

ਰਿਹਾ ਸੀ ਤੇ ਮਹਿਸੂਸ ਕਰ ਰਿਹਾ ਸੀ ਕਿ ਭਾਰੀ, ਤੇ ਸ਼ਾਇਦ ਫੈਸਲਾਕੁੰਨ ਲੜਾਈਆਂ ਹੋਣ ਵਾਲੀਆਂ ਹਨ। ਪਰ ਇਹ ਖਿਆਲ ਕਿ ਉਸਦੇ ਸਾਥੀ, ਸ਼ਾਇਦ ਕੁਕੁਸ਼ਕਿਨ ਵੀ, ਜਿਹੜਾ ਬੜੀ ਜਲਦੀ ਜਲਦੀ ਰਾਜ਼ੀ ਹੋ ਰਿਹਾ ਸੀ, ਇਹਨਾਂ ਲੜਾਈਆਂ ਵਿੱਚ ਸ਼ਾਮਲ ਹੋ ਸਕਣਗੇ, ਜਦ ਕਿ ਪਿੱਛੇ ਕਿਤੇ ਬੇਮਕਸਦ ਜ਼ਿੰਦਗੀ ਕੱਟਣਾ ਉਸਦੇ ਭਾਗਾਂ ਵਿੱਚ ਲਿਖਿਆ ਗਿਆ ਹੈ. ਤੇ ਇਸਨੂੰ ਕੋਈ ਚੀਜ਼ ਮਿਟਾ ਨਹੀਂ ਸੀ ਸਕਦੀ, ਉਸ ਲਈ ਏਨਾਂ ਕੁੜੱਤਣ ਭਰਿਆ ਗਿਆ ਸੀ ਕਿ ਜਦੋਂ ਕੋਮੀਸਾਰ ਅਖ਼ਬਾਰ ਪੜ੍ਹਦਾ ਜਾਂ ਜਦੋਂ ਜੰਗ ਬਾਰੇ ਕੋਈ ਗੱਲਬਾਤ ਛਿੜਦੀ, ਅਲੈਕਸੇਈ ਆਪਣੇ ਕੰਬਲ ਨਾਲ ਆਪਣਾ ਸਿਰ ਢੱਕ ਲੈਂਦਾ ਤੇ ਆਪਣੇ ਸਿਰਹਾਣੇ ਉੱਤੇ ਆਪਣੀਆਂ ਗਲ੍ਹਾਂ ਰਗੜਨ ਲਗ ਪੈਂਦਾ ਤਾਂ ਕਿ ਉਹ ਨਾ ਕੁਝ ਦੇਖ ਸਕੇ, ਨਾ ਸੁਣ ਸਕੇ । ਤੇ ਪਤਾ ਨਹੀਂ ਕਿਉਂ ਉਸਦੇ ਦਿਮਾਗ਼ ਵਿੱਚ ਇਹ ਲਫਜ਼ ਘੁੰਮਦੇ ਰਹਿੰਦੇ: "ਜਿਹੜੇ ਗੈਂਗਣ ਲਈ ਜੰਮੇਂ ਨੇਂ, ਉਹ ਉੱਡ ਨਹੀ ਸਕਦੇ ।"*
ਕਲਾਵਦੀਆ ਮਿਖਾਈਲੋਵਨਾ ਲੂੰਦਾਰ ਬੈਂਤ ਦੀਆਂ ਕੁਝ ਟਾਹਣੀਆਂ ਲੈ ਆਈ, ਜਿਹੜੀਆਂ ਪਤਾ ਨਹੀਂ ਇਸ ਕਰੜੇ, ਜੰਗ ਸਮੇਂ ਦੇ, ਬੈਰੀਕੇਡਾ ਵਾਲੇ ਮਾਸਕੋ ਵਿੱਚ ਕਿਥੋਂ ਆ ਗਈਆਂ ਸਨ ਤੇ ਇੱਕ ਇੱਕ ਟਾਹਣ ਹਰ ਇੱਕ ਦੇ ਮੰਜੇ ਕੋਲ ਗਲਾਸ ਵਿੱਚ ਰੱਖ ਦਿੱਤੀ। ਲਾਲ ਟਾਹਣੀਆਂ ਦੇ ਚਿੱਟੇ ਗੁਦਗੁਦੇ ਗੋਹੜਿਆਂ ਵਿੱਚੋਂ ਏਨੀ ਸੱਜਰੀ ਸੱਜਰੀ ਵਾਸ਼ਨਾ ਆ ਰਹੀ ਸੀ ਕਿ ਇੰਝ ਲੱਗਦਾ ਸੀ ਜਿਵੇਂ ਬਸੰਤ ਆਪ ਚੱਲ ਕੇ ਬਤਾਲੀ ਨੰਬਰ ਵਾਰਡ ਵਿੱਚ ਆ ਗਈ ਹੋਵੇ। ਹਰ ਕੋਈ ਉਸ ਦਿਨ ਖੁਸ਼ੀਭਰੇ ਉਤਸ਼ਾਹ ਨਾਲ ਭਰਿਆ ਰਿਹਾ। ਇੱਥੋਂ ਤੱਕ ਕਿ ਚੁਪੀਤੇ ਟੈਂਕਮੈਨ ਨੇ ਵੀ ਆਪਣੀਆਂ ਪੱਟੀਆਂ ਦੇ ਵਿੱਚੋਂ ਦੀ ਕੁਝ ਲਫ਼ਜ਼ ਬੁੜਬੁੜਾਏ।
ਅਲੈਕਸੇਈ ਪਿਆ ਪਿਆ ਸੋਚ ਰਿਹਾ ਸੀ: ਕਾਮੀਸ਼ਿਨ ਵਿੱਚ ਉਛਲਦੀਆਂ ਹੋਈਆਂ ਨਦੀਆਂ ਚਿੱਕੜ ਵਾਲੇ ਪਹਿਆ ਦੇ ਨਾਲ ਨਾਲ ਲਿਸ਼ਕਦੇ ਪੱਥਰ ਗੀਟਿਆ ਵਾਲੀਆਂ ਸੜਕਾਂ ਦੇ ਉਪਰੋਂ ਦੀ ਵਹਿ ਰਹੀਆਂ ਹੋਣਗੀਆਂ, ਨਿੱਘੀ ਹੋਈ ਹੋਈ ਜ਼ਮੀਨ ਦੀ, ਸੱਜਰੀ ਸਿਲ੍ਹ ਤੇ ਘੋੜੇ ਦੀ ਲਿੱਦ ਦੀ ਵਾਸ਼ਨਾ ਆ ਰਹੀ ਹੈ। ਇਹੋ ਜਿਹਾ ਹੀ ਇੱਕ ਦਿਨ ਸੀ ਜਦੋਂ ਉਹ ਤੇ ਓਲਿਆ ਵੋਲਗਾ ਦੇ ਡੂੰਘੇ ਕੰਢੇ ਉਤੇ ਖੜੇ ਸਨ ਤੇ ਗੰਭੀਰ ਚੁੱਪ ਵਿਚਕਾਰ, ਜਿਸਨੂੰ ਚੰਡੂਲਾਂ ਦੀਆਂ ਚਾਂਦੀ ਦੀ ਟੱਲੀ ਵਰਗੀਆਂ ਅਵਾਜ਼ਾਂ ਹੀ ਤੋੜਦੀਆਂ ਸਨ, ਦਰਿਆ ਦੀ ਅਸੀਮ ਵਿਸ਼ਾਲਤਾ ਦੇ ਉਪਰੋਂ ਬਰਫ਼ ਅਰਾਮ ਨਾਲ ਤਰਦੀ ਹੋਈ ਉਹਨਾਂ ਦੇ ਕੋਲੋਂ ਦੀ ਲੰਘ ਰਹੀ ਸੀ। ਤੇ ਇੰਝ ਲੱਗਦਾ ਸੀ ਜਿਵੇਂ ਰੌਂਅ ਦੇ ਨਾਲ ਬਰਫ਼ ਨਹੀਂ ਸੀ ਤਰਦੀ ਜਾ ਰਹੀ, ਸਗੋਂ ਉਹ ਤੇ ਓਲਿਆ ਕਿਸੇ ਤੂਫ਼ਾਨੀ, ਉਛਾਲੇ ਖਾਂਦੇ ਦਰਿਆ ਨੂੰ ਮਿਲਣ ਲਈ ਚੁੱਪ-ਚਾਪ ਤਰਦੇ ਜਾ ਰਹੇ ਸਨ। ਉਹ ਬਿਨਾਂ ਇੱਕ ਲਫ਼ਜ਼ ਵੀ ਬੋਲਿਆ ਉਥੇ ਖੜ੍ਹੇ ਰਹੇ ਸਨ, ਇਹੋ ਜਿਹੀ ਭਵਿੱਖੀ ਖੁਸ਼ੀ ਦੇ ਸੁਪਨੇ ਲੈਂਦੇ ਹੋਏ ਕਿ ਵੋਲਗਾ ਦੀ ਵਿਸ਼ਾਲ ਚੁੜੱਤਣ ਤੋਂ ਉਪਰਲੀ ਉਸ ਥਾਂ, ਬਸੰਤ ਦੀ ਖੁੱਲ੍ਹੀ ਵਗਦੀ ਹਵਾ ਵੀ, ਜਿਵੇਂ ਉਹਨਾਂ ਦੇ ਸਾਹ ਲੈਣ ਲਈ ਕਾਫ਼ੀ ਨਹੀਂ ਸੀ। ਹੁਣ ਉਹ ਸੁਪਨੇ ਕਦੀ ਵੀ ਸੱਚੇ ਨਹੀਂ ਹੋਣਗੇ। ਹੁਣ ਉਹ ਉਸ ਤੋਂ ਮੂੰਹ ਫੇਰ ਲਵੇਗੀ। ਤੇ ਜੇ ਉਹ ਨਾ ਵੀ ਫੇਰੇ, ਤਾਂ ਕੀ ਉਹ ਇਸ ਕੁਰਬਾਨੀ ਨੂੰ ਪ੍ਰਵਾਨ ਕਰ ਸਕਦਾ ਹੈ, ਕੀ ਉਹ ਉਸਨੂੰ,