ਅਜੇ ਨਹੀਂ ਆਈ। ਹਾਂ ਭਾਈਓ ! ਟਿੰਡਾਂ ਬੈਠ ਕੇ ਕੁਮਿਹਾਰ ਦਾ ਪਾਰਾਵਾਰ ਲੈਂਦੀਆਂ ਹਨ। ਸਿੱਖ ਬਣੋਂ, ਹਨੇਰੇ ਵਿੱਚੋਂ ਨਿਕਲੋ, ਸੁਰਤੇ ਹੋ ਕੇ ਚਾਉ ਵਿੱਚ ਤੱਕੋ, ਸਤਿਗੁਰ ਸਦਾ ਜਾਗਦੀ ਜੋਤ ਹੈ। ਉਹ ਜੀਕੂੰ ਸਾਡੇ ਵਿਚ ਸਾਡੇ ਵਰਗੇ ਕਾਗਜ਼ੀ ਤਖਤੇ ਤੇ ਮੂਰਤ ਦਿਖਾ ਗਏ ਹਨ, ਉਹ ਅਮੂਰਤ ਤਖਤੇ ਉੱਤੇ ਉਸੀ ਤਰ੍ਹਾਂ ਮੂਰਤੀ ਮਾਨ ਹਨ। ਹਾਂ ਹਾਂ ਸਤਿਗੁਰ ਸਾਡਾ:-
ਹਲਤ ਪਲਤ ਸੁਆਰਨਗੇ, ਸਾਡੇ ਬੰਧਨ ਕੱਟਣਗੇ। ਸਤਿਗੁਰ ਦਾ ਬਿਰਦ ਹੈ:-
"ਜਹ ਜਹ ਕਾਜ ਕਿਰਤਿ ਸੇਵਕ ਕੀ ਤਹਾ ਤਹਾ ਉਠਿ ਧਾਵੈ॥੧॥ ਸੇਵਕ ਕਉ ਨਿਕਟੀ ਹੋਇ ਦਿਖਾਵੈ॥"
ਜਿਵੇਂ ਬਰਫ ਜੋ ਤੁਸੀਂ ਨਿੱਗਰ ਤੱਕ ਰਹੇ ਹੋ ਪਾਣੀ ਹੈ। ਪਾਣੀ ਭਾਫ ਬਣਕੇ ਪੌਣ ਰੂਪ ਹੋ ਜਾਂਦਾ ਹੈ। ਤਿਵੇਂ ਸ਼ਰੀਰ, ਮਨ ਬੁੱਧੀ ਸਭ ਇਕੋ ਆਤਮਾ ਦੇ ਆਪਣੇ ਕੋਈ ਚੋਜ ਹਨ। ਜੀਵ ਦੀ ਆਤਮਾ ਜਦੋਂ ਸੁਤੰਤ੍ਰ ਤੇ ਨਿਰਭੈ ਪਦ ਤੇ ਜਾਵੇ ਫਿਰ ਉਸ ਦੇ ਅਗੇ ਉਹ ਕੁਛ ਸੰਭਵ ਹੈ ਜੋ ਸਾਡੇ ਅਗੇ ਨਹੀਂ। ਤੁਸੀਂ ਸਤਿਗੁਰ ਦੀ ਜੋਤ ਤੇ ਈਮਾਨ ਧਰੋ, ਜੋ ਅਜ਼ਲੀ ਹੈ। ਮੇਰਾ ਜੀ ਇਹ ਕਰਦਾ ਹੈ ਕਿ ਫੋਕੇ ਗਿਆਨ ਨੂੰ ਬੀ ਦੂਰ ਰੱਖੋ, ਸਤਿਗੁਰ ਨੂੰ ਉਂਞ
“ਨਾ ਓਹੁ ਮਰੈ ਨ ਹੋਵੈ ਸੋਗੁ ॥ ”
ਇਕ ਅਵਾਜ਼ ਆਈ:-
“ਹੀਏ ਨੂੰ ਲੱਗੇ ਬਿਰਹੋਂ ਦੇ ਤੀਰ । ਕਿਵੇਂ ਨਿਕਲਣ ਤੇ ਕਿਵੇਂ ਮਿਲਣ।”
ਇਹ ਸੁਣਕੇ ਸਤਿਗੁਰ ਦੇ ਪਿਆਰੇ ਸੰਤੋਖ ਸਿੰਘ ਦਾ ਜੀਅ ਭਰ ਆਇਆ, ਜਿਸ ਨੂੰ ਕਲਗੀਆਂ ਵਾਲੇ ਨੇ ਹੁਕਮ ਦਿਤਾ ਸੀ ਕਿ 'ਤੁਸੀਂ ਸਦਾ ਏਥੇ ਰਹਿਣਾ ਤੇ ਦੇਗ਼ ਚਲਾਉਣੀ' ਉਸ ਪਿਆਰੇ ਦਾ ਜੀ ਭਰ ਆਇਆ, ਸਿਦਕ ਨੇ ਉਛਾਲਾ ਖਾਧਾ, ਉਸ ਸੱਚ ਨੇ (ਜੋ ਦੁਨੀਆਂ ਦੀ ਵਡਿਆਈ ਨੂੰ ਵਡਿਆਈ ਨਹੀਂ ਸਮਝਦਾ, ਪਰ ਜਿੱਥੇ ਉਹ ਹੁੰਦਾ ਹੈ ਉਥੇ ਪ੍ਰਬਲ ਸ਼ਕਤੀ ਹੁੰਦੀ ਹੈ) ਉਛਾਲਾ ਖਾਧਾ, ਅੱਖਾਂ ਚੜ੍ਹ ਗਈਆਂ, ਲਾਲੀ ਭਰ ਆਈਆਂ, ਮੱਥਾ ਚਮਕ ਪਿਆ, ਲਸ ਮਾਰੀ, ਸ੍ਰੀਰ ਥਰਾ ਗਿਆ, ਨੈਣਾਂ ਵਿਚੋਂ ਇਕ ਤੇਜ਼ ਨਿਕਲਿਆ, ਅਰ ਸਿੰਘ ਜੀ ਨੇ ਅਕਾਸ਼ ਵਿਚ ਇਕ ਹੱਥ ਫੇਰਕੇ ਗੂੰਜਦਾਰ, ਪਰ ਕੜਕਵੀਂ ਅਵਾਜ਼ ਵਿਚ ਕਿਹਾ:-
ਓਹੁ ਅਉਹਾਣੀ ਕਦੇ ਨਾਹਿ ਨਾ ਆਵੈ ਨਾ ਜਾਇ॥
ਇਹ ਕਹਿਂਦੇ ਹੀ ਇਕ ਲਿਸ਼ਕਾਰਾ ਪਿਆ, ਸਭ ਨੈਣ ਮੁੰਦ ਗਏ। ਸਾਰੇ ਖਾਲਸੇ ਅਹਿੱਲ, ਅਚੱਲ, ਅਡੋਲ ਹੋ ਗਏ। ਸਾਰਿਆਂ ਦੇ ਨੈਣ ਅਗੋਂ ਮਾਤਲੋਕ ਲੋਪ ਹੋ ਗਿਆ, ਅੰਦਰਲੀ ਨਜ਼ਰ ਅਸਮਾਨਾਂ ਤੇ ਜਾ ਟਿਕੀ। ਕੀ ਦੇਖਦੇ ਹਨ:-
{ਪਹਿਲਾ ਆਤਮ ਲਹਿਰਾਉ}
ਇਕ ਪ੍ਰਕਾਸ਼ ਦੀ ਧਰਤੀ ਹੈ, ਬਿਨਾਂ ਚੰਦ ਸੂਰਜ ਤਾਰੇ ਦੇ ਚਾਨਣਾਂ, ਪਰ ਉਂਞ ਚੰਦ ਵਾਂਗੂੰ ਮਿੱਠਾ ਮਿੱਠਾ ਚਾਨਣਾ ਹੈ, ਚਾਨਣੇ ਦਾ ਇਕ ਮਹਿਲ ਹਵੇਲੀ ਦੀ ਸੂਰਤ ਦਾ ਹੈ। ਉਥੇ ਇਕ ਅਤੀ ਤੇਜਮਯ ਦੇਵੀਆਂ ਸਿਰ ਦੇਵੀ ਇਕ ਨੂਰ ਦੇ ਤਖਤ ਤੇ ਬੈਠੀ ਹੈ। ਚਾਰ ਹੋਰ ਨੂਰ ਦੇ ਪੁਤਲੇ ਨੂਰੀ ਘੋੜੇ ਸਰਪੱਟ ਸੱਟੀ ਆ ਰਹੇ ਹਨ ਤੇ ਛੇਤੀ ਨਾਲ ਤਖਤ ਪਾਸ ਜਾਕੇ ਮੱਥਾ ਟੇਕਦੇ ਹਨ ਤੇ ਆਖਦੇ ਹਨ, ਮਾਤਾ ਜੀ! ਅੱਜ ਦਾਤਾ ਜੀ ਦਾ ਆਗਮਨ ਹੈ।
ਸਮਾਧਿ ਸਥਿਤ ਦੇਵੀ ਨੇ ਨੇਤਰ ਖੁਹਲੇ, ਬੱਚਿਓ! ਕੀ ਸੰਦੇਸਾ ਲਿਆਏ ਹੋ?
ਬੱਚੇ - ਮਾਤਾ ਜੀ ! ਪਿਤਾ ਜੀ ਆ ਰਹੇ ਹਨ, ਮਾਤਲੋਕ ਤੋਂ ਟੁਰ ਪਏ ਹਨ।
ਦੇਵੀ - ਨੈਣ ਮੁੰਦ ਲਏ, ਮੁੰਦੇ ਨੈਣਾਂ ਵਿਚੋਂ ਮਾਨੋਂ ਕੁਛ ਟੋਪੇ ਜਲ ਦੇ ਕਿਰੇ। ਪਿਛੋਂ ਸਹਿਜੇ ਧੀਮੀਂ ਮਿੱਠੀ ਅਵਾਜ਼ ਆਈ ‘ਸ਼ੁਕਰ ਹੈ'। ਫਿਰ ਨੈਣ ਖੁਲ੍ਹੇ।
ਬੱਚੇ - ਮਾਤਾ ਜੀ ! ਪਿਤਾ ਜੀ ਆ ਰਹੇ ਹਨ।
ਮਾਤਾ - ਸ਼ੁਕਰ ਹੈ!
ਬੱਚੇ - ਆਗਯਾ ਹੋਵੇ ਤਾਂ ਹੋਰ ਹੇਠਾਂ ਜਾ ਕੇ ਅਗੋਂ ਲਿਆਈਏ?
ਮਾਤਾ - ਉਪਰੋਂ ਹੇਠਾਂ ਉਤਰਕੇ ਐਥੋਂ ਤਕ ਹੀ ਆਉਣਾ ਠੀਕ ਹੈ, ਅਗੇ ਇਸ ਤੋਂ ਹੇਠਾਂ ਜਾਣ ਦੀ ਮਨਾਹੀ ਤਾਂ ਨਹੀਂ, ਪਰ ਅੱਜ ਰਜ਼ਾ ਇਵੇਂ ਹੀ ਹੈ। ਇਹ ਕਹਿਂਦਿਆਂ ਨੈਣ ਫੇਰ ਮੁੰਦ ਗਏ ਤੇ ਸ਼ਬਦ ਹੋਇਆ:-
ਸਤਿਗੁਰ ਅਪੁਨੇ ਸੁਨੀ ਅਰਦਾਸਿ ॥ ਕਾਰਜੁ ਆਇਆ ਸਗਲਾ ਰਾਸਿ ॥ ਮਨ ਤਨ ਅੰਤਰਿ ਪ੍ਰਭੂ ਧਿਆਇਆ ॥ ਗੁਰ ਪੂਰੇ ਡਰੁ ਸਗਲ ਚੁਕਾਇਆ ॥੧॥ ਸਭ ਤੇ ਵਡ ਸਮਰਥ ਗੁਰਦੇਵ ॥ ਸਭਿ ਸੁਖ ਪਾਈ ਤਿਸ ਕੀ ਸੇਵ ॥ ਰਹਾਉ ॥ ਜਾ ਕਾ ਕੀਆ ਸਭੁ ਕਿਛੁ ਹੋਇ ॥ ਤਿਸ ਕਾ ਅਮਰੁ ਨ ਮੇਟੈ ਕੋਇ ॥ ਪਾਰਬ੍ਰਹਮੁ ਪਰਮੇਸਰੁ ਅਨੂਪੁ ॥ ਸਫਲ ਮੂਰਤਿ ਗੁਰੁ ਤਿਸ ਕਾ ਰੂਪੁ ॥੨॥ ਜਾ ਕੈ ਅੰਤਰਿ ਬਸੈ ਹਰਿ ਨਾਮੁ ॥ ਜੋ ਜੋ ਪੇਖੈ ਸੁ ਬ੍ਰਹਮ ਗਿਆਨੁ ॥ ਬੀਸ ਬਿਸੁਏ ਜਾ ਕੈ ਮਨਿ ਪਰਗਾਸੁ ॥ ਤਿਸੁ ਜਨ ਕੈ ਪਾਰਬ੍ਰਹਮ ਕਾ ਨਿਵਾਸੁ ॥੩॥ ਤਿਸੁ ਗੁਰ ਕਉ ਸਦ ਕਰੀ ਨਮਸਕਾਰ ॥ ਤਿਸੁ ਗੁਰ ਕਉ ਸਦ ਜਾਉ ਬਲਿਹਾਰ ॥ ਸਤਿਗੁਰ ਕੇ ਚਰਨ ਧੋਇ ਧੋਇ ਪੀਵਾ ॥ ਗੁਰ ਨਾਨਕ ਜਪਿ ਜਪਿ ਸਦ ਜੀਵਾ ॥੪॥
ਇਹ ਸ਼ਬਦ ਐਸੀ ਮਿੱਠੀ ਸੁਰ ਵਿਚ ਗਾਵਿਆਂ ਗਿਆ ਅਰ ਇਤਨੇ ਸਾਜ਼ ਨਾਲ ਵੱਜ ਰਹੇ ਭਾਸਦੇ ਸੇ ਕਿ ਜਿਨ੍ਹਾਂ ਦੇ ਮਿਲਾਪ ਨੇ ਅਚਰਜ ਕੋਮਲਤਾ ਪੈਦਾ ਕਰ ਦਿੱਤੀ ਸੀ, ਪਰੰਤੂ ਕੋਈ ਗਵੱਈਆ ਤੇ ਵੱਜਈਆ ਦੀਹਦਾ ਨਹੀਂ ਸੀ। ਇਕ ਹੋਰ ਬੜਾ ਅਚਰਜ ਇਹ ਸੀ, ਇਸ ਥਾਵੇਂ ਕੋਈ ਫੁੱਲ, ਕੋਈ ਫੁਲੇਲ, ਕੋਈ ਸੁਗੰਧੀ ਵਾਲੀ ਸ਼ੈ, ਕੋਈ ਅਤਰ ਨਹੀਂ ਸੀ ਪਿਆ, ਪਰ ਐਸੀ ਖੁਸ਼ਬੋਈ ਸੀ ਅਰ ਐਸੀ ਲਪਟਦਾਰ ਮਹਿਕ ਸੀ ਕਿ ਦਿਮਾਗ਼ ਤਰੋ ਤਰ ਹੁੰਦਾ ਜਾਂਦਾ ਸੀ, ਪਤਾ ਨਹੀਂ ਪੌਣ ਹੀ ਸੁਗੰਧਿਤ ਸੀ, ਪਤਾ ਨਹੀਂ ਇਨ੍ਹਾਂ ਨੁਰੀਆਂ ਦੇ ਸ਼ਰੀਰਾਂ ਵਿਚੋਂ ਲਪਟ ਨਿਕਲ ਰਹੀ ਸੀ। ਇਕ ਹੋਰ ਕੌਤਕ ਸੀ, ਦਿਲ ਦੀ ਰੰਗਤ ਏਥੇ ਅਤਿ ਪਿਆਰਾਂ ਭਰੀ ਸੀ, ਸਾਰੇ ਐਉਂ ਜਾਪਦੇ ਸਨ ਕਿ ਪਿਆਰ ਦੇ ਬਣੇ ਹਨ। ਆ ਮੁਹਾਰਾ ਦਿਲ ਨੂੰ ਪਿਆਰ ਦਾ ਉਮਾਹ ਚੜ੍ਹਦਾ ਸੀ ਅਰ ਉਹ ਉਮਾਹ ਐਉਂ ਖੀਵਾ ਕਰਦਾ ਸੀ, ਕਿ ਉਸ ਮੰਡਲ ਨਾਲ ਪਹਿਆ ਜਾਕੇ ਪੱਛੋਂ ਦੀ ਮੰਦ ਮੰਦ ਵਗਦੀ ਪੌਣ ਦੇ ਝੁਮਾਉ ਨਾਲ ਝੂਮਦੇ ਸਰੂ ਵਾਂਗ ਸਿਰ ਝੂਮਣ ਲੱਗ ਪੈਂਦਾ ਸੀ। ਸਾਮਾਨ, ਘਰ, ਬਾਰ ਸਾਰੇ ਨੂਰ ਦੇ ਸਨ, ਪੰਜੇ ਸ੍ਰੀਰ ਨੂਰ ਦੇ ਸਨ, ਪਰ ਫੇਰ ਨੂਰ ਦੀਆਂ ਆਭਾਂ ਵੱਖੋ ਵੱਖਰੀਆਂ ਸਨ, ਜਿਸ ਤੋਂ ਸਭ ਕੁਛ ਨਿਆਰਾ ਨਿਆਰਾ ਹੋਕੇ ਪ੍ਰਤੱਖ ਸ਼ਰੀਰ ਵਾਂਗ ਦਿੱਸ ਰਿਹਾ ਸੀ, ਐਉਂ ਜਾਪਦਾ ਸੀ ਕਿ ਇਹ ਦੇਸ਼ ਪ੍ਰਕਾਸ਼ ਦਾ ਹੈ ਅਰ ਜੀਕੂੰ ਸਾਡੇ ਦੇਸ਼ ਵਿਚ ਹਰ ਸ਼ੈ ਮਾਦੇ (ਸਥੂਲ ਪ੍ਰਕ੍ਰਿਤੀ) ਤੋਂ ਬਣੀ ਹੈ ਤਿਵੇਂ ਏਥੇ ਹਰ ਸ਼ੈ ਪ੍ਰਕਾਸ਼ ਤੋਂ ਬਣੀ ਹੈ। ਖਬਰ ਨਹੀਂ ਉਹੋ ਤੱਤ ਜੋ ਸਾਡੇ ਦੇਸ਼ ਵਿਚ ਮੋਟਾ ਮੋਟਾ ਸਥੂਲ ਸਥੂਲ ਰੂਪ ਰਖਦੇ ਹਨ, ਏਥੇ ਇਤਨੇ ਸੂਖਮ ਸੂਖਮ ਹੋ ਗਏ ਹਨ ਕਿ ਉਨ੍ਹਾਂ ਦਾ ਰੂਪ ਪ੍ਰਕਾਸ਼ ਪ੍ਰਕਾਸ਼ ਹੋ ਗਿਆ ਹੈ। ਜਾਂ ਐਉਂ ਹੈ ਕਿ ਅਸਲ ਵਸਤੂ ਅਸਲ ਸ਼ੈ ਇਹ ਪ੍ਰਕਾਸ਼ ਹੈ, ਇਸੇ ਪ੍ਰਕਾਸ਼ ਦੇ ਸੂਖਮ ਅਵੈਵਾਂ ਦੀ ਤੇ ਨਿਆਰੀ ਨਿਆਰੀ ਥਾਟ, ਨਿਆਰੀ ਨਿਆਰੀ ਝਰਨਾਟ, ਨਿਆਰੀ ਨਿਆਰੀ ਲਿਫਾਉ, ਨਿਆਰੀ ਨਿਆਰੀ ਕੰਪ ਕੋਈ ਸਥੂਲਤਾ ਦਾ ਰੂਪ ਬਣਦੀ ਹੈ ਜੋ ਅੱਡ ਅੱਡ ਤਰ੍ਹਾਂ ਯਾ ਭੂਤਾਂ