ਸੁੰਦਰਮ
ਤੇਰੇ ਲਈ ਏ ਬੁਤ ਤੇਰਾ
ਉਸ ਨਹੀਂ ਸੀ ਸਾਜਿਆ।
ਛਿਪਕੇ ਬੈਠਣ ਲਈ ਅਪਨੇ
ਛੰਨ ਸੀ ਇਕ ਛਾ ਲਿਆ।
ਉਕਤਾ ਗਿਆ ਸੀ ਬਹਿ ਇਕੱਲਾ
ਅਰਸ਼ ਤੇ ਬੈਕੁੰਠ ਵਿਚ ।
ਨਾਜ਼ਰ ਹੋ ਦੇਖਣ ਲਈ ਉਸ
ਏ ਬਾਗ਼ ਸੀ ਲੁਆ ਲਿਆ।
ਦੇਖੇ ਦਿਖਾਵਾ ਸੁੰਦਰਮ
ਜੋ ਆਪ ਉਸ ਫੈਲਾਇਆ।
ਕੌਣ ਤੂੰ ਹੈ ਚੁਪ ਰਹੁ ਰੇ
ਮਗ਼ਜ਼ ਕਾਹਨੂੰ ਖਾ ਲਿਆ।
ਨਿਆਣਾ ਬਾਲ
ਜਾਤ ਮਿਰਾਸੀ, ਸਮਝ ਨ ਸੋਝੀ
ਭਰਿਆ ਭੁਲਾਂ ਨਾਲ ।
ਬੁਲਬੁਲ ਗਲਾ ਰਸੀਲਾ ਨਾਹੀ
ਨਾ ਸੁਧ ਸੁਰ ਨਾ ਤਾਲ !
ਜਪ ਤਪ ਸੰਜਮ ਨਾ ਬ੍ਰਤ ਪੂਜਾ
ਨਾ ਘਾਲੀ ਕੋਈ ਘਾਲ।
ਹਦ ਰਿਆਜ਼ਤ ਕੁਈ ਨਾ ਪੱਲੇ
ਨਾ ਵਿਚ ਇਲਮ ਕਮਾਲ ।
ਰੂਸ ਰੂਸ ਪਵਾਂ ਜਿਵੇਂ ਕੋਈ ਰੁਸੇ
ਮਾਂ ਸਿਓਂ ਨਿਆਣਾ ਬਾਲ।