ਭੇੜੀਆਂ ਦੇ ਪੰਜਿਆਂ ਵਿੱਚ ਆ ਗਿਆ ਹੈ, ਤੇ ਪ੍ਰਤੱਖ ਤੌਰ ਉੱਤੇ, ਉਹ ਉਸਨੂੰ ਮਜ਼ਬੂਰ ਕਰਨਾ ਚਾਹੁੰਦੇ ਹਨ ਕਿ ਉਹ ਉਹਨਾਂ ਦੇ ਹਵਾਈ ਅੱਡੇ ਵੱਲ ਉੱਡ ਚਲੇ, ਉੱਥੇ ਉਤਰਨ ਲਈ ਮਜ਼ਬੂਰ ਕਰਨਾ ਤੇ ਉਸਨੂੰ ਕੈਦੀ ਬਨਾਉਣਾ ਚਾਹੁੰਦੇ ਹਨ। ਇਸ ਤਰ੍ਹਾਂ ਦੀਆਂ ਵਾਰਦਾਤਾਂ ਵਾਪਰੀਆਂ ਸਨ। ਅਸੈਕਸੇਈ ਨੇ ਆਪਣੇ ਦੋਸਤ, ਆਂਦਰੇਈ ਦੇਗਤੀਆਰੈਨਕੋ, ਸੋਵੀਅਤ ਯੂਨੀਅਨ ਦੇ ਹੀਰੋ ਦੀ ਕਮਾਨ ਹੇਠਲੀ ਇੱਕ ਲੜਾਕਾ ਜਹਾਜ਼ਾਂ ਦੀ ਉਡਾਨ ਨੂੰ ਇੱਕ ਜਰਮਨ ਹਵਾਈ ਨਿਰੀਖਕ ਨੂੰ ਲਿਆਉਂਦਿਆਂ ਤੇ ਉਸਨੂੰ ਉਤਰਨ ਲਈ ਮਜ਼ਬੂਰ ਕਰਦਿਆਂ ਦੇਖਿਆ ਸੀ।
ਅਲੈਕਸੇਈ ਦੀਆਂ ਨਜ਼ਰਾਂ ਸਾਮ੍ਹਣੇ ਜਰਮਨ ਕੈਦੀ ਦਾ ਲੰਬੂਤਰਾ ਜਿਹਾ, ਸਵਾਹ-ਰੰਗਾ ਚਿਹਰਾ ਤੇ ਉਸਦੇ ਲੜਖੜਾਉਂਦੇ ਕਦਮ ਆ ਗਏ। “ਕੈਦੀ ਬਣਾ ਲਿਆ ਜਾਵਾਂਗਾ ? ਕਦੀ ਵੀ ਨਹੀਂ। ਇਹ ਦਾਅ ਨਹੀਂ ਚਲੇਗਾ।" ਉਸਨੇ ਦ੍ਰਿੜ ਫੈਸਲਾ ਕੀਤਾ।
ਪਰ ਹਰ ਕੋਸ਼ਿਸ਼ ਦੇ ਬਾਵਜੂਦ ਉਹ ਬਚਕੇ ਨੱਠ ਨਾ ਸਕਿਆ। ਜਿਉਂ ਹੀ ਉਹ ਜਰਮਨਾਂ ਦੇ ਦੱਸੇ ਰਾਹ ਤੋਂ ਲਾਂਭੇ ਜਾਣ ਦੀ ਕੋਸ਼ਿਸ਼ ਕਰਦਾ, ਉਹ ਮਸ਼ੀਨ-ਗੰਨਾਂ ਚਲਾ ਕੇ ਉਸਦਾ ਰਾਹ ਰੋਕ ਲੈਂਦੇ। ਤੇ ਫਿਰ ਜਰਮਨ ਕੈਦੀ ਦੀ ਸ਼ਕਲ, ਉਸਦਾ ਮੁੜਿਆ ਹੋਇਆ ਮੂੰਹ ਤੇ ਕੰਬਦੇ ਜਬਾੜੇ, ਅਲੈਕਸੇਈ ਦੀਆਂ ਅੱਖਾਂ ਸਾਮ੍ਹਣੇ ਆ ਜਾਂਦੇ । ਉਸ ਚਿਹਰੇ ਉੱਤੇ ਹੀਣ ਪਾਸ਼ਵੀ ਡਰ ਉੱਕਰਿਆ ਪਿਆ ਸੀ।
ਮਰੇਸੇਯੇਵ ਨੇ ਘੁੱਟ ਕੇ ਆਪਣੇ ਦੰਦ ਮੀਚੇ ਆਪਣੇ ਇੰਜਣ ਦੀ ਰਫ਼ਤਾਰ ਪੂਰੀ ਤਰ੍ਹਾਂ ਛੱਡ ਦਿੱਤੀ, ਤੇ ਖੜੀ ਹਾਲਤ ਵਿੱਚ ਆ ਕੇ ਉਸ ਹਵਾਈ ਜਹਾਜ਼ ਦੇ ਹੇਠਾਂ ਗੋਤਾ ਲਾਉਣ ਦਾ ਯਤਨ ਕੀਤਾ, ਜਿਹੜਾ ਉਸਨੂੰ ਜ਼ਮੀਨ ਵੱਲ ਦਬਾਅ ਰਿਹਾ ਸੀ। ਦੁਸ਼ਮਣ ਦੇ ਹਵਾਈ ਜਹਾਜ਼ ਦੇ ਹੇਠੋਂ ਉਹ ਨਿਕਲਣ ਵਿੱਚ ਸਫ਼ਲ ਹੋ ਗਿਆ, ਪਰ ਉਸ ਜਰਮਨ ਨੇ ਐਨ ਮੌਕੇ ਸਿਰ ਮਸ਼ੀਨ-ਗੰਨਾਂ ਚਲਾ ਦਿੱਤੀਆਂ। ਅਲੈਕਸੇਈ ਦੇ ਇੰਜਣ ਦਾ ਤੇਲ ਖ਼ਤਮ ਹੋ ਗਿਆ ਤੇ ਵਿੱਚ ਵਿੱਚ ਇਸ ਦੀ ਧੜਕਣ ਰੁਕਣ ਲੱਗ ਪਈ । ਸਾਰਾ ਹਵਾਈ ਜਹਾਜ਼ ਕੰਬਣ ਲੱਗ ਪਿਆ, ਜਿਵੇਂ ਕਿ ਇਸਨੂੰ ਮਾਰੂ ਬੁਖਾਰ ਚੜ੍ਹਿਆ ਹੋਵੇ।
"ਮੈਂ ਨਿਸ਼ਾਨਾ ਬਣ ਚੁੱਕਾ ਹਾਂ ।" ਅਲੈਕਸੇਈ ਇਕ ਚਿੱਟੇ ਸੰਘਣੇ ਬੱਦਲ ਵਿੱਚ ਲੋਪ ਹੋਣ ਵਿੱਚ ਸਫ਼ਲ ਹੋ ਗਿਆ ਤੇ ਇਸ ਤਰ੍ਹਾਂ ਉਸਨੇ ਆਪਣਾ ਪਿੱਛਾ ਕਰਨ ਵਾਲਿਆਂ ਨੂੰ ਮਗਰੋਂ ਲਾਹ ਦਿੱਤਾ । ਪਰ ਅੱਗੋਂ ਕੀ ਕੀਤਾ ਜਾ ਸਕਦਾ ਸੀ ? ਜ਼ਖਮੀ ਹਵਾਈ ਜਹਾਜ਼ ਦੀਆਂ ਥਰਕਣਾਂ ਉਹ ਆਪਣੇ ਸਾਰੇ ਵਜੂਦ ਰਾਹੀਂ ਮਹਿਸੂਸ ਕਰ ਰਿਹਾ ਸੀ, ਜਿਵੇਂ ਕਿ ਇਹ ਉਸਦੇ ਸ਼ਿਕਾਰ ਹੋ ਚੁੱਕੇ ਇੰਜਣ ਦੀਆਂ ਮੌਤ-ਕੜਵੱਲਾਂ ਨਹੀਂ ਸਗੋਂ ਉਸਦੇ ਆਪਣੇ ਸਰੀਰ ਦਾ ਬੁਖਾਰ ਹੈ, ਜਿਹੜਾ ਉਸਨੂੰ ਕਾਂਬਾ ਛੇੜ ਰਿਹਾ ਹੈ ।
ਇੰਜਣ ਨੂੰ ਨੁਕਸਾਨ ਕਿੱਥੇ ਪੁੱਜਾ ਹੈ ? ਹਵਾਈ ਜਹਾਜ਼ ਕਿੰਨੀਂ ਦੇਰ ਹਵਾ ਵਿੱਚ ਰਹਿ ਸਕਦਾ ਹੈ ? ਕੀ ਪੈਟਰੋਲ ਦੀ ਟੈਂਕੀ ਫਟ ਜਾਏਗੀ? ਅਲੈਕਸੇਈ ਇਹਨਾਂ ਸਵਾਲਾਂ ਬਾਰੇ ਏਨਾਂ ਸੋਚ ਨਹੀਂ ਸੀ ਰਿਹਾ, ਜਿੰਨਾਂ ਇਹਨਾਂ ਨੂੰ ਮਹਿਸੂਸ ਕਰ ਰਿਹਾ ਸੀ । ਇਸ ਤਰ੍ਹਾਂ ਨਾਲ ਮਹਿਸੂਸ ਕਰਦਿਆਂ ਕਿ ਜਿਵੇਂ ਉਹ ਐਸੇ ਡਾਈਨਾਮਾਈਟ ਉੱਤੇ ਬੈਠਾ ਹੈ, ਜਿਸਦੇ ਤੋੜੇ ਨੂੰ ਪਹਿਲਾਂ