Back ArrowLogo
Info
Profile

ਇਲਾਜ ਅਜ਼ਮਾ ਕੇ ਦੇਖ ਲੈਂਦੇ ਹਾਂ," ਤੇ ਉਹ ਕੋਈ ਨਵਾਂ ਇਲਾਜ ਦੱਸ ਜਾਂਦਾ।

ਦਰਵਾਜ਼ਾ ਉਸਦੇ ਮਗਰ ਬੰਦ ਹੁੰਦਾ, ਉਸਦੇ ਤੁਰਨ ਦੀ ਅਵਾਜ਼ ਬਰਾਮਦੇ ਵਿੱਚ ਮੱਧਮ ਪੈਂਦੀ ਜਾਂਦੀ, ਪਰ ਮਰੇਸੇਯੇਵ ਅੱਖਾਂ ਬੰਦ ਕਰੀ ਆਪਣੇ ਮੰਜੇ ਉੱਤੇ ਪਿਆ ਰਹਿੰਦਾ। "ਮੇਰੇ ਪੈਰ, ਪੈਰ ਮੇਰੇ!..." ਕੀ ਸੱਚਮੁਚ ਉਸਨੂੰ ਬਿਨਾਂ ਪੈਰਾਂ ਦੇ ਰਹਿਣਾ ਪਵੇਗਾ, ਲੱਕੜ ਦੀਆਂ ਮੁੱਢੀਆਂ ਵਾਲਾ ਅਪਾਹਜ ਬਣ ਕੇ, ਆਪਣੇ ਕਸਬੇ ਕਾਮੀਸ਼ਿਨ ਦੇ ਬੇੜੀ ਚਲਾਉਣ ਵਾਲੇ ਬੁੱਢੇ ਚਾਚੇ ਅਰਕਾਸ਼ੇ ਵਾਂਗ ? ਤਾਂ ਕਿ ਨਹਾਉਣ ਲਈ ਪਾਣੀ ਵਿੱਚ ਜਾਣ ਤੋਂ ਪਹਿਲਾਂ ਆਪਣੇ ਪੈਰ ਲਾਹ ਕੇ ਕੰਢੇ ਉੱਤੇ ਛੱਡ ਜਾਓ ਤੇ ਆਪ ਬਾਂਦਰਾਂ ਵਾਂਗ ਹੱਥਾਂ ਭਾਰ ਪਾਣੀ ਵਿੱਚ ਉੱਤਰ ਜਾਓ!

ਇੱਕ ਹੋਰ ਵੀ ਗੱਲ ਸੀ ਜਿਸਨੇ ਉਸਦੀਆਂ ਇਹਨਾਂ ਸੋਚਣੀਆਂ ਨੂੰ ਹੋਰ ਵੀ ਗੰਭੀਰ ਬਣਾ ਦਿਤਾ ਸੀ। ਹਸਪਤਾਲ ਵਿੱਚ ਆਉਣ ਦੇ ਪਹਿਲੇ ਹੀ ਦਿਨ ਉਸਨੇ ਕਾਮੀਸ਼ਿਨ ਤੋਂ ਆਈਆਂ ਚਿੱਠੀਆਂ ਪੜ੍ਹੀਆਂ। ਉਸਦੀ ਮਾਂ ਦੀਆਂ ਛੋਟੀਆਂ ਛੋਟੀਆਂ, ਤਿਕੋਨਾਂ ਵਿੱਚ ਜੋੜੀਆਂ ਚਿੱਠੀਆਂ, ਹਮੇਸ਼ਾ ਵਾਂਗ ਸੰਖੇਪ ਸਨ ਤੇ ਅੱਧੀਆਂ ਰਿਸ਼ਤੇਦਾਰਾਂ ਦੀਆਂ ਸ਼ੁਭ- ਇੱਛਾਵਾਂ ਨਾਲ ਤੇ ਇਹਨਾਂ ਯਕੀਨ-ਦਹਾਨੀਆਂ ਨਾਲ ਭਰੀਆਂ ਹੁੰਦੀਆਂ ਸਨ ਕਿ, ਸ਼ੁਕਰ ਹੈ ਰੱਬ ਦਾ, ਉਹ ਸਭ ਠੀਕ ਠਾਕ ਸਨ ਤੇ ਉਸਨੂੰ, ਅਲਿਉਸ਼ਾ ਨੂੰ, ਉਸ ਬਾਰੇ ਕੋਈ ਫਿਕਰ ਕਰਨ ਦੀ ਲੋੜ ਨਹੀਂ ਸੀ, ਤੇ ਅੱਧੀਆਂ ਵਿੱਚ ਵਾਸਤੇ ਪਾਏ ਗਏ ਹੁੰਦੇ ਸਨ ਕਿ ਉਹ ਆਪਣਾ ਖਿਆਲ ਰਖੇ, ਸਰਦੀ ਤੋਂ ਬਚੇ, ਪੈਰ ਗਿੱਲੇ ਨਾ ਹੋਣ ਦੇਵੇ, ਖ਼ਤਰੇ ਵਿੱਚ ਨਾ ਪਵੇ, ਜਰਮਨਾਂ ਦੀ ਮੱਕਾਰੀ ਤੋਂ ਬਚ ਕੇ ਰਹੇ ਜਿਸ ਬਾਰੇ ਉਸਨੇ ਆਪਣੇ ਗੁਆਂਢੀਆਂ ਤੋਂ ਕਾਫ਼ੀ ਸੁਣ ਰੱਖਿਆ ਸੀ। ਇਹਨਾਂ ਸਾਰੀਆਂ ਚਿੱਠੀਆਂ ਵਿੱਚ ਉਹੋ ਕੁਝ ਲਿਖਿਆ ਹੁੰਦਾ ਸੀ, ਸਿਵਾਏ ਇਸਦੇ ਕਿ ਇੱਕ ਵਿੱਚ ਉਸਨੇ ਦੱਸਿਆ ਹੋਇਆ ਸੀ ਕਿ ਉਸਨੇ ਆਪਣੀ ਗੁਆਂਢਣ ਨੂੰ ਕਿਹਾ ਸੀ ਕਿ ਉਹ ਅਲੈਕਸੇਈ ਲਈ ਪ੍ਰਾਰਥਨਾ ਕਰੇ, ਇਸ ਲਈ ਨਹੀਂ ਕਿ ਉਹ ਆਪ ਰੱਬ ਵਿੱਚ ਯਕੀਨ ਰੱਖਦੀ ਸੀ, ਸਗੋਂ ਇਸ ਲਈ ਕਿ ਜੇ ਕੋਈ ਇਹੋ ਚੀਜ਼ ਹੋਵੇ ਹੀ ਤਾਂ; ਇਕ ਹੋਰ ਚਿੱਠੀ ਵਿਚ ਉਸਨੇ ਲਿਖਿਆ ਸੀ ਕਿ ਉਸਨੂੰ ਉਸਦੇ ਵੱਡੇ ਭਰਾਵਾਂ ਦਾ ਫਿਕਰ ਲੱਗਾ ਹੋਇਆ ਹੈ ਜਿਹੜੇ ਕਿਤੇ ਦੱਖਣ ਵਿੱਚ ਲੜ ਰਹੇ ਸਨ ਤੇ ਜਿਨ੍ਹਾਂ ਦੀ ਕਿੰਨੇ ਚਿਰ ਤੋਂ ਕੋਈ ਚਿੱਠੀ ਨਹੀਂ ਸੀ ਆਈ; ਤੇ ਆਖ਼ਰੀ ਚਿੱਠੀ ਵਿੱਚ ਉਸਨੇ ਲਿਖਿਆ ਸੀ ਕਿ ਉਸਨੂੰ ਸੁਪਨਾ ਆਇਆ ਸੀ ਕਿ ਵੋਲਗਾ ਵਿੱਚ ਬਸੰਤ ਦੇ ਹੜ੍ਹ ਸਮੇਂ ਉਸਦੇ ਸਾਰੇ ਬੇਟੇ ਉਸ ਕੋਲ ਮੁੜ ਆਏ ਸਨ; ਕਿ ਉਹ ਆਪਣੇ ਪਿਤਾ ਨਾਲ ਰਲ ਕੇ ਜਿਸਦੀ ਮੌਤ ਹੋ ਚੁੱਕੀ ਸੀ - ਸਫ਼ਲਤਾ ਨਾਲ ਮੁਹਿੰਮ ਖ਼ਤਮ ਕਰਕੇ ਮੁੜੇ ਸਨ ਤੇ ਉਸਨੇ ਉਹਨਾਂ ਲਈ ਉਹਨਾਂ ਦੀ ਮਨਭਾਉਂਦੀ ਸੁਆਦੀ ਚੀਜ਼, ਵਿਆਜ਼ੀਗਾ ਸਮੋਸੇ, ਬਣਾਏ ਸਨ ਤੇ ਗੁਆਂਢਣਾਂ ਨੇ ਇਸ ਸੁਪਨੇ ਦਾ ਮਤਲਬ ਇਹ ਕੱਢਿਆ ਸੀ ਕਿ ਉਸਦੇ ਇੱਕ ਪੁੱਤਰ ਨੂੰ ਯਕੀਕਨ ਮੁਹਾਜ਼ ਤੋਂ ਘਰ ਆਉਣਾ ਚਾਹੀਦਾ ਹੈ। ਇਸ ਲਈ ਉਸਨੇ ਅਲੈਕਸੇਈ ਨੂੰ ਕਿਹਾ ਹੋਇਆ ਸੀ ਕਿ ਉਹ ਆਪਣੇ ਅਫ਼ਸਰ ਨੂੰ ਕਹਿ ਕੇ ਦੇਖੇ, ਸ਼ਾਇਦ ਉਹ ਉਸਨੂੰ ਘਰ ਜਾਣ ਦੀ ਆਗਿਆ ਦੇ ਦੇਵੇ, ਭਾਵੇਂ ਇੱਕ ਦਿਨ ਲਈ ਹੀ ਕਿਉਂ ਨਾ ਹੋਵੇ।

112 / 372
Previous
Next