ਹੀ ਅੱਗ ਲਾਈ ਜਾ ਚੁੱਕੀ ਹੈ, ਉਸਨੇ ਆਪਣਾ ਹਵਾਈ ਜਹਾਜ਼ ਪਿੱਛੇ ਨੂੰ ਮੋੜਿਆ ਤੇ ਆਪਣੀਆਂ ਸਫਾਂ ਵੱਲ ਨੂੰ ਚੱਲ ਪਿਆ, ਤਾਂ ਕਿ ਉਸਦੀਆਂ ਅਸਥੀਆਂ ਤਾਂ ਉਸਦੇ ਆਪਣੇ ਲੋਕ ਦਬਾਉਣ।
ਅੰਤ ਜਲਦੀ ਹੀ ਆ ਗਿਆ। ਇੰਜਣ ਰੁਕ ਗਿਆ । ਹਵਾਈ ਜਹਾਜ਼ ਤਿਲ੍ਹਕਦਾ ਹੋਇਆ ਜ਼ਮੀਨ ਵੱਲ ਜਾਣ ਲੱਗ ਪਿਆ, ਜਿਵੇਂ ਕਿ ਇਹ ਪਹਾੜ ਦੇ ਬੇਹੱਦ ਢਾਲਵੇਂ ਪਾਸੇ ਉੱਤੋਂ ਦੀ ਰਿੜ੍ਹਦਾ ਜਾ ਰਿਹਾ ਹੋਵੇ। ਇਸਦੇ ਹੇਠਾਂ ਅਥਾਹ ਸਾਗਰ ਦੀਆਂ ਸਲੇਟੀ-ਹਰੀਆਂ ਲਹਿਰਾਂ ਵਾਂਗ ਜੰਗਲ ਠਾਠਾਂ ਮਾਰ ਰਿਹਾ ਸੀ। "ਤਾਂ ਵੀ, ਕੈਦੀ ਤਾਂ ਨਹੀਂ ਬਣਾ ਲਿਆ ਜਾਵਾਂਗਾ", ਇਹ ਸੀ ਵਿਚਾਰ ਜਿਹੜਾ ਪਾਇਲਟ ਦੇ ਦਿਮਾਗ਼ ਵਿੱਚੋਂ ਲੰਘਿਆ, ਜਦੋਂ ਨੇੜੇ ਤੋਂ ਨੇੜੇ ਦੇ ਦਰਖਤ ਮਿਲ ਕੇ ਇਕ ਇਕਸਾਰ ਰਸਤਾ ਬਣਾਉਂਦੇ ਹੋਏ, ਉਸਦੇ ਹਵਾਈ ਜਹਾਜ਼ ਦੇ ਹੇਠੋਂ ਦੀ ਦੌੜਦੇ ਲੰਘ ਰਹੇ ਸਨ। ਜਦੋਂ ਜੰਗਲ ਕਿਸੇ ਜਾਂਗਲੀ ਪਸ਼ੂ ਵਾਂਗ ਉਸ ਉੱਤੇ ਲਪਕ ਪਿਆ, ਤਾਂ ਉਸਨੇ ਸਹਿਜ-ਸੁਭਾਵਕ ਹੀ ਮੈਗਨੇਟ ਬੰਦ ਕਰ ਦਿੱਤਾ। ਪੀਹ ਸੁੱਟਣ ਵਾਲਾ ਧਮਾਕਾ ਸੁਣਾਈ ਦਿੱਤਾ ਤੇ ਅੱਖ-ਪਲਕਾਰੇ ਵਿੱਚ ਸਭ ਕੁਝ ਅੱਖਾਂ ਅੱਗੋਂ ਲੋਪ ਹੋ ਗਿਆ, ਜਿਵੇਂ ਕਿ ਉਸਨੇ ਤੇ ਉਸਦੀ ਮਸ਼ੀਨ ਨੇ ਹਨੇਰੇ, ਨਿੱਘੇ, ਸੰਘਣੇ ਪਾਣੀ ਵਿੱਚ ਟੁੱਭੀ ਲਾ ਦਿੱਤੀ ਹੋਵੇ।
ਹਵਾਈ ਜਹਾਜ਼ ਹੇਠਾਂ ਆਉਂਦਾ ਹੋਇਆ ਦਿਆਰਾਂ ਦੀਆਂ ਸਿਖਰਾਂ ਨਾਲ ਵੱਜਾ। ਇਸ ਨਾਲ ਡਿੱਗਣ ਦਾ ਜ਼ੋਰ ਘੱਟ ਹੋ ਗਿਆ। ਕਈ ਦਰਖਤਾਂ ਨੂੰ ਡੇਗਦਾ ਹੋਇਆ, ਹਵਾਈ ਜਹਾਜ਼ ਟੋਟੇ-ਟੋਟੇ ਹੋ ਗਿਆ, ਪਰ ਉਸਤੋਂ ਜ਼ਰਾ ਕੁ ਹੀ ਪਹਿਲਾਂ ਅਲੈਕਸੇਈ ਕਾਕਪਿਟ ਵਿੱਚੋਂ ਬਾਹਰ ਜਾ ਪਿਆ, ਤੇ ਚੌੜੀਆਂ ਟਾਹਣਾਂ ਵਾਲੇ, ਸਦੀ ਪੁਰਾਣੇ ਫਰ ਦੇ ਦਰਖਤ ਉੱਪਰ ਡਿੱਗਦਾ ਹੋਇਆ, ਉਹ ਇਸਦੀਆਂ ਟਾਹਣੀਆਂ ਉੱਪਰੋਂ ਤਿਲ੍ਹਕ ਕੇ ਹੇਠਾਂ ਬਰਫ਼ ਦੇ ਵੱਡੇ ਸਾਰੇ ਢੇਰ ਉੱਤੇ ਆ ਡਿੱਗਾ, ਜਿਹੜਾ ਢੇਰ ਹਵਾ ਨੇ ਦਰਖਤ ਦੇ ਪੈਰਾਂ ਵਿੱਚ ਲਿਆ ਇਕੱਠਾ ਕੀਤਾ ਸੀ। ਇਸ ਨਾਲ ਉਸਦੀ ਜਾਨ ਬਚ ਗਈ।
ਅਲੈਕਸੇਈ ਨੂੰ ਨਹੀਂ ਯਾਦ ਕਿ ਉਹ ਕਿੰਨੀ ਦੇਰ ਉਥੇ ਬੇਹੋਸ਼ ਤੇ ਬੇਹਰਕਤ ਪਿਆ ਰਿਹਾ । ਧੁੰਦਲੇ ਜਿਹੇ ਮਨੁੱਖਾ ਪ੍ਰਛਾਵੇਂ, ਇਮਾਰਤਾਂ ਦੀਆਂ ਰੂਪ-ਰੇਖਾਵਾਂ ਤੇ ਯਕੀਨੋ ਬਾਹਰੀਆਂ ਮਸ਼ੀਨਾਂ ਉਸਦੇ ਕੋਲੋਂ ਦੀ ਤੇਜ਼ ਤੇਜ਼ ਲੰਘਣ ਲੱਗੀਆ, ਤੇ ਜਿਸ ਵਾ-ਵਰੋਲੇ ਦੀ ਰਫ਼ਤਾਰ ਨਾਲ ਉਹ ਉਸਦੇ ਸਾਮ੍ਹਣਿਉਂ ਤੇਜ਼ ਤੇਜ਼ ਲੰਘੀ ਜਾ ਰਹੀਆਂ ਸਨ, ਉਸਨੇ ਉਸਦੇ ਸਰੀਰ ਵਿੱਚ ਦਬੀ ਜਿਹੀ, ਕੁਤਰਵੀਂ ਪੀੜ ਭਰ ਦਿੱਤੀ। ਫਿਰ ਅਨਿਸ਼ਚਿਤ ਸ਼ਕਲ ਦੀ ਕੋਈ ਵੱਡੀ ਤੇ ਨਿੱਘੀ ਚੀਜ਼ ਉਸ ਸਾਰੇ ਖਿਲਾਰੇ ਵਿੱਚੋਂ ਉਭਰੀ ਤੇ ਗਰਮ, ਬਦਬੂ-ਭਰਿਆ ਸਾਹ ਉਸਦੇ ਮੂੰਹ ਉੱਤੇ ਛੱਡਣ ਲੱਗੀ। ਉਸਨੇ ਰਿੜ ਕੇ ਇਸਤੋਂ ਦੂਰ ਜਾਣ ਦੀ ਕੋਸ਼ਿਸ਼ ਕੀਤੀ, ਪਰ ਉਸਦਾ ਸਰੀਰ ਬਰਫ਼ ਵਿੱਚ ਪੱਕੀ ਤਰ੍ਹਾਂ ਗੱਡਿਆ ਗਿਆ ਲੱਗਦਾ ਸੀ ਆਪਣੇ ਦੁਆਲੇ ਮੰਡਲਾ ਰਹੀ ਅਣਜਾਣੀ ਭਿਅੰਕਰਤਾ ਦਾ ਪ੍ਰੇਰਿਆ ਹੋਇਆ, ਉਹ ਇੱਕਦਮ ਯਤਨ ਕਰਨ ਲਗਾ ਤੇ ਇੱਕਦਮ ਉਸਨੂੰ ਮਹਿਸੂਸ ਹੋਇਆ ਕਿ ਕਕਰੀਲੀ ਹਵਾ ਉਸਦੇ ਫੇਫੜਿਆਂ ਵਿੱਚ ਦਾਖ਼ਲ ਹੋ ਰਹੀ ਹੈ, ਉਸਦੀ ਗੱਲ੍ਹ ਠੰਡੀ ਬਰਫ਼ ਨਾਲ ਲੱਗੀ ਹੋਈ ਹੈ ਤੇ ਸਖ਼ਤ ਪੀੜ ਹੁਣ ਉਸਨੂੰ ਆਪਣੇ