

ਸਾੜ ਕੇ ਸੁਆਹ ਕਰ ਦਿੱਤਾ। ਬੁੱਢੀ ਨੇ ਇਹ ਵੀ ਦੱਸਿਆ ਕਿ ਜੈਨੀਆਂ ਗਵੇਜ਼ਦਿਓਵ ਪਰਵਾਰ ਲਈ ਵਾਸਤਾ ਪਾਉਣ ਸਭ ਤੋਂ ਵੱਡੇ ਜਰਮਨ ਅਫ਼ਸਰ ਕੋਲ ਗਈ ਸੀ, ਪਰ ਅਫਸਰ ਉਸਨੂੰ ਆਪਣਾ ਆਪ ਉਸਦੇ ਹਵਾਲੇ ਕਰ ਦੇਣ ਲਈ ਮਜ਼ਬੂਰ ਕਰਨ ਵਾਸਤੇ ਕਿੰਨਾਂ ਚਿਰ ਤਸੀਹੇ ਦੇਂਦਾ ਰਿਹਾ। ਉੱਥੇ ਹੋਇਆ ਕੀ, ਬੁੱਢੀ ਨੂੰ ਇਸਦਾ ਨਹੀਂ ਸੀ ਪਤਾ, ਪਰ ਅਗਲੇ ਦਿਨ ਮੋਈ ਹੋਈ ਕੁੜੀ ਨੂੰ ਉਸ ਘਰ ਵਿੱਚੋਂ ਬਾਹਰ ਲਿਆਂਦਾ ਗਿਆ, ਜਿਸ ਵਿੱਚ ਅਫ਼ਸਰ ਰਹਿੰਦਾ ਸੀ, ਤੇ ਦੋ ਦਿਨ ਤਕ ਉਸਦੀ ਲਾਸ਼ ਨਦੀ ਦੇ ਕੰਢੇ ਪਈ ਰਹੀ। ਤੇ ਅਜੇ ਪੰਜ ਹੀ ਦਿਨ ਹੋਏ, ਜਰਮਨਾਂ ਨੇ ਸਾਰੇ ਪਿੰਡ ਨੂੰ ਇਸ ਲਈ ਸਾੜ ਕੇ ਸੁਆਹ ਕਰ ਦਿੱਤਾ ਸੀ ਕਿ ਕਿਸੇ ਨੇ ਸਾਂਝੇ ਫਾਰਮ ਦੇ ਅਸਤਬਲ ਵਿੱਚ ਖੜ੍ਹੇ ਉਹਨਾਂ ਦੇ ਪੈਟਰੋਲ ਦੇ ਟੈਂਕਾਂ ਨੂੰ ਅੱਗ ਲਾ ਦਿੱਤੀ ਸੀ ।
ਬੁੱਢੀ ਫਿਰ ਉਸਨੂੰ ਸੜੇ ਘਰ ਦੇ ਖੰਡਰਾਂ ਕੋਲ ਲੈ ਗਈ ਤੇ ਨਾਲ਼ੇ ਉਸਨੂੰ ਬਰਚੇ ਦਾ ਉਹ ਰੁੱਖ ਦਿਖਾਇਆ। ਬਚਪਨ ਵਿੱਚ ਇਸ ਦਰਖਤ ਦੀ ਇੱਕ ਮੋਟੀ ਜਿਹੀ ਟਾਹਣੀ ਨਾਲ ਉਸਦੀ ਪੀਂਘ ਲਟਕਦੀ ਹੁੰਦੀ ਸੀ । ਹੁਣ ਦਰਖਤ ਸੁੱਕ ਚੁੱਕਾ ਸੀ ਤੇ ਹਵਾ ਵਿੱਚ ਝੂਲ ਰਹੀ ਸੜੀ ਹੋਈ ਟਾਹਣ ਦੇ ਨਾਲ ਪੰਜ ਰੱਸੀਆਂ ਦੇ ਸਿਰੇ ਲਟਕੇ ਹੋਏ ਸਨ। ਆਪਣੇ ਪੈਰ ਬਦਲਦੀ ਤੇ ਮੂੰਹ ਵਿੱਚ ਪ੍ਰਾਰਥਨਾ ਬੁੜਬੁੜਾਉਂਦੀ ਹੋਈ ਬੁੱਢੀ ਗਵੋਜ਼ਦਿਓਵ ਨੂੰ ਨਦੀ ਵੱਲ ਲੈ ਗਈ ਤੇ ਉਸਨੂੰ ਉਹ ਥਾਂ ਦਿਖਾਈ ਜਿੱਥੇ ਉਹ ਕੁੜੀ ਦੀ ਲਾਸ਼ ਪਈ ਰਹੀ ਸੀ, ਜਿਸ ਕੁੜੀ ਨੂੰ ਉਸਨੇ ਰੋਜ਼ ਚਿੱਠੀ ਲਿਖਣ ਦਾ ਵਚਨ ਦਿੱਤਾ ਸੀ, ਜਿਸ ਲਈ ਉਹ ਕਦੀ ਵਕਤ ਨਹੀਂ ਸੀ ਕੱਢ ਸਕਿਆ। ਉਹ ਕੁਝ ਦੇਰ ਸਰਸਰਾਉਂਦੀ ਕਾਈ ਵਿਚਕਾਰ ਖੜ੍ਹਾ ਰਿਹਾ ਤੇ ਫਿਰ ਜੰਗਲ ਵਿੱਚ ਵਾਪਸ ਮੁੜ ਆਇਆ ਜਿਥੇ ਫ਼ੌਜੀ ਉਸਦੀ ਉਡੀਕ ਕਰ ਰਹੇ ਸਨ। ਉਸਨੇ ਇੱਕ ਲਫ਼ਜ਼ ਨਾ ਮੂੰਹੋਂ ਕੱਢਿਆ, ਨਾ ਹੀ ਇੱਕ ਵੀ ਅੱਥਰੂ ਕੇਰਿਆ।
ਜੂਨ ਦੇ ਅਖ਼ੀਰ ਵਿੱਚ, ਪੱਛਮੀ ਮਹਾਜ਼ ਉੱਤੇ ਜਰਨੈਲ ਕੋਨੀਵ ਦੀ ਫ਼ੌਜ ਦੇ ਹੱਲੇ ਵੇਲ਼ੇ, ਗਰਿਗੋਰੀ ਗਵੈਜ਼ਦਿਓਵ ਤੇ ਉਸਦੇ ਫ਼ੌਜੀ ਜਰਮਨ ਮਹਾਜ਼ ਨੂੰ ਤੋੜ ਕੇ ਲੰਘ ਗਏ । ਅਗਸਤ ਵਿੱਚ ਉਸਨੂੰ ਨਵਾਂ ਟੈਂਕ ਦਿੱਤਾ ਗਿਆ, "ਟੀ-38" ਤੇ ਸਰਦੀਆਂ ਤੋਂ ਪਹਿਲਾਂ ਪਹਿਲਾਂ ਹੀ ਉਹ ਬਟਾਲੀਅਨ ਵਿੱਚ ਐਸੇ ਆਦਮੀ ਵਜੋਂ ਪ੍ਰਸਿੱਧ ਹੋ ਗਿਆ ਜਿਸ ਲਈ ਕੋਈ ਹੱਦ-ਬੰਨਾਂ ਨਹੀਂ ਸੀ। ਉਸ ਬਾਰੇ ਕਹਾਣੀਆਂ ਸੁਣਾਈਆਂ ਤੇ ਲਿਖੀਆਂ ਜਾ ਰਹੀਆਂ ਸਨ ਜਿਨ੍ਹਾਂ ਉਪਰ ਯਕੀਨ ਨਹੀਂ ਸੀ ਆਉਂਦਾ, ਪਰ ਤਾਂ ਵੀ ਜਿਹੜੀਆਂ ਹੈ ਸੱਚੀਆਂ ਸਨ । ਇੱਕ ਰਾਤ ਉਸਨੂੰ ਸੂਹ ਲੈਣ ਲਈ ਭੇਜਿਆ ਗਿਆ ਉਹ ਪੂਰੀ ਰਫ਼ਤਾਰ ਨਾਲ ਜਰਮਨ ਮੋਰਚਿਆਂ ਦੇ ਵਿੱਚੋਂ ਦੀ ਲੰਘ ਗਿਆ, ਸਫ਼ਲਤਾ ਨਾਲ ਸੁਰੰਗਾਂ-ਵਿਛਾਏ ਖੇਤਾਂ ਨੂੰ ਪਾਰ ਕਰ ਗਿਆ ਤੇ, ਗੋਲੇ ਚਲਾਉਂਦਾ ਤੇ ਹਫੜਾ-ਦਫੜੀ ਮਚਾਉਂਦਾ ਹੋਇਆ, ਉਹ ਜਰਮਨਾਂ ਦੇ ਕਬਜ਼ੇ ਹੇਠ ਆਏ ਇਕ ਕਸਬੇ ਤੱਕ ਪੁੱਜ ਗਿਆ, ਜਿਸਨੂੰ ਲਾਲ ਫ਼ੌਜ ਨੇ ਅੱਧਾ ਘੇਰਿਆ ਹੋਇਆ ਸੀ, ਤੇ ਦੁਸ਼ਮਣ ਦੀਆਂ ਸਫਾਂ ਵਿੱਚ ਕਾਫ਼ੀ ਖਲਬਲੀ ਮਚਾਉਂਦਾ ਹੋਇਆ, ਦੂਜੇ ਸਿਰੇ ਉੱਤੇ ਮੁੜ ਆਪਣੀਆਂ ਫ਼ੌਜਾਂ ਨਾਲ ਜਾ ਰਲਿਆ। ਇੱਕ ਹੋਰ ਸਮੇਂ, ਜਰਮਨ ਸਫਾਂ ਦੇ ਪਿੱਛੇ ਇੱਕ ਫਿਰਤੂ ਟੋਲੀ ਨਾਲ ਕੰਮ ਕਰਦਿਆਂ, ਉਹ ਲੁਕਵੀਂ ਥਾਂ ਤੋਂ ਤੇਜ਼ੀ ਨਾਲ ਨਿਕਲਿਆਂ, ਤੇ