ਤੋਪਾਂ ਨਾਲ ਭਾਰੀ ਟਰਾਂਸਪੋਰਟ ਹਵਾਈ ਜਹਾਜ਼ਾਂ ਉੱਤੇ ਗੋਲੀਆਂ ਤੇ ਗੋਲੇ ਵਰ੍ਹਾਉਣ ਲੱਗੇ, ਤੇ ਰਾਕਟਾਂ ਚਲਾਉਣ ਲੱਗੇ । ਮਰੇਸੇਯੇਵ ਆਪਣੇ ਚਾਰ ਹਵਾਈ ਜਹਾਜ਼ਾਂ ਦੇ ਦਸਤੇ ਨਾਲ ਹਮਲੇ ਦੇ ਹਲਕੇ ਦੀ ਰਾਖੀ ਕਰ ਰਿਹਾ ਸੀ; ਉਸਨੂੰ ਆਦਮੀਆਂ ਦੇ ਕਾਲੇ ਅਕਾਰ ਅੱਡੇ ਉੱਤੇ ਦੌੜੇ ਫਿਰਦੇ ਸਪਸ਼ਟ ਦਿਖਾਈ ਦਿੱਤੇ; ਉਸਨੇ ਦੇਖਿਆ ਕਿ ਜੰਮ ਕੇ ਸਖ਼ਤ ਹੋਈ ਬਰਫ਼ ਉੱਤੇ ਟਰਾਂਸਪੋਰਟ ਹਵਾਈ ਜਹਾਜ਼ ਬੋਝਲ ਤਰ੍ਹਾਂ ਨਾਲ ਗੈਂਗ ਰਹੇ ਹਨ; ਉਸਨੇ ਸਤੋਰਮੋਵਿਕਾਂ ਨੂੰ ਮੁੜ ਮੁੜ ਕੇ ਹਮਲੇ ਲਈ ਵਾਪਸ ਆਉਂਦਿਆਂ ਦੇਖਿਆ, ਤੇ ਇਹ ਵੀ ਦੇਖਿਆ ਕਿ ਗੋਲੀਆਂ ਦੀ ਬੁਛਾੜ ਹੇਠ ਜੁੰਕਰਾਂ ਦੇ ਅਮਲੇ ਆਪਣੇ ਹਵਾਈ ਜਹਾਜ਼ਾਂ ਨੂੰ ਚਲਾ ਕੇ ਰਨ-ਵੇ ਤੱਕ ਲਿਜਾ ਰਹੇ ਹਨ, ਤੇ ਹਵਾ ਵਿੱਚ ਉੱਡਾ ਲੈ ਜਾਣ ਦੀ ਕੋਸ਼ਿਸ਼ ਕਰ ਰਹੇ ਹਨ।
ਇਸ ਥਾਂ ਆ ਕੇ ਅਲੈਕਸੇਈ ਮਾਰੂ ਗ਼ਲਤੀ ਕਰ ਬੈਠਾ। ਹਮਲੇ ਦੇ ਹਲਕੇ ਦੀ ਚੌਕਸੀ ਨਾਲ ਰਾਖੀ ਕਰਨ ਦੀ ਥਾਂ ਉਸਨੇ ਆਪਣੇ ਆਪ ਨੂੰ, ਜਿਵੇਂ ਕਿ ਹਵਾਬਾਜ਼ ਕਹਿੰਦੇ ਹਨ,"ਸੋਖੇ ਸ਼ਿਕਾਰ ਦੇ ਝਾਂਸੇ ਵਿਚ" ਆ ਜਾਣ ਦਿੱਤਾ। ਉਸਨੇ ਟੁੱਭੀ ਮਾਰੀ, ਤੇ ਇਕ ਟਰਾਂਸਪੋਰਟ ਜਹਾਜ਼ ਉੱਤੇ, ਜਿਹੜਾ ਅਜੇ ਜ਼ਮੀਨ ਤੋਂ ਥੋਹੜਾ ਹੀ ਉੱਚਾ ਉਠਿਆ ਸੀ, ਆਪਣੇ ਹਵਾਈ ਜਹਾਜ਼ ਨੂੰ ਪੱਥਰ ਵਾਂਗ ਸੁੱਟ ਦਿੱਤਾ ਤੇ ਉਸਦੇ ਬਹਰੰਗੇ, ਚੌਕੋਰ ਤੇ ਲਹਿਰੀਏਦਾਰ ਐਲਮੀਨੀਅਮ ਦੇ ਢਾਂਚੇ ਨੂੰ ਆਪਣੀ ਮਸ਼ੀਨਗਨ ਦੀਆਂ ਗੋਲੀਆਂ ਨਾਲ ਵਿੰਨ੍ਹ ਦਿੱਤਾ। ਉਸਨੂੰ ਆਪਣੇ ਆਪ ਉੱਤੇ ਏਨਾਂ ਯਕੀਨ ਸੀ ਕਿ ਉਸਨੇ ਦੁਸ਼ਮਣ ਦੇ ਹਵਾਈ ਜਹਾਜ਼ ਨੂੰ ਜ਼ਮੀਨ ਉੱਤੇ ਡਿਗਦਿਆਂ ਦੇਖਣ ਦੀ ਵੀ ਪ੍ਰਵਾਹ ਨਾ ਕੀਤੀ। ਅੱਡੇ ਦੇ ਦੂਜੇ ਪਾਸੇ ਇਕ ਹੋਰ ਜੁੰਕਰ ਹਵਾ ਵਿਚ ਉਠਿਆ। ਅਲੈਕਸੇਈ ਉਸਦੇ ਮਗਰ ਗਿਆ। ਉਸਨੇ ਹਮਲਾ ਕੀਤਾ - ਪਰ ਸਫ਼ਲ ਨਾ ਹੋਇਆ। ਉਸ ਵੱਲੋਂ ਚਲਾਈਆਂ ਗਈਆਂ ਗੋਲੀਆਂ ਦੀਆਂ ਬੁਛਾੜਾਂ ਦੁਸ਼ਮਣ ਦੇ ਹੋਲੀ ਹੋਲੀ ਹਵਾ ਵਿੱਚ ਉੱਠ ਰਹੇ ਜਹਾਜ਼ ਦੇ ਉੱਪਰੋਂ ਦੀ ਲੰਘ ਗਈਆਂ। ਉਸਨੇ ਤੇਜ਼ ਮੋੜ ਕੱਟਿਆ ਤੇ ਮੁੜ ਕੇ ਹਮਲਾ ਕਰ ਦਿੱਤਾ, ਪਰ ਫਿਰ ਅਸਫ਼ਲ ਰਿਹਾ, ਮੁੜ ਆਪਣੇ ਸ਼ਿਕਾਰ ਨੂੰ ਆ ਦਬੋਚਿਆ, ਤੇ ਇਸ ਵਾਰੀ ਇਸਦੇ ਚੌੜੇ, ਸਿਗਾਰ ਵਰਗੇ ਢਾਂਚੇ ਵਿੱਚ ਗ਼ਜ਼ਬਨਾਕ ਢੰਗ ਨਾਲ ਦੂਰੋਂ ਕਈ ਵਾਰੀ ਗੋਲੀਆਂ ਵਰ੍ਹਾ ਕੇ ਇਸਨੂੰ ਹੇਠਾਂ ਸੁੱਟ ਦਿੱਤਾ। ਜੁਕਰਾਂ ਨੂੰ ਹੇਠਾਂ ਸੁੱਟਣ ਤੇ ਉਸ ਥਾਂ, ਜਿੱਥੇ ਅਨੰਤ ਜੰਗਲ ਦੇ ਲਹਿਰਾ ਰਹੇ, ਹਰੇ ਸਾਗਰ ਵਿੱਚੋਂ ਧੂਏਂ ਦਾ ਇੱਕ ਕਾਲਾ ਥੰਮ੍ਹ ਨਿਕਲ ਰਿਹਾ ਸੀ, ਦੋ ਵਾਰੀ ਜੇਤੂ ਅੰਦਾਜ਼ ਨਾਲ ਚੱਕਰ ਲਾਉਣ ਤੋਂ ਮਗਰੋਂ, ਉਸਨੇ ਆਪਣੇ ਹਵਾਈ ਜਹਾਜ਼ ਨੂੰ ਵਾਪਸ ਦੁਸ਼ਮਣ ਦੇ ਹਵਾਈ ਅੱਡੇ ਵੱਲ ਲੈ ਆਂਦਾ।
ਪਰ ਉਹ ਉੱਥੇ ਨਾ ਪੁੱਜ ਸਕਿਆ। ਉਸਨੇ ਆਪਣੇ ਤਿੰਨ ਹਵਾਈ ਜਹਾਜ਼ਾਂ ਨੂੰ ਨੌਂ "ਮੇਸਰਾਂ" ਨਾਲ ਲੜਦੇ ਦੇਖਿਆ, ਜਿਨ੍ਹਾਂ ਨੂੰ ਪ੍ਰਤੱਖ ਤੌਰ ਉਤੇ ਸਤੋਰਮੋਵਿਕਾ ਦੇ ਹਮਲੇ ਨੂੰ ਪਛਾੜਨ ਲਈ ਜਰਮਨ ਹਵਾਈ ਅੱਡੇ ਦੇ ਕਮਾਂਡਰ ਨੇ ਬੁਲਾ ਲਿਆ ਸੀ । ਜਰਮਨ ਹਵਾਈ ਜਹਾਜ਼ ਉਹਨਾਂ ਨਾਲੋਂ ਤਿੰਨ ਗੁਣਾ ਸਨ, ਪਰ ਤਾਂ ਵੀ ਹਵਾਬਾਜ਼ ਬੜੀ ਦਲੇਰੀ ਨਾਲ ਉਹਨਾਂ ਉੱਤੇ ਟੁੱਟ ਪਏ ਤੇ ਉਹਨਾਂ ਨੂੰ ਸਤੋਰਮੋਵਿਕਾਂ ਤੋਂ ਦੂਰ ਰੱਖਣ ਦੀ ਕੋਸ਼ਿਸ਼ ਕਰਨ ਲੱਗੇ। ਉਹ ਦੁਸ਼ਮਣ ਨੂੰ ਦੂਰ ਲਿਜਾਈ ਜਾ ਰਹੇ ਸਨ, ਜਿਵੇਂ ਕਿ ਕਾਲੀ ਪਹਾੜੀ ਕੁੱਕੜੀ ਜਖ਼ਮੀ ਹੋਣ ਦਾ ਨਾਟਕ ਕਰਕੇ ਸ਼ਿਕਾਰੀਆਂ ਦਾ ਧਿਆਨ ਖਿੱਚ ਲੈਂਦੀ ਹੈ ਤਾਂ ਕਿ ਉਸਦੇ ਚੂਚੇ ਬਚੇ ਰਹਿਣ।