

ਦੇ ਪੁਰਸਕਾਰ ਲਈ ਸਿਫਾਰਸ਼ ਕੀਤੀ ਗਈ ਹੈ; ਕਿ ਈਵਾਨਚੁਕ ਨੂੰ ਦੋ ਪੁਰਸਕਾਰ ਇੱਕੋ ਵੇਲੇ ਮਿਲੇ ਹਨ; ਕਿ ਯਾਸ਼ੀਨ ਸ਼ਿਕਾਰ ਖੇਡਣ ਗਿਆ ਸੀ ਤੇ ਲੂੰਮੜੀ ਮਾਰ ਕੇ ਲਿਆਇਆ ਸੀ, ਜਿਸਦੀ ਪਤਾ ਨਹੀਂ ਕਿਉਂ ਪੂਛ ਹੀ ਨਹੀਂ ਸੀ ਤੇ ਸਤਿਉਪਾ ਰੋਸਤੋਵ ਦੀ ਦਾੜ੍ਹ ਸੁੱਜ ਗਈ ਸੀ ਜਿਸ ਕਰਕੇ ਨਰਸ ਲੇਨਾ ਨਾਲ ਉਸਦੇ ਰੋਮਾਂਸ ਵਿੱਚ ਵਿਘਨ ਪੈ ਗਿਆ ਹੈ। ਘੜੀ ਪਲ ਲਈ ਉਸਦੀਆਂ ਸੋਚਾਂ ਉਸਨੂੰ ਜੰਗਲਾਂ ਵਿੱਚ ਲੁਕੇ ਹਵਾਈ ਅੱਡੇ ਵੱਲ ਲੈ ਗਈਆਂ, ਜਿਸ ਦੀ ਧੋਖੇਬਾਜ਼ ਜ਼ਮੀਨ ਹੋਣ ਕਰਕੇ ਪਾਇਲਟ ਉਸਨੂੰ ਅਕਸਰ ਲਾਅਣਤਾਂ ਪਾਉਂਦੇ ਸਨ, ਪਰ ਜਿਹੜਾ ਹੁਣ ਉਸਨੂੰ ਇਸ ਧਰਤੀ ਉਪਰ ਸਭ ਤੋਂ ਚੰਗਾ ਟੋਟਾ ਲੱਗਦਾ ਸੀ।
ਉਹ ਚਿੱਠੀਆਂ ਵਿੱਚ ਇੰਝ ਖੁੱਭ ਗਿਆ, ਕਿ ਤਰੀਕਾਂ ਦੇ ਵੱਖ ਵੱਖ ਹੋਣ ਵੱਲ ਉਸਦਾ ਧਿਆਨ ਹੀ ਨਾ ਗਿਆ, ਤੇ ਨਾ ਹੀ ਉਸਨੇ ਇਹ ਦੇਖਿਆ ਕਿ ਕੋਮੀਸਾਰ ਕਿਵੇਂ ਨਰਸ ਨੂੰ ਅੱਖ ਮਾਰ ਕੇ ਉਸਦਾ ਉਸ ਵੱਲ ਧਿਆਨ ਦੁਆਉਂਦਾ ਹੋਇਆ ਹੌਲੀ ਜਿਹੀ ਉਸਨੂੰ ਕਹਿ ਰਿਹਾ ਸੀ: “ਮੇਰੀ ਦਵਾਈ ਤੁਹਾਡੀਆਂ ਸਾਰੀਆਂ ਬਾਰਬੀਤਾਲਾਂ ਤੇ ਵੇਰੋਨਾਲਾਂ ਨਾਲ ਚੰਗੀ ਹੈ।" ਅਲੈਕਸੇਈ ਨੂੰ ਇਹ ਕਦੀ ਪਤਾ ਨਾ ਲੱਗਾ ਕਿ ਇਸ ਘਟਨਾ ਨੂੰ ਅਗੇਤੇ ਹੀ ਦੇਖਦਿਆ, ਕੋਮੀਸਾਰ ਉਸਦੀਆਂ ਕੁਝ ਚਿੱਠੀਆਂ ਰੋਕ ਕੇ ਰੱਖਦਾ ਸੀ ਤਾਂ ਕਿ ਮਰੇਸੇਯੇਵ ਲਈ ਭਿਆਨਕ ਦਿਨ ਨੂੰ, ਇਸ ਭਿਆਨਕ ਸੱਟ ਦੇ ਕਸ਼ਟ ਨੂੰ ਘੱਟ ਕਰਨ ਲਈ ਉਹ ਉਸਦੇ ਹਵਾਈ ਅੱਡੇ ਤੋਂ ਦੋਸਤਾਨਾ ਸ਼ੁਭ-ਇਛਾਵਾਂ ਤੇ ਖ਼ਬਰਾਂ ਵਾਲੀਆਂ ਇਹ ਚਿੱਠੀਆਂ ਪੜ੍ਹਨ ਲਈ ਦੇਵੇਗਾ। ਕੋਮੀਸਾਰ ਹੰਢਿਆ ਵਰਤਿਆ ਸਿਪਾਹੀ ਸੀ । ਉਸਨੂੰ ਇਹਨਾਂ ਤੇਜ਼ ਤੇਜ਼ ਤੇ ਬੇਧਿਆਨੀ ਨਾਲ ਲਿਖੇ ਕਾਗਜ਼ ਦੇ ਪੁਰਜ਼ਿਆਂ ਦੀ ਕੀਮਤ ਦਾ ਪਤਾ ਸੀ ਜਿਹੜੇ, ਮਹਾਜ਼ ਉੱਤੇ, ਕਈ ਵਾਰੀ ਦਵਾਈ ਜਾਂ ਰੋਟੀ ਨਾਲੋ ਵੀ ਵਧੇਰੇ ਕੀਮਤੀ ਹੁੰਦੇ ਸਨ।
ਆਂਦਰੇਈ ਦੇਗਤਿਆਰੈਨਕ ਦੀ ਚਿੱਠੀ ਸਿੱਧੀ-ਸਾਧੀ ਤੇ ਖਰੂਵੀਂ ਸੀ, ਜਿਸ ਤਰ੍ਹਾਂ ਦਾ ਉਹ ਆਪ ਸੀ। ਉਸਦੀ ਚਿੱਠੀ ਵਿੱਚ ਇੱਕ ਛੋਟਾ ਜਿਹਾ ਨੋਟ ਸੀ, ਗੋਲ ਗੋਲ ਲਿਖਤ ਵਿੱਚ ਤੇ ਜਿਸ ਵਿੱਚ ਕਿੰਨੇ ਹੀ ਵਿਸਰਾਮ ਚਿੰਨ੍ਹ ਭਰੇ ਪਏ ਸਨ । ਇਸ ਵਿਚ ਲਿਖਿਆ ਸੀ:
“ਸਾਥੀ ਸੀਨੀਅਰ ਲੈਫਟੀਨੈਂਟ। ਇਹ ਚੰਗੀ ਗੱਲ ਨਹੀਂ ਕਿ ਤੁਸੀਂ ਆਪਣਾ ਵਚਨ ਨਹੀਂ ਪੂਰਾ ਕਰਦੇ !!! ਰੈਜਮੈਂਟ ਵਿੱਚ ਤੁਹਾਨੂੰ ਅਕਸਰ ਯਾਦ ਕੀਤਾ ਜਾਂਦੈ, ਤੇ ਮੈਂ ਤੁਹਾਨੂੰ ਝੂਠ ਨਹੀਂ ਕਹਿੰਦੀ, ਗੱਲਾਂ ਹੀ ਸਿਰਫ਼ ਤੁਹਾਡੇ ਬਾਰੇ ਹੁੰਦੀਆਂ ਨੇ । ਬਹੁਤਾ ਸਮਾਂ ਨਹੀ ਹੋਇਆ ਕਿ ਸਾਥੀ ਵਿੰਗ ਕਮਾਂਡਰ ਮੈੱਸ ਵਿਚ ਕਹਿਣ ਲੱਗਾ: 'ਅਲੈਕਸੇਈ ਮਰੇਸੇਯੇਵ ਹੋਇਆ ਨਾ ਆਦਮੀ !!!' ਤੁਸੀਂ ਆਪ ਹੀ ਜਾਣਦੇ ਹੋ ਕਿ ਉਹ ਸਿਰਫ਼ ਸਭ ਤੋਂ ਚੰਗੇ ਬੰਦਿਆਂ ਬਾਰੇ ਹੀ ਇੰਝ ਗੱਲ ਕਰਦੇ। ਜਲਦੀ ਵਾਪਸ ਆ ਜਾਓ, ਹਰ ਕੋਈ ਤੁਹਾਨੂੰ ਉਡੀਕ ਰਿਹਾ ਹੈ!!! ਐੱਸ ਦੀ ਵੱਡੀ ਲਿਓਲਾ ਨੇ ਮੈਨੂੰ ਇਹ ਲਿਖਣ ਲਈ ਕਿਹਾ ਹੈ ਕਿ ਉਹ ਹੁਣ ਹੋਰ ਬਹਿਸਾਂ ਨਹੀਂ ਕਰਿਆ ਕਰੇਗੀ, ਤੇ ਖਾਣੇ ਵੇਲੇ ਦੂਜੀ ਡਿਸ਼ ਤਿੰਨ ਵਾਰੀ ਦਿਆ ਕਰੇਗੀ, ਭਾਵੇਂ ਉਸਨੂੰ ਇਸ ਵਾਸਤੇ ਨੌਕਰੀ ਤੋਂ ਹੀ ਕਿਉਂ ਨਾ ਹੱਥ ਧੋਣੇ ਪੈਣ। ਭਾਵੇਂ ਕਿ ਇਹ ਬੜੀ ਮਾੜੀ ਗੱਲ ਹੈ ਕਿ ਤੁਸੀ ਵਚਨ ਨਹੀਂ ਪਾਲਦੇ !!! ਤੁਸੀਂ ਦੂਜਿਆਂ ਨੂੰ ਚਿੱਠੀਆਂ ਲਿਖੀਆਂ ਨੇ, ਪਰ ਮੈਨੂੰ ਨਹੀਂ ਲਿਖੀ। ਮੈਨੂੰ ਇਸਦਾ ਬੜਾ ਰੰਜ ਹੈ, ਤੇ ਇਸੇ ਲਈ ਮੈਂ ਤੁਹਾਨੂੰ ਵੱਖਰੀ ਚਿੱਠੀ ਨਹੀਂ ਲਿਖ