

ਏਨੀ ਉਜਲੀ ਤੇ ਸੋਹਣੀ ਤੇ ਛਬਦਾਰ ਕੁੜੀ ਨੂੰ, ਆਪਣੇ ਨਾਲ ਤੁਰਨ ਦੀ ਆਗਿਆ ਦੇ ਸਕਦਾ ਹੈ, ਜਦ ਕਿ ਆਪ ਉਹ ਮੁੱਢੀਆਂ ਉੱਪਰ ਉਛਲਦਾ ਹੋਇਆ ਜਾ ਰਿਹਾ ਹੋਵੇਗਾ ?... ਤੇ ਉਸਨੇ ਨਰਸ ਨੂੰ ਵਾਸਤਾ ਪਾਇਆ ਕਿ ਉਹ ਬਸੰਤ ਦੀ ਇਸ ਮੂਰਖ ਜਿਹੀ ਯਾਦ ਨੂੰ ਉਸਨੇ ਮੇਜ ਤੋਂ ਚੁੱਕ ਲਵੇ।
ਬੈਂਤ ਦੀ ਟਾਹਣੀ ਚੁੱਕ ਲਈ ਗਈ, ਪਰ ਉਹ ਆਪਣੀਆਂ ਕੌੜੀਆਂ ਸੋਚਾਂ ਤੋਂ ਏਨੀ ਸੌਖੀ ਤਰ੍ਹਾਂ ਛੁਟਕਾਰਾ ਨਾ ਪਾ ਸਕਿਆ: ਓਲਿਆ ਕੀ ਕਹੇਗੀ ਜਦੋਂ ਉਸਨੂੰ ਪਤਾ ਲੱਗਾ ਕਿ ਉਸਦੇ ਪੈਰ ਜਾਂਦੇ ਰਹੇ ਹਨ? ਕੀ ਉਹ ਉਸਨੂੰ ਛੱਡ ਜਾਏਗੀ, ਭੁੱਲ ਜਾਏਗੀ, ਆਪਣੀ ਜ਼ਿੰਦਗੀ ਵਿੱਚੋਂ ਉਸਨੂੰ ਕੱਢ ਛੱਡੇਗੀ? ਅਲੈਕਸੇਈ ਦੀ ਸਾਰੀ ਹੋਂਦ ਇਸਦੇ ਖਿਲਾਫ਼ ਰੋਸ ਪ੍ਰਗਟ ਕਰ ਰਹੀ ਸੀ। ਨਹੀਂ। ਉਹ ਇਸ ਤਰ੍ਹਾਂ ਦੀ ਨਹੀਂ। ਉਹ ਉਸਨੂੰ ਨਹੀਂ ਛੱਡੇਗੀ, ਉਸਤੋਂ ਮੂੰਹ ਮੋੜੇਗੀ। ਪਰ ਇਹ ਗੱਲ ਹੋਰ ਵੀ ਮਾੜੀ ਹੋਵੇਗੀ । ਉਸਨੇ ਆਪਣੀਆਂ ਅੱਖਾਂ ਸਾਮ੍ਹਣੇ ਇਹ ਚਿਤਾਰਿਆ ਕਿ ਕਿਵੇਂ ਉਹ ਆਪਣੀ ਸਖਾਵਤ ਕਰਕੇ ਉਸ ਨਾਲ, ਬਿਨ੍ਹਾਂ ਪੈਰਾਂ ਦੇ ਆਦਮੀ ਨਾਲ, ਵਿਆਹ ਕਰਾ ਲੈਂਦੀ ਹੈ, ਕਿਵੇਂ ਇਸ ਕਰਕੇ ਉਹ ਉਚੇਰੀ ਟੈਕਨੀਕਲ ਵਿੱਦਿਆ ਲੈਣ ਦੇ ਸਾਰੇ ਸੁਪਨੇ ਸੁੱਟ ਪਾਉਂਦੀ ਹੈ, ਕਿਵੇਂ ਉਹ ਦਫ਼ਤਰੀ ਨਿੱਤ ਕਿਰਿਆ ਦਾ ਜੂਲਾ ਆਪਣੇ ਗਲ ਪਾ ਲੈਂਦੀ ਹੈ, ਤਾਂ ਕਿ ਉਹ ਆਪਣੇ ਆਪ ਨੂੰ, ਆਪਣੇ ਅਪਾਹਜ ਪਤੀ, ਤੇ ਕੌਣ ਜਾਣੇ, ਹੋ ਸਕਦਾ ਹੈ ਬੱਚਿਆਂ ਨੂੰ, ਪਾਲ ਸਕੇ।
ਕੀ ਇਹ ਕੁਰਬਾਨੀ ਕਬੂਲ ਕਰਨ ਦਾ ਉਸਨੂੰ ਕੋਈ ਹੱਕ ਹੈ ? ਉਹ ਅਜੇ ਇੱਕ ਦੂਜੇ ਨਾਲ ਬੱਝੇ ਹੋਏ ਨਹੀਂ, ਉਹਨਾਂ ਦੀ ਮੰਗਣੀ ਹੋ ਚੁੱਕੀ ਹੈ, ਪਰ ਅਜੇ ਉਹ ਪਤੀ ਪਤਨੀ ਨਹੀਂ। ਉਹ ਉਸਨੂੰ ਪਿਆਰ ਕਰਦਾ ਸੀ, ਤੇ ਬਹੁਤ ਪਿਆਰ ਕਰਦਾ ਸੀ, ਇਸ ਲਈ ਉਸਨੇ ਫੈਸਲਾ ਕੀਤਾ ਕਿ ਉਸਨੂੰ ਐਸਾ ਕੋਈ ਹੱਕ ਨਹੀਂ ਸੀ, ਕਿ ਉਸਨੂੰ ਖ਼ੁਦ ਆਪਣੇ ਇਹ ਸੰਬੰਧ ਤੋੜ ਲੈਣੇ ਚਾਹੀਦੇ ਹਨ, ਇੱਕਦਮ, ਇੱਕੋ ਝਟਕੇ ਨਾਲ, ਤਾਂ ਕਿ ਨਾ ਸਿਰਫ਼ ਬੋਝਲ ਭਵਿੱਖ ਤੋਂ ਹੀ ਸਗੋਂ ਦੁਚਿੱਤੀਆਂ ਦੇ ਵਰਤਮਾਨ ਕਸ਼ਟ ਤੋਂ ਵੀ ਉਸਦਾ ਛੁਟਕਾਰਾ ਕਰਾਇਆ ਜਾ ਸਕੇ।
ਪਰ ਫਿਰ ਕਾਮੀਸ਼ਿਨ ਦੀ ਮੋਹਰ ਵਾਲੀਆਂ ਚਿੱਠੀਆਂ ਮਿਲੀਆਂ ਜਿਨਾਂ ਨੇ ਸਾਰੇ ਫੈਸਲਿਆਂ ਉਤੇ ਲਕੀਰ ਫੇਰ ਦਿੱਤੀ। ਓਲਿਆ ਦੀ ਚਿੱਠੀ ਕਿਸੇ ਭਾਵੀ ਡਰ ਦੇ ਅਹਿਸਾਸ ਨਾਲ ਭਰੀ ਪਈ ਸੀ। ਕਿਸੇ ਮਾੜੀ ਘਟਨਾ ਨੂੰ ਅਗੇਤੇ ਹੀ ਮਹਿਸੂਸ ਕਰਦਿਆਂ, ਉਸਨੇ ਲਿਖਿਆ ਸੀ ਕਿ ਉਹ ਹਮੇਸ਼ਾ ਹਮੇਸ਼ਾ ਲਈ ਉਸ ਨਾਲ ਰਹੇਗੀ, ਭਾਵੇਂ ਉਸ ਨਾਲ ਕੁਝ ਵੀ ਕਿਉਂ ਨਾ ਵਾਪਰ ਜਾਏ, ਕਿ ਉਹ ਸਿਰਫ਼ ਉਸੇ ਲਈ ਜਿਊਂਦੀ ਸੀ, ਕਿ ਹਰ ਵਿਹਲੀ ਘੜੀ ਉਹੀ ਉਸਦੀਆਂ ਸੋਚਾਂ ਵਿੱਚ ਹੁੰਦਾ ਹੈ, ਤੇ ਇਹ ਸੋਚਾਂ ਜੰਗ-ਸਮੇਂ ਦੇ ਇਹ ਕਸ਼ਟ ਸਹਿਣ ਵਿੱਚ ਉਸਦੀ ਸਹਾਇਤਾ ਕਰਦੀਆਂ ਹਨ - ਆਰਾ ਮਿੱਲ ਦੀਆਂ ਉਨੀਂਦੀਆਂ ਰਾਤਾਂ, ਛੁੱਟੀ ਵਾਲੇ ਦਿਨਾਂ ਤੇ ਰਾਤਾਂ ਨੂੰ ਖਾਈਆਂ ਖੋਦਣੀਆਂ ਤੇ ਟੈਕਾਂ ਲਈ ਟੋਏ ਪੁੱਟਣੇ ਤੇ, ਇਸ ਵਿੱਚ ਲੁਕਾਉਣ ਵਾਲੀ ਕਿਹੜੀ ਗੱਲ ਸੀ, ਅਰਧ-ਭੁੱਖੇ ਰਹਿਣ ਵਾਲੀ ਇਸ ਹੋਂਦ ਨੂੰ, "ਉਹ ਆਖ਼ਰੀ ਛੋਟੀ ਜਿਹੀ ਫੋਟੋ, ਜਿਹੜੀ ਤੂੰ ਦਰਖਤ ਦੀ ਮੁੱਢ ਉਤੇ ਕੁੱਤੇ ਨੂੰ ਲੈ ਕੇ ਬੈਠੇ ਦੀ ਖਿੱਚੀ ਸੀ, ਹਮੇਸ਼ਾ ਮੇਰੇ ਕੋਲ ਰਹਿੰਦੀ ਹੈ। ਮੈਂ ਇਹ ਮਾਂ ਵਾਲੇ ਲਾਕਟ ਵਿੱਚ ਜੜਾ ਲਈ ਹੈ ਤੇ