ਸਰੀਰ ਵਿੱਚ ਨਹੀਂ, ਸਗੋਂ ਆਪਣੇ ਪੈਰਾਂ ਵਿੱਚ ਮਹਿਸੂਸ ਹੋਣ ਲੱਗੀ।
"ਮੈਂ ਜ਼ਿੰਦਾ ਹਾਂ !" ਉਸਦੇ ਦਿਮਾਗ਼ ਵਿੱਚੋਂ ਇਹ ਖਿਆਲ ਲੰਘ ਗਿਆ। ਉਸਨੇ ਉੱਠਣ ਦੀ ਕੋਸ਼ਿਸ਼ ਕੀਤੀ ਪਰ ਉਸਨੇ ਆਪਣੇ ਨੇੜੇ ਕਿਸੇ ਦੇ ਪੈਰਾਂ ਹੇਠ ਬਰਫ਼ ਕਿਰਚ-ਕਿਰਚ ਕਰਦੀ, ਤੇ ਉੱਚੀ ਉੱਚੀ ਗੁੱਰਾਹਟ ਨਾਲ ਕਿਸੇ ਦੇ ਸਾਹ ਲੈਣ ਦੀ ਅਵਾਜ਼ ਸੁਣੀ। "ਜਰਮਨ ਨੇ ।" ਉਸਨੂੰ ਇੱਕਦਮ ਖਿਆਲ ਆਇਆ, ਤੇ ਉਸਨੇ ਅੱਖਾਂ ਖੋਹਲਣ ਦੀ, ਉਛਲ ਕੇ ਖੜੇ ਹੋ ਜਾਣ ਤੇ ਆਪਣੀ ਰਾਖੀ ਕਰਨ ਦੀ ਤੀਬਰ ਇੱਛਾ ਨੂੰ ਦਬਾ ਲਿਆ। "ਕੈਦੀ। ਆਖ਼ਰ ਕੈਦੀ ਹੀ ਬਣ ਗਿਆ। ਮੈਂ ਕੀ ਕਰਾਂਗਾ?"
ਉਸਨੂੰ ਯਾਦ ਆਇਆ ਕਿ ਇੱਕ ਦਿਨ ਹੀ ਪਹਿਲਾਂ ਹਰਫ਼ਨਮੌਲਾ ਮਿਸਤਰੀ ਯੂਰਾ ਨੇ ਉਸਦੇ ਪਿਸਤੌਲ ਦੇ ਕੇਸ ਦੀ ਜੀਭੀ ਲਾ ਦੇਣ ਦੀ ਪੇਸ਼ਕਸ਼ ਕੀਤੀ ਸੀ, ਜਿਹੜੀ ਟੁੱਟ ਗਈ ਸੀ, ਪਰ ਉਸ ਨੇ ਇਹ ਪੇਸ਼ਕਸ਼ ਸਵੀਕਾਰ ਨਹੀਂ ਸੀ ਕੀਤੀ। ਇਸ ਦੇ ਸਿੱਟੇ ਵਜੋਂ ਉਸਨੂੰ ਆਪਣੀ ਪਿਸਤੌਲ ਆਪਣੇ ਉਡਾਣ ਵੇਲੇ ਦੇ ਸੂਟ ਦੇ ਪੱਟ ਉਪਰਲੀ ਜੇਬ ਵਿੱਚ ਰੱਖਣੀ ਪਈ ਸੀ। ਇਸ ਤੱਕ ਪਹੁੰਚਣ ਲਈ ਹੁਣ ਉਸਨੂੰ ਪਾਸੇ ਵੱਲ ਨੂੰ ਮੁੜਨਾ ਪੈਣਾ ਸੀ, ਪਰ ਦੁਸ਼ਮਣ ਦਾ ਧਿਆਨ ਖਿੱਚੇ ਬਗੈਰ ਉਹ ਇੰਝ ਨਹੀਂ ਸੀ ਕਰ ਸਕਦਾ ਉਹ ਮੂੰਹ ਹੇਠਾਂ ਵੱਲ ਕਰਕੇ ਪਿਆ ਸੀ। ਆਪਣੇ ਪੱਟ ਦੇ ਨਾਲ ਉਸਨੂੰ ਪਿਸਤੌਲ ਦੇ ਤੇਜ਼ ਕਿਨਾਰੇ ਮਹਿਸੂਸ ਹੋਏ; ਪਰ ਉਹ ਬੇਹਰਕਤ ਪਿਆ ਰਿਹਾ; ਸ਼ਾਇਦ ਦੁਸ਼ਮਣ ਉਸਨੂੰ ਮੁਰਦਾ ਹੀ ਸਮਝ ਲਵੇ ਤੇ ਉੱਥੋਂ ਚਲਾ ਜਾਏ।
ਜਰਮਨ ਤੁਰਦਾ ਹੋਇਆ ਉਸਦੇ ਨੇੜੇ ਆਇਆ, ਅਜੀਬ ਜਿਹੀ ਤਰ੍ਹਾਂ ਉਸਨੇ ਹਉਕਾ ਭਰਿਆ, ਤੇ ਫਿਰ ਪੈਰਾਂ ਹੇਠਾਂ ਬਰਫ਼ ਮਿਧਦਾ ਹੋਇਆ ਇੱਕ ਵਾਰੀ ਮੁੜ ਕੇ ਉਸ ਤੱਕ ਆਇਆ। ਅਲੈਕਸੇਈ ਨੂੰ ਇੱਕ ਵਾਰੀ ਫਿਰ ਉਸਦੇ ਮੂੰਹ ਵਿੱਚੋਂ ਬਦਬੂਦਾਰ ਸਾਹ ਆਉਂਦਾ ਮਹਿਸੂਸ ਹੋਇਆ। ਉਸਨੂੰ ਪਤਾ ਸੀ ਕਿ ਜਰਮਨ ਸਿਰਫ਼ ਇੱਕ ਹੈ, ਤੇ ਇਸ ਕਰਕੇ ਉਸਨੂੰ ਬਚ ਨਿਕਲਣ ਦਾ ਮੌਕਾ ਮਿਲ ਸਕਦਾ ਹੈ, ਜੇ ਉਹ ਉਸਦਾ ਖਿਆਲ ਰੱਖੇ, ਇੱਕਦਮ ਉਛਲ ਕੇ ਖੜੋ ਜਾਏ, ਤੇ ਇਸਤੋਂ ਪਹਿਲਾਂ ਕਿ ਉਹ ਆਪਣੀ ਬੰਦੂਕ ਤੱਕ ਹੱਥ ਵਧਾਏ, ਉਸਨੂੰ ਗਲੇ ਤੋਂ ਫੜ ਸਕੇ ।... ਪਰ ਇਹ ਬੜੇ ਧਿਆਨ ਨਾਲ ਤੇ ਬੇਹਦ ਸ਼ੁਧਤਾਈ ਨਾਲ ਕਰਨਾ ਪਵੇਗਾ।
ਆਪਣੀ ਪੁਜ਼ੀਸ਼ਨ ਬਦਲੇ ਬਿਨਾਂ, ਅਲੈਕਸੇਈ ਨੇ ਹੌਲੀ ਹੌਲੀ ਆਪਣੀਆਂ ਅੱਖਾਂ ਖੋਹਲੀਆਂ, ਤੇ ਆਪਣੀਆਂ ਅੱਧ-ਮੀਟੀਆਂ ਪਲਕਾਂ ਥਾਣੀ ਉਸਨੂੰ ਜਰਮਨ ਨਹੀਂ ਸਗੋਂ ਭੂਰਾ ਜਿਹਾ, ਜੱਤਲ ਥਾਂ ਦਿਖਾਈ ਦਿੱਤਾ। ਉਸਨੇ ਆਪਣੀਆਂ ਅੱਖਾਂ ਹੋਰ ਚੌੜੀਆਂ ਕਰ ਕੇ ਦੇਖਿਆ ਤੇ ਇੱਕਦਮ ਉਹਨਾਂ ਨੂੰ ਮੁੜ ਬੰਦ ਕਰ ਲਿਆ: ਇਕ ਵੱਡਾ ਸਾਰਾ ਪਤਲਾ, ਜੱਤਲ ਰਿੱਛ ਉਸਦੇ ਸਾਮ੍ਹਣੇ ਚਿੱਤੜਾਂ-ਭਾਰ ਬੈਠਾ ਸੀ।
3
ਬੇਹਰਕਤ ਮਨੁੱਖਾ ਆਕਾਰ ਦੇ ਨੇੜੇ, ਜਿਹੜਾ ਧੁੱਪ ਵਿੱਚ ਲਿਸ਼ਕ ਰਹੀ ਨੀਲੀ ਜਿਹੀ ਬਰਫ਼ ਵਿੱਚ ਮਸਾਂ ਹੀ ਉਭਰਦਾ ਦਿਖਾਈ ਦੇਂਦਾ ਸੀ, ਰਿੱਛ ਇੰਝ, ਚੁੱਪ-ਚਾਪ ਬੈਠਾ ਸੀ,