ਅਰਸ਼ੀ ਛੁਹ
ਆਧੁਨਿਕ ਪੰਜਾਬੀ ਸਾਹਿਤ ਦਾ ਪਿਤਾਮਾ ਭਾਈ ਵੀਰ ਸਿੰਘ
ਸਤਿਕਾਰ ਯੋਗ ਭਾਈ ਸਾਹਿਬ ਭਾਈ ਵੀਰ ਸਿੰਘ ਆਪਣੀ ਪਹਿਲੀ ਰਚਨਾ ਦੇ ਪ੍ਰਕਾਸ਼ਨ ਨਾਲ ਹੀ ਪੰਜਾਬੀ ਸਾਹਿਤ ਦੇ ਅਕਾਸ਼ 'ਤੇ ਸੂਰਜ ਵਾਂਗੂ ਉਦੇ ਹੋਏ ਤੇ ਫੇਰ ਸਦਾ ਚੜ੍ਹਦੀ ਕਲਾ ਵਲ ਹਮੇਸ਼ਾਂ ਅਗਾਂਹ ਵਧਦੇ ਰਹੇ । ਉਹਨਾਂ ਦੀ ਸਾਹਿਤ ਸਿਰਜਨਾ ਹਮੇਸ਼ਾ ਸਾਹਿਤ ਮਾਰਤੰਡ ਵਾਂਗ ਪ੍ਰਕਾਸ਼ਮਾਨ ਰਹੇਗੀ।
ਕੋਈ ਭੀ ਸਾਹਿਤ ਚਿਰਸਥਾਈ ਨਹੀਂ ਹੋ ਸਕਦਾ ਜਦ ਤੀਕ ਉਸ ਦੀਆਂ ਕੀਮਤਾਂ ਮਾਨਵੀ ਤੇ ਵਿਸ਼ਵ-ਵਿਆਪੀ ਅਸੂਲਾਂ 'ਤੇ ਨਿਰਭਰ ਨਾ ਹੋਣ । ਭਾਈ ਸਾਹਿਬ ਦੀਆਂ ਰਚਨਾਵਾਂ ਪੂਰਣ ਤੌਰ 'ਤੇ ਮਾਨਵਵਾਦੀ ਤੇ ਵਿਸ਼ਵ-ਵਿਆਪੀ ਸਿਖੀ ਸਿਧਾਂਤਾਂ ਉਤੇ ਆਧਾਰਤ ਹਨ। ਉਹਨਾਂ ਨੇ ਆਪਣੀਆਂ ਰਚਨਾਵਾਂ ਰਾਹੀਂ ਜਿਥੇ ਸਰਬ ਸਾਂਝੀਵਾਲਤਾ ਦੀ ਪ੍ਰੇਰਕ ਸਿੱਖ ਵਿਚਾਰਧਾਰਾ ਨੂੰ ਉਜਾਗਰ ਕੀਤਾ ਉਥੇ ਸਾਰੇ ਸਾਹਿਤ ਰੂਪਾਂ ਵਿੱਚ ਰਚਨਾਵਾਂ ਦੇ ਜਨਮ ਦਾਤਾ ਹੋਣ ਦਾ ਮਾਨ ਹਾਸਲ ਕੀਤਾ। ਉਹਨਾਂ ਨੇ ਨਾਵਲ, ਨਾਟਕ, ਮਹਾਂਕਾਵਿ, ਪ੍ਰਾਕ੍ਰਿਤੀ ਸਬੰਧੀ ਕਵਿਤਾ, ਨਿੱਕੀ ਕਵਿਤਾ, ਰੁਬਾਈ, ਜੀਵਨੀ ਸਾਹਿਤ, ਸੰਪਾਦਨਾ, ਟੀਕਾਕਾਰੀ, ਵਿਆਖਿਆ ਆਦਿ ਹਰ ਪ੍ਰਕਾਰ ਦੀਆਂ ਸਾਹਿਤ ਵੰਨਗੀਆਂ ਦਾ ਮੁਢ ਬੰਨ੍ਹਿਆ ਤੇ ਨਵੀਨ ਪੰਜਾਬੀ ਸਾਹਿਤ ਦੇ ਪਿਤਾਮਾ ਹੋਣ ਦਾ ਸਨਮਾਨ ਪ੍ਰਾਪਤ ਕੀਤਾ। ਉਹਨਾਂ ਦੀਆਂ ਕਿਰਤਾਂ ਪਾਠਕਾਂ ਨਾਲ ਇਤਨੀਆਂ ਜੁੜੀਆਂ ਹੋਈਆਂ ਹਨ ਕਿ ਜਦ ਤੀਕ ਮਨੁਖ ਰਹੇਗਾ ਇਨ੍ਹਾਂ ਦੀ ਰੋਚਕਤਾ ਬਰਕਰਾਰ ਰਹੇਗੀ।
ਭਾਈ ਸਾਹਿਬ ਦਾ ਜੀਵਨ ਸੁਚੇਤ ਤੌਰ ਤੇ ਪੱਥ ਪਰਦਰਸ਼ਕ ਸੀ । ਉਹਨਾਂ ਦੀ ਸਾਰੀ ਸਾਹਿਤਕ ਘਾਲ ਆਪਣੇ 'ਸਾਂਈ' ਵਲ ਸੇਧ ਦੇਂਦੀ ਹੈ। ਇਸ ਸੇਧ ਵੱਲ ਲਿਜਾਵਨ
ਕਲਮ ਦੇ ਧਨੀ ਭਾਈ ਸਾਹਿਬ ਦਾ ਜੀਵਨ ਕਰਨੀ ਪ੍ਰਧਾਨ ਸੀ । ਉਹ ਸੁਹਿਰਦਤਾ, ਮਿਠਾਸ, ਨਿਰਮਾਨਤਾ ਤੇ ਸੰਵੇਦਨਾ ਦੀ ਮੂਰਤ ਸਨ। ਸਵੈ-ਪਰਦਰਸ਼ਨੀ ਤੋਂ ਉਕਾ ਹੀ ਦੂਰ, ਸੇਵਾ ਸਿਦਕ ਵਿਚ ਭਰਪੂਰ ਉਹ ਸਦਾ ਆਪਣੇ ਸਾਂਈ ਦੀ ਹਜੂਰੀ ਵਿਚ ਰਹਿੰਦੇ ਸਨ।
ਹਥਲੀ ਪੁਸਤਕ ਵਿਚ ਕਈ ਕਵਿਤਾਵਾਂ ਸਾਡੀ ਇਤਲਾਹ ਅਨੁਸਾਰ ਪਹਿਲਾਂ ਕਿਤਾਬੀ ਰੂਪ ਵਿਚ ਨਹੀਂ ਆਈਆਂ। ਇਹ ਕਵਿਤਾਵਾਂ ਜਜ਼ਬੇ ਦੀ ਬਹੁਲਤਾ, ਬਿਆਨ ਦੀ ਸਰਲਤਾ, ਸ਼ਬਦ ਚੋਣ ਦੀ ਸੁੰਦਰਤਾ ਤੇ ਭਾਸ਼ਾ ਦੀ ਸ਼ੁਧਤਾ ਲਈ ਆਪਣੀ ਮਿਸਾਲ ਆਪ ਹਨ।
ਮਹਾਤਮਾ ਗਾਂਧੀ 'ਤੇ ਜਦੋਂ ਗੋਲੀ ਚਲਾਈ ਗਈ ਤਾਂ ਭਾਈ ਸਾਹਿਬ ਦੇ ਧੁਰ ਅੰਦਰ ਵਸਦੀ ਮਨੁਖਤਾ ਤ੍ਰਾਹ ਤ੍ਰਾਹ ਕਰ ਉੱਠੀ । ਐਸਾ ਸ਼ਰਮਨਾਕ ਅਮਲ ਵਿਸ਼ਵ-ਵਿਆਪੀ ਮਾਨਵਤਾ ਲਈ ਇਕ ਅਤਿਅੰਤ ਦੁਖਦਾਈ ਹਾਦਸਾ ਸੀ । ਗੁਰੂ ਨਾਨਕ ਦੇ ਦੱਸੇ ਸਿਧਾਂਤਾਂ ਮੁਤਾਬਕ 'ਸਰਬਤ ਦਾ ਭਲਾ' ਮੰਗਣ ਵਾਲੇ ਭਾਈ ਸਾਹਿਬ ਇਸ ਗ਼ੈਰ-ਇਨਸਾਨੀ ਤੇ ਵਹਿਸ਼ਿਆਨਾ ਹਮਲੇ ਤੋਂ ਬਹੁਤ ਦੁਖੀ ਹੋਏ ਤਾਂ ਉਹਨਾਂ ਨੇ
ਐ ਇਨਸਾਨ, ਹਯਾ !
ਤੈਨੂੰ ਸਾਜਿਆ ਸੀ ਦਰਦੇ-ਦਿਲ ਵਾਸਤੇ,
ਤੇਰੇ ਖਮੀਰ ਵਿਚ ਗੁੰਨ੍ਹੀ ਸੀ
ਹਮਦਰਦੀ
ਐ ਬੇਹਯਾ !
ਜਿਸ ਵੇਲੇ ਤੂੰ ਬੇਦਰਦ ਹੋ ਉਠਦਾ ਹੈਂ
ਦਰਦੇ-ਦਿਲ ਤੋਂ ਵਿਹੂਣੀ ਦੁਨੀਆ ਬੀ
ਦਹਿਲ ਉਠਦੀ ਹੈ,
ਕੰਬ ਖੜੋਦੀ ਹੈ
ਤੇਰੀ ਪੱਥਰ-ਦਿਲੀ ਉਤੇ
ਐ ਇਨਸਾਨ!
ਕਦੇ ਤੈਥੋਂ ਸਬਕ ਲੈਣ
ਫਰਿਸ਼ਤੇ ਆਉਂਦੇ ਸਨ
ਹਮਦਰਦੀ ਦਾ, ਦਰਦੇ-ਦਿਲ ਦਾ,
ਦਿਲ ਪ੍ਰੇਮ ਦਾ
ਹੁਣ, ਹਾਂ ਸ਼ੋਕ!
ਤੂੰ ਹੇਠਾਂ ਹੇਠਾਂ ਟੁਰਿਆ ਜਾਂਦਾ ਹੈ
ਹਿੰਸਕ ਪਸ਼ੂਆਂ ਤੋਂ ਬੀ ਹੇਠਾਂ,
ਹੇਠਾਂ, ਹੇਠਾਂ
ਤੇਰੀ ਸਭਯਤਾ ਕੀ ਹੈ ?
ਭਾਈ ਸਾਹਿਬ ਦਾ ਦੇਸ਼ ਪਿਆਰ ਉਨ੍ਹਾਂ ਦੀਆਂ ਕਵਿਤਾਵਾਂ ਵਿਚੋਂ ਉਛਲ ਉਛਲ ਪੈਂਦਾ ਹੈ। ਉਹ 'ਜਿੰਦੜੀ ਕੌਮ ਖਾਤਰ' ਕਵਿਤਾ ਵਿੱਚ ਬਿਆਨ ਕਰਦੇ ਹਨ:
'ਏਸ ਜਿੰਦ ਵਿਚ ਨੂਰ ਹੈ ਰੱਬ ਵਾਲਾ
ਇਸ ਵਿਚ 'ਵਿਘਨ' ਨ ਕਿਸੇ ਨੂੰ ਪਾਣ ਦੇਈਏ
ਪਰ ਜਦ ਦੇਸ਼ ਨੂੰ ਏਸ ਦੀ ਲੋੜ ਪੈ ਜਾਏ
ਹੋ ਨਿਸੰਗ ਫਿਰ ਛਾਤੀਆਂ ਤਾਣ ਦੇਈਏ।'
ਉਹਨਾਂ ਨੇ ਸਿਖੀ ਦੇ ਅਸੂਲ-
'ਜਉ ਤਉ ਪ੍ਰੇਮ ਖੇਲਨ ਕਾ ਚਾਉ
ਸਿਰੁ ਧਰਿ ਤਲੀ ਗਲੀ ਮੇਰੀ ਆਉ
ਇਤੁ ਮਾਰਗਿ ਪੈਰੁ ਧਰੀਜੈ
ਸਿਰੁ ਦੀਜੈ ਕਾਣਿ ਨ ਕੀਜੈ।'
ਅਤੇ
'ਅਰ ਸਿਖ ਹੋ ਅਪਨੇ ਹੀ ਮਨ ਕੋ
ਇਹ ਲਾਲਚ ਹਉ ਗੁਣ ਤਉ ਉਚਰੋ
ਜਬ ਆਵ ਕੀ ਅਉਧ ਨਿਦਾਨ ਬਨੈ
ਅੱਤ ਹੀ ਰਣ ਮਹਿ ਤਬ ਜੂਝ ਮਰੋ ।
ਨੂੰ ਆਪਣੀ ਹਿਰਦੇ ਟੁੰਬਵੀ ਕਵਿਤਾ 'ਸ਼ਹੀਦੀ ਸਾਕਾ ਨਨਕਾਣਾ ਸਾਹਿਬ' ਵਿਚ ਇਸ ਤਰ੍ਹਾਂ ਵਰਨਣ ਕੀਤਾ ਹੈ:
'ਸਾਧ ਸ਼ੀਹ ਹੋਏ ਫੁੰਕਾਰਦੇ
ਸ਼ੇਰ ਖੜੇ ਹੋ ਸਿਦਕ ਨ ਹਾਰਦੇ
ਖਾਣ ਗੋਲੀ ਨ ਰੋੜਾ ਉਲਾਰਦੇ
ਗੋਲੀ ਵਰਸਦੀ ਸ਼ੂਕਰਾਂ ਮਾਰਦੀ
ਉਤੋਂ ਮਾਰ ਕਰੇ ਲੋਹੇ ਸਾਰ ਦੀ।'
ਇਸੀ ਤਰ੍ਹਾਂ ਸੇਵਾ ਵਾਲੀ ਕਵਿਤਾ ਵਿਚ ਸਿਖੀ ਆਦਰਸ਼ ਭਾਵ ਨਿਸ਼ਕਾਮ ਸੇਵਾ ਬਾਰੇ ਵਰਨਣ ਕਰਦੇ ਹਨ:
'ਚਿਤੋ ਗਰਜ਼ ਚੁਕਾਈਏ ਸਾਰੀ ਲੋੜ ਨ ਕੋਈ ਰਖਾਈਏ
ਦੂਜੇ ਨੂੰ ਸੁਖ ਦੇਣੇ ਖਾਤਰ ਜੇਕਰ ਸੇਵ ਕਮਾਈਏ
ਏਹ ਸੇਵਾ ਉਚੀ ਸਭ ਕੋਲੋ ਸੇਵਾ ਅਸਲ ਕਹਾਵੇ
ਕਰੀਏ ਤਾਂ ਦੂਜੇ ਦੀ ਸੇਵਾ ਸਾਨੂੰ ਸੁਖ ਪਹੁੰਚਾਵੇ ।'
ਗੁਰੂ ਅਮਰਦਾਸ ਜੀ ਦੀ ਚਲਾਈ 'ਲੰਗਰ ਪ੍ਰਥਾ' ਬਾਰੇ ਇਹ ਪ੍ਰਮਾਣਿਤ ਹੈ ਸੀ ਕਿ ਸ਼ਾਮ ਨੂੰ ਦੇਗਾਂ ਮੂਧੀਆਂ ਮਾਰ ਦੇਂਦੇ ਸਨ ਅਤੇ ਅਗਲੀ ਭਲਕ ਫਿਰ ਲੰਗਰ ਤਿਆਰ ਹੋ ਜਾਂਦਾ ਸੀ । ਭਾਈ ਸਾਹਿਬ ਜੀ 'ਅਮਰਦਾਸ' ਵਾਲੀ ਕਵਿਤਾ ਵਿਚ ਗੁਰੂ ਸਾਹਿਬ ਬਾਰੇ ਇੰਝ ਵਰਨਣ ਕਰਦੇ ਹਨ:
'ਹੇ ਅਚਰਜ ਤੂੰ ਲੈਣਹਾਰ ਤੋਂ
ਅਮਿਤ ਖਜ਼ਾਨੇ ਭਰੇ ਲਏ
ਭਰੇ ਲਏ ਤੇ ਖੋਲ ਮੁਹਾਨੇ
ਦੋਹੀ 'ਹੱਥੀ' ਵੰਡ ਦਏ
ਫਿਰ ਅਚਰਜ ਉਹ ਭਏ ਨ ਖਾਲੀ
ਜਿਉ ਕੇ ਤਿਉ ਰਹੇ ਭਰੇ ਭਰੇ
ਦਾਤ ਅਮਿਤੀ ਵੰਡ ਅਮਿਤੀ
ਫੇਰ ਅਮਿਤੀ ਰਹੇ ਸਦੇ
ਭਾਈ ਸਾਹਿਬ ਜੀ ਦੀ ਕਵਿਤਾ ਵਿਚ ਕਿਧਰੇ ਕਿਧਰੇ ਹਾਸ ਰਸ ਵੀ ਦਿਖਾਈ ਦੇਂਦਾ ਹੈ। ਉਹਨਾਂ ਨੂੰ ਜਦੋਂ ਪੰਜਾਬ ਯੂਨੀਵਰਸਿਟੀ ਨੇ ਡਾਕਟਰੇਟ ਦੀ ਆਨਰੇਰੀ ਡਿਗਰੀ ਪ੍ਰਦਾਨ ਕੀਤੀ ਤਾਂ ਆਪ ਨੇ ਉਸ ਵੇਲੇ ਏਹ ਰੁਬਾਈ ਉਚਾਰਨ ਕੀਤੀ:
'ਦਾਦਾ ਪਿਉ ਸਨ ਵੈਦ ਡਾਕਟਰ
ਸ਼ਫਾ ਜਿਨ੍ਹਾਂ ਦੇ ਚੁੰਮਦੀ ਪੈਰ
ਪਾਣੀ ਹਾਰ ਓਹ ਵਿਦਯਾ ਸੰਦੇ
ਮਨਿ ਬੁਧਿ ਵਸੇ ਜਿਨਾਂ ਦੇ ਖੈਰ ।
ਅਸੀ ਅਨਾੜੀ ਰਹੇ ਉਮਰਾ ਭਰ
ਨ ਪੰਡਿਤ ਨ ਬਣੇ ਹਕੀਮ
ਹੁਣ ਜੇ 'ਡਾਕਟਰ' ਪੱਦ ਆ ਚਮੜੇ
ਤਾਂ ਇਹ ਲਗਸੀ ਬੜਾ ਹੀ ਗ਼ੈਰ ।'
ਭਾਈ ਸਾਹਿਬ ਨੇ ਸਾਰੀ ਜ਼ਿੰਦਗੀ ਸਾਹਿਤ ਸਿਰਜਣਾ ਕੀਤੀ ਤੇ ਆਪਣੀਆਂ ਰਚਨਾਵਾਂ ਦੇ ਨਾਲ ਸਾਨੂੰ ਨਿਵਾਜਿਆ। 'ਊਠਤ ਬੈਠਤ ਸੋਵਤ ਨਾਮ, ਕਹੁਨਾਨਕ ਜਨ ਕੈ ਸਦ ਕਾਮ', ਦੇ ਗੁਰਵਾਕ ਅਨੁਸਾਰ ਸਤਿਗੁਰਾਂ ਦੇ ਨਿਸ਼ਕਾਮ ਢਾਡੀ ਹੀ ਬਣੇ ਰਹੇ
ਅਜਿਹੀਆਂ ਭਰਪੂਰ ਘੜੀਆਂ ਵਿਚੋਂ ਵਿਚਰਦੇ ਹੋਏ ਉਹ ਅਪਨੀ ਸਾਰੀ ਲਿਖਤ ਨੂੰ ਛਪੀ ਹੋਈ ਸ਼ਕਲ ਵਿੱਚ ਪੇਸ਼ ਨਹੀਂ ਕਰ ਸਕੇ। ਕੁਝ ਕਵਿਤਾਵਾਂ ਸੁਹਿਰਦ ਪਾਠਕਾਂ ਦੇ ਸਾਹਮਣੇ ਆਉਣੋਂ ਰਹਿ ਗਈਆਂ। ਸਾਹਿਤ ਸਦਨ ਦਾ ਇਹ ਨਿਮਾਣਾ ਜਿਹਾ ਯਤਨ ਹੈ ਕਿ ਇਹਨਾਂ ਕਵਿਤਾਵਾਂ ਨੂੰ ਪ੍ਰਕਾਸ਼ਿਤ ਕੀਤਾ ਜਾਏ ਤੇ ਇਹ ਰਿਕਾਰਡ ਦੇ ਤੌਰ ਤੇ ਸਮੱਗਰੀ ਦਾ ਅੰਗ ਹੋ ਜਾਣ। ਅਜਿਹੀਆਂ ਹੋਰ ਵੀ ਅਣ-ਛਪੀਆਂ ਕਵਿਤਾਵਾਂ ਸਾਹਿਤ ਸਦਨ ਪਾਠਕਾਂ ਦੀ ਭੇਟ ਕਰਨ ਦੀ ਆਸ ਰਖਦਾ ਹੈ।
ਮਹਿਰਮ
'ਛੁਹ ਪ੍ਰੀਤਮ' ਦੀ ਪਾ ਕੇ ਸੁਹਣੀ, ਜਦ ਪੇਕੇ ਘਰ ਆਈ,
ਨਾਮਹਿਰਮ ਸਖੀਆਂ ਨੂੰ ਉਸਨ, ਛੁਹ ਦੀ ਗਲ ਸੁਣਾਈ
ਖਾਰੀਂ ਪਾ 'ਛਹ' ਵੇਚਣ ਚਲੀਆਂ, ਨਾਮਹਿਰਮ ਓ ਸੱਖੀਆਂ,
'ਛੁਹ-ਭ੍ਰਮ' ਪੱਲੇ ਪਿਆ ਉਨ੍ਹਾਂ ਦੇ, ਖ੍ਰੀਦ ਜਿਨਾਂ ਆ ਪਾਈ ।
ਤੜਫਨ
ਦਿਲ ਸਾਗਰ ਦੀਏ ਲਹਰ ਤਰੰਗੇ
ਤੜਫ ਤੜਫ ਤੜਫੈਂਨੀ ਏਂ ?
ਬਾਂਹ ਉਲਾਰੇਂ ਗਲੇ ਲਗਣ ਨੂੰ
ਕੰਬ ਕੰਬ ਡਿਗ ਡਿਗ ਪੈਨੀ ਏਂ ?
ਪ੍ਰੀਤਮ ਤੈਂ ਦੇ ਚੋਜ ਨਿਆਰੇ
ਸਮਝ ਨ ਕੋਈ ਪੈਨੀ ਏਂ ?
ਖਬਰੇ ਤੜਫਨ ਜੀਵਨ ਹੈ
ਕੁਈ ਇਹ ਗਲ ਉਨੂੰ ਜਚੈਨੀ ਏ ?
ਖਿੱਚਾਂ
ਇਕ ਤੋਂ ਇਕ ਚੜੰਦੀਆਂ ਮਿਲਦੀਆਂ
ਮਿਹਰਾਂ ਮੇਰੇ ਸਾਈਆਂ ! ਤੁਸਾਂ ਘਲਾਈਆਂ
ਮਿਹਰ ਤੁਸਾਡੀ ਦਿਓ ਜੁ ਸਾਨੂੰ
ਸੁਹਣੀਆਂ ਦਿਲ ਪਰਚਾਈਆਂ,ਤੁਸਾਂ ਰਚਾਈਆਂ;
ਮਿਲੋ ਆਪ ਬੀ ਰੂਪਵਾਨ ਹੋ
ਆ ਮਿਲ ਮੇਰੇ ਸਾਈਆਂ ! ਦਿਆਂ ਦੁਹਾਈਆਂ
ਕਦੀ ਤਾਂ ਪੂਰੋ ਰੂਪਵਾਨ ਹੋ
ਖਿੱਚਾਂ ਆਪ ਲਗਾਈਆਂ, ਧੁਰ ਤੋਂ ਪਾਈਆਂ ।
ਦੋ ਪੰਛੀ
ਤੂੰ ਮੈਂ ਦੋਵੇਂ ਪੰਛੀ ਐਪਰ ਤੂੰ ਮੁੱਲ ਦਾ ਮੈਂ ਰੁਲਦਾ ।
ਬੈਠ ਗਿਆ ਤੂੰ ਨਿਠਕੇ ਪੰਛੀ ਤਾਣ ਚੰਦੋਆ ਭੁੱਲਦਾ
ਮੈਂ ਉਡਾਰ, ਰੁਖ ਖਿਲਰੇ ਖੰਭੀ ਨਿਤ ਯਾਦਾਂ ਵਿਚ ਘੁਲਦਾ
ਤੂੰ ਮੈਂ ਦੋਵੇਂ ਪੰਛੀ ਐਪਰ ਤੂੰ ਬੱਝਾ ਤੇ ਮੈਂ ਖੁਲ੍ਹਦਾ
ਯਾਦ ਹੁਲਾਰੇ ਦਮ ਦਮ ਲੈਂਦਾ ਧਾਰ ਆਸਰਾ ਖੁਲ੍ਹ ਦਾ ।
ਗਲਵਕੜੀ
ਦੇਖ ਲਾਲ ! ਅਮਰ ਵਿਧਾਤ੍ਰੀ
ਤੇਰੀ ਮੇਰੀ ਗਲਵਕੜੀ ਨੂੰ,
ਸਦੀਵੀ ਨਾਂ ਕਰ ਸਕੀ
ਪਰ ਮਰਨਹਾਰ ਮੁਸੱਵਰ ਨੇ,
ਓਸੇ ਗਲਵਕੜੀ ਨੂੰ
ਪੱਥਰ ਵਿਚ ਸਦੀਵੀ ਕਰ ਦਿਤਾ।
ਜਦੋਂ ਤੂੰ ਮੈਂ ਤੇ ਮਸਵਰ ਨਹੀਂ ਹੋਵਾਂਗੇ,
ਇਹ ਗਲਵਕੜੀ ਅਜੇ ਪਈ ਹੋਵੇਗੀ!
ਖਿੱਚ
ਪ੍ਰਸ਼ਨ :-
ਚਲਦੀਆਂ ਨਦੀਆਂ ਦਿਨੇ ਰਾਤ ਹਨ
ਤੈਨੂੰ ਮਿਲਣੇ ਤਾਈਂ
ਗਹਰ ਗੰਭੀਰ ਅਥਾਹ ਸਮੁੰਦਰਾ।
ਤੂੰ ਕਿਸ ਨੂੰ ਮਿਲਨੇ ਤਾਈ
ਉਛਲੋਂ, ਆਵੇਂ, ਜਾਵੇਂ ਨਿੱਤ ਤੂੰ
ਚਲ ਚਲ ਥਕਿਉਂ ਨ ਭਾਈ ?
ਸਮੁੰਦਰ ਦਾ ਉਤਰ :-
ਹੈ ਕੋਈ ਪ੍ਰੀਤਮ ਸਾਰ ਨਾ ਜਾਣਾ
ਖਿੱਚ ਉਸ ਸਾਨੂੰ ਲਾਈ ।
ਜਿੰਦੜੀ ਕੌਮ ਖਾਤਰ
ਜੀਊਂਦੀ ਕੌਮ ਦੇ ਜਿੰਦੜੀ ਵਾਰਦੇ ਹਨ,
ਜਿੰਦ ਦੇਵਣੀ 'ਜਿੰਦ ਨਿਸ਼ਾਨ' ਭਾਈ
ਜਿਹੜੇ ਜਿੰਦ ਨੂੰ ਕੌਮ ਤੋਂ ਪਯਾਰ ਕਰਦੇ
ਓਸ ਕੌਮ ਦੀ ਜਿੰਦ ਨ ਜਾਨ ਭਾਈ,
ਜਿੰਦ ਦੇਣ ਜਾਣਨ ਜਿਹੜੇ ਕੌਮ ਖਾਤਰ
ਜਿੰਦ ਕੌਮਾਂ ਦੇ ਵਿਚ ਹੈ ਉਨ੍ਹਾਂ ਪਾਈ
ਜਿੰਦ ਰੱਖਣੇ ਤੇ ਜਿੰਦ ਦੇਵਣੇ ਦੀ
ਜਿਨ੍ਹਾਂ ਜਾਚ ਆਈ, ਉਨ੍ਹਾਂ ਕੌਮ ਚਾਈ!
ਅਸਾਂ ਜਿੰਦੀਆਂ ਦਿਤੀਆਂ ਧੁਰੋਂ ਮੁਢੋਂ
ਅਜੇ ਤਾਈਂ ਭੀ ਜਿੰਦੀਆਂ ਦੇਂਵਦੇ ਹਾਂ
ਐਪਰ ਪਯਾਰ ਦੀ ਤਾਰ ਵਿਚ ਇਕ ਹੋ ਕੇ
ਅਸੀਂ ਅਜੇ ਨ ਕਾਜ ਸਰੇਵਂਦੇ ਹਾਂ ।
ਫੁਟ ਸਦਾ ਤੋਂ ਲਾਂਵਦੀ ਫਟ ਆਈ
ਵਿਕੋਲਿਤਰੇ ਹੋ ਦੁਖ ਲੇਂਵਦੇ ਹਾਂ।
ਅਸਾਂ ਮਾਲੀਆਂ ਜਿਤੀਆਂ ਪਿੜੀ ਜਾ ਕੇ
ਐਵੇਂ ਜਿਤੀਆਂ ਬਾਜ਼ੀਆਂ ਦੇਂਵਦੇ ਹਾਂ ।
ਹੀਰੇ ਲਾਲ ਜਾਹਰਾਂ ਤੋਂ ਮੁਲ ਵਾਲੀ
ਹੋਣ ਏਸ ਨੂੰ ਕਿਤੋਂ ਨ ਹਾਨ ਦੇਈਏ
ਨੂਰ ਰੱਬ ਦਾ ਵੱਸਦਾ ਏਸ ਅੰਦਰ
ਏਸ ਜਿੰਦ ਨੂੰ ਵਡੜਾ ਮਾਣ ਦੇਈਏ।
ਧਨ ਧਾਮ ਤੇ ਪੁੱਤ ਪਦਾਰਥਾਂ ਨੂੰ
ਲੋਕੀ ਜਿੰਦ ਉਤੋਂ ਵਾਰ ਸੁਟਦੇ ਨੇ
ਸਰਬੰਸ ਰੋੜ੍ਹਦੇ ਜਿੰਦ ਬਚਾਂਵਦੇ ਨੀ
ਜਿੰਦ ਰਖਣੇ ਨੂੰ ਜੱਫਰ ਕਟਦੇ ਨੇ
ਜਿੰਦ ਦੇਵਣੀ ਸਭ ਤੋਂ ਕੰਮ ਔਖਾ
ਆ ਬਣੀ ਸਭ ਪਿਛੇ ਨੂੰ ਹਟਦੇ ਨੇ
ਜਿੰਦ ਆਦਮੀ ਦੀ ਬਹੁਤ ਮੂਲ ਵਾਲੀ
ਵਾਹ ਲਗਦਿਆਂ ਜਿੰਦ ਨ ਜਾਣ ਦੇਈਏ
ਜਿੰਦ ਰਖੀਏ ਸਦਾ ਸੰਭਾਲ ਭਾਈ
ਏਹਨੂੰ ਕਿਤੋਂ ਬੀ ਜ਼ਰਬ ਨ ਆਣ ਦੇਈਏ।
ਏਸ ਜਿੰਦ ਵਿਚ ਨੂਰ ਹੈ ਰੱਬ ਵਾਲਾ
ਇਸ ਵਿਚ 'ਵਿਘਨ' ਨ ਕਿਸੇ ਨੂੰ ਪਾਣ ਦੇਈਏ
ਪਰ ਜਦ ਦੇਸ ਨੂੰ ਏਸ ਦੀ ਲੋੜ ਪੈ ਜਾਏ
ਹੋ ਨਿਸੰਗ ਫਿਰ ਛਾਤੀਆਂ ਤਾਣ ਦੇਈਏ।
ਹਿੰਦ ਗਗਨ ਦਾ ਇੰਦੂ
१.
ਉਹ ਸੁੱਤਾ ਪਿਆ ਸੀ ਸੜਕ ਦੇ ਲਾਗ
ਧਰਤੀ ਦੀ ਗੋਦ ਵਿਚ,
ਹਰੇ ਹਰੇ ਘਾਹ ਦੀ ਵਿਛਾਉਣੀ ਵਿਛੀ ਸੀ
ਧਰਤੀ ਦੀ ਗੋਦ ਵਿਚ
ਮਿਠੀ ਮਿਠੀ ਮਹਿਕ ਉਠ ਰਹੀ ਸੀ,
ਰੁਮਕੇ ਰੁਮਕੇ ਲੰਘ ਰਹੀ ਪੌਣ,
ਇਕ ਯੁਵਤੀ ਵਾਂਙੂ ਖਲੋ ਗਈ,
'ਕੌਣ ਏ ਏਹ
ਮੈਨੂੰ 'ਮਹਿਕ-ਮਗਨ' ਕਰਨਹਾਰ ?
'ਕਿਸ ਮਾਂ ਦਾ ਜਾਇਆ ਏ ?
ਕਿਸ ਭਾਗਭਰੀ ਦਾ ਪ੍ਰੀਤਮ ਏ ?
ਧਰਤੀ:-
'ਇਹ ਸੁਗੰਧੀ ਏ,
'ਹੁਣ ਸੁਗੰਧੀ ਦੇਣਹਾਰ ਏ,
'ਸੁਗੰਧੀ-ਦਾਤਾ ਹੋਣ ਕਰਕੇ
ਆਖਦੇ ਹਨ :
'ਗਾਂਧੀ ਏ।'
२.
ਪਉਣ ਹਿਲਾਉਣ ਲਗੀ ਤਾਂ
ਧਰਤੀ ਤੋਂ ਆਵਾਜ਼ ਆਈ :-
'ਨ ਛੇੜ ਸੁਗੰਧੀ ਦੇਣਹਾਰ ਨੂੰ!
'ਮਤੇ ਫੇਰ ਹੋ ਜਾਏ ਸੁਗੰਧੀ'!
'ਭੋਲੀਏ !
'ਸੁਗੰਧੀ-ਦਾਤਾ ਹੁਣ
ਨੈਣਾ ਦਾ ਵਿਸ਼ਯ ਏ,
'ਜਦ ਹੋ ਗਿਆ ਮੁੜਕੇ 'ਸੁਗੰਧੀ'
ਤਾਂ ਨ ਰਹੇਗਾ ਨੈਣਾਂ ਦਾ ਵਿਸ਼ਯ
'ਸੁਗੰਧੀ ਸੁਗੰਧੀ ਰਹੇਗੀ
'ਪਰ
ਤੇਰੇ ਮੇਰੇ ਨੈਣ
'ਨ ਦੇਖ ਸਕਣਗੇ ਸੁਗੰਧੀ ਨੂੰ ।'
३.
ਐ ਇਨਸਾਨ, ਹਯਾ !
ਤੈਨੂੰ ਸਾਜਿਆ ਸੀ ਦਰਦੇ-ਦਿਲ ਵਾਸਤੇ,
ਤੇਰੇ ਖ਼ਮੀਰ ਵਿਚ ਗੁੰਨ੍ਹੀ ਸੀ
ਹਮਦਰਦੀ ।
ਐ ਬੇਹਯਾ !
ਜਿਸ ਵੇਲੇ ਤੂੰ ਬੇਦਰਦ ਹੋ ਉਠਦਾ ਹੈ,
ਦਰਦੇ-ਦਿਲ ਤੋਂ ਵਿਹੂਣੀ ਦੁਨੀਆਂ ਬੀ
ਦਹਿਲ ਉਠਦੀ ਹੈ,
ਕੰਬ ਖੜੋਂਦੀ ਹੈ
ਤੇਰੀ ਪੱਥਰ-ਦਿਲੀ ਉਤੇ।
ਐ ਇਨਸਾਨ!
ਕਦੇ ਤੈਥੋਂ ਸਬਕ ਲੈਣ
ਫਰਿਸ਼ਤੇ ਆਉਂਦੇ ਸਨ
ਹਮਦਰਦੀ ਦਾ, ਦਰਦੇ-ਦਿਲ ਦਾ,
ਦਿਲ ਪ੍ਰੇਮ ਦਾ,
ਹੁਣ, ਹਾ ਸ਼ੋਕ!
ਤੂੰ ਹੇਠਾਂ ਹੇਠਾਂ ਟੁਰਿਆ ਜਾਂਦਾ ਹੈ
ਹਿੰਸਕ ਪਸ਼ੂਆਂ ਤੋਂ ਬੀ ਹੇਠਾਂ,
ਹੇਠਾਂ, ਹੇਠਾਂ,
ਤੇਰੀ ਸਭਯਤਾ ਕੀਹ ਹੈ ?
४.
ਠਾਹ ! 'ਮੇਰੀ ਗੋਲੀ ਵੱਜੀ,
'ਆਵਾਜ਼ ਬੰਦ ਹੋ ਗਈ,
ਸਦਾ ਲਈ ਬੰਦ ਹੋ ਗਈ
'ਹੁਣ ਨਾ ਸੁਣੀਵੇਗੀ'
ਕਹਿ ਕੇ ਕਾਤਲ ਨੇ ਤਾਲੀ ਵਜਾਈ !
'ਪੱਥਰ-ਵਜੇ-ਸਰੋਵਰ' ਵਿਚ
ਲਹਿਰ-ਤਰੰਗ ਵਾਂਗ ਲਹਿਰ ਉੱਠੀ
ਗਈ ਜਗਤ ਦੇ ਅਖੀਰ ਤਕ
ਲਹਿਰਾਉਂਦੀ :
'ਗਾਂਧੀ ਕੀ ਜੈ',
ਗਈ ਆਵਾਜ਼ ਗੂੰਜਦੀ
ਦੁਨੀਆਂ ਦੇ ਅਖੀਰ ਤਕ ।
ਪਰਤ ਪਰਤ ਆਏਗੀ,
ਰਹੇਗੀ ਗੂੰਜਦੀ
ਗੁੰਬਦ ਦੀ ਆਵਾਜ਼ ਵਾਂਗ—
'ਗਾਂਧੀ ਕੀ ਜੈ',
੫
ਸ਼ੋਰਯ
ਵਾਹ ਸ਼ੋਰਯ !
ਨਿਹੱਥੇ ਤੇ ਵਾਰ ।
ਬਿਨਾਂ ਵੰਗਾਰੇ ਦੇ ਵਾਰ!
ਬ੍ਰਿਧ ਤੇ ਵਾਰ !
ਸਾਧੂ ਤੇ ਵਾਰ !
ਸੰਗਤ ਅਗੇ ਹਥ ਜੋੜ ਖੜੋਤੇ
ਤੇ ਵਾਰ !
ਰੁਮਾਲ ਪੈ ਗਿਆ
ਰਾਮਾਯਨ ਮਹਾਭਾਰਤ ਦੇ
ਸ਼ੋਰਯ ਉੱਤੇ ।
੬
ਮੈਂ ਡਿੱਠਾ ਨੀਤੀ ਗਗਨਾਂ ਦੇ ਚੜ੍ਹੇ
ਪੂਰਣਮਾ ਦੇ ਚੰਦ ਨੂੰ
'ਠਾਹ' ਕਰਕੇ ਗੋਲੀ ਵੱਜੀ
ਚੰਦ ਨੂੰ,
ਉਹ ਕ੍ਰੋੜਾਂ ਹੀਰਾ-ਕਣੀਆਂ ਹੋ ਢੱਠਾ
ਪਰ
ਧਰਤੀ ਦੇ ਗਰਦ ਗੁਬਾਰ ਵਿਚ
ਪਹੁੰਚਣ ਤੋਂ ਪਹਿਲੋਂ
ਇਕ ਇਕ ਕਣੀ ਨੂੰ ਬੋਚ ਲਿਆ
ਚਾਲੀ ਕ੍ਰੋੜ ਚਕੋਰਾਂ ਨੇ
ਤੇ ਬਣਾ ਲਿਆ ਚੂੜਾਮਣੀ
ਆਪਣੇ ਸੀਸ ਦੀ ।
੭
ਉਹ ਮਰ ਗਿਆ,
ਉਹ ਅਗਨਿ-ਭੇਟ ਹੋ ਗਿਆ,
ਵਿਭੂਤੀ ਤੇ ਫੁਲ
ਜਮਨਾ ਗੰਗਾ ਨਰਬਦਾ ਲੈ ਗਈਆਂ,
ਪਰ
ਉਹ ਜੀ ਉਠਿਆ
ਸੀਨਿਆਂ ਵਿਚ,
ਖੇਲ ਪਿਆ
ਪਯਾਰ ਪੰਘੂੜਿਆਂ ਵਿਚ,
ਹਾਂ,
ਅਮਰ ਹੋ ਗਿਆ,
ਜਗਤ ਕਦਰਦਾਨੀ ਦੇ
ਰੰਗ ਮਹੱਲਾਂ ਵਿਚ
੮
ਦੀਵਾ ਫੁਟ ਗਿਆ,
ਤੇਲ ਨਿਖੁੱਟ ਗਿਆ,
ਵੱਟੀ ਹੁਟ ਗਈ,
ਪਰ
ਜਗਾ ਗਈ ਘਟ- ਦੀਪਮਾਲਾ
ਹੁਟਦੇ ਦੀਵੇ ਦੀ ਲਾਟ-ਛੋਹ।
੯
ਅਮਰ ਹੋ ਗਿਆ
ਗੋਲੀ ਨਾਲ ਮਾਰਿਆ ਗਿਆ
ਅਹਿੰਸਾ ਦਾ ਪੁਜਾਰੀ
ਇਤਿਹਾਸ ਵਿਚ,
ਦੇਖ, ਸਤਯਾ ਅਹਿੰਸਾ ਦੇ ਪੁਜਾਰੀ ਦੀ
ਅਮਰ ਕਰ ਦਿੱਤੋਸੁ
ਹਿੰਸਕ ਨੂੰ ਭੀ ਆਪਣੇ ਨਾਲ
ਇਤਿਹਾਸ ਦੇ ਪੱਤਰਿਆਂ ਵਿਚ;
ਪਰ ਦੇਖ ਨਿਆਂ
ਅਣ ਡਿੱਠੇ ਨਿਆਂ-ਕਰਤਾ ਦਾ
ਮਰੀਵਣਹਾਰ ਤਾਂ ਜੀਉ ਪਿਆ
ਇਤਿਹਾਸ ਵਿਚ ਬੀ
ਪਯਾਰ ਪੀਂਘ ਝੂਟਦਾ
ਪਰ ਹਿੰਸਕ ਜੀਵਿਆ
ਘ੍ਰਿਣਾ ਦੀ ਚਰਖੜੀ ਚੜ੍ਹਿਆ
ਉਸੇ ਇਤਿਹਾਸ ਦੇ ਪਤ੍ਰਿਆਂ ਵਿਚ !
१०.
ਹਿੰਸਕ ਨੇ ਮਾਰਿਆ ਅਹਿੰਸਕ ਨੂੰ
'ਆਪਣੀ ਨਫ਼ਰਤ' ਦਾ ਨਿਸ਼ਾਨਾ ਬਣਾ ਕੇ
'ਜਗਤ ਨਫ਼ਰਤ' ਦਾ ਨਿਸ਼ਾਨਾ
ਬਣ ਗਿਆ ਆਪ।
ਪਰ ਅਹਿੰਸਕ ਨਫਰਤ ਤੋਂ ਅਵਾਣਾ ਸੀ,
ਉਸਨੂੰ ਉਠਾ ਲਿਆ ਸਨਮਾਨ ਗੋਦੀ ਵਿਚ
ਆਪਣਿਆਂ,
ਬਿਗਾਨਿਆਂ:
ਸਵਦੇਸ਼ੀਆਂ
ਬਿਦੇਸ਼ੀਆਂ;
ਸਭਯ ਦੁਨੀਆਂ ਦੇ ਸਤ-ਓਪਰਿਆਂ:
'ਵੱਸ ਏਥੇ ਸਦਾ ਲਈ ਸੁਹਣਿਆਂ ।'
१९.
ਨਾਸਤਕ ਨੇ ਗੋਲੀ ਮਾਰੀ
ਕਿ ਆਸਤਕ ਨੇਸਤੀ ਵਿਚ ਜਾ ਮਿਟੇ,
ਪਰ
ਆਸਤਕ ਨੂੰ ਗੋਲੀ
ਵੈਦ ਦੀ ਗੋਲੀ ਹੋ ਲਗੀ
ਉਹ ਜਾ ਖੇਲਿਆ
ਹਸਤੀ ਦੀ ਗੋਦ ਵਿਚ
१२.
ਅਚਰਜ ਹੈ
ਸਮ-ਦ੍ਰਿਸ਼ਟਾ ਉਤੇ
ਅਸਮ-ਦ੍ਰਿਸ਼ਟੀ ਵਾਲੇ ਦਾ
ਨਿਸ਼ਾਨਾ ਠੀਕ ਬੈਠੇ।
ਸਦੀਆਂ ਦੀ ਗੁਲਾਮੀ ਨੂੰ ਮਾਰ ਕੇ
ਜੋ ਹਿੰਦੂ ਲੈ ਆਇਆ ਆਜ਼ਾਦੀ
ਹਿੰਦੂਆਂ ਲਈ, ਹਿੰਦੀਆਂ ਲਈ
ਉਸਦੇ ਸੀਨੇ ਮਾਰਦਾ ਹੈ ਗੋਲੀ
ਇਕ ਹਿੰਦੂ ।
ਓ ਹਿੰਦੂ ! ਤੂੰ ਗੋਲੀ ਨਹੀਂ ਮਾਰੀ
ਹਿੰਦੂ ਭਾਈ ਨੂੰ,
ਸੁਤੰਤਰਤਾ ਦੇ ਦੂਤ ਨੂੰ
ਤੂੰ ਗੋਲੀ ਮਾਰੀ ਹੈ
ਹਿੰਦੂ ਜਾਤੀ ਨੂੰ, ਹਿੰਦੀ ਨਸਲ ਨੂੰ
ਹਾਂ . ਤੂੰ ਆਵਾਜ਼ ਮਾਰੀ ਹੈ ਗ਼ੁਲਾਮੀ ਨੂੰ,
ਵਿਦੇਸ਼ੀ ਤੌਕ ਜੰਜੀਰਾਂ ਨੂੰ
ਕਾਸ਼ ! ਐ ਕਾਸ਼ !! ਤੇਰੀ ਆਵਾਜ਼
ਨ ਸੁਣਨ ਗੁਲਾਮੀ ਦੇ ਦੂਤ !!!
१४.
ਇਤਿਹਾਸ ਤੋਂ
ਕਦੇ ਸੁਸ਼ਿਖਯਤ ਨ ਹੋਏ ਇਨਸਾਨ
ਉਹ ਕਦੇ ਨ ਭੰਨ ਗਵਾਈਏ
ਜੋ ਆਪ ਮੁੜ ਕੇ ਘੜ ਨ ਸਕੀਏ ।
ਕੀ ਜਾਣੀਏ
ਕਦੇ ਅਲਪੱਗ ਦੀ ਬੁਧੀ ਵਿਚ
ਕੀਤੀ ਭੁੱਲ ਭੱਲ ਹੋ ਭਾਸੇ,
ਫੇਰ
ਪਛੋਤਾਵਾ,
ਪਛੋਤਾਵਾ,
ਪਛੋਤਾਵਾ,
ਫੇਰ ।
१५.
ਕਾਸ਼ !
ਮੈਂ ਕਦੇ ਨਾ ਘੜਦਾ ।
ਜੇ ਮੈਨੂੰ ਪਤਾ ਹੁੰਦਾ
ਕਿ ਮੇਰੇ ਘੜੇ ਪਿਸਤੌਲ !
ਤੂੰ
'ਜਗਤ-ਵਿਖਯਾਤ' ਦਾ ਘਾਤ ਕਰਨਾ ਹੈ,
ਮੈਂ ਤੈਨੂੰ ਕਦੇ ਨਾ ਘੜਦਾ
ਮੇਰੇ ਹਥੋਂ ਨਿਕਲੇ ਪਿਸਤੌਲ !
ਮੈਂ ਤੈਨੂੰ ਕਦੇ ਨ ਘੜਦਾ ।
१६.
ਭਾਰਤ ਭੂਮੀ ਦਾ ਵੈਣ:-
ਵਿਧਾਤ੍ਰੀ!
ਘੜਕੇ ਘੱਲਿਓਈ
ਸਦੀਆਂ ਦੇ ਬੰਧਨਾਂ ਨੂੰ ਕੱਟਣਹਾਰ
ਸੁਹਣਿਆਂ !
ਦਿਨ ਕਿਉਂ ਲਿਖ ਪਾਇਓ ਈ ਥੋੜ੍ਹੇ ?
ਹਾਇ
ਹੁੰਦੀ ਜੇ ਤੇਰੇ ਮੈਂ ਪਾਸ
ਲਿਖੀਆਂ ਕਲਾਮਾਂ ਨੂੰ ਮੈਂ ਮੋੜਦੀ।
११.
ਉਹ ਜੀਵਿਆ ਸੱਚ ਲਈ
ਉਸ ਨੂੰ ਮਾਰ ਲਿਆ ਸੱਚ ਦੇ
ਪਿਆਰ ਨੇ ।
ਉਹ ਜੀਵਿਆ ਅਹਿੰਸਾ ਲਈ
ਉਸ ਨੂੰ ਮਾਰ ਲਿਆ
ਅਹਿੰਸਾ ਦੇ ਪਿਆਰ ਨੇ।
ਉਹ ਹਿੰਸਾ ਉਠਾ ਦੇਣ ਲਈ ਆਇਆ ਸੀ
ਉਸ ਨੂੰ ਹਿੰਸਾ ਹੀ ਉਠਾ ਲੈ ਗਈ ।
ਉਹ ਜੀਵਿਆ ਦੇਸ਼ ਹਿਤ ਲਈ
ਉਸ ਨੂੰ ਬੋਚ ਲਿਆ
ਦੇਸ਼-ਹਿਤ ਦੀ ਜਗਵੇਦੀ ਨੇ ।
१८.
ਮੈਂ ਡਿੱਠਾ,
ਫਰਿਸ਼ਤੇ ਰੋ ਰਹੇ ਸਨ
ਇਸ ਖੁਸ਼ੀ ਵਿਚ ਨਾ
ਕਿ ਸਾਡੇ ਵਿਚ ਇਕ ਹੋਰ ਦੇਵਤਾ
ਬਣ ਕੇ ਆ ਰਿਹਾ ਹੈ,
ਪਰ ਜਿਨ੍ਹਾਂ ਵਿਚੋਂ ਆ ਰਿਹਾ ਸੀ
ਉਨ੍ਹਾਂ ਦੀ ਵਿਯੋਗ-ਪੀੜਾ ਨਾਲ
ਪੀੜਿਤ ਹੋ ਕੇ ।
੧੯
ਆਵਾਜ਼ ਆਈ :-ਠਾਹ
ਧੁਨਿ ਉਠੀ :-
'ਰਾਮ, ਰਾ ਅ ਮ, ਰਾ ਅ ਅ ਮ ।'
ਗ਼ੈਬ ਤੋਂ ਸੱਦ ਆਈ ਸੁਕਰਾਤ ਦੀ :-
ਆ ਜਾ ਮੇਰੇ ਭਾਈ ਗਾਂਧੀ! ਆ ਜਾ,
'ਇਸ ਦੁਨੀਆ ਪਾਸ ਇਹੋ ਕੁਛ ਹੈ;
ਇਨ੍ਹਾਂ ਆਪਣਿਆਂ ਪਾਸ
ਇਹੋ ਕੁਛ ਹੈ
'ਹਾਂ, ਏਹ ਨਹੀਂ ਜਾਣਦੇ
ਏਹ ਕੀਹ ਕਰ ਰਹੇ ਹਨ
'ਪਰ ਉਹ ਜਾਣਦਾ ਹੈ,
ਉਹ ਜਾਣਦਾ ਹੈ
ਜੀਵਨ ਭਲਾ ਹੈ ਕਿ ਮਰਨ !
'ਹਾਂ, ਕਿਸ ਵੇਲੇ ਕੀਹ ਭਲਾ ਹੈ
ਉਹ ਜਾਣਦਾ ਹੈ ।'
ਸਰੀਰ ਤੋਂ ਵਿਛੁੜੀ ਗਾਂਧੀ ਰੂਹ :-
'ਤਥਾਸਤੂ !
ਮੇਰੇ ਭਾਈ ! ਤਥਾਸਤ ।'
ਗਗਨ ਗੂੰਜੇ
'ਆਮੀਨ,
'ਭਾਈ, ਆਮੀਨ
ਮਨਸੂਰ (ਤਾੜੀ ਮਾਰਕੇ) :-
'ਆਪਾ ਨਛਾਵਰੀਏ'
ਇਸੇ ਪੁਰਸਲਾਤ ਤੋਂ ਲੰਘਕੇ
ਆਉਂਦੇ ਹਨ।'
२०.
ਹੇ ਕੁਕਨੂਸ !
ਹੇ ਚਾਲੀ ਕ੍ਰੋੜ ਨੂੰ
ਖੰਭਾ ਹੇਠ ਲਈ ਉਡ ਰਹੇ
ਕੁਕਨੂਸ !
ਤੂੰ ਗੀਤ ਗਾਏ
ਏਕਤਾ ਦੇ, ਸਮਤਾ ਦੇ
ਅਹਿੰਸਾ ਦੇ, ਅਝੁਕਤਾ ਦੇ,
ਤੇਰੇ ਦੀਪਕ ਰਾਗ ਨੇ
ਇਸ ਬਸੰਤ ਰੁੱਤੇ ਲੈ ਲਈ ਅਗਨੀ
ਅਪਣਿਆਂ ਵਿਚੋਂ ਹੀ
ਹਾਂ
ਭਸਮ ਦੀ ਢੇਰੀ
ਹੋ ਗਿਆ ਤੇਰਾ ਸਰੀਰ ?
ਅਬਰੇ ਰਹਿਮਤ !
ਆ
ਲਾ ਝੜੀ,
ਬਰਸ ਘਨਾ
ਘਨਾ ਹੋ ਕੇ ਬਰਸ;
ਭਸਮ-ਢੇਰੀ ਵਿਚੋਂ
ਫਿਰ ਉਗਮ ਪਏ ਕੁਕਨੂਸ
ਨਿਰਾਸ ਨ ਹੋਵੋ,
ਆਸ ਧਾਰੋ
ਅਰਦਾਸ ਕਰੋ
ਕੁਕਨੂਸ ਦੇ ਕਾਦਰ ਅੱਗੇ
ਪ੍ਰਾਰਥਨਾ ਜਾਰੀ ਰਖੋ,
ਘਲ ਦੇਵੇ
ਪ੍ਰਸਾਦ ਮੇਘਾਵਲੀ ਅੰਬਰਾਂ ਤੋਂ
ਬਰਸੇ ਮਇਆਧਾਰ
ਉਗਮ ਪਵੇ ਮੁੜ ਕੁਕਨੂਸ,
ਮੁੜ ਆ ਸੰਭਾਲੇ
'ਸੁਤੰਤਰਤਾ'
ਮੁੜ ਆ ਕਰੇ
'ਸੁਤੰਤਰਤਾ-ਸੰਭਾਲ।'
२९.
ਏਕਾਂਤ ਹੈ, ਕਮਰੇ ਵਿਚ ਕੋਈ ਨਹੀਂ,
ਮੱਧਮ ਮੱਧਮ ਚਾਨਣਾ ਹੈ
ਰੌਸ਼ਨਦਾਨ ਵਿਚੋਂ ਆ ਰਹੀਆਂ
ਚੰਦ ਰਿਸ਼ਮਾਂ ਦਾ।
ਮਲਕੜੇ
ਦਰਵਾਜ਼ੇ ਦਾ ਇਕ ਤਾਕ ਸਰਕਿਆ.
ਕੋਈ ਆਇਆ ਅੰਦਰ ਛੋਪਲੇ,
ਆਹਟ ਨਹੀਂ ਆਈ
ਮੱਧਮ ਮੱਧਮ ਸਰ ਛਿੜ ਪਈ
ਸੁਰੀਲੀ ਸੁਰ-ਆਲਾਪ ਦੀ
ਫਿਰ ਅਲਾਪ ਸੁਰ ਪਦਾਂ ਵਿਚ ਹੋ ਬੋਲੀ
'ਰਘੁਪਤਿ ਰਾਘਵ ਰਾਜਾ ਰਾਮ
ਪਤਿਤ ਪਾਵਨ ਸੀਤਾ ਰਾਮ ।'
ਤ੍ਰਬਕ ਕੇ ਮੈਂ ਪੁਛਿਆ :
ਗਾਂਧੀ ਜੀਓ ! ਤੁਸੀਂ ਹੋ ?
ਆਵਾਜ਼ ਆਈ :
'ਰਘੁਪਤਿ ਰਾਘਵ ਰਾਜਾ ਰਾਮ
ਪਤਿਤ ਪਾਵਨ ਸੀਤਾ ਰਾਮ ।'
ਗਾਂਧੀ ਜੀ ਆਪ ਹੋ ਧੁਨਿ ਆਪ ਦੀ ?
ਆਵਾਜ਼ ਆਈ :
'ਅੱਲਾ ਰਾਮ
ਅੱਲਾ ਰਾਮ
ਰਘੁਪਤਿ ਰਾਘਵ ਰਾਜਾ ਰਾਮ ।
ਪਤਿਤ ਪਾਵਨ ਸੀਤਾ ਰਾਮ ।'
ਸ਼ਹੀਦੀ ਸਾਕਾ ਨਨਕਾਣਾ ਸਾਹਿਬ
१.
ਹਾਏ ਤੱਤਿਆਂ ਨੇ ਕਹਿਰ ਕਮਾ ਲਿਆ
ਦਰਸ਼ਨ ਆਇਆਂ ਨੂੰ ਬੂਹਾ ਲਗਾ ਲਿਆ
ਸ਼ੇਰਾਂ ਬਗਿਆਂ ਨੂੰ ਪਿੰਜੇ ਪਾ ਲਿਆ
ਗੋਲੀ ਵਰਸਦੀ ਸ਼ੂਕਰਾਂ ਮਾਰਦੀ
ਉਤੋਂ ਮਾਰ ਕਰੇ ਲੋਹੇ ਸਾਰ ਦੀ।
२.
ਸਾਧ ਸ਼ੀਂਹ ਹੋਏ ਫੁੰਕਾਰਦੇ
ਸ਼ੇਰ ਖੜੇ ਜੋ ਸਿਦਕ ਨਾ ਹਾਰਦੇ
ਖਾਣ ਗੋਲੀ ਨ ਰੋੜਾ ਉਲਾਰਦੇ
ਗੋਲੀ ਵਰਸਦੀ ਸ਼ੂਕਰਾਂ ਮਾਰਦੀ
ਉਤੋਂ ਮਾਰ ਕਰੇ ਲੋਹੇ ਸਾਰ ਦੀ।
३.
ਕੋਈ ਭੱਠ ਤਪੇ ਘੁੰਮਿਆਰ ਦਾ
ਪਾਪੀ ਸ਼ੇਰਾਂ ਨੂੰ ਵਿਚ ਪਟਕਾਰਦਾ
ਸ਼ੇਰ ਸੜਦਾ ਅਰ ਸੀ ਨਾ ਉਚਾਰਦਾ
ਗੋਲੀ ਵਰਸਦੀ ਸ਼ੂਕਰਾਂ ਮਾਰਦੀ
ਉਤੋਂ ਮਾਰ ਕਰੇ ਲੋਹੇ ਸਾਰ ਦੀ।
४
ਏ ਨਾ ਭੱਠ ਸੀ ਸ਼ਮ੍ਹਾ ਸੀ ਪ੍ਰੇਮ ਵਾਲੀ
ਇਸ਼ਕ ਕੁੱਠਿਆਂ ਪ੍ਰਵਾਨਿਆਂ ਦੇਹ ਜਾਲੀ
ਲਾਲ ਭੱਠ ਨੂੰ ਚਾੜ੍ਹਦੀ ਪ੍ਰੇਮ ਲਾਲੀ
ਗੋਲੀ ਵਰਸਦੀ ਸ਼ੂਕਰਾਂ ਮਾਰਦੀ
ਉਤੋਂ ਮਾਰ ਕਰਦੀ ਲੋਹੇ ਸਾਰ ਦੀ।
੫
ਮੰਦਰੋਂ ਬਾਹਰ ਏ ਕਹਿਰ ਕਮਾਂਵਦਾ
ਪਾਪੀ ਅੰਦਰ ਭੀ ਕਟਕ ਮਚਾਂਵਦਾ
ਐਪਰ ਸ਼ੇਰ ਨਾ ਪਿਠ ਦਿਖਾਂਵਦਾ
ਗੋਲੀ ਵਰਸਦੀ ਸ਼ੂਕਰਾਂ ਮਾਰਦੀ
ਉਤੋਂ ਮਾਰ ਕਰੇ ਲੋਹੇ ਸਾਰ ਦੀ।
੬
ਇਕ ਪਾਸਿਉਂ ਸੂਤੀ ਤਲਵਾਰ ਹੋਵੇ
ਦੂਜਿਉਂ ਝੁਕੀ ਗਰਦਨ ਤਯਾਰ ਹੋਵੇ
ਏਸ ਨਕਸ਼ੇ ਦਾ ਅੱਜ ਦੀਦਾਰ ਹੋਵੇ
ਗੋਲੀ ਵਰਸਦੀ ਸ਼ੂਕਰਾਂ ਮਾਰਦੀ
ਉਤੋਂ ਮਾਰ ਕਰੇ ਲੋਹੇ ਸਾਰ ਦੀ।
੭
ਗੋਲੀ ਆਵੇ ਤਾਂ ਛਾਤੀ ਉਚਿਆਂਉਂਦਾ
ਛਵੀ ਉਲਰੇ ਤਾ ਧੌਣ ਨਿਵਾਂਉਂਦਾ
ਗਲੇ ਮੌਤ ਨੂੰ ਹੱਸ ਹੱਸ ਲਾਉਂਦਾ
ਗੋਲੀ ਵਰਸਦੀ ਸ਼ੂਕਰਾਂ ਮਾਰਦੀ
ਉਤੋਂ ਮਾਰ ਕਰੇ ਲੋਹੇ ਸਾਰ ਦੀ।
੮
ਪਾਪੀ ਤੇਲ ਦਾ ਕੁੰਡ ਤਪਾਉਂਦਾ
'ਹੂਤੀ ਸ਼ੇਰਾਂ ਦੀ ਚੁਕ ਚੁਕ ਪਾਉਂਦਾ
ਸ਼ੇਰ ਹੱਸਦਾ ਬਲੀ ਹੋਈ ਜਾਉਂਦਾ
ਗੋਲੀ ਵਰਸਦੀ ਸ਼ੂਕਰਾਂ ਮਾਰਦੀ
ਉਤੋਂ ਮਾਰ ਕਰੇ ਲੋਹੇ ਸਾਰ ਦੀ।
੯
ਦੇ ਦੇ ਚੂਰੀਆਂ ਜਿਨ੍ਹਾਂ ਨੇ ਪਾਲਿਆ ਸੀ
ਦੇ ਦੇ ਦੌਲਤਾਂ ਜਿਨ੍ਹਾਂ ਨੇ ਮਾਲਿਆ ਸੀ
ਉਨ੍ਹਾਂ ਦਾਤਿਆਂ ਨੂੰ ਪਾਪੀ ਘਾਲਿਆ ਸੀ।
ਗੋਲੀ ਵਰਸਦੀ ਸ਼ੂਕਰਾਂ ਮਾਰਦੀ
ਉਤੋਂ ਮਾਰ ਕਰੇ ਲੋਹੇ ਸਾਰ ਦੀ।
१०.
ਨੂਰ ਉਤਰਿਆ ਸੀ ਜੇੜ੍ਹੇ ਥਾਉਂ ਭਾਈ
ਧੂੰਆਂ ਧਾਰ ਗੋਲੀ ਉਸ ਥਾਉਂ ਆਈ
ਸ਼ੇਰ ਭਜਨ ਕਰਦਾ ਮਾਰ ਸਟਿਆ ਈ
ਗੋਲੀ ਵਰਸਦੀ ਸ਼ੂਕਰਾਂ ਮਾਰਦੀ
ਉਤੋਂ ਮਾਰ ਕਰੇ ਲੋਹੇ ਸਾਰ ਦੀ।
११.
ਡੰਝ ਜ਼ੁਲਮ ਦੀ ਅਜੇ ਨ ਬੁਝੀ ਹਾਇ ਹਾਇ
ਗੋਲੀ ਗੁਰੂ ਦੇ ਸੀਨੇ ਬੀ ਚੁਭੀ ਹਾਇ ਹਾਇ
ਸਿਖ ਮਰਨ ਤਾਂ ਗੁਰੂ ਕਿਉਂ ਲੁਕੇ ਵਾਹ ਵਾਹ
ਗੋਲੀ ਵਰਸਦੀ ਸ਼ੂਕਰਾਂ ਮਾਰਦੀ
ਉਤੋਂ ਮਾਰ ਕਰੇ ਲੋਹੇ ਸਾਰ ਦੀ।
१२.
ਪਿਆਰ ਗੁਰੂ ਦਾ ਖਾਲਸਾ ਵੇਖ ਜਾਈਂ
ਜਦੋਂ ਸਿੱਖਾਂ ਤੇ ਕਸ਼ਟਣੀ ਕਹਿਰ ਆਈ
ਗੁਰੂ ਵਿਚ ਆ ਕੇ ਗੋਲੀ ਖਾਵਂਦਾ ਈ
ਗੋਲੀ ਵਰਸਦੀ ਸੂਕਰਾਂ ਮਾਰਦੀ
ਉਤੋਂ ਮਾਰ ਕਰੇ ਲੋਹੇ ਸਾਰ ਦੀ।
१३.
ਜ਼ਯਾਫ਼ਤ ਅੱਗ ਦੀ ਖਾਲਸਾ ਅੱਜ ਛਕੇ
ਗੁਰੂ ਵਿਚ ਆਯਾ ਪਿਛੇ ਨਹੀਂ ਝਕੇ
ਛਕੇ ਗੋਲੀਆਂ ਪੁਤ੍ਰਾਂ ਨਾਲ ਸਜਕੇ
ਗੋਲੀ ਵਰਸਦੀ ਸ਼ੂਦਰਾਂ ਮਾਰਦੀ
ਉਤੋਂ ਮਾਰ ਕਰੇ ਲੋਹੇ ਸਾਰ ਦੀ।
१४.
ਆਖੇ ਪੁੱਤਰਾਂ ਦੇ ਅੰਗ ਸੰਗ ਮੈਂ ਹਾਂ
ਵਹਤਾਂ ਵਿਚ ਸੰਗਤ ਹਰ ਰੰਗ ਮੈਂ ਹਾਂ
ਵਾਧ ਘਾਟ ਨਾਲੇ ਸੁਲ੍ਹਾ ਜੰਗ ਮੈਂ ਹਾਂ,
ਗੋਲੀ ਵਰਸਦੀ ਸ਼ੂਦਰਾਂ ਮਾਰਦੀ
ਉਤੋਂ ਮਾਰ ਕਰੇ ਲੋਹੇ ਸਾਰ ਦੀ।
१५.
ਫੇਰ ਆਖਦਾ ਪੰਥ ਨੂੰ ਬਚਿਓ ਓਇ
ਕਹਿਰ ਝਲ ਨ ਕਹਿਰ ਕਮਾਵਿਓ ਓਇ
ਤਾਬ ਝਲਣੇ ਦੀ ਹੁਣ ਦਸ ਦਿਓ ਓਇ
ਗੋਲੀ ਵਰਸਦੀ ਸ਼ੂਦਰਾਂ ਮਾਰਦੀ
ਉਤੋਂ ਮਾਰ ਕਰੇ ਲੋਹੇ ਸਾਰ ਦੀ।
१६.
ਲੋਕੀ ਪੁਛਦੇ ਸ਼ੇਰ ਕਿਉਂ ਮਾਰ ਖਾਧੀ
ਜੋਧਾ ਬਲੀ ਹੋ ਕੇ ਕਾਹਨੂੰ ਮੋਨ ਸਾਧੀ
ਜਿੰਦ ਮੁਫ਼ਤ ਦਿਤੀ, ਸੀਗੀ ਲੋੜ ਕਾਹਦੀ ?
ਗੋਲੀ ਵਰਸਦੀ ਸ਼ੂਦਰਾਂ ਮਾਰਦੀ
ਉਤੋਂ ਮਾਰ ਕਰੇ ਲੋਹੇ ਸਾਰ ਦੀ।
११.
ਏਹ ਤਾਂ ਸ਼ੇਰ ਪੰਧਾਊ ਗੁਰ ਗਲੀ ਦੇ ਸਨ
ਪ੍ਰੇਮ ਖੇਲ ਦੇ ਚਾਉ ਦੇ ਭਰੇ ਏਹ ਸਨ
ਸਿਰ ਧਰ ਤਲੀ ਜਾਣਾ ਨੇਮ ਪ੍ਰੇਮ ਦੇ ਹਨ
ਗੋਲੀ ਵਰਸਦੀ ਸ਼ੂਦਰਾਂ ਮਾਰਦੀ
ਉਤੋਂ ਮਾਰ ਕਰੇ ਲੋਹੇ ਸਾਰ ਦੀ।
१८.
ਮਾਰ ਸ਼ੇਰ ਖਾਧੀ ਏਸ ਲਈ ਲੋਕੋ
ਜਿੰਦਾਂ ਦਿੱਤੀਆਂ ਜਿੰਦ ਨ ਲਈ ਲੋਕੋ
ਸ਼ਾਨ ਧਰਮ ਦੀ ਰੱਖ ਦਿਖਾਈ ਲੋਕੋ।
ਗੋਲੀ ਵਰਜਦੀ ਸ਼ੂਕਰਾਂ ਮਾਰਦੀ
ਉਤੋਂ ਕਰੇ ਲੋਹੇ ਸਾਰ ਦੀ ।
१८.
ਜਿੰਦ ਧਰਮ ਖ਼ਾਤਰ ਦੇਣੀ ਦਸ ਗਏ ਜੇ
ਮੈਤ੍ਰੀ ਨਾਲ ਰਹਿਣਾ ਕੂਕ ਦਸ ਗਏ ਜੇ
ਡੈਣ ਫੁਟ ਦੇ ਡੰਗ ਨੂੰ ਡਸ ਗਏ ਜੇ
ਗੋਲੀ ਵਰਸਦੀ ਸ਼ੂਕਰਾਂ ਮਾਰਦੀ
ਉਤੋਂ ਮਾਰ ਕਰੇ ਲੋਹੇ ਸਾਰਦੀ।
ਲਹਿਣਾ
ਜਿਸ ਪ੍ਰੀਤਮ ਨੇ ਤੁਸਾਨੂੰ ਮੋਹਿਆ
ਉਸ ਦਾ ਨਾਂ ਤਾਂ ਲਹਿਣਾ ਸੀ।
ਦੇਣਾ ਸੀ ਨ ਕਿਸੇ ਦਾ ਉਸ ਨੇ
ਲੈਣਾ ਹੀ ਉਸ ਲੈਣਾ ਸੀ ।
ਉਸ ਦੇ ਪ੍ਰੀਤਮ ਕਿਹਾ ਉਸ ਨੂੰ
ਆ ਭਾਈ ! ਤੂੰ ਤਾ ਲਹਿਣਾ ਹੈ।
ਤੂੰ ਲੈਣਾ ਤੇ ਅਸਾਂ ਦੇਵਣਾ
ਸਾਥੋਂ ਤਾਂ ਤੂੰ ਲੈਣਾ ਹੈ ।
ਅਮਰਦਾਸ
ਹੈ ਅਚਰਜ ਤੂੰ ਲੈਣਹਾਰ ਤੋਂ
ਅਮਿਤ ਖਜ਼ਾਨੇ ਭਰੇ ਲਏ ।
ਭਰੇ ਲਏ ਤੇ ਖੋਲ ਮੁਹਾਨੇ,
ਦੋਹੀ 'ਹਥੀ' ਵੰਡ ਦਏ।
ਫਿਰ ਅਚਰਜ ਓੁਹ ਭਏ ਨ ਖਾਲੀ
ਜਿਉ ਕੇ ਤਿਉ ਰਹੇ ਭਰੇ ਭਰੇ ।
ਦਾਤ ਅਮਿਤੀ ਵੰਡ ਅਮਿਤੀ,
ਫੇਰ ਅਮਿਤੀ ਰਹੇ ਸਦੇ
ਪਿਆਰੇ ਅਮਰਦਾਸ ਗੁਣ ਤੇਰੇ
ਤੇਰੀ ਉਪਮਾ ਕਉਣ ਕਰੇ ।
ਕਰਦਿਆਂ ਮੁਕਦੀ ਕਦੇ ਨ ਸਤਿਗੁਰ
ਜਾਇ ਫੈਲਦੀ ਪਰੇ ਪਰੇ ।
ਸੇਵਾ
१.
ਮਾਲੀ ਨੇ ਦਿਲ ਲਾ ਕੇ ਕੀਤੀ ਬੂਟਿਆਂ ਸੰਦੀ ਸੇਵਾ
ਰੁਤ ਪੁਗੀ ਉਹ ਮਾਲੀ ਲਿਆਵੇ ਭਰ ਭਰ ਝੋਲੀ ਮੇਵਾ।
ਗੁਜਰੀ ਕਰੇ ਗਊ ਦੀ ਸੇਵਾ ਪਾਲੇ ਪਿਆਰ ਕਰਾਵੇ
ਮਿੱਠੇ ਦੁਧ ਦੇ ਮਘੇ ਮਟਕੇ ਰੋਜ਼ ਰੋਜ਼ ਭਰ ਲਿਆਵੇ ।
२.
ਜੜ੍ਹ ਬ੍ਰਿਛਾਂ ਤੇ ਪਸੂਆਂ ਦੀ ਜੋ ਕਰਦਾ ਸੇਵਾ ਪਿਆਰੀ
ਚਹਿਲ ਪਹਿਲ ਉਸਦੇ ਘਰ ਹੁੰਦੀ ਮੌਜ ਮਾਣਦਾ ਸਾਰੀ
ਮਾਨੁਖਾਂ ਦੀ ਜੇਕਰ ਸੇਵਾ ਕੋਈ ਲਗ ਕਮਾਵੇ
ਕਿਉਂ ਨਾ ਮਿਲਨ ਮੁਰਾਦਾਂ ਉਸਨੂੰ ਜੋ ਚਾਹਵੇ ਸੋ ਪਾਵੇ ।
३.
'ਟਹਲੋਂ ਮਹਲ ਮਿਲੇ' ਜਗ ਆਖੇ 'ਸੇਵਾ ਮੇਵਾ' ਪਾਵੇ
ਸੇਵਕ ਹੀ ਸਾਹਿਬ ਜਾ ਬਣਦੇ ਸੇਵਾ ਜਾਚ ਜਿ ਆਵੇ
ਪਰ ਇਕ ਸੇਵਾ ਹੋਰ ਸੁਣੀਦੀ ਖ਼ੁਸ਼ੀ ਨਾਲ ਜੋ ਕਰੀਏ,
ਬਧੇ ਚੱਟੀ ਭਰੀਏ ਨਾਹੀ ਨਾਲ ਖ਼ੁਸ਼ੀ ਹਿੱਤ ਧਰੀਏ
४.
ਚਿਤੋਂ ਗ਼ਰਜ਼ ਚੁਕਾਈਏ ਸਾਰੀ ਲੋੜ ਨ ਕੋਈ ਰਖਾਈਏ
ਦੂਜੇ ਨੂੰ ਸੁਖ ਦੇਣੇ ਖਾਤਰ ਜੇਕਰ ਸੇਵ ਕਮਾਈਏ
ਏਹ ਸੇਵਾ ਉੱਚੀ ਸਭ ਕੋਲੋਂ ਸੇਵਾ ਅਸਲ ਕਹਾਵੇ
ਕਰੀਏ ਤਾਂ ਦੂਜੇ ਦੀ ਸੇਵਾ ਸਾਨੂੰ ਸੁਖ ਪੁਚਾਵੇ ।
੫
ਰੋਗੀ ਕਿਸੇ ਨਿਤਾਣੇ ਤਾਈਂ ਕੋਈ ਸੁਖ ਪੁਚਾਵੇ
ਉਹ ਸੁਖ ਦਿਤਾ ਕਰੇ ਨਰੋਆ ਤੈਨੂੰ ਬੀਰ ਬਨਾਵੇ ।
ਰੁੱਲਦੇ ਕਿਸੇ ਕੰਗਲੇ ਦੀ ਤੂੰ ਕੋਈ ਸੇਵ ਕਮਾਈ
ਦੇਖ ਧਨੀ ਤੂੰ ਬਣੇ ਪਯਾਰੇ ਸਚੀ ਦੌਲਤ ਪਾਈਂ
੬
ਜੋ ਸੇਵਾ ਤੂੰ ਕਰੇਂ ਕਿਸੇ ਦੀ ਅਪਨਾ ਆਪ ਸੁਆਰੇਂ
ਨਿਰਵਾਸ ਸੇਵਾ ਦਾ ਧਰਮ ਇਹੋ ਹੈ ਕਰਨਹਾਰ ਸੁਖ ਪਾਵੇ
ਹੱਥ ਕਰੇ ਜੇ ਮੂੰਹ ਦੀ ਸੇਵਾ ਬੁਰਕੀ ਮੂੰਹ ਵਿਚ ਪਾਵੇ
ਉਹ ਬੁਰਕੀ ਬਣ ਲਹੂ ਅੰਦਰੋਂ ਹੱਥ ਨੂੰ ਜ਼ੋਰ ਪੁਚਾਵੇ ।
੭
ਨਾਲ ਪ੍ਰੇਮ ਦੇ ਸੇਵ ਕਮਾਵੋ ਗਰਜ਼ ਨ ਕੋਈ ਰਖਾਵੋ
ਵਾਹਿਗੁਰੂ ਨੂੰ ਅਰਪਨ ਕਰੀਓ ਆਪ ਅੰਟਕ ਰਹਾਵੋ।
ਉਚੇ ਰਹੋ ਪ੍ਰਭੂ ਵਲ ਤਕਦੇ ਫਿਰ ਜੇ ਸੇਵ ਕਮਾਵੋ
ਸੇਵਾ ਅਰਪਨ ਉਸਨੂੰ ਹੋਵੇ ਫਲ ਪ੍ਰਭ ਤੋਂ ਫਿਰ ਪਾਵੋ।
ਅਰਸ਼ੀ ਧੁਨ
ਵਿਚ ਹਿਮਾਲੇ ਚੁਪ ਬੈਠਿਆਂ ਸਾਂ ਸਾਂ ਕੰਨੀ ਆਵੇ
ਮੈਂ ਜਾਤਾ ਏ ਸੱਦ ਇਲਾਹੀ ਅਰਸ਼ਾਂ ਤੋਂ ਦਿਲ ਧਾਵੇ
ਤਦ ਅਸਮਾਨੋਂ ਬਾਣੀ ਆਈ, ਇਹ 'ਮਕਾਨ'' ਦੀ ਧੁੰਨ ਹੈ
ਅਜੇ ਨਹੀ ਤੂੰ ਸੁਣੀ ਅਨਾਹਤ ਧੁੰਨ 'ਮਕੀਨ'' ਜੋ ਗਾਵੇ
ਆਖੇ ਨਾਹੀ ਅਨਾਹਤ ਏਹੈ, ਭੁਲ ਨ ਏਥੇ ਜਾਈਂ
ਹਰ ਮੰਦਰ ਇਹ ਦੇਹ ਮਾਨੁਖੀ ਸਾਈਂ ਆਪ ਬਣਾਈ
ਅਪਨੇ ਵਸਨੋ ਖਾਤਰ ਕੁਟੀਆ
ਸੁਹਣੇ ਆਪ ਰਚਾਈ
ਜੋ ਤੂੰ ਧੁੰਨੀ ਸੁਣੀ ਹੈ ਪਯਾਰੇ ਮੰਦਰ ਦੀ ਧੁੰਨ ਜਾਣੀ
ਹਰ ਮੰਦਰ ਦਾ ਨਾਦ ਪਛਾਣੀ ਵਾਜ ਸਰੀਤ ਸਿਆਣੀ
ਮੰਦਰ ਏਸ ਜੁ ਵਸਦਾ ਸੁਹਣਾ ਧੁੰਨ ਉਸਦੀ ਹੈ ਨਿਆਰੀ
ਪਯਾਰੀ, ਮਿਠੀ, ਉਚੀ, ਸੁੱਚੀ ਰੂਪ ਰੇਖ ਤੋਂ ਪਾਰੀ
ਵਾਉ, ਅਕਾਸ਼ ਕੰਨ ਦੇ ਪੜਦੇ ਲੋੜ ਇਨ੍ਹਾਂ ਨਾ ਰੱਖੇ
ਰੂਹ ਤੋਂ ਉਪਜੇ ਰੂਹ ਉਸ ਬੁਝੇ ਰੂਹ ਵਿਚ ਰੂਹ ਪਰਖੇ
ਸੁਣੀ ਅਵਾਜ ਮਕਾਨੋਂ ਉਪਜੀ ਤੈਨੂੰ ਜਿਨ੍ਹੇ ਲੁਭਾਇਆ
ਉਹ ਤੂੰ ਨਾਦ ਨਾ ਸੁਣਿਆ ਹੁਣ ਤਕ, ਜੋ ਮਕੀਨ ਨੇ ਗਾਇਆ
ਧਯਾਨ ਮਕਾਨੋਂ ਚੁੱਕ ਪਯਾਰੇ ਵਿਚ ਮਕੀਨ ਹਿਤ ਲਾਈ
ਚੜ੍ਹ ਕੇ ਪ੍ਰੇਮ ਹੰਡੋਲੇ ਸੁਣਸੇਂ ਅਰਸ਼ਾਂ ਦੀ ਧੁੰਨ ਆਈ।
ਤੋਬਾ
ਭੁੱਲ ਕੀਤੀ, ਤੇ ਕਰੀ ਤੋਬਾ,
ਕਰੀ ਤਬਾ ਤੇ ਫਿਰ ਕਰੀ।
ਭੁਲ ਤੋਬਾ ਦੀ ਕੜੀ ਮਿਲ
ਮਿਲ ਕੇ ਬਣ ਗਈ ਇਕ ਲੜੀ ।
ਤੋਬਾ ਨਿਭੀ ਨ ਭੁਲ ਸੁਧਰੀ,
ਹਾਰ ਬੈਠੇ ਅਜੇ ਨਾ ਅਸੀਂ ।
ਮਾਫੀਆਂ ਦੇ ਦਾਮਨਾਂ ਦੀ ਫੜੀ
ਕੰਨੀ ਛੱਡ ਛੱਡ ਕੇ ਮੁੜ ਫੜੀ।
ਬੇੜੀ
ਬੇੜੀ ਉਤੇ ਚੜ੍ਹ ਬੰਦਿਆ
ਉਹ ਤਾਂ ਸੁਤਿਆ ਪਾਰ ਲੰਘਾਦੀ ।
ਪਰਉਪਕਾਰੀ
ਸੁਣ ਭਾਈ ਸਾਬਨ, ਮੈਲਾਂ ਕਟਨੈੱ
ਤੂੰ ਹੈਂ ਪਰਉਪਕਾਰੀ ।
ਮੈਲ ਨਾਲ ਪਰ ਇਕ ਮਿਕ ਹੋਕੇ
ਹੋ ਜਾਨੈ ਮਲਧਾਰੀ ।
ਸ੍ਵਛਤਾ ਦਾਨ ਕਰੇਨੈਂ ਹੋਰਾਂ
ਆਪ ਰੁਲੇ ਵਿਚ ਮੈਲਾਂ।
ਦਸ ਹੁਣ ਮੈਲ ਜੋ ਚੰਬੜੀ ਤੈਨੂੰ
ਜਾਇ ਕਿਵੇਂ ਨਿਰਵਾਰੀ।
ਵਿਸ਼ਾਲ ਗਗਨ
ਦੋ ਗੁਡੀਆਂ ਆਕਾਸ਼ ਪਹੁੰਚੀਆਂ
ਆਪਸ ਵਿਚ ਟਕਰਾਈਆਂ।
ਪੇਚੇ ਪਾ ਅਸਮਾਨ ਖਹਿੰਦੀਆਂ
ਕਟਦੀਆਂ ਤੇ ਕਟ ਗਈਆਂ।
ਗਗਨ ਵਿਸ਼ਾਲ ਨੀ ਸੁਣੋ ਭੋਲੀਓ !
ਕਿੰਉ ਖਹਿ ਆਪ ਗੁਆਉ,
ਲਖਾਂ ਕ੍ਰੋੜਾਂ ਤੁਸਾਂ ਵਰਗੀਆਂ
ਇਸ ਵਿਚ ਸਕਨ ਸਮਾਈਆਂ।
ਸੁਭਾਵ
ਛੁਟੇ ਸੁਭਾਵ ਕਦੀ ਨ
ਕਉੜਤੱਣ ਬਿਨ ਦੇਖਿਆ
ਪਰ ਦੁਰਗੰਧ ਬਿਹੀਨ
ਪਯਾਜ਼ ਕਦੇ ਨ ਵੇਖਿਆ।
ਸ਼ੂਮਤਾ
ਵਧੇ ਸ਼ੂਮਤਾ ਸੂਮ ਦੀ
ਵਧਣ ਜਿ ਲਾਖੋਂ ਲਾਖ ।
ਜਿਉਂ ਫਲ ਬੈਰੀ ਦਾ ਘਟੇ
ਚੜ੍ਹੇ ਜਿ ਉਸਤੇ ਲਾਖ ।
ਸੁੰਦ੍ਰਤਾ ਆਪ ਲੁਟੀਵੇ
ਸੁੰਦ੍ਰਤਾ ਆਪ ਲੁਟੀਵੇ
ਵਰਹੇ ਦਿਨਾਂ ਤੂੰ ਸੁਤੀ ਰਹੀਏਂ
ਮਿਟੀ ਚਾਦਰ ਤਾਣ
ਉਚੀ ਉਚੀ ਫੜ ਸੁਹਾਵੀ
ਮਿਠੀ ਮਿਠੀ ਗੰਧ
ਵਰਹੇ ਦਿਨਾਂ ਮਿਟੀ ਵਿਚ ਸੁਤੀ
ਰਹੀ ਕੁਇ ਖਾਇ ਸੁਗੰਧ
ਐਉਂ ਦਿਸੇ ਜਿਉਂ ਹੁਣੇ ਖੁਲ੍ਹੀ ਹੈ
ਅੱਖ ਕਿਸੇ ਦੀ ਬੰਦ
ਅੱਖਾਂ ਦਾ ਕੁਈ ਫਰਸ਼ ਵਿਛ ਗਿਆ
ਲਪਟਾਂ ਮੁਸ਼ਕ ਮਚਾਵਣ
ਲਪਟਾਂ ਮੁਸ਼ਕ ਮਚਾਵਣ
ਖਿੜ ਖਿੜ ਉਦੇ ਰੰਗ
ਘੁੰਡ ਜਦੋਂ ਸੁੰਦ੍ਰਤਾ ਲਾਹਵੇ
ਸੁੰਦ੍ਰਤਾ ਪਈ ਆਪ ਲੁਟੀਵੇ
ਲੁਟਾਵੇ ਆਪ ਜਦ ਕਦ
ਖੁਲਣ ਏਸ ਦੇ ਬੰਦ
ਵਿੱਥ
ਆਪਾ ਮਗਨ ਗੁਲਾਬ ਇਕ,
ਖਿੜਿਆ ਵਿਚ ਗੁਲਜ਼ਾਰ।
ਖੜਾ ਸਰਦਾਰ ਡੁਲ੍ਹ ਡੁਲ੍ਹ ਪੈਂਦੀ ਵੇਖ ਸੁੰਦਰਤ
ਬੱਝਕੇ ਰਹਿ ਗਿਆ ਮੈਂ ਮਗਨਾਰ ।
ਤੂੰ ਲੀਤਾ ਰਸ-ਸੁਵਾਦ ਸੁੰਦਰਤਾ,
ਹੱਸ ਬੋਲੇ ਕੰਡੇ ਦੋ ਚਾਰ ।
ਸੁੰਦਰਤਾ ਦਾ ਰਸ ਮਾਣਨ ਲਈ,
ਅਦਬ ਭਰੀ ਵਿੱਥ ਹੈ ਦਰਕਾਰ।
ਕਾਹਲੇ ਕਈ ਏਸ ਥਾਂ ਆਏ,
ਲੈਣੇ ਨੂੰ ਹੱਥ ਦੇਣ ਪਸਾਰ ।
ਦੰਦ ਅਸਾਡੇ ਚੁਬਣ ਉਨ੍ਹਾਂ ਨੂੰ,
ਛਿੜੇ ਪੀੜ ਪਰ ਰੋਵਨਹਾਰ।
ਸੁੰਦਰਤਾ ਦੇ ਰਸ ਮਾਣਨ ਨੂੰ,
ਸਦਾ ਵਿੱਥ ਹੈ ਕੁਛ ਦਰਕਾਰ।
ਮਾਇਆ
ਮਾਯਾ ਦਾ ਰੰਗ ਪਾਇਕੇ
ਕਪੜਾ ਆਕੜ ਜਾਇ
ਕਹੋ ਮਾਨੁਖ ਦੀ ਕੀ ਗਤੀ
ਮਾਯਾ ਨੂੰ ਲਪਟਾਇ ।
ਰਬ ਝਾਤਾਂ
ਸੁਹਣੇ ਮੁੰਡੇ ਤੇ ਸੁਹਣੀਆਂ ਕੁੜੀਆਂ
ਹੋਨ ਜਵਾਨੀ ਦੀਆਂ ਰਾਤਾਂ
ਸਭ ਕੁਝ ਭੁਲ ਜਾਏ ਨੀ ਸਹੀਓ
ਜੇ ਰਬ ਮਾਰੇ ਝਾਤਾਂ
ਭੀਲਨੀ
ਡੋਲਾ ਹੀ ਸਿਟ ਟੁਰ ਗਏ
ਬਿਰਹੇ ਅਗਨ ਰੁਖਾਇ।
ਵਿਚਲ ਬੂਟੀ ਜਿਉ ਸਖੀ
ਸਾਵੀ ਹੀ ਅੱਗ ਖਾਇ।
ਬੁਲਬੁਲ
ਰਾਹੀਂ :-
ਬੁਲਬੁਲ ਕੁੜੀਏ ! ਤੂੰ ਆਪੂੰ ਗਾਨੀ ਏਂ
ਕਵਿ-ਦੁਨੀਆਂ ਤੈਨੂੰ ਗਾਨੀ ਏਂ
ਤੂੰ ਗੁਲ ਤੇ ਡੁਲ੍ਹ ਡੁਲ੍ਹ ਪੈਨੀ ਏਂ,
ਇਸ ਗੁਲ ਨੂੰ ਰਖਦੀ ਨੈਂਨੀ ਏਂ।
ਵਿਚ ਨੈਣ ਪੰਘੂੜੇ ਚਾੜ੍ਹ ਇਨੂੰ, ਵਿਚ ਝੂੰਮਾਂ ਝੁੰਮਦੀ ਰੈਨ੍ਹੀ ਏਂ।
ਪਰ ਗੁਲ ਨੂੰ ਲਗਾ ਖਾਰ ਹਈ, ਤੈਨੂੰ ਕੁੜੀਏ ਉਸਦੀ ਸਾਰ ਨਹੀਂ
ਫਿਰ ਪੱਤੇ ਇਕ ਉਦਾਲੀ ਨੇ, ਜੋ ਰੂਪ ਰੰਗ ਤੋਂ ਖਾਲੀ ਨੇ ।
ਤੂੰ ਇਹ ਬੀ ਕਦੇ ਧਿਆਨ ਨਹੀਂ,
ਤੈਂ ਨੈਣਾਂ ਇਹ ਸਿਆਣ ਨਹੀਂ।
ਬੁਲਬੁਲ :-
ਸਹੁਣੇ ਤੂੰ ਸੁਣ ਰਾਹੀਆ! ਮੈਂ ਨੈਣੀਂ ਲਿਆ ਬਿਠਾਲ
ਜਿਧਰ ਦੇਖਾਂ ਉਧਰ ਦਿੱਸਦਾ ਇਸਦਾ ਹੁਸਨ ਜਮਾਲ ।
ਸੁਹਜਹੀਨ ਇਨ ਪੱਤਿਆਂ ਖਸ ਲੀਤਾ ਹੈ ਤਾਣ
ਉਡ ਉਡ ਮੇਰੇ ਖੰਭ ਹਨ ਮੁੜ ਮੁੜ ਇਸਤੇ ਆਣ ।
ਕੰਡਾ ਇਸ ਦਾ ਪੁੜ ਗਿਆ, ਸੁਣ ਸਜਨ। ਬੁਧਵਾਨ !
ਵਿਚ ਕਲੇਜੇ ਕਸਕਦਾ, ਪੀੜਾ ਕਰਦਾ ਦਾਨ ।
ਮਿੱਠੀ ਪੀੜਾ ਰੱਸ ਭਰੀ ਰਿਸ ਰਿਸ ਕਰਦਾ ਘਾਉ ।
ਠੰਡ ਪਵੇ ਇਸ ਦੇਖਿਆਂ ਕਸਕ ਬਣੇ ਸੁਖਦਾਇ ।
ਰਿਸੇਦੇਆਂ ਉਰਸਮਈ ਹੁਣ ਸੰਗ ਤਕ ਲਹਰਾਇ ।
ਥਰਰ ਥਰਰ ਕਰੇ ਕਾਲਜਾ ਗੀਤ ਕੰਬਣੀ ਖਾਇ।
ਮਸਤ ਅਲਮਸਤ ਹਾਲ ਵਿਚ ਬੀਤ ਰਹੀ ਸੁਖ ਨਾਲ।
ਹਾਲ ਮਸਤ ਦਾ ਪੁਛਨੈ ਕੀਹ ਥਰਕੰਦਾ ਹਾਲ।
ਕੰਡਾ ਪੁੜ ਰਿਹਾ ਦਿਲੇ ਵਿਚ, ਨੈਣੀ ਵਸ ਰਿਹਾ ਗੁਲ
ਅਸੋਹਜ ਸਿਖਾਈ ਜਾਂਦਾ ਹੈ ਪਾਣ ਸੁਹਜ ਦਾ ਮੁਲ।
ਇਨਾਮ
ਕਾਵਾਂ ! ਪਾਨੀ ਨਾ ਤੈਨੂੰ ਮੈਂ ਚੂਰੀਆਂ
ਕੀਤੀਆਂ ਦੂਰ ਨਾ ਮੇਰੀਆਂ ਦੂਰੀਆਂ
ਅਵੇ ਡਾਕੀਆ ਦਿਆਂ ਇਨਾਮ ਵੇ,
ਕਦੇ ਲਿਆਵੇਂ ਜੇ ਪੀਯ-ਪੈਗਾਮ ਵੇ
ਤਾਰ ਵਾਲਿਆ ਸੁਣੀ ਪੁਕਾਰ ਵੇ
ਪੀਯ ਆਗਮ ਦੀ ਲਿਆ ਦੇ ਖਾਂ ਤਾਰ ਵੇ
ਫੋਨ ਸੁਹਣੀਏ ਟੱਲੀ ਖੜਕਾਅ
ਪੀਆ ਆਗਮ ਦੀ ਸੱਦ ਸੁਣਾਅ
ਵਾਇਰਲੈਸ ਤੂੰ ਸੁਤਿਆਂ ਜਗਾ ਵੇ
ਤੈਨੂੰ ਦਿਆਂ ਫਿਰ ਸੋਨੇ ਮੜਾਅ
ਵਾਇਰਲੈਸ ਤੂੰ ਸੁਤਿਆਂ ਜਗਾ
ਪੀਆ ਆਗਮ ਦੀ ਸੱਦ ਸੁਣਾ ਵੇ ।
ਨਵੇ ਦੁਤੀਆ ਸੁਣੀ ਪੁਕਾਰ ਵੇ
ਕਰੋ ਤੜਫਨੀ ਦਾ ਬੇੜਾ ਪਾਰ ਵੇ ।
ਜੇ ਲਿਆ ਦਿਓ ਕੋਈ ਪਿਆਮ
ਨੇਲ ਪੇਂਟ ਦਿਆਂ ਇਨਾਮ ।
ਕੁੰਜੀਆਂ
ਬੰਦੀ ਅਜਾਣ, ਨ ਜਾਣ ਸਕੇਂਦੀ
ਰਜ਼ਾਈ ਤੁਸਾਂ ਜੀ ਦੀਆਂ ਸਾਈਆਂ।
ਬੰਦੀ ਦੀ ਮਰਜ਼ੀ ਬੇਸੁਰ ਹੋ ਬੋਲੇ,
ਜਦੋਂ ਵਰਤਣ ਕਹਿਰ ਰਜ਼ਾਈਆਂ।
ਮਰਜ਼ੀ ਬੰਦੀ ਦੀ ਸੁਰ ਕਰੀ ਰਖੋ,
ਅਪਨੀ ਰਜ਼ਾ ਨਾਲ ਪਯਾਰਨ ।
ਇਸ ਦੀ ਬੀ ਜਾਚ ਤੁਸਾਨੂੰ ਹੀ ਹੈਵੇ,
ਸਭ ਕੁੰਜੀਆਂ ਤੁਸਾਂ ਹੱਥ ਸਾਈਆਂ।
ਬਿਜਲੀ ਛੁਹ
ਖਲੜੀ ਧੋਦਿਆਂ ਉਮਰਾ ਸਾਰੀ
ਬੀਤ ਚਲੀ ਮੇਰੇ ਸਾਈਆਂ
ਮਸਾਂ ਮਸਾਂ ਇਕ ਲਾਹੀਏ ਮਗਰੋਂ
ਹੋਰ ਆ ਲਗਨ ਬਲਾਈਆਂ
ਥੱਕ ਗਈ ਹਾਂ ਦਿਲ ਨੂੰ ਧੋ ਧੋ
ਤੇਰੇ ਲੈਕ ਬਨਾਂਦਿਆਂ !
ਹੁਣ ਤਾਂ ਲਾ ਕੋਈ ਬਿਜਲੀ ਛੁਹ ਤੂੰ
ਕਰ ਨਿਜ ਯੋਗ ਗੁਸਾਈਆਂ।
'ਸੀ ਲਗਦਾ'
ਹਾਇ ਨੀ ਮਾਂ ਮੈਨੂੰ ਸੀ ਲਗਦਾ।
ਹਾਇ ਨੀ ਮਾਂ ਮੈਨੂੰ ਸੀ ਲਗਦਾ।
ਕਿਉਂ ਨੀ ਧੀਏ ਤੈਨੂੰ ਸੀ ਲਗਦਾ
ਕਿਉਂ ਨੀ ਧੀਏ ਤੈਨੂੰ ਸੀ ਲਗਦਾ ?
ਹਾਇ ਨੀ ਮਾਂ ਮੇਰਾ ਸ਼ਹੁ ਪਰਦੇਸੀ,
ਕਲੀ ਸੁਤੀ ਨੂੰ ਸੀ ਲਗਦਾ।
ਤਾਣ ਨੀ ਧੀਏ ਦੋ ਜੁਲੀਆਂ,
ਦੋ ਜੁਲੀਆਂ ਤੋਂ ਸੀ ਭਜਦਾ।
ਹਾਇ ਨੀ ਮਾਂ ਮੈਂ ਤਿੰਨ ਤਾਣੀਆਂ,
ਅਜੇ ਬੀ ਮੈਨੂੰ ਸੀ ਲਗਦਾ।
ਆ ਨੀ ਧੀਏ ਮੈਂ ਕੋਲੇ ਮੈਂ ਜਾ,
ਮਾਉ ਨਾਲ ਲਗਿਆ ਸੀ ਨਠਦਾ।
ਤੈਂ ਗਲ ਲਗ ਕੇ ਮੈਂ ਸੁਤੀਆਂ,
ਅਜੇ ਬੀ ਮੈਨੂੰ ਸੀ ਲਗਦਾ।
ਉਠ ਨੀ ਧੀਏ ਉਠ ਡਾਹ ਬਹੁ ਚਰਖਾ
ਜੁਸਾ ਹਿਲਯਾਂ ਸੀ ਨਹੀਂ ਲਗਦਾ।
ਭੱਠ ਨੀ ਘੱਤਾਂ ਮੋਏ ਚਰਖੇ ਨੂੰ
ਹੱਥ ਨੀ ਠਰਨ ਸੀ ਬਹੂੰ ਲਗਦਾ।
ਲੈ ਨੀ ਧੀਏ ਤੈਨੂੰ ਦਿਆਂ ਅੰਗੀਠੀ,
ਅੱਗ ਸੇਕਯਾਂ ਸੀ ਉਠ ਨਠਦਾ
ਮੈਂ ਸੇਕੀ ਅੱਗ ਬਤੇਰੀ, ਨਿੱਘ ਨਹੀਓ ਆਈ,
ਕੰਬੇ ਕਲੇਜੜਾ ਸੀ ਲਗਦਾ
ਅੱਗ ਨੀ ਲਗੇ ਤੇਰੇ ਸੀਏ ਨੂੰ,
ਕਿਸੇ ਗਲੇ ਦਸ ਜੇ ਸੀ ਛਡਦਾ?
ਸਦ ਨੀ ਮਾਏ ਮੇਰੇ ਕੌਤੇ ਨੂੰ ਨਦਰ ਓਹਦੀ ਨਾਲ ਸੀ ਭਜਦਾ
ਇਆਣਾ ਸ਼ਹੁ
ਅੰਮੀ ਕਰ ਦੇ ਵਿਆਹ, ਮੇਰਾ ਕਰ ਦੇ ਵਿਆਹ
ਕਲੀ ਡਰੇ ਡਰ ਪਾਂ, ਕਲੀ ਡਰੇ ਡਰ ਪਾਂ
ਮੇਰਾ ਸ਼ਹੁ ਨੀ ਇਆਣਾ, ਖੇਡਾਂ ਮਲੀਂ ਲੁਭਾਣਾ
ਮੈਂ ਵਲ ਨਜ਼ਰ ਨ ਪਾਵੇ, ਕੀਕੂੰ ਉਮਰਾ ਵਿਹਾਵੇ ?
ਮੇਰੀ ਉਮਰਾ ਸਿਆਣੀ, ਜੋਬਨ ਕਾਂਗ ਚੜ੍ਹਾਣੀ
ਮੇਰੇ ਜੋਬਨ ਉਛਾਲੇ, ਝਲੇ ਜਾਂਦੇ ਨ ਝਾਲੇ
ਮੇਰਾ ਸ਼ਹੁ ਨੀ ਇਆਣਾ, ਫਿਰਦਾ ਖੇਡੀ ਲੁਭਾਣਾ
ਮੈਂ ਵਲ ਨਜ਼ਰ ਨ ਪਾਵੇ, ਮੇਰਾ ਜੀਆ ਝੁੰਝਲਾਵੇ
ਮੇਰੇ ਕੋਲ ਨ ਆਵੇ, ਜਾਵਾਂ ਕੋਲ ਨਸਾਵੇ
ਮੈਂ ਤਾਂ ਸ਼ਹੁ ਦੀ ਪਿਆਰੀ ਸ਼ੁਹ ਨੂੰ ਖੇਡ ਪਿਆਰੀ
ਕੀਕਣ ਸ਼ਾਹ ਨੂੰ ਰੀਝਾਵਾਂ, ਕੀਕਣ ਅੰਗਣੇ ਲਿਆਵਾਂ ?
ਅੰਮੀਏ ! ਲੈ ਦੇਹ ਨੀ ਲਾਵਾਂ, ਸ਼ਹੁ ਦੀ ਪਈਓ ਸਦਾਵਾਂ
ਲਗ ਜਾਏ ਨਾਮ ਦਾ ਟਿੱਕਾ, ਟਿੱਕਾ ਨਾਮ ਦਾ ਪੱਕਾ।
ਜੱਟੀ
ਰਿੜਕੇ ਚੋਵੇ ਪਸ਼ੂ ਸੰਭਾਲੇ ਕੱਤੇ ਫੇਰੇ ਅੱਟੀ
ਪੀਹੇ ਗੁੰਨ੍ਹ ਪਕਾ ਪੁਚਾਵੇ ਲੈ ਸਿਰ ਲਸੀ ਮੱਟੀ
ਖੇਤੀ ਜਾ ਖਲਾਵੇ ਮਰਦਾਂ ਨਾਲੇ ਚੁਣਦੀ ਫੁੱਟੀ
ਸੀਉਂ ਪ੍ਰੋਵੇ ਕੱਢ ਕਸੀਦੇ ਲਛਣ ਤ੍ਰੀਮਤ ਜੱਟੀ
ਤ੍ਰੀਮਤ ਇਕੋ ਜੱਟੀ ਲੋਕੋ ਹੋਰ ਖਾਣ ਦੀ ਚੱਟੀ।
ਪ੍ਯਾਸ
ਸਾਹਵੇ ਗੰਗਾ, ਖਬੇ ਗੰਗਾ
ਸਜੇ ਗੰਗਾ ਵਗਦੀ।
ਪਾਣੀ ਵਿਚ ਵਿਚਾਲੇ ਬੰਗਲੂ
ਪੌਣ ਮਿਲੇ ਆ ਅੱਗ ਦੀ।
ਜਫੀਆਂ ਪਾਵੇ, ਮਥਾ ਚੁੰਮੇ
ਲਗ ਲਗ ਗਲ ਲਡਿਆਵੇ ।
ਪਾਣੀ ਪਯਾਸ ਫੇਰ ਨਹੀਂ ਬੁਝਦੀ
ਅਲੋਕਾਰ ਗਲ ਲਗਦੀ।
ਡਾਕਟਰ ਪੱਦ
ਦਾਦਾ ਪਿਉ ਸਨ ਵੈਦ ਡਾਕਟੱਰ
ਸ਼ਫਾ ਜਿਨਾਂ ਦੇ ਚੁੰਮਦੀ ਪੈਰ
ਪਾਣੀਹਾਰ ਓਹ ਵਿਦਯਾ ਸੰਦੇ
ਮਨਿ ਬੁਧਿ ਵਸੇ ਜਿਨ੍ਹਾਂ ਦੇ ਖ਼ੈਰ
ਅਸੀ ਅਨਾੜੀ ਰਹੇ ਉਮਰਾ ਭਰ
ਨਾ ਪੰਡਿਤ ਨਾ ਬਣੇ ਹਕੀਮ
ਡਾਕਟਰ ਦਾ ਜੇ ਹੁਣ ਦੁਮਛੱਲਾ
ਆਣ ਲੱਗੇ ਤਾਂ ਲਗਸੀ ਗ਼ੈਰ ।
ਵਿਸ਼ੇਸ਼ਨ
ਸੰਗ ਰਹੀ ਸੰਗਯਾ ਵਿਦਂਤਾਦੀਆਂ,
ਆਣ ਵਿਸ਼ੇਸ਼ਨ ਮਗਰ ਪਿਆ
ਕਿਸ ਦੇ ਨਾਲ ਲਗਾਈਏ ਤੈਨੂੰ,
ਮੂਲ ਨਹੀਂ ਤਾਂ ਵਯਾਜ ਕੇਹਾ?
ਵਯਾਜ ਮਿਲਣ ਤੇ ਮਿਲਣ ਵਧਾਈਆਂ,
ਕਉਣ ਕਰੇ ਸ਼ੁਕਰਾਨੇ ਹੁਣ,
ਵਯਾਜ ਕਰੇ ਕਿ ਮੂਲ ਕਰੇ,
ਜੋ ਸੰਗ ਸੰਗਦਾ ਸਦਾ ਰਿਹਾ ?
(ਡਾਕਟਰ ਆਫ਼ ਓਰੀਐਂਟਲ ਲਰਨਿੰਗ ਦੀ ਉਪਾਧੀ ਮਿਲਣ ਤੇ ਲਿਖੀ ਗਈ ।)
ਬੁਲਬੁਲ ਤੇ ਟਿਟਾਣਾ
ਇਕ ਛੋਟਾ ਹੀ ਪਿੰਡ ਸੀ ਕਿਸੇ ਸ਼ਹਿਰ ਤੇ ਦੂਰ,
ਹਤੋਂ ਬਾਗ਼ ਸੁੰਦਰ ਤਹਾਂ ਫੁੱਲ ਲਗੇ ਭਰਪੂਰ ।
ਇਕ ਦਿਵਸ ਉਸ ਬਾਗ ਵਿਚ ਬੈਠੀ ਬੁਲਬੁਲ ਆਇ,
ਗਾਵਤ ਆਸਾ ਭੈਰਵੀ ਦੀਨਾ ਦਿਵਸ ਬਿਤਾਇ।
ਸੰਝ ਭਈ ਖਾਇਆ ਨ ਕੁਝ ਕੀਨਾ ਭੁਖ ਬਿਹਾਲ,
ਦੂਰ ਧਰਾ ਪਰ ਤਾੜਿਆ ਇਕ ਚਮਕਦਾ ਲਾਲ ।
ਮਾਰ ਉਡਾਰੀ ਬ੍ਰਿਛ ਤੋਂ ਪਹੁੰਚੀ ਜੁਗਨੂੰ ਪਾਸ,
ਮਨ ਮੇਂ ਇਹ ਆਸਾ ਹੁਤੀ ਕਰੂੰ ਇਸੇ ਇਕ ਗ੍ਰਾਸ ।
ਜੁਗਨੂੰ ਨੇ ਜਦ ਜਾਣਿਆਂ ਇਹ ਲੈਗੀ ਮੁਹਿ ਖਾਹਿ,
ਹਾਥ ਜੋੜ ਇਉਂ ਬੋਲਿਆ: "ਜ਼ਰਾ ਦੇਰ ਲੈ ਸਾਹਿ"।
"ਦੇਖ ਵਡਾਈ ਪ੍ਰਭੂ ਦੀ, ਲਿੱਖੇ ਲੇਖ ਜਿਨ ਮਾਥ,
"ਮੈਨੂੰ ਦੀਆ ਪ੍ਰਕਾਸ਼ ਜਹਿਂ, ਤੁਝੇ ਰਾਗ ਗੁਨ ਸਾਥ
"ਤੂੰ ਸਲਾਹੁ ਮਮ ਚਾਨਣਾ, ਮੈਂ ਸਲਾਹੁੰ ਤਵ ਰਾਗ,
"ਸਮਝ ਸਿਆਣਪ ਹੈ ਇਹੀ, ਪ੍ਰਭੂ ਦੀ ਸਿਫਤੀ ਲਾਗ।
''ਤੂੰ ਗਾਵਤ ਹੈਂ ਰਾਤ ਨੂੰ, ਮੈਂ ਭੀ ਚਮਕਾਂ ਰਾਤ
"ਇੰਮ ਕਿੰਮ ਪ੍ਰਭੁ ਨੇ ਕੀਆ ? ਕਿ ਸੋਭਾ ਪਾਵੇ ਰਾਤ।"
ਜਦ ਚਮਕੀਲੇ ਕੀਟ ਦੀ ਬੁਲਬੁਲ ਸੁਣ ਲਈ ਕੂਕ,
ਉਡੀ ਤੁਰਤ ਅਰ ਭੁੱਖ ਦੀ ਰਹੀ ਨ ਰੰਚਕ ਹੂਕ।
ਤਾਤ ਪਰਜ ਇਸ ਬਾਤ ਦਾ ਸੁਣੋ ਕਾਨ ਦੇ ਮੀਤ ।
ਝਗੜੇ ਝਾਂਜੇ ਛੋੜ ਕੇ ਕਰੋ ਸਭਨ ਸੇ ਪ੍ਰੀਤ ।
(ਭਾਈ ਸਾਹਿਬ ਨੇ ਆਪਣੇ ਨਾਨਾ ਗਿਆਨੀ ਹਜ਼ਾਰਾ ਸਿੰਘ ਜੀ ਦੇ ਕਹਿਣ ਤੇ ਅੰਗਰੇਜ਼ੀ ਦੀ टिर रहिए (Glow Worm And The Nightingale) रा उठत्नभा रहिडा ਵਿਚ ਕੀਤਾ ਹੈ ਜੋ ਕੋਰਸ ਦੀਆਂ ਪੁਸਤਕਾਂ ਵਿਚ ਛਪਦੀ ਰਹੀ ਹੈ ।
ਵਿੰਗਾ ਤਰੱਕਲਾ
ਵਿੰਗਾ ਤੇਰਾ ਤਰੱਕਲਾ ਤਟ ਤਟ ਪੈਂਦੀ ਤੰਦ
ਵਲ ਕੱਢ ਪਹਿਲਾਂ ਸੋਹਣੀਏ ਤ੍ਰਟਣ ਹੋਵੇ ਬੰਦ।
ਉਗਲ ਰੱਖੀ ਲਾਇ
ਇਕ ਘੜੀ ਤੇ ਘੱਬਿਆਂ ਸੈ ਕੋਹਾਂ ਪਈਐ ਜਾਇ
ਸਾਈਆਂ ! ਘੁਸਣ ਨ ਦੇਵਈਂ ਉਂਗਲ ਰੱਖੀ ਲਾਇ।
ਸ਼ਾਮ ਸਵੇਰੇ
ਗਗਨਾ ਉੱਤੇ ਸ਼ਾਮ ਸਵੇਰੇ ਚੜ੍ਹਦੀ ਹੈ ਜੋ ਲਾਲੀ
ਸੋਨਾ ਭਾਫ ਬਣੇ ਜਿਉ ਚੜ੍ਹਦਾ ਕਜਣ ਰੰਗਤ ਕਾਲੀ
ਸੁਹਣੀ ਦੀਦ
ਪੰਜੇ ਜਾਗੇ ਜਿਨਾਂ ਦੀ ਮਨ ਦੀ ਖੁਲ ਗਈ ਨੀਂਦ
ਅੰਦਰ ਬਾਹਰ ਲਖ ਰਹੇ ਤੇਰੀ ਸੁਹਣੀ ਦੀਦ।
ਇਨਸਾਨੀ ਹਾਲ
ਇਕ ਦਾਣੇ ਪਾ ਰਹੇ ਪੰਛੀਆਂ ਇਕ ਮਛੀਆਂ ਪਾ ਰਹੇ ਜਾਲ
ਦਰਦ ਬਿਦਰਦੀ ਦਾ ਸਖੀ ! ਤਕ ਇਨਸਾਨੀ ਹਾਲ।
ਨਿਰਾਸਤਾ ਵਿਚ ਆਸ
ਦੇਖ ਘਟਾ ਘਨ ਸ਼ਯਾਮ ਜਿਸ ਵਿਚ ਲਾਲੀ ਸੂਰ ਦੀ
ਛੁਹ ਰਹੀ ਜਿੰਦ ਖਿੜਾਨ ਰੋਦੀ ਸੁਹਣੀ ਹਸ ਪਈ ।
ਪੂਰਨ ਸਿੰਘ ਦੇ ਚਲਾਣੇ 'ਤੇ
ਤੇਰੇ ਸੁਰਤ-ਉਛਾਲੇ ਤੈਨੂੰ ਖਿਧੂ ਜਿਉਂ ਬੁੜ੍ਹਕਾਵਨ ।
ਫਰਸ਼ੋਂ ਚੁੱਕ ਅਰਸ਼ ਵਲ ਤੇਰੇ ਹੰਭਲੇ ਪਯੇ ਮਹਵਾਵਨ
ਕਿਸੇ ਉਛਾਲੇ ਸਮੇਂ ਅਰਸ਼ ਦੇ ਆ ਗਈ ਹੱਥ ਕਲਾਈ।
ਖਿੱਚ ਉਤਾਹਾਂ ਲਿਆ ਤੁਧੇ ਨੂੰ ਬਾਗ਼ ਅਪਨੇ ਲਾਵਨ ।
(ਪ੍ਰੋ: ਪੂਰਨ ਸਿੰਘ ਦੇ ਸਦੀਵੀ ਵਿਛੋੜੇ ਤੇ ਲਿਖੀ ਗਈ,
ਟੁਟਦੇ ਤਾਰੇ ਦੀ ਲਸ
(ਸ੍ਰੀ ਮਜੀਠੀਆ ਜੀ ਦੇ ਚਲਾਣੇ ਤੇ ਲਿਖੀ ਕਵਿਤਾ)
ਨੀਲੇ ਅਜ ਅਸਮਾਨ ਤੋਂ ਇਕ ਤਾਰਾ ਟੁੱਟਾ।
ਗਗਨਾ ਦੇ ਸਿੰਗਾਰ ਨੂੰ ਉਹ ਕਰ ਗਿਆ ਬੁੱਟਾ।
"ਅੱਖ ਚੁੰਧਯਾਈ'' ਲਿਸ਼ਕ ਇਕ ਇਸ ਟੁਟਦਿਆਂ ਪਾਈ
ਵੱਲ ਅਕਾਸ਼ਾਂ ਤੱਕਦੀ ਤਦ ਵਿਸਮ ਲੁਕਾਈ।
ਅਚਰਜ ਹੁੰਦੇ ਜਾਂਵਦੇ, ਸਭ ਦੇਖਣਹਾਰੇ,
ਮਗਰੇ ਨਜ਼ਰ ਦੁੜਾਂਵਦੇ, ਉਸ ਨੂਰ ਨਜ਼ਾਰੇ।
ਵਾਹ ਵਾਹ ! ਮੂੰਹੋ ਆਖਦੇ, ਤੇ ਸਿਫ਼ਤਾ ਕਰਦੇ
ਇਕ ਦੂਏ ਨੂੰ ਦੱਸਦੇ, ਤੇ ਦਮ ਗੁਣ ਦਾ ਭਰਦੇ।
ਰਸਨਾਂ ਕਰਨ ਸਲਾਹੁਤਾ, ਨੌਂ ਵਗਦੇ ਨਾਲੇ,
ਹਨ ਗੁਣਹਾਰ ਪ੍ਰੋਦੀਆਂ ਬੀ ਕਲਮਾ ਨਾਲੇ।
ਪਰ ਉਹ ਤਾਰਾ ਕਰ ਗਿਆ, ਹੁਣ ਧਾਈ ਲੰਮੀ
ਉਸ ਲਈ ਇਹ 'ਗੁਣ ਕਥਾ', ਹੁਣ ਹਈ ਨਿਕੰਮੀ ।
ਰਸਨਾ ਸਭੇ ਸੂਮ ਸਨ, ਜਦ ਸੀ ਓ ਜੀਂਦਾ,
ਕਲਮਾ ਸਨ ਸਭ ਸੁਤੀਆਂ, ਜਦ ਸੀ ਓ ਥੀਦਾ।
ਕਦਰ ਕੀਤਿਆਂ ਜਦੋਂ ਸੀ, ਦਿਲ ਉਸ ਦੇ ਖਿੜਨਾ,
ਖੂਹ ਸਲਾਹੁਤ ਨੇ ਤਦੋਂ, ਸੀ ਨਾਹੀ ਗਿੜਨਾ।
ਵਧਣਾ ਸੀ ਗੁਣ ਉਸਦੇ, ਜਦ ਕਦਰ ਪੁਆ ਕੇ
ਗੁਣ ਦੇਣਾ ਸੀ ਅਸਾਂ ਨੂੰ, ਕੁਛ ਹੋਰ ਵਧਾ ਕੇ ।
ਵਾਹ ਵਾਦੀ ਜਦ ਤੰਦ ਸਿਉ 'ਗੁਣ ਚੰਦ' ਵਧੀਜੇ
ਤਦੋਂ 'ਸਲਾਹੁਤ-ਸੰਘ' ਸਨ, ਸੁਖ ਰਹੇ ਘੁਟੀਜੇ ।
ਟੁਟਦੇ ਤਾਰੇ ਦੀ ਲਿਸ਼ਕ ਦੀ ਦੇਖੋ ਕਰਨੀ
ਕਰਾਮਾਤ ਵਿਚ ਏਸਦੇ, ਇਹ ਜਾਦੂਗਰਨੀ।
ਸੀਤੇ ਮੂੰਹਾਂ ਖੁਹਲਦੀ, ਮੂੰਹ ਸੀਵੇ ਪਾਟੇ,
ਸਥਲੇ ਕਰਦੀ ਥਥਲਿਆਂ, ਜੋ ਸਨ ਅਧਵਾਟੇ।
ਸੁਕੇ ਸੰਘੇ ਤਰ ਕਰੇ ਸੰਗੀਤ ਲਗਾਂਦੀ,
ਰਸਨਾ ਗੁੰਗੇ ਲਾਂਵਦੀ ਗੁਣਹਾਰ ਗੁਵਾਂਦੀ ।
ਕਲਮਦਾਨ ਤੋਂ ਕਲਮ ਨੂੰ, ਕਢ ਬਾਹਰ ਲਿਆਵੇ
ਬਸਤੇ ਖੁਹਲੇ ਕਾਗਤਾਂ, ਗੁਣ ਗੀਤ ਲਿਖਾਵੇ।
ਵੈਰੀ ਸੱਜਨ ਸੱਭ ਨੂੰ ਇਕ ਰੰਗ ਚੜ੍ਹਾਵੇ
ਅਪਨੀ ਮਹਿਮਾਂ ਵਿਚ ਹੈ, ਸਭ ਜੋਗ ਲਗਾਵੇ।
ਚਕਾਚੂੰਧ ਜੋ ਛਾਂਵਦੀ, ਲਸ ਟੁਟਦੇ ਤਾਰਿਓ,
ਸਿਫ਼ਤ ਸਲਾਹ ਦੀ ਭੇਟ ਹੈ, ਲੈ ਲੈਂਦੀ ਸਾਰਿਓਂ
ਨੈਨਾ ਤੇ ਕਮਲ
ਖਿੜੀ ਕਮਲ ਵਾੜੀ ਵਿਖੇ
ਖਲੀ ਜਾਇ ਮੁਟਿਆਰ
ਨੰਨ ਦੇਖ ਰੀਝੇ ਕਮਲ
ਨਿਉ ਨਿਊ ਕਰਨ ਜੁਹਾਰ
ਲਗੀ ਕਮਲ ਤੋੜਨ ਜਦੋਂ
ਮੈਨੂੰ ਮੈਨੂੰ ਤੋੜ
ਕੂਕ ਮਚੀ 'ਚਲ ਨਾਲ ਲੈ'
ਹਾਇ ਨ ਪਿੱਛੇ ਛੋੜ ।
ਸਨਮੁਖ ਪ੍ਰੇਮ
ਧਾਈਆਂ ਆਈਆਂ ਗਈਆਂ ਸਰ ਤੇ,
ਪਾਣੀ ਪੀ ਪਿਠ ਮੋੜੀ
ਨਚਦਾ ਮੋਰ ਆਯਾ ਜਲ ਪੀਤਾ
ਕੰਡ ਨ ਮੋੜੀ ਥੋੜੀ,
ਤ੍ਰਿਪਤ ਹੋਇ ਸਨਮੁਖ ਰਹਿ ਟੁਰਦਾ
ਜਲ ਤਕਦਾ ਤੇ ਹਟਦਾ,
ਸ਼ਾਲਾ । ਤੇਹ ਮੋਰਾਂ ਦੀ ਦੇਣੀ
ਪੀ ਰੱਜ ਤੁਧ ਨੂੰ ਝੋੜੀ ।
ਰਖ ਯਕੀਨ ਮਿਹਰਾਂ ਤੇ
ਰਹੇ ਉਡੀਕ ਬਿਨਾ ਉਹ ਸੁਹਾਗਵੰਤੀ ਨਾ
ਉਡੀਕ- ਵੰਤ ਸੁਹਾਗਨ ਪਤੀ ਸਹਾਰੇ ਤੇ ।
ਉਡੀਕ ਜੀਵਨ ਹੈ ਮਸ਼ਕ-ਪ੍ਰੇਮ-ਤਖਤਾ ਏ
ਬਿਰੋ ਸੁਆਦ ਰਸੇ ਦਿਲ ਖਿਚੇ ਦਿਦਾਰੇ ਤੇ ।
ਉਡੀਕਵੰਤ ਰਹਾਂ ਰਖ ਯਕੀਨ ਮਿਹਰਾਂ ਤੇ
ਵਿਛਾ ਕਿ ਨੈਣ ਰਸਤੇ ਨਦਰ ਪਾਵਣਹਾਰੇ ਦੇ।
ਬੁਲਬੁਲ ਅਤਾਰ ਨੂੰ
ਮੇਰਾ ਰੂਪ ਤੇ ਰੰਗ ਖੁਸ਼ਬੋ ਵਾਲਾ,
ਪ੍ਰੀਤਮ ਜੀਵਨੋ ਤੋੜ ਗੁਵਾਇਆ ਈ।
ਆਖੇਂ : 'ਤਤ ਮੈਂ ਤੱਤ ਨਿਕਾਲ ਲੈਸਾਂ '
ਦੇਗਾਂ ਉਬਲਦੀਆਂ ਦੇ ਵਿਚ ਪਾਇਆ ਈ।
ਅਰਕ ਕਢ ਕੇ ਫੇਰ ਨਿਤਾਰਨੋਂ ਵੇ!
ਅਤਰ ਕਢ ਬੀ ਸਬਰ ਨ ਆਇਆ ਈ ।
ਫੇਰ ਲਾਇ ਰਸਾਇਨਾਂ ਲਏਂ ਤਰਲੇ
ਲੇਸ ਮਾਤ੍ਰ ਜੋ 'ਹੋਰ' ਕਢਾਇਆ ਈ।
ਐਪਰ ਦੇਖ ਤੂੰ ਕੁਦਰਤਾਂ ਅਤਾਰ ਸੁਹਣੇ!
ਤੇਰੇ ਹੱਥ ਗੁਲਾਬ ਨ ਆਇਆ ਈ ।
ਜੋ ਕੁਛ ਤੱਤ ਹੁਣ ਤੇਰੀਆਂ ਸ਼ੀਸ਼ੀਆਂ ਵਿਚ
ਓਹ ਨਹੀ ਗੁਲਾਬ ਬੁਹਾਇਆ ਈ।
ਓਹ ਜੀਰੋਨਾਇਲ ਰਹਿ ਗਿਆ, ਦਾਨਿਆ ਵੇ!
ਕਾਹਨੂੰ ਤੋੜ ਗੁਲਾਬ ਗੁਆਇਆ ਈ ।
ਗੋਧੀ
ਅਸੀ ਬਾਲ ਨਿਆਣੇ ਨੀ ਮਾਏ,
ਸਾਨੂੰ ਅੰਮੀ ਤੂੰ ਲਾਡ ਲਡਾਏ:
ਅਸੀ ਮੰਗਦੇ ਹਾਂ ਤੇਰੀ ਝੋਲੀ
ਦਿਤੀ ਸੁਹਣੀ ਨੇ ਖੰਡ ਦੀ ਗੋਲੀ
ਇਹ ਬੀ ਦਾਤ ਹੈ ਤੇਰੀ ਨੀ ਮਾਏ !
ਸਾਥੋਂ ਸ਼ੁਕਰ ਸ਼ੁਕਰ ਅਖਵਾਏ
ਐਪਰ ਝੋਲੀ ਦਾ ਸੁਆਦ ਨੀ ਮਾਏ!
ਕਰੀ ਦੂਰ ਉਹ ਝੋਲੀ ਨ ਮਾਏ
ਰਖੀਓ ਝੋਲੀ ਦੇ ਵਿਚ ਬਿਠਾਏ।
ਤੇਰੀ ਬਾਹਾਂ ਦੀ ਉਲਰ ਅਨੋਖੀ
ਜਦੋਂ ਪੈਂਦੀ ਹੈ ਉਲਰ ਕੇ ਚੋਖੀ
ਧੂੜ ਭਰਿਆਂ ਨੂੰ ਲਏ ਉਠਾਇ
ਛੁਹੰਦੇ ਸਾਰ ਹੈ ਧੂੜਾ ਉਡਾਏਂ
ਜਦੋਂ ਝੋਲੀ ਦੇ ਵਿਚ ਬਿਠਾਇ
ਆਵੇ ਸੁਆਦ ਜੋ ਮੇਰੀਏ ਮਾਇ
ਜਾਵੇ ਮਾਣੀਆ, ਕਹਿਆ ਨ ਜਾਇ
ਰਖ ਗੋਦੀ ਦੇ ਵਿਚ ਬਿਠਾਇ।
ਰਖ ਝੋਲੀ ਦੇ ਵਿਚ ਸਦਾਇ
ਕਰੀਓ ਦੂਰ ਨ ਝੋਲੀਓ ਅੰਮੀ ਨੀ !
ਵਿੱਥ ਪਵੇ ਨ ਮੇਰੀਏ ਅੰਮੀ ਨੀ !
ਅੰਮੀ ਅੰਮੀ ਨੀ ਮੇਰੀਏ ਅੰਮੀ ਨੀ !
ਕਰੀਓ ਝੋਲੀਓ ਵੱਖ ਨ ਅੰਮੀ ਨੀ !
ਮੈਂ ਓਹੋ
ਮੈਂ ਓਹੋ ਨੀ ਓਹੋ ਕੁੜੀਏ
ਜਿਸ ਤੋਂ ਪਰੇ ਰਿਹਾਂ ਸੁਖ ਮਾਣੇ
ਜਿਸ ਵਿਚ ਟੁਰੋਂ ਤਾਂ ਛਤਰੀਆਂ ਤਾਣੇ
ਮੈਂ ਓਹੋ ਨੀ ਓਹ
ਅੰਦਰ ਬਹੇਂ ਤਾਂ ਬੂਹੇ ਮਾਰੇਂ
ਨੀਲੇ ਪੜਦੇ ਪਈ ਪਸਾਰੇਂ
ਬੰਦ ਝਰੋਖੇ ਤਾਕੀਆਂ ਸਾਰੇ
ਮਤ ਮੈਂ ਵੜ ਜਾਂ ਅੰਦਰ ਤੇਰੇ
ਮੈਂ ਓਹੋ ਨੀ ਓਹੋ
ਹੁਣ ਤੂੰ ਓਹੋ ਮੈਨੂੰ ਭਾਲੋਂ
ਮੂੰਹ ਚੁਕ ਤਕੇਂ ਬਦਲ ਕਾਲੇ
ਕਦੋਂ ਫਟਣ ਧੁਪ-ਮੂੰਹ ਦਿਖਾਲੇ
ਮੈਂ ਓਹੋ ਨੀ ਓਹੋ
ਚਾਣਚਕ ਜੇ ਦਰਸ ਦਿਖਾਵਾਂ
ਦੂਰ ਹੋਣ ਓਹ ਛਾਈਆਂ ਛਾਵਾਂ
ਤੂੰ ਆਖੇਂ ਮੈਂ ਧੁਪੇ ਜਾਵਾਂ
ਛਡੋ ਸਹੀਓ, ਕੁਰਸੀ ਡਾਵ੍ਹਾਂ
ਧੁਪ ਸੇਕਣ ਦੀਆਂ ਮੋਜਾਂ ਮਾਣਾ
ਮੈਂ ਓਹੋ ਨੀ ਓਹੋ
ਪਿਆਰ ਤੁਸਾਡੇ ਦਾ ਕੀ ਮੁਲ
ਕਦੇ ਤਾਂ ਪੈਂਦਾ ਡੁਲ੍ਹ ਡੁਲ੍ਹ ਡੁਲ੍ਹ
ਕਦੇ ਤਾਂ ਜਾਂਦਾ ਭੁੱਲ ਭੁੱਲ ਭੁੱਲ
ਸੁਣੀਓ ਲੋਕਾ ਗਲ ਅਤੁਲ
ਏਸ ਪਿਆਰ ਤੇ ਕਦੇ ਨ ਫੁਲ
ਮੈਂ ਓਹ ਨੀ ਓਹੋ
ਬੇਦੋਸ਼
੧
ਵਾਹ ਫਿਕਰਾਂ ਦੇ ਕੋਟ ਔਰੰਗੇ
ਤੇਗ਼ ਬਹਾਦਰ ਗੁਰ ਬੇਦੋਸ਼ 'ਤੇ
ਤੇਗਾਂ ਚਾ ਚਲਵਾਈਆਂ
२.
ਕਾਤਲ ਗੁਪਤ ਘਲ ਵਜ਼ੀਰ ਖਾਂ
ਅਕਲਾਂ ਖੂਬ ਦੁੜਾਈਆਂ
ਕਲਗੀਆਂ ਵਾਲੇ ਜਗਤ ਪਿਤਾ ਦੇ
ਖੰਜਰ ਪੇਟ ਖੁਭਾਈਆਂ
३.
ਵਾਹ ਤੇਰੀ ਓ ਅਕਲ ਦਾਨਿਆਂ
ਸ਼ੀਰਖੋਰ ਫੜੇ ਬਾਲਕ
ਕੰਧਾਂ ਗਿਰਦ ਚੁਨਾਈਆਂ
४.
ਜੋ ਕੁਛ ਤੁਸੀਂ ਬਚਾਣਾ ਚਾਹਿਆ
ਅਕਲਾਂ ਖੂਬ ਦੁੜਾਕੇ
ਉਹ ਕੁਛ ਰੁੜ੍ਹ ਗਿਆ ਵਾਂਙ ਤੀਲਿਆਂ
ਰੁੜ੍ਹ ਗਈਆਂ ਸਭ ਦਾਨਾਈਆਂ
੫
ਕ੍ਰੋੜਾਂ ਲੱਖਾਂ ਹਜ਼ਾਰਾਂ ਲੋਕਾਂ
ਤਦ ਤੋਂ ਹੁਣ ਤਕ ਦੇਖੋ
ਨਿੰਦਿਆਂ ਤੁਸਾਂ ਦਾਨਾਈਆਂ
ਫਿਟਕਾਰਾਂ ਫਿਟਕਾਰਾਂ ਮਿਲਦੀਆਂ
ਅੱਜ ਤਕ ਤੁਸਾਂ ਦਾਨਾਈਆਂ
੬
ਵਾਹ ਤੇਰੀਆਂ ਦਾਨਾਈਆਂ ਦੁਨੀਆਂ
ਵਾਹ ਤੇਰੀਆਂ ਦਾਨੀਆਂ
ਖੰਭ ਅਕਲ ਦੇ ਸੜਦੇ ਜਿਥੇ
ਓਹ ਹੋਣੀਆਂ ਵਰਤਾਈਆਂ
ਵਾਹ ਤੇਰੀਆਂ ਦਾਨਾਈਆਂ ਦੁਨੀਆਂ
ਵਾਹ ਤੇਰੀਆਂ ਦਾਨਾਈਆਂ
੭
ਵਾਹ ਯੂਨਾਨੀ ਜੱਜ ਦਾਨਿਓ
ਵਾਹ ਤੁਹਾਡੀਆਂ ਦਾਨਾਈਆਂ
ਸੁਕਰਾਤ ਜਿਹੇ ਦਾਨੇ ਨੂੰ ਫੜ ਕੇ
ਵਿਹੁ ਪਿਆਲੀਆਂ ਪਿਲਵਾਈਆਂ
੮
ਵਾਹ ਵੋਹ ਰੋਮਨ ਪਾਲਟ ਦਾਨੇ
ਫਕੀ ਨੂੰ ਫਰੀਸ ਕਾਈਆਂ
ਈਸਾ ਵਰਗੇ ਨਿਰਾਪ੍ਰਾਧ ਨੂੰ
ਸੂਲੀ ਫੜ ਲਟਕਾਈਆਂ
੯
ਵਾਹ ਮੁਗਲਾ ! ਵਾਹ ਕਾਜ਼ੀ ਮੁਫ਼ਤੀ !
ਵਾਹ ਇਨਸਾਫ ਦਾਨਾਈਆਂ
ਗੁਰ ਅਰਜਨ ਬੇਦੋਸ਼ ਪਕੜੇ
ਕੀਤੀਆਂ ਰੇਤ ਵਿਛਾਈਆਂ
ਉਤੋਂ ਹੋਰ ਤਤੀਆਂ ਰੇਤਾਂ
ਭਰ ਭਰ ਕੜਛ ਪਵਾਈਆਂ।
ਸ਼ੀਸ਼ਾ
ਜਗਤ ਪ੍ਰਸਿਧ ਦਾਨਿਆਂ ਰਲ ਕੇ
ਮੂਰਤ ਇਕ ਬਨਾਈ
ਚੁਣ ਚੁਣ ਸੁਹਣੇ ਰੰਗ ਅਨੇਕਾਂ
ਇਕ ਤਸਵੀਰ ਫਬਾਈ
ਇਹ ਤਸਵੀਰ ਜੜੀ ਵਿਚ ਸ਼ੀਸ਼ੇ
ਸ਼ੀਸ਼ਾ ਸੀ ਕਰਾਮਾਤੀ
ਜੜੀ ਮੂਰਤ ਨੂੰ ਪਿਆ ਦਿਸਾਵੇ
ਪਰ ਜੇ ਗਹੁ ਭਰ ਕੀਤਾ ਦ੍ਰਿਸ਼ਟੀ
ਮੂੰਹ ਦਸਣ ਵਾਲੇ ਸ਼ੀਸ਼ੇ ਦਾ
ਕੰਮ ਬੀ ਇਹ ਸ਼ੀਸ਼ਾ ਪਿਆ ਦੇਵੇ
ਜਦ ਮੈਂ ਤਕਾਂ ਇਸ ਮੂਰਤ ਵਿਚ
ਪਵਾਂ ਨਾ ਕਿਸੇ ਭੁਲੇਵੇ ।
ਸੁੰਦਰਮ
ਤੇਰੇ ਲਈ ਏ ਬੁਤ ਤੇਰਾ
ਉਸ ਨਹੀਂ ਸੀ ਸਾਜਿਆ।
ਛਿਪਕੇ ਬੈਠਣ ਲਈ ਅਪਨੇ
ਛੰਨ ਸੀ ਇਕ ਛਾ ਲਿਆ।
ਉਕਤਾ ਗਿਆ ਸੀ ਬਹਿ ਇਕੱਲਾ
ਅਰਸ਼ ਤੇ ਬੈਕੁੰਠ ਵਿਚ ।
ਨਾਜ਼ਰ ਹੋ ਦੇਖਣ ਲਈ ਉਸ
ਏ ਬਾਗ਼ ਸੀ ਲੁਆ ਲਿਆ।
ਦੇਖੇ ਦਿਖਾਵਾ ਸੁੰਦਰਮ
ਜੋ ਆਪ ਉਸ ਫੈਲਾਇਆ।
ਕੌਣ ਤੂੰ ਹੈ ਚੁਪ ਰਹੁ ਰੇ
ਮਗ਼ਜ਼ ਕਾਹਨੂੰ ਖਾ ਲਿਆ।
ਨਿਆਣਾ ਬਾਲ
ਜਾਤ ਮਿਰਾਸੀ, ਸਮਝ ਨ ਸੋਝੀ
ਭਰਿਆ ਭੁਲਾਂ ਨਾਲ ।
ਬੁਲਬੁਲ ਗਲਾ ਰਸੀਲਾ ਨਾਹੀ
ਨਾ ਸੁਧ ਸੁਰ ਨਾ ਤਾਲ !
ਜਪ ਤਪ ਸੰਜਮ ਨਾ ਬ੍ਰਤ ਪੂਜਾ
ਨਾ ਘਾਲੀ ਕੋਈ ਘਾਲ।
ਹਦ ਰਿਆਜ਼ਤ ਕੁਈ ਨਾ ਪੱਲੇ
ਨਾ ਵਿਚ ਇਲਮ ਕਮਾਲ ।
ਰੂਸ ਰੂਸ ਪਵਾਂ ਜਿਵੇਂ ਕੋਈ ਰੁਸੇ
ਮਾਂ ਸਿਓਂ ਨਿਆਣਾ ਬਾਲ।
ਹੁਕਮ ਕਮਾਈਏ ਕਾਰ
ਕੋਲੋਂ ਗਾ ਉਠੀ ਇਕ ਬੁਲਬੁਲ
"ਹੁਕਮ ਕਮਾਈਏ ਕਾਰ"
ਨਚੀਏ, ਟਪੀਏ, ਗਾਈਏ, ਉਡੀਏ
ਹੁਕਮ ਕਮਾਈਏ ਕਾਰ।
ਵਸਲ, ਬਸੰਤ, ਪਤਝੜੀ, ਵਿਛੜਨ
ਪ੍ਰੀਤਮ ਕਦੇ ਨ ਵਿਸਰੇ
ਵਿਚ ਸੰਗੀਤ ਪਰਚੀਏ ਸਖੀਏ
ਹੁਕਮ ਕਮਾਈਏ ਕਾਰ।
ਆਪਾ ਚੀਨੀ
ਤਕੋ ਸਹੀਓ ! ਅਜ ਅਸਾਂ ਨੂੰ ਸ਼ੀਸ਼ਾ ਹੈ ਇਕ ਮਿਲਿਆ
'ਖੁਦ ਬੀਨੀ' ਤੇ 'ਆਪਾ ਚੀਨੀ' ਦੋ ਰੰਗੀ ਸੰਮਿਲਿਆ
ਸ਼ਾਲਾ ਇਸ ਵਿਚ ''ਆਪਾ ਚੀਨਣ ਵਾਲੀ'' ਮੂਰਤ ਵੇਖਾਂ
ਖ਼ੁਦ ਬੀਨੀ ਦਾ ਰੰਗ ਏਸ ਦਾ ਹਹੇ ਦੂਰ ਹੀ ਖਲਿਆ
ਅਪਨੀ ਅਰਦਾਸ
(ਸ੍ਰੀ ਗੁਰੂ ਅੰਗਦ ਦੇਵ ਜੀ ਦੀ ਸੇਵਾ ਵਿਚ)
ਹੇ ਗੁਰੂ ਅੰਗਦ ਦੇਵ !
ਨਿਰੀ ਨਾ ਤੂੰ ਤਸਵੀਰ ਗੁਰੂ ਨਾਨਕ ਦੀ ਸੁਹਣਿਆਂ
ਤੂੰ ਉਹੀ ਸਰੀਰ, ਓਹੋ ਮਨ, ਓਹੋ ਜੋਤ ਹੈਂ ਤੂੰ
ਤੁੱਠ ਉਸੇ ਹੀ ਵਾਂਙ ਚਰਣ ਸ਼ਰਣ ਦਾ ਦਾਨ ਦੇ
ਨਿਭ ਜਾਏ ਮੇਰੀ ਸਾਂਝ ਤੇਰਾ ਸਿੱਖ ਅਖਵਾਣ ਦੀ
ਹੇ ਗੁਰ ਅੰਗਦ ਦੇਵ ! ਕਿਲਵਿਖ ਕਰ ਦਿਓ ਦੂਰ
ਲਾ ਕੇ ਅਪਨੀ ਸੇਵ 'ਸਜਣ' ਵਾਂਙ ਉਧਾਰ ਲੈ ।
ਸਦਾ ਹਜ਼ੂਰ
ਸਾਹਿਬ ਸਦਾ ਹਜੂਰ ਹੈ
ਮਨ ਹੈ ਗ਼ੈਰ ਹਜ਼ੂਰ
ਖੇਲਾਂ ਰਤੜੇ ਬਾਲ ਜਿਉਂ
ਮਾਂ ਤੋਂ ਰਹਿੰਦਾ ਦੂਰ ।
ਅਦਾ
ਡੌਰੂ ਵਜਾਇ ਢੋਲਾ !
ਲੋਕੀ ਜਾ ਸੁਣ ਕੇ ਆਵਣ
ਢੂੰਡਤ ਫਿਰੇਂ ਤੂੰ ਓਹਲਾ
ਆਪਾ ਕਰੇਂ ਛਿਪਾਵਨ
ਇਹ ਕੀ ਅਦਾ ਹੈ ਤੇਰੀ !
ਭੇਤ
ਜੇ ਮਿਲਨੇ ਵਿਚ ਹੈ ਦੇਰੀ
ਉਦਾਸੀ ਦਿਲ ਦੀ ਨ ਖਾ ਕੋਈ
ਬਣਾ ਸਾਥੀ ਤੂੰ ਇਕ ਤੋਤਾ
ਜੁ ਜ਼ਾਹਰ ਭੇਤ ਨ ਹੋਈ
ਸਿਖਾ ਉਸਨੂੰ ਤੂੰ ਨਾਂ ਪ੍ਰੀਤਮ
ਰਟੇ ਜੋ ਰਾਤ ਦਿਨ ਬੈਠਾ
ਤੇਰੇ ਸ੍ਰਵਣ ਤੇ ਘਰ ਤੇਰਾ
ਪਵਿਤਰ ਦੇਹ ਨਗਰ ਹੋਈ।
ਰਾਗ
ਫਸ ਸੰਗੀਤ ਰਿਹਾ ਸੰਘ ਤੇਰੇ
ਤਦੇ ਖੰਘੂਰੇ ਮਾਰੇਂ ।
ਗਾ ਗਾ ਕੇ ਕਢ ਇਸਨੂੰ ਬਾਹਰ
ਬੁਲਬੁਲ ਜਿਉ ਗਾ ਗਾ ਰੇ।
ਅੰਦਰ ਰਖਿਆ ਰਾਗ ਨ ਰਹਿੰਦਾ
ਤਾਣ ਪਿਆ ਕੋਈ ਲਾਵੇ
ਇਸ ਸੁਨਣੇ ਦਾ ਜਗ ਹੱਕ ਰਖੇ
ਦੇ ਦੇ ਹੱਕ ਪਰਾਰੇ ।
ਸੀਰਤ
ਮੈਂ 'ਸੂਰਤ' ਤੂੰ ਸੂਰਤ ਹੈ ਨਹੀ
ਸੂਰਤ ਬਿਨ 'ਸੀਰਤ' ਤੂੰ
ਸੀਰਤ ਨਿਰੀ ਨ ਪਕੜੇ ਆਵੇ
ਹਾਰੀ ਫੜ ਫੜ ਸੀਰਤ ਨੂੰ
ਕਦੇ ਤਾਂ ਸੂਰਤ ਬਣਕੇ ਆ ਜਾ
ਗਲ ਲਾ ਲੈ ਤਰਸੰਦੜੀ ਨੂੰ
ਸੂਰਤ ਨਾਲ ਜੇ ਸੀਰਤ ਦਿੱਸੇ
ਪਕੜ ਬਹਾਵਾਂ ਸੀਰਤ ਨੂੰ
ਕੱਜੀ ਰਿੱਝੇ
ਰੱਜ ਰੱਜ ਕੇ ਭੰਡ ਲਿਆ ਜੇ,
ਹੁਣ ਤਾਂ ਆਖੋ ਬੱਸ!
ਕੱਜੀ ਰਿੱਝੇ ਕੋਈ ਨ ਬੁੱਝੇ,
ਤਦ ਤਾਂ ਭਰਦਾ ਰੱਸ।
ਨਿੰਦਾ ਉਸਤੁਤਿ ਦੋਊ ਬਿਵਰਜਤ
ਨਾ ਰੋ, ਨਾ ਪਿਆ ਹੱਸ ।
ਦੰਦਾਤੀਤ ਸੁੱਖ ਦਾ ਡੇਰਾ,
ਉਹ ਥਾਂ ਦੇ ਕੋਈ ਦੱਸ ।
(ਅਭਿਨੰਦਨ ਗ੍ਰੰਥ ਭੇਟਾ ਸੰਬੰਧੀ 'ਖਾਲਸਾ ਸਮਾਚਾਰ' ਵਿਚ ਗਿਆਨੀ ਮਹਾਂ ਸਿੰਘ ਜੀ ਵਲੋਂ ਕੀਤੀ ਪ੍ਰਸੰਸਾ ਪੜ੍ਹਕੇ ਲਿਖੀ ਕਵਿਤਾ )
ਰੋਸ਼ਨੀ
ਮਿਲੇ ਇਕ ਛੁਹ ਜਿ ਬਤੀ ਨੂੰ
ਉ ਬਲ ਹੋ ਜਾਇ ਝਟ ਰੋਸ਼ਨ
ਤੂੰ ਫੂਕੀ ਸਿਰ ਬਿਸਕ ਜਾਈ
ਦੇ ਫੂਕਾਂ ਸਿਰ ਖਪਾਈ ਜਾ
ਕਦੇ ਰੱਸੇ ਬਲੌਦੇ ਨਾਂ
ਖਰਵੇ ਹੱਥ
ਝਾਵੇਂ ਘੁਮਿਆਰਾਂ ਘੜੇ
ਇਕ ਤੋਂ ਇਕ ਵਧੀਕ
ਤੇਰੇ ਹੱਥ ਦੀ ਸੰਮਤਾ ਸੱਕੇ ਕਰ ਨ ਰਤੀਕ
ਦੋ ਦੋਹੇ
१.
ਕਰ ਕ੍ਰੋਧ, ਦੁਖ ਦਿਤਿਆਂ
ਆਪਾ ਖਾਧਾ ਜਾਇ,
ਜਿਉ ਮਧੁ ਮਾਖੀ ਡੰਗ ਕੇ
ਅਪਣੀ ਜਿੰਦ ਗਵਾਇ ॥੧॥
२.
ਮਨ ਬੈਰੀ ਭਇਆ,
ਘਰ ਮੇਂ ਲਗ ਰਹੀ ਰਾਰ,
ਬਿਤੇ ਰਾਤ ਦਿਨ ਰਾਰ ਮੇਂ
ਕਹਿ ਬਿਧਿ ਮਿਲੇ ਮੁਰਾਰਿ ॥੨॥
ਤ੍ਰਿਸ਼ਨਾ
ਤ੍ਰਿਸ਼ਨੇ ! ਬਣ ਜਾ ਦਰਸ਼ਨ-ਤ੍ਰਿਸ਼ਨਾ
ਲਗੀ ਰਹੁ ਮੈਂ ਨਾਲ 'ਲਾਲ
ਲਾਲਸਾ' ਬਿਨ ਸੁਣ ਸਖੀਏ
ਰਹੇ ਨ ਹੋਰ ਸੰਭਾਲ।
ਤ੍ਰੁਠ ਪਵੋ
ਨਦੀਓ ਤਰੰਦੜੀ ਤੇ ਤੁਲਹਾ ਪੁਰਾਣਾ
ਖੇਉ ਨ ਜਾਣਾ, ਮੈਂ ਮਨ ਤਾਰੂ ਦਸ ਮੇਰੇ ਸਾਹਿਬ
ਕਿਵੇਂ ਖੇਉ
ਨ ਝੋਲੀ ਨ ਤੌਲਾ ਨ ਬੁਕ ਅੰਗਣੇ
ਤੂਠ ਬੀ ਪਵੋ ਤਾਂ ਕਿਵੇਂ ਲੇਉਂ ?
ਬਿਰਦ ਆਪਣਾ ਪਾਲ
ਸੂਰਜ ਦੁਆਲ਼ੇ ਗ੍ਰਹਿ ਜੋ ਘੁੰਮਦੇ
ਅਪਨੀ ਸ਼ਕਤਿ ਨਾਲ
ਕੁਦਰਤ ਕੌਣ ਅਸਾਡੀ ਦਾਤਾ
ਘੁੰਮ ਸਕੀਏ ਤੁਧ ਦੁਆਲ
ਹੇ ਸੂਰਾਂ ਦੇ ਸੂਰ ਅਮਿਤੇ
ਖਿਚ ਅਪਨੀ ਦੇ ਜ਼ੋਰ
ਰੱਖ ਅਪਣੇ ਦੁਆਲੇ ਘੁੰਮਦੇ
ਬਿਰਦ ਅਪਣਾ ਪਾਲ।
ਰਖੀ ਅਪਨੇ ਨਾਲ
ਦਿਸਦਾ ਨਹੀਂ ਭੁਲੀਦਾ ਨਹੀ
ਰਹਨੈ ਨਾਲੋ ਨਾਲ
ਰਹਨੈ ਨਾਲੋ ਨਾਲ ਸੁਹਣਿਆਂ
ਰਖ ਬੀ ਅਪਨੇ ਨਾਲ
ਰਖ ਬੀ ਅਪਨੇ ਨਾਲ ਸੁਹਣਿਆਂ
ਰਖ ਬੀ ਅਪਨੇ ਨਾਲ