

ਥਕਾ ਰਹੇ ਹੋ। ਤੁਹਾਨੂੰ ਆਪਣੀਆਂ ਸ਼ਕਤੀਆਂ ਸੰਭਾਲ ਕੇ ਰੱਖਣੀਆਂ ਚਾਹੀਦੀਆਂ..."
ਕੋਮੀਸਾਰ ਖਚਰਿਆਂ ਵਾਂਗ ਬੁੱਢੇ ਸਿਪਾਹੀ ਵੱਲ ਦੇਖਣ ਲੱਗ ਪਿਆ: "ਦੇਖ ਦਾੜ੍ਹੀ ਵਾਲਿਆ, ਇਹ ਕੋਈ ਰੂਸੀ ਲਈ ਜ਼ਿੰਦਗੀ ਥੋਹੜਾ ਈ ਏ। ਬਰਲਿਨ ਵਿੱਚ ਮੈਂ ਜਰਮਨ ਕੁੜੀਆਂ ਨਾਲ ਕਿਸ ਬੋਲੀ ਵਿੱਚ ਗੱਲ ਕਰਾਂਗਾ, ਜਦੋਂ ਅਸੀਂ ਉੱਥੇ ਪੁੱਜ ਗਏ ? ਰੂਸੀ ਵਿੱਚ ? ਹੈਂ?"
ਕੋਮੀਸਾਰ ਦੇ ਮੰਜੇ ਦੇ ਸਿਰੇ ਉੱਤੇ ਬੈਠਾ ਹੋਇਆ, ਸਤੇਪਾਨ ਈਵਾਨੋਵਿਚ, ਬਿਲਕੁਲ ਉਚਿਤ ਤੌਰ ਉੱਤੇ, ਜਵਾਬ ਦੇਣਾ ਚਾਹੁੰਦਾ ਸੀ ਕਿ ਹਾਲ ਦੀ ਘੜੀ ਤਾਂ ਲੜਾਈ ਦੀ ਰੇਖਾ ਮਾਸਕੋ ਤੋਂ ਕੋਈ ਬਹੁਤੀ ਦੂਰ ਨਹੀਂ ਸੀ ਤੇ ਜਰਮਨ ਕੁੜੀਆਂ ਤੱਕ ਪੁੱਜਣ ਨੂੰ ਅਜੇ ਬਹੁਤ ਵੇਲਾ ਸੀ, ਪਰ ਕੋਮੀਸਾਰ ਦੀ ਅਵਾਜ਼ ਵਿਚ ਵਿਸ਼ਵਾਸ ਦੀ ਐਸੀ ਖੁਸ਼ੀਭਰੀ ਟੁਣਕਾਰ ਸੀ ਕਿ ਬੁੱਢੇ ਸਿਪਾਹੀ ਨੇ ਖੁੰਘਾਰਾ ਮਾਰਿਆ ਤੇ ਗੰਭੀਰਤਾ ਨਾਲ ਜਵਾਬ ਦਿੱਤਾ:
"ਨਹੀਂ, ਬੇਸ਼ਕ, ਰੂਸੀ ਵਿੱਚ ਨਹੀਂ। ਤਾਂ ਵੀ, ਸਾਥੀ ਕੋਮੀਸਾਰ, ਇਹੋ ਜਿਹੇ ਫੱਟਾਂ ਤੋਂ ਮਗਰੋਂ ਤੁਹਾਨੂੰ ਆਪਣੇ ਆਪ ਦਾ ਖਿਆਲ ਰੱਖਣਾ ਚਾਹੀਦਾ ਹੈ।"
“ਸੰਭਾਲ ਕੇ ਰੱਖਿਆ ਘੋੜਾ ਪਹਿਲਾਂ ਉਲਟਦਾ ਹੈ। ਸੁਣਿਆ ਨਹੀਂ ਹੋਇਆ ? ਚੰਗੀ ਗੱਲ ਨਹੀਂ, ਦਾੜ੍ਹੀ ਵਾਲੇ !"
ਵਾਰਡ ਵਿਚਲੇ ਕਿਸੇ ਵੀ ਮਰੀਜ਼ ਨੇ ਦਾੜ੍ਹੀ ਨਹੀਂ ਸੀ ਵਧਾਈ ਹੋਈ, ਪਰ ਪਤਾ ਨਹੀਂ ਕਿਉਂ ਕੋਮੀਸਾਰ ਉਹਨਾਂ ਸਾਰਿਆ ਨੂੰ "ਦਾੜ੍ਹੀਆਂ ਵਾਲੇ" ਕਹਿੰਦਾ ਸੀ । ਤੇ ਸਾਰੇ ਇਸਦਾ ਕੋਈ ਬੁਰਾ ਨਾ ਮਨਾਉਂਦੇ, ਸਗੋਂ ਖੁਸ਼ ਹੁੰਦੇ ਤੇ ਇਸ ਮਜ਼ਾਕ ਵਾਲੇ ਨਾਂ ਉੱਤੇ ਸਗੋਂ ਸਾਰਿਆ ਦੇ ਦਿਲ ਹੌਲੇ ਹੋ ਜਾਂਦੇ।
ਅਲੈਕਸੇਈ ਕੋਮੀਸਾਰ ਦੀ ਅਮੁੱਕ ਹਸਮੁਖਤਾ ਦੇ ਸੋਮੇ ਦੀ ਥਾਹ ਪਾਉਣ ਦੀ ਕੋਸ਼ਿਸ਼ ਵਿੱਚ ਕਈ ਦਿਨਾਂ ਤੱਕ ਉਸਨੂੰ ਦੇਖਦਾ ਰਿਹਾ। ਇਸ ਵਿੱਚ ਕੋਈ ਸ਼ੱਕ ਨਹੀਂ ਸੀ ਕਿ ਉਹ ਭਿਆਣਕ ਕਸ਼ਟ ਸਹਿ ਰਿਹਾ ਸੀ । ਜਿਉਂ ਹੀ ਉਸਨੂੰ ਨੀਂਦ ਆਉਂਦੀ ਤੇ ਉਸਦਾ ਆਪਣੇ ਆਪ ਉੱਤੇ ਕਾਬੂ ਜਾਂਦਾ ਰਹਿੰਦਾ, ਉਹ ਕਰਾਹੁਣ ਲੱਗ ਪੈਂਦਾ, ਉੱਸਲਵੱਟੇ ਭੌਣਦਾ ਤੇ ਦੰਦੀਆਂ ਕਰੀਚਦਾ, ਜਦੋਂ ਕਿ ਉਸਦਾ ਮੂੰਹ ਪੀੜ ਨਾਲ ਮਰੋੜਿਆ ਜਾਂਦਾ। ਪ੍ਰਤੱਖ ਸੀ ਕਿ ਉਹ ਇਸਤੋਂ ਚੇਤਨ ਸੀ ਤੇ ਕੋਸ਼ਿਸ਼ ਕਰਦਾ ਸੀ ਕਿ ਦਿਨ ਵੇਲੇ ਨਾ ਸੌਵੇ; ਉਹ ਹਮੇਸ਼ਾ ਹੀ ਕਰਨ ਲਈ ਕੁਝ ਨਾ ਕੁਝ ਲਭ ਲੈਂਦਾ। ਪਰ ਜਾਗਦਿਆਂ, ਉਹ ਹਮੇਸ਼ਾ ਹੀ ਸ਼ਾਂਤ ਤੇ ਸਹਿਜ ਸੁਭਾਅ ਵਾਲਾ ਹੁੰਦਾ ਸੀ, ਜਿਵੇਂ ਕਿ ਉਸਨੂੰ ਕੋਈ ਪੀੜ ਨਹੀਂ ਹੋ ਰਹੀ ਹੁੰਦੀ। ਡਾਕਟਰਾਂ ਨਾਲ ਉਹ ਅਰਾਮ ਨਾਲ ਗੱਲ ਕਰਦਾ, ਜਦੋਂ ਉਹ ਠਕੋਰ-ਠਕਾਰ ਕੇ ਦੇਖਦੇ ਤੇ ਉਸਦੇ ਸਰੀਰ ਦੇ ਜ਼ਖਮੀ ਅੰਗਾਂ ਦਾ ਮੁਆਇਨਾ ਕਰਦੇ ਤਾਂ ਉਹਨਾਂ ਨੂੰ ਮਜ਼ਾਕ ਕਰਦਾ, ਤੇ ਜਿਸ ਤਰ੍ਹਾਂ ਨਾਲ ਉਸਦਾ ਹੱਥ ਬਿਸਤਰੇ ਦੀ ਚਾਦਰ ਨੂੰ ਮਰੋੜਦਾ ਤੇ ਜਿਸ ਤਰ੍ਹਾਂ ਉਸਦੇ ਨੱਕ ਦੀ ਘੋੜੀ ਉੱਤੇ ਤੇਲੀ ਆ ਜਾਂਦੀ, ਸਿਰਫ਼ ਉਸਤੋਂ ਹੀ ਇਹ ਅੰਦਾਜ਼ਾ ਲਾਉਣਾ ਸੰਭਵ ਹੁੰਦਾ ਸੀ ਕਿ ਉਸ ਲਈ ਆਪਣੇ ਆਪ ਨੂੰ ਵੱਸ ਵਿੱਚ ਰੱਖਣਾ ਕਿੰਨਾਂ ਮੁਸ਼ਕਲ ਹੈ। ਪਾਇਲਟ ਨੂੰ ਸਮਝ ਨਹੀਂ ਸੀ ਆਉਂਦਾ ਕਿ ਇਹ ਆਦਮੀ ਏਨੀ ਭਿਆਣਕ ਪੀੜ ਨੂੰ ਕਿਵੇਂ ਪੀ ਜਾਂਦਾ ਸੀ, ਤੇ ਉਸ ਵਿੱਚ