

ਲਈ ਉਸਦੀ ਵੀਣੀ ਫੜ ਲਈ।
"ਇਹ ਕੀ ਗੱਲਾਂ ਕਰ ਰਹੀ ਹੈ?” ਅਲੈਕਸੇਈ ਹੈਰਾਨ ਹੋ ਰਿਹਾ ਸੀ। ਫਿਰ ਉਸਨੇ ਪਹਿਲਾਂ ਨਾਲੋਂ ਉਤਾਂਹ ਕਰਕੇ ਲੱਤ ਵਿੱਚ ਪੀੜ ਮਹਿਸੂਸ ਕੀਤੀ, ਤੇ ਇਹ ਪਹਿਲਾਂ ਵਾਲੀ ਸਾੜਵੀਂ, ਨੱਚਵੀਂ, ਫੜਕਦੀ ਪੀੜ ਨਹੀਂ ਸੀ, ਸਗੋਂ ਮਧਮ ਜਿਹੀ ਪੀੜ ਸੀ, ਜਿਵੇਂ ਕਿ ਉਸਨੇ ਗੋਡਿਆਂ ਤੋਂ ਹੇਠਾਂ ਕੱਸ ਕੇ ਰੱਸੀਆਂ ਬੰਨ੍ਹੀਆਂ ਹੁੰਦੀਆਂ ਹਨ। ਇੱਕਦਮ ਉਸਨੇ ਕੰਬਲ ਦੇ ਮੋੜਾਂ ਤੋਂ ਦੇਖਿਆ ਕਿ ਉਸਦਾ ਸਰੀਰ ਪਹਿਲਾਂ ਨਾਲੋਂ ਛੋਟਾ ਹੋ ਗਿਆ ਹੈ ਤੇ ਤੁਰੰਤ ਹੀ ਉਸਨੂੰ ਯਾਦ ਆ ਗਿਆ: ਚੁੰਧਿਆ ਦੇਣ ਵਾਲਾ ਚਮਕਦਾ ਚਿੱਟਾ ਕਮਰਾ, ਗੁੱਸੇ ਵਿੱਚ ਗੁਰਾਉਦਾ ਹੋਇਆ ਵਾਸਿਲੀ ਵਾਸਿਲੀਯੇਵਿਚ, ਇਨੈਮਲ ਦੀ ਬਾਲਟੀ ਵਿੱਚ ਕੁਝ ਡਿੱਗਣ ਦੀ ਹਲਕੀ ਹਲਕੀ ਅਵਾਜ਼। "ਸੋ ਹੋ ਵੀ ਚੁੱਕੈ ?” ਉਹ ਬੇਦਿਲੀ ਜਿਹੀ ਨਾਲ ਹੈਰਾਨ ਹੋਇਆ ਤੇ ਜ਼ਬਰਦਸਤੀ ਮੁਸਕਾਨ ਮੂੰਹ ਉੱਤੇ ਲਿਆਉਂਦਾ ਹੋਇਆ ਨਰਸ ਨੂੰ ਕਹਿਣ ਲੱਗਾ:
"ਲਗਦੇ ਕਿ ਮੈਂ ਮਧਰਾ ਹੋ ਗਿਆ ਹਾਂ।"
ਉਹ ਚੰਗੀ ਤਰ੍ਹਾਂ ਮੁਸਕਾ ਨਾ ਸਕਿਆ, ਤੇ ਮੁਸਕ੍ਰਾਹਟ ਵਧੇਰੇ ਮੂੰਹ ਚਿੜਾਉਣ ਵਾਂਗ ਲੱਗਦੀ ਸੀ। ਕਲਾਵਦੀਆ ਮਿਖਾਇਲੋਵਨਾ ਨੇ ਉਸਦੇ ਵਾਲਾਂ ਉੱਤੇ ਹਲਕਾ ਹਲਕਾ ਹੱਥ ਫੇਰਿਆ ਤੇ ਬੋਲੀ:
"ਕੋਈ ਗੱਲ ਨਹੀਂ, ਕੋਈ ਗੱਲ ਨਹੀਂ, ਹੁਣ ਆਰਾਮ ਮਹਿਸੂਸ ਕਰੋਗੇ।"
"ਹਾਂ, ਯਕੀਨਨ, ਅਰਾਮ। ਕਿੰਨੇ ਕਿਲੋਗ੍ਰਾਮ ਘੱਟ ਹੋਣਗੇ ?"
"ਇੰਝ ਨਾ ਕਹੋ ! ਪਰ ਤੁਸੀਂ ਹੋ ਕਮਾਲ ਦੇ ਆਦਮੀ । ਕਈ ਲੋਕ ਚੀਕਦੇ ਨੇ, ਕਈਆਂ ਨੂੰ ਸਗੋਂ ਬੰਨਣਾ ਪੈਂਦਾ ਹੈ। ਪਰ ਤੁਸੀਂ ਅਵਾਜ਼ ਤੱਕ ਨਹੀਂ ਕੱਢੀ। ਉਫ਼, ਇਹ ਜੰਗ, ਜੰਗ।"
ਇੱਥੇ ਜਾ ਕੇ ਕਮਰੇ ਵਿੱਚੋਂ ਸੰਧਿਆ ਦੇ ਅਰਧ-ਹਨੇਰੇ ਵਿੱਚੋਂ ਕੋਮੀਸਾਰ ਦੀ ਗੁੱਸੇ ਵਾਲੀ ਅਵਾਜ਼ ਸੁਣਾਈ ਦਿਤੀ:
"ਕਾਹਦੇ ਲਈ ਇੱਥੇ ਹੁਣ ਰੋਣਾ-ਧੋਣਾ ਸ਼ੁਰੂ ਕਰ ਦਿੱਤੈ ? ਆਹ ਲੈ, ਸਿਸਟਰ, ਚਿੱਠੀਆਂ ਫੜਾ ਇਹਨੂੰ । ਕੁਝ ਲੋਕ ਖੁਸ਼ਕਿਸਮਤ ਹੁੰਦੇ ਨੇ; ਸਗੋਂ ਮੈਨੂੰ ਵੀ ਈਰਖਾ ਹੋ ਰਹੀ ਏ । ਇੱਕਦਮ ਕਿੰਨੀਆਂ ਚਿੱਠੀਆਂ ਆ ਗਈਆਂ।"
ਕੋਮੀਸਾਰ ਨੇ ਚਿੱਠੀਆਂ ਦਾ ਇੱਕ ਪੈਕਟ ਮਰੇਸੇਯੇਵ ਨੂੰ ਫੜਾਇਆ । ਇਹ ਅਲੈਕਸੇਈ ਦੀ ਰੈਜਮੈਂਟ ਤੋਂ ਸਨ। ਇਹ ਵੱਖੋ-ਵੱਖਰੀਆਂ ਤਰੀਕਾਂ ਦੀਆਂ ਲਿਖੀਆਂ ਹੋਈਆਂ ਸਨ, ਪਰ ਪਤਾ ਨਹੀਂ ਕਿਉਂ ਇੱਕੋ ਵੇਲੇ ਮਿਲੀਆ ਸਨ। ਤੇ ਹੁਣ ਪੈਰ ਕਟਾ ਕੇ ਪਏ ਅਲੈਕਸੇਈ ਨੇ ਇਹ ਦੋਸਤਾਨਾ ਸੰਦੇਸ਼ੇ ਪੜ੍ਹੇ ਜਿਨ੍ਹਾਂ ਵਿਚ ਉਸਨੂੰ ਦੂਰ ਦੇ ਜੀਵਨ ਬਾਰੇ ਦੱਸਿਆ ਗਿਆ ਸੀ, ਸਖ਼ਤ ਮਿਹਨਤ, ਮੁਸ਼ਕਲਾਂ ਤੇ ਖ਼ਤਰਿਆਂ ਨਾਲ ਭਰੇ ਜੀਵਨ ਬਾਰੇ, ਜਿਸਨੇ ਕਦੀਂ ਉਸਨੂੰ ਮਿਕਨਾਤੀਸ ਵਾਂਗ ਖਿੱਚਿਆ ਸੀ, ਪਰ ਜਿਹੜਾ ਹੁਣ ਉਹ ਸਦਾ ਲਈ ਖੋਹ ਚੁੱਕਾ ਸੀ। ਉਸਨੇ ਬੜੀ ਉਤਸੁਕਤਾ ਨਾਲ ਵੱਡੀਆਂ ਵੱਡੀਆਂ ਖ਼ਬਰਾਂ ਤੇ ਨਿੱਕੀਆਂ ਨਿੱਕੀਆਂ ਘਟਨਾਵਾਂ ਬਾਰੇ ਪੜ੍ਹਿਆ, ਜਿਨ੍ਹਾਂ ਬਾਰੇ ਰੈਜਮੈਂਟ ਵਾਲਿਆ ਨੇ ਉਸਨੂੰ ਲਿਖਿਆ ਹੋਇਆ ਸੀ: ਕਿ ਕੋਰ ਦੇ ਰਾਜਸੀ ਅਫ਼ਸਰ ਦੇ ਮੂੰਹੋਂ ਇਹ ਸੁਣਿਆ ਗਿਆ ਸੀ ਕਿ ਰੈਜਮੈਂਟ ਦੇ ਨਾਂ ਦੀ ਲਾਲ ਝੰਡੇ