

ਤੇ ਮਰੇਸੇਯੇਵ ਉਸਦੀਆਂ ਘਟੀਆ ਹੋਈਆਂ, ਸੁਨਹਿਰੀ, ਬਹੁਤ ਤੀਖਣ ਅੱਖਾਂ ਵਿੱਚ ਤੇਜ਼, ਆਲੋਚਨਾਮਈ ਨਜ਼ਰ ਦੇਖ ਸਕਿਆ।
"ਮੈਂ ਬਹੁਤਾ ਸਮਾਂ ਤੁਹਾਡੇ ਕੋਲ ਨਹੀਂ ਰਹਾਂਗਾ। ਦੂਜਿਆਂ ਦਾ ਮੈਨੂੰ ਨਹੀਂ ਪਤਾ, ਪਰ ਏਥੇ ਪਏ ਰਹਿਣ ਲਈ ਮੇਰੇ ਕੋਲ ਕਾਫ਼ੀ ਸਮਾਂ ਨਹੀ। ਮੇਰੇ ਘੋੜ-ਸਵਾਰ ਮੇਰੀ ਉਡੀਕ ਕਰ ਰਹੇ ਨੇ । ਜਦੋਂ ਬਰਫ਼ਾਂ ਢਲ ਗਈਆਂ ਤੇ ਸੜਕਾਂ ਸੁੱਕ ਗਈਆਂ ਤਾਂ ਮੈਂ ਗਿਆ ਸਮਝੋ! 'ਅਸੀਂ ਹਾਂ ਲਾਲ ਰਸਾਲਾ ਫ਼ੌਜ ਕਿਉਂ ?" ਉਹ ਆਪਣੀ ਖੁਸ਼ੀ ਭਰੀ, ਮੋਟੀ, ਗੁੰਜਵੀਂ ਅਵਾਜ਼ ਨਾਲ ਕਮਰੇ ਨੂੰ ਭਰਦਾ ਹੋਇਆ ਬੋਲਿਆ।
"ਸਾਡੇ ਵਿੱਚੋਂ ਕੋਈ ਵੀ ਇੱਥੇ ਬਹੁਤੇ ਚਿਰ ਲਈ ਨਹੀਂ। ਜਿਉਂ ਹੀ ਬਰਫ਼ ਢਲੀ ਅਸੀਂ ਸਾਰੇ ਤੁਰ ਜਾਵਾਂਗੇ - ਪੈਰ ਪਹਿਲਾਂ, ਵਾਰਡ ਨੰਬਰ ਪੰਜਾਹ ਵਿੱਚ" ਕੁਕੂਸ਼ਕਿਨ ਨੇ ਜਵਾਬ ਦਿੱਤਾ ਤੇ ਕਾਹਲੀ ਨਾਲ ਆਪਣਾ ਮੂੰਹ ਕੰਧ ਵੱਲ ਕਰ ਲਿਆ।
ਹਸਪਤਾਲ ਵਿੱਚ ਵਾਰਡ ਨੰਬਰ ਪੰਜਾਹ ਕੋਈ ਨਹੀਂ ਸੀ । ਇਹ ਨਾਂ ਮਰੀਜ਼ਾਂ ਨੇ ਮੁਰਦਾਘਰ ਨੂੰ ਦੇ ਰੱਖਿਆ ਸੀ। ਕੋਮੀਸਾਰ ਨੇ ਪਹਿਲਾਂ ਹੀ ਇਸ ਬਾਰੇ ਸੁਣ ਰੱਖਿਆ ਸੀ ਜਾਂ ਨਹੀਂ, ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ, ਪਰ ਉਸਨੇ ਇਸ ਮਜ਼ਾਕ ਦੇ ਭੈੜੇ ਅਰਥ ਨੂੰ ਇੱਕਦਮ ਸਮਝ ਲਿਆ। ਪਰ ਉਸਨੇ ਬੁਰਾ ਨਾ ਮਨਾਇਆ ਉਸਨੇ ਸਿਰਫ਼ ਹੈਰਾਨੀ ਨਾਲ ਕੁਕੂਸ਼ਕਿਨ ਵੱਲ ਵੇਖਿਆ ਤੇ ਪੁੱਛਣ ਲੱਗਾ:
"ਤੇ ਕਿੰਨੇ ਸਾਲ ਦੇ ਹੋ ਪਿਆਰੇ ਦੋਸਤ, ਤੁਸੀਂ ? ਦੇਖ, ਦਾਹੜੀ ਵਾਲ਼ੇ, ਦਾਹੜੀ ਵਾਲ਼ੇ। ਉਮਰੋਂ ਪਹਿਲਾਂ ਬੁੱਢੇ ਹੋ ਗਏ ਲੱਗਦੇ ਹੋ।"
4
ਵਾਰਡ ਨੰਬਰ ਬਤਾਲੀ ਵਿੱਚ ਨਵੇਂ ਮਰੀਜ਼ ਦੀ ਆਮਦ ਨੇ, ਜਿਸਨੂੰ ਉਹ ਆਪਸ ਵਿਚ ਕੋਮੀਸਾਰ ਕਿਹਾ ਕਰਦੇ ਸਨ, ਵਾਰਡ ਦੇ ਸਾਰੇ ਜੀਵਨ ਨੂੰ ਬਦਲ ਕੇ ਰੱਖ ਦਿੱਤਾ। ਆਉਣ ਤੋਂ ਅਗਲੇ ਦਿਨ ਤੱਕ, ਇਹ ਭਾਰੀ ਭਰਕਮ ਤੇ ਸਖ਼ਤ ਜ਼ਖਮੀ ਆਦਮੀ ਉਹਨਾਂ ਸਭ ਦਾ ਮਿੱਤਰ ਬਣ ਚੁੱਕਾ ਸੀ ਤੇ ਜਿਵੇਂ ਕਿ ਸਤੇਪਾਨ ਈਵਾਨੋਵਿਚ ਨੇ ਮਗਰੋਂ ਦਸਿਆ, "ਹਰ ਇੱਕ ਦੇ ਦਿਲ ਵਿੱਚ ਫਿੱਟ ਹੋਣ ਵਾਲੀ ਕੁੰਜੀ" ਲੱਭ ਚੁੱਕਾ ਸੀ।
ਸਤੇਪਾਨ ਈਵਾਨੋਵਿਚ ਨਾਲ ਉਹ ਦਿਲ ਭਰ ਕੇ ਘੋੜਿਆਂ ਤੇ ਸ਼ਿਕਾਰ ਬਾਰੇ ਗੱਲਾਂ ਕਰਦਾ, ਜਿਸਦੇ ਦੋਵੇਂ ਬੜੇ ਸ਼ੁਕੀਨ ਸਨ ਤੇ ਜਿਸ ਵਿੱਚ ਦੋਵੇਂ ਮਾਹਰ ਸਨ । ਮਰੇਸੇਯੇਵ ਨਾਲ, ਜਿਹੜਾ ਜੰਗ ਬਾਰੇ ਫਿਲਾਸਫੀ ਝਾੜਨ ਦਾ ਸ਼ੁਕੀਨ ਸੀ, ਉਹ ਹਵਾਈ ਜਹਾਜ਼, ਟੈਂਕ ਤੇ ਰਸਾਲਾ ਫ਼ੌਜ ਨੂੰ ਵਰਤਣ ਦੇ ਅਜੋਕੇ ਢੰਗਾਂ ਬਾਰੇ ਜ਼ੋਰ-ਸ਼ੋਰ ਨਾਲ ਬਹਿਸ ਕਰਦਾ, ਤੇ ਇਹ ਸਿੱਧ ਕਰਨ ਦੀ ਕੋਸ਼ਿਸ਼ ਕਰਦਾ, ਬੇਸ਼ੱਕ ਜੋਸ਼ ਵਿੱਚ ਆਏ ਬਿਨਾਂ ਨਹੀਂ, ਕਿ ਜਦਕਿ ਹਵਾਈ ਜਹਾਜ਼ ਤੇ ਟੈਂਕ ਬੜੀਆਂ ਲਾਭਕਾਰੀ ਚੀਜ਼ਾਂ ਸਨ, ਪਰ ਘੋੜੇ ਵੀ ਆਪਣਾ ਸਮਾਂ ਨਹੀਂ ਵਿਹਾਅ ਚੁੱਕੇ, ਤੇ ਅਜੇ ਆਪਣਾ ਲਾਹੇਵੰਦਾ ਹੋਣਾ ਦਿਖਾਉਂਣਗੇ, ਤੇ ਜੇ ਰਸਾਲਾ ਫੌਜ ਨੂੰ ਜ਼ਰਾ ਕੁ ਠੀਕ ਠਾਕ ਕਰ ਦਿੱਤਾ ਜਾਏ, ਤੇ ਇਸਦੀ ਪਿੱਠ ਉੱਤੇ ਟੈਂਕ ਤੇ ਤੋਪਖਾਨਾ ਹੋਵੇ, ਤੇ