

ਪੱਠੇ ਬੰਬ” ਨੂੰ, ਜਿਹੜਾ ਉਸਨੂੰ ਆ ਲੱਗਾ ਸੀ, ਤੇ ਫੱਟ ਕਾਰਨ ਸ਼ੁਰੂ ਹੋ ਗਈ "ਲਾਹਣਤੀ ਰੀੜ ਦੀ ਪੀੜ" ਨੂੰ ਕੋਸਦਾ ਰਹਿੰਦਾ ਸੀ।
ਮਰੇਸੇਯੇਵ ਆਪਣੀਆਂ ਭਾਵਨਾਵਾਂ ਨੂੰ ਲੁਕਾਉਣ ਲਈ ਪੂਰੀ ਵਾਹ ਲਾਉਂਦਾ ਸੀ ਤੇ ਇੰਝ ਜ਼ਾਹਿਰ ਕਰਦਾ ਸੀ ਜਿਵੇਂ ਕਿ ਡਾਕਟਰਾਂ ਦੀ ਗੱਲਬਾਤ ਵਿੱਚ ਉਸਦੀ ਕੋਈ ਦਿਲਚਸਪੀ ਨਹੀਂ ਸੀ। ਪਰ ਹਰ ਵਾਰੀ ਜਦੋਂ ਬਿਜਲੀ ਰਾਹੀਂ ਇਲਾਜ ਵਾਸਤੇ ਉਸਦੀਆਂ ਪੱਟੀਆਂ ਖੋਹਲੀਆਂ ਜਾਂਦੀਆਂ, ਤੇ ਉਹ ਦੇਖਦਾ ਕਿ ਕਿਵੇਂ ਹੌਲੀ ਹੌਲੀ ਪਰ ਲਗਾਤਾਰ ਇਹ ਘਿਨਾਉਂਣੀ ਲਾਲੀ ਪੈਰਾਂ ਤੋਂ ਉਪਰ ਨੂੰ ਵਧਦੀ ਆ ਰਹੀ ਹੈ? ਤਾਂ ਉਸਦੀਆਂ ਅੱਖਾਂ ਭੈਅ ਨਾਲ ਟੱਡੀਆਂ ਜਾਂਦੀਆਂ।
ਉਹ ਬੇਚੈਨ ਤੇ ਸੋਗੀ ਤਬੀਅਤ ਦਾ ਹੋ ਗਿਆ। ਕਿਸੇ ਸਾਥੀ ਮਰੀਜ਼ ਦੇ ਭੈੜੇ ਜਿਹੇ ਮਜ਼ਾਕ ਉੱਤੇ, ਬਿਸਤਰੇ ਦੀ ਚਾਦਰ ਵਿੱਚ ਪਏ ਵੱਟ ਉਤੇ, ਬੁੱਢੀ ਵਾਰਡ-ਨੋਕਰਾਣੀ ਦੇ ਹੱਥੋਂ ਝਾੜੂ ਡਿੱਗਣ ਉੱਤੇ ਉਹ ਲੋਹਾ-ਲਾਖਾ ਹੋ ਜਾਂਦਾ, ਤੇ ਬੜੀ ਮੁਸ਼ਕਲ ਨਾਲ ਆਪਣੇ ਰੋਹ ਨੂੰ ਦਬਾ ਕੇ ਰੱਖਦਾ ਹੈ। ਠੀਕ ਹੈ ਕਿ ਸ਼ਾਨਦਾਰ ਹਸਪਤਾਲੀ ਖ਼ੁਰਾਕ ਦੇ ਬੱਝਵੇਂ, ਹੌਲੀ ਹੌਲੀ ਵੱਧ ਰਹੇ ਰਾਸ਼ਨ ਨੇ ਉਸਦੀ ਤਾਕਤ ਵਿੱਚ ਜਲਦੀ ਹੀ ਮੋੜਾ ਲੈ ਆਂਦਾ ਤੇ ਪੱਟੀਆਂ ਬਦਲਨ ਵੇਲੇ ਜਾਂ ਬਿਜਲੀ ਨਾਲ ਇਲਾਜ ਵੇਲੇ ਉਸਦਾ ਪਤਲਾਪਣ ਦੇਖ ਕੇ ਹੁਣ ਜਵਾਨ ਮੈਡੀਕਲ ਵਿਦਿਆਰਥਣਾਂ ਦੀਆਂ ਅੱਖਾਂ ਵਿੱਚ ਭੈਅ ਨਹੀਂ ਸੀ ਪੈਦਾ ਕਰਦਾ। ਪਰ ਉਸਦਾ ਸਰੀਰ ਜਿਉਂ ਤਿਉਂ ਤਗੜਾ ਹੁੰਦਾ ਜਾਂਦਾ ਸੀ, ਉਸੇ ਤੇਜ਼ੀ ਨਾਲ ਉਸਦੇ ਪੈਰ ਖ਼ਰਾਬ ਹੁੰਦੇ ਜਾਂਦੇ ਸਨ । ਲਾਲੀ ਹੁਣ ਸਾਰੇ ਪੈਰ ਨੂੰ ਢੱਕ ਚੁੱਕੀ ਸੀ ਤੇ ਗਿੱਟਿਆਂ ਤੋਂ ਉਤਾਂਹ ਆ ਰਹੀ ਸੀ ਉਂਗਲੀਆਂ ਬਿਲਕੁਲ ਸੁੰਨ ਹੋ ਚੁੱਕੀਆਂ ਸਨ; ਉਹਨਾਂ ਵਿੱਚ ਸੂਈਆਂ ਖੁਭੋਈਆਂ ਜਾਂਦੀਆਂ ਤੇ ਸੂਈਆਂ ਚਮੜੀ ਦੇ ਵਿੱਚ ਧਸ ਜਾਂਦੀਆਂ, ਪਰ ਪੀੜ ਕੋਈ ਨਾ ਹੁੰਦੀ। ਉਹਨਾਂ ਨੇ ਅਜੀਬ ਜਿਹੇ ਨਾਂਅ ਵਾਲਾ ਢੰਗ "ਬਲਾਕੇਡ" ਵਰਤ ਕੇ ਸੋਜ ਨੂੰ ਤਾਂ ਰੋਕ ਲਿਆ ਸੀ ਪਰ ਪੈਰਾਂ ਵਿੱਚ ਪੀੜ ਵਧ ਗਈ ਸੀ। ਇਹ ਬਿਲਕੁਲ ਅਸਹਿ ਹੋ ਗਈ ਸੀ। ਦਿਨ ਵੇਲੇ ਅਲੈਕਸੇਈ ਆਪਣਾ ਮੂੰਹ ਸਿਰਹਾਣੇ ਵਿੱਚ ਤੁੰਨੀ ਚੁੱਪ ਚਾਪ ਲੇਟਿਆ ਰਹਿੰਦਾ। ਰਾਤ ਵੇਲੇ, ਕਲਾਵਦੀਆ ਮਿਖਾਇਲੋਵਨਾ ਉਸਨੂੰ ਮਾਰਫੀਆ ਦੇ ਦੇਂਦੀ।
ਡਾਕਟਰਾਂ ਦੀ ਗੱਲਬਾਤ ਵਿਚ "ਕੱਟ ਦੇਣ" ਦਾ ਭਿਆਨਕ ਸ਼ਬਦ ਹੁਣ ਦਿਨੋਂ ਦਿਨ ਵਧੇਰੇ ਵਾਰੀ ਸੁਣਾਈ ਦੇਣ ਲੱਗਾ । ਵਾਸਿਲੀ ਵਾਸਿਲੀਏਵਿਚ ਕਦੀ ਕਦੀ ਮਰੇਸੇਯੇਵ ਦੇ ਮੰਜੇ ਕੋਲ ਰੁੱਕ ਜਾਂਦਾ ਤੇ ਪੁੱਛਦਾ:
"ਕਿਉਂ, ਰੀਂਗੂ ਕਿਵੇਂ ਹੈ ਅੱਜ ? ਸ਼ਾਇਦ, ਕੱਟਣਾ ਹੀ ਪਵੇ, ਹੈਂ? ਚਿੱਕ-ਤੇ ਔਹ ਗਿਆ।"
ਅਲੈਕਸੇਈ ਦੇ ਹੱਥ ਪੈਰ ਠੰਡੇ ਹੋ ਜਾਂਦੇ ਤੇ ਉਸਨੂੰ ਕੰਬਣੀ ਆ ਜਾਂਦੀ। ਆਪਣੇ ਆਪ ਨੂੰ ਚੀਕਣ ਤੋਂ ਰੋਕੀ ਰੱਖਣ ਲਈ ਆਪਣੇ ਦੰਦਾਂ ਨੂੰ ਉਹ ਘੁੱਟ ਕੇ ਮੀਚ ਲੈਂਦਾ ਤੇ ਸਿਰਫ਼ ਆਪਣਾ ਸਿਰ ਮਾਰ ਛੱਡਦਾ; ਤੇ ਪ੍ਰੋਫੈਸਰ ਨਰਾਜ਼ਗੀ ਵਿੱਚ ਗੁੱਰਾਉਂਦਾ:
"ਕੋਈ ਨਹੀਂ, ਸਹੀ ਜਾ, ਸਹੀ ਜਾ- ਤੂੰ ਜਾਣ, ਤੇਰਾ ਕੰਮ ਜਾਣੇ । ਅਸੀਂ ਆਹ ਹੋਰ