

ਟੱਕ ਦੇਖੀ ਜਾ ਰਹੀ ਸੀ। ਇੰਝ ਹੀ ਹੋਵੇਗਾ। ਤੇ ਉਹ ਸਿਰਹਾਣੇ ਵਿਚ ਆਪਣਾ ਮੂੰਹ ਦੇ ਕੇ, ਚੁੱਪ-ਚਾਪ, ਫੁੱਟ ਫੁੱਟ ਕੇ ਰੋਣ ਲੱਗ ਪਿਆ। ਸਾਰੇ ਹਰਾਸੇ ਗਏ। ਸਤੇਪਾਨ ਈਵਾਨੋਵਿਚ, ਕੱਰਾਹੁੰਦਾ ਹੋਇਆ, ਆਪਣੇ ਕੰਬਲ ਵਿੱਚੋਂ ਨਿਕਲਿਆ, ਆਪਣਾ ਚੋਗਾ ਪਾਇਆ, ਤੇ ਆਪਣੇ ਸਲੀਪਰਾਂ ਵਾਲੇ ਪੈਰਾਂ ਨੂੰ ਬਦਲਦਾ ਹੋਇਆ ਤੇ ਮੰਜੇ ਦੀਆਂ ਬਾਹੀਆਂ ਨੂੰ ਫੜਦਾ ਹੋਇਆ, ਹੌਲੀ ਹੌਲੀ ਅਲੈਕਸੇਈ ਦੇ ਮੰਜੇ ਵੱਲ ਤੁਰ ਪਿਆ, ਪਰ ਕੋਮੀਸਾਰ ਨੇ ਉਸ ਵੱਲ ਤਾੜਨਾ ਕਰਦੀ ਉਂਗਲੀ ਕੀਤੀ, ਜਿਵੇਂ ਕਹਿ ਰਿਹਾ ਹੋਵੇ: "ਟੰਗ ਨਾ ਅੜਾ। ਰੋ ਲੈਣ ਦੇ ਸੂ, ਜੀਅ ਭਰ ਕੇ ।"
ਤੇ ਸੱਚਮੁਚ ਉਸਤੋਂ ਪਿਛੋਂ ਅਲੈਕਸੇਈ ਚੰਗਾ ਚੰਗਾ ਮਹਿਸੂਸ ਕਰਨ ਲੱਗਾ। ਜਲਦੀ ਹੀ ਉਹ ਸ਼ਾਂਤ ਹੋ ਗਿਆ ਸਗੋਂ ਦਿਲ ਵਿੱਚ ਹੌਲ਼ਾ ਹੌਲਾ ਮਹਿਸੂਸ ਕਰਨ ਲੱਗਾ, ਜਿਵੇਂ ਕੋਈ ਐਸਾ ਆਦਮੀ ਕਰਦਾ ਹੈ ਜਦੋਂ ਆਖ਼ਰ ਉਹ ਐਸੇ ਸਵਾਲ ਦਾ ਫ਼ੈਸਲਾ ਕਰ ਚੁਕਦਾ ਹੈ, ਜਿਹੜਾ ਸਵਾਲ ਮੁੱਦਤਾਂ ਤੋਂ ਉਸਨੂੰ ਕਸ਼ਟ ਦੇ ਰਿਹਾ ਹੋਵੇ। ਸ਼ਾਮ ਤੱਕ ਉਸਨੇ ਇੱਕ ਲਫ਼ਜ਼ ਮੂੰਹੋਂ ਨਾ ਕੱਢਿਆ, ਜਦੋਂ ਅਰਦਲੀ ਉਸਨੂੰ ਅਪਰੇਸ਼ਨ ਰੂਮ ਲਈ ਲਿਜਾਣ ਵਾਸਤੇ ਆਏ। ਨਾ ਹੀ ਉਸਨੇ ਚੁੰਧਿਆ ਦੇਣ ਵਾਲ਼ੇ ਚਿੱਟੇ ਕਮਰੇ ਵਿੱਚ ਹੀ ਕੋਈ ਲਫਜ਼ ਬੋਲਿਆ। ਜਦੋਂ ਉਸਨੂੰ ਦਸਿਆ ਗਿਆ ਕਿ ਉਸਦੇ ਦਿਲ ਦੀ ਹਾਲਤ ਇਹ ਆਗਿਆ ਨਹੀਂ ਦੇਵੇਂਗੀ ਕਿ ਉਸਨੂੰ ਨੀਂਦਰ ਦੀ ਅਵਸਥਾ ਵਿੱਚ ਲੈ ਆਂਦਾ ਜਾਏ, ਤੇ ਅਪਰੇਸ਼ਨ ਸਿਰਫ਼ ਉਸ ਥਾਂ ਨੂੰ ਸੁੰਨ ਕਰਕੇ ਹੀ ਕਰਨਾ ਪਵੇਗਾ, ਉਦੋਂ ਵੀ ਉਸਨੇ ਸਿਰਫ਼ ਸਿਰ ਹੀ ਹਿਲਾਇਆ। ਅਪਰੇਸ਼ਨ ਦੇ ਦੌਰਾਨ ਨਾ ਉਹ ਕੱਰਾਹਿਆ, ਨਾ ਹੀ ਚੀਕਿਆ। ਵਾਸਿਲੀ ਵਾਸਿਲੀਯੇਵਿਚ ਇਹ ਸਾਦਾ ਜਿਹਾ ਅਪਰੇਸ਼ਨ ਆਪ ਕਰ ਰਿਹਾ ਸੀ ਤੇ, ਹਮੇਸ਼ਾ ਵਾਂਗ, ਨਰਸਾਂ ਤੇ ਸਹਾਇਕਾਂ ਨੂੰ ਘੁਰਕ ਘੁਰਕ ਕੇ ਪੈ ਰਿਹਾ ਸੀ; ਉਸਨੇ ਸਹਾਇਕ ਨੂੰ ਕਈ ਵਾਰੀ ਇਹ ਦੇਖਣ ਲਈ ਕਿਹਾ ਕਿ ਕਿਤੇ ਮਰੀਜ਼ ਮਰ ਤਾਂ ਨਹੀਂ ਸੀ ਗਿਆ।
ਜਦੋਂ ਹੱਡੀਆਂ ਕੱਟੀਆਂ ਗਈਆਂ ਤਾਂ ਪੀੜ ਭਿਆਨਕ ਸੀ; ਪਰ ਅਲੈਕਸੇਈ ਹੁਣ ਪੀੜ ਸਹਿਣ ਦਾ ਆਦੀ ਹੋ ਚੁੱਕਾ ਸੀ, ਤੇ ਉਸਨੂੰ ਸਗੋਂ ਸਮਝ ਵੀ ਨਹੀਂ ਸੀ ਆ ਰਹੀ ਕਿ ਚਿੱਟੇ ਚੋਗੇ ਪਾਈ ਤੇ ਮੂੰਹਾਂ ਅੱਗੇ ਚਿੱਟੀ ਜਾਲੀ ਬੰਨ੍ਹੀ ਇਹ ਲੋਕ ਉਸਦੇ ਪੈਰਾਂ ਨਾਲ ਕੀ ਕਰ ਰਹੇ ਸਨ।
ਜਦੋਂ ਉਹ ਹੋਸ਼ ਵਿੱਚ ਆਇਆ ਤਾਂ ਪਹਿਲੀ ਚੀਜ਼ ਜਿਹੜੀ ਉਸਦੀ ਨਜ਼ਰੀਂ ਪਈ, ਉਹ ਸੀ ਕਲਾਵਦੀਆ ਮਿਖਾਇਲੋਵਨਾ ਦਾ ਹਮਦਰਦੀ ਭਰਿਆ ਚਿਹਰਾ। ਅਜੀਬ ਗੱਲ ਇਹ ਸੀ ਕਿ ਉਸਨੂੰ ਕੁਝ ਯਾਦ ਨਹੀਂ ਸੀ, ਤੇ ਉਹ ਸਗੋਂ ਹੈਰਾਨ ਹੋ ਰਿਹਾ ਸੀ ਕਿ ਇਸ ਸੋਹਣੀ, ਮਿਹਰਬਾਨ, ਸੁਨਹਿਰੇ ਵਾਲਾਂ ਵਾਲੀ ਔਰਤ ਦਾ ਚਿਹਰਾ ਕਿਉਂ ਫਿਕਰਮੰਦ ਤੇ ਕੁਝ ਜਾਨਣ ਲਈ ਉਤਾਵਲਾ ਲੱਗ ਰਿਹਾ ਸੀ। ਇਹ ਦੇਖਦਿਆਂ ਕਿ ਉਸਨੇ ਅੱਖਾਂ ਖੋਹਲ ਲਈਆਂ ਹਨ, ਉਸਦਾ ਚਿਹਰਾ ਖਿੜ ਉੱਠਿਆ ਤੇ ਉਸਨੇ ਕੰਬਲ ਦੇ ਹੇਠਾਂ ਅਲੈਕਸੇਈ ਦੇ ਹੱਥ ਨੂੰ ਮਲਕੜੇ ਜਿਹੇ ਘੁਟਿਆ।
"ਤੁਸੀਂ ਕਿੱਡੇ ਕਮਾਲ ਦੇ ਬੰਦੇ ਹੋ!” ਉਹ ਬੋਲੀ ਤੇ ਇੱਕਦਮ ਉਸਦੀ ਨਬਜ਼ ਦੇਖਣ