

ਦਾ ਠੰਡਾ, ਸਿਲ੍ਹਾ ਸਾਹ, ਚਿੜੀਆਂ ਦੀ ਉਤੇਜਿਤ ਚੀਂ-ਚੀਂ, ਮੋੜ ਮੁੜ ਰਹੀਆਂ ਟਰਾਮਾਂ ਦੀ ਖੁਸ਼ੀਭਰੀ ਤੇ ਟੁਣਕਵੀਂ ਖੜਕਾਰ, ਹੁਣ ਬਰਫ਼ ਤੋਂ ਖਾਲੀ ਪੱਕੀਆਂ ਸੜਕਾਂ ਉਪਰ ਪੈਂਦੇ ਕਦਮਾਂ ਦੀ ਗੂੰਜਵੀਂ ਚਾਪ ਤੇ ਸ਼ਾਮ ਨੂੰ ਕਿਸੇ ਅਕਾਰਡੀਅਨ ਦੀ ਨੀਵੀਂ, ਇੱਕੋ ਤਰ੍ਹਾਂ ਦੀ ਧੁਨ ਨੂੰ ਨਾਲ ਲੈ ਕੇ ਇਹ ਬਸੰਤ ਬਾਰੀਆਂ ਥਾਣੀ ਆ ਜਾ ਰਹੀ ਸੀ । ਇਹ ਪਾਸੇ ਦੀ ਬਾਰੀ ਥਾਣੀ ਝਾਕਦੀ ਜਿਸ ਵਿੱਚੋਂ ਪੋਪਲਰ ਦੇ ਦਰਖਤ ਦੀ ਧੁਪ-ਰੁਸ਼ਨਾਈ ਟਾਹਣੀ ਦੇਖੀ ਜਾ ਸਕਦੀ ਸੀ ਜਿਸ ਉੱਤੇ ਪੀਲੀ ਜਿਹੀ ਮੋਮ ਨਾਲ ਢੱਕੀਆਂ ਲੰਮੀਆਂ ਲੰਮੀਆਂ ਕਲੀਆਂ ਭਰਮਾਰ ਲਾ ਰਹੀਆਂ ਸਨ। ਇਹ ਉਹਨਾਂ ਸੁਨਹਿਰੀ ਛਾਈਆਂ ਦੇ ਰੂਪ ਵਿੱਚ ਕਮਰੇ ਵਿੱਚ ਆ ਵੜਦੀ, ਜਿਨ੍ਹਾਂ ਨੇ ਕਲਾਵਦੀਆ ਮਿਖਾਇਲੋਵਨਾ ਦਾ ਪੀਲਾ ਪਿਆ ਹੋਇਆ, ਮਿਹਰਬਾਨ ਚਿਹਰਾ ਢੱਕ ਦਿੱਤਾ ਸੀ ਤੇ ਜਿਹੜੀਆਂ ਕਿਸੇ ਵੀ ਪਾਊਡਰ ਨਾਲ ਨਹੀਂ ਸੀ ਢਕੀਆਂ ਜਾਂਦੀਆਂ ਜਿਸ ਉਤੇ ਨਰਸ ਨੂੰ ਕੋਈ ਘੱਟ ਗੁੱਸਾ ਨਹੀਂ ਸੀ ਆਉਂਦਾ। ਬਾਰੀ ਦੀ ਸਿਲ੍ਹ ਦੇ ਬਾਹਰਲੇ ਟੀਨ ਦੇ ਵਧਾਣ ਉੱਪਰ ਡਿਗਦੇ ਮੋਟੇ ਮੋਟੇ ਟੇਪਿਆ ਵੱਲੋਂ ਖੁਸ਼ੀ ਨਾਲ ਵਜਾਏ ਜਾਂਦੇ ਢੋਲ ਦੇ ਰੂਪ ਵਿੱਚ ਲਗਾਤਾਰ ਆਪਣੇ ਵੱਲ ਧਿਆਨ ਖਿੱਚਦੀ ਸੀ।
ਜਿਸ ਤਰ੍ਹਾਂ ਇਹ ਸਦਾ ਕਰਦੀ ਹੀ ਹੈ, ਬਸੰਤ ਨੇ ਦਿਲਾਂ ਨੂੰ ਹੋਲਿਆਂ ਫੁੱਲ ਕਰ ਦਿੱਤਾ ਤੇ ਸੁਪਨਿਆਂ ਨੂੰ ਜਗਾ ਦਿਤਾ।
"ਆਹ! ਇਸ ਵੇਲੇ ਕਿਤੇ ਬੰਦੂਕਾਂ ਨਾਲ ਜੰਗਲਾਂ ਦੀ ਸਫ਼ਾਈ ਕਰਨਾ ਕਿੰਨਾਂ ਚੰਗਾ ਲੱਗੇ । ਕਿਉਂ, ਨਹੀਂ, ਸਤੇਪਾਨ ਈਵਾਨੋਵਿਚ? ਸਵੇਰ ਵੇਲੇ, ਕਿਸੇ ਛੱਪਰ ਹੇਠ ਸ਼ਿਕਾਰ ਦੀ ਤਾੜ ਵਿੱਚ ਬੈਠਣਾ... ਇਸ ਤੋਂ ਚੰਗੀ ਵੀ ਕੋਈ ਚੀਜ਼ ਹੋ ਸਕਦੀ ਹੈ? ਪਤੈ, ਉਹ ਗੁਲਾਬੀ ਗੁਲਾਬੀ ਸਵੇਰ, ਕੋਹਰੇ ਨਾਲ ਤਾਜ਼ਗੀ ਦੇਣ ਵਾਲੀ, ਤੇ ਤੁਸੀਂ ਬੈਠੇ ਹੋ । ਇੱਕਦਮ -ਗਲ- ਗਲ-ਗਲ, ਤੇ ਫਿਰ ਪਰ੍ਹਾਂ ਦੀ ਫੜਫੜਾਹਟ - ਫਿਊ-ਫਿਊ-ਫਿਊ... ਤੇ ਇਹ ਆ ਕੇ ਤੁਹਾਡੇ ਸਿਰ ਉਤੇ ਬੈਠ ਜਾਂਦਾ ਹੈ — ਪੂਛ ਪੱਖੇ ਵਾਂਗ ਫੈਲਾਈ, ਤੇ ਫਿਰ ਇੱਕ ਹੋਰ ਤੇ ਫਿਰ ਇੱਕ ਹੋਰ..."
ਸਤੇਪਾਨ ਈਵਾਨੋਵਿਚ ਨੇ ਠੰਡਾ ਸਾਹ ਭਰਿਆ ਤੇ ਮੂੰਹ ਨਾਲ ਕੁਝ ਚੂਸਣ ਦੀ ਅਵਾਜ਼ ਕਢੀ ਜਿਵੇਂ ਉਸਦੇ ਮੂੰਹ ਵਿੱਚ ਪਾਣੀ ਆ ਰਿਹਾ ਹੋਵੇ, ਪਰ ਕੋਮੀਸਾਰ ਬਿਨਾਂ ਰੁਕੇ ਬੋਲੀ ਗਿਆ:
"ਤੇ ਫਿਰ ਤੁਸੀਂ ਅੱਗ ਬਾਲਦੇ ਹੋ, ਆਪਣਾ ਓਵਰਕੋਟ ਵਿਛਾਉਂਦੇ ਹੋ, ਤੇ ਫਿਰ ਖੁਸ਼ਬੂਦਾਰ ਚਾਹ ਬਣਾਉਂਦੇ ਹੋ ਧੂੰਏਂ ਦੀ ਮਿਸ ਵਾਲੀ, ਤੇ ਆਪਣੇ ਸਰੀਰ ਦੇ ਹਰ ਪੱਠੇ ਨੂੰ ਗਰਮਾਉਣ ਲਈ ਵਿੱਚ ਵੋਦਕਾ ਦੇ ਕੁਝ ਤੁਪਕੇ ਪਾਉਦੇ ਹੋ, ਹੈਂ ? ਆਪਣੀ ਸੱਚੀ ਮਿਹਨਤ ਤੋਂ ਮਗਰੋਂ..."
"ਓ, ਐਸੀਆਂ ਗੱਲਾਂ ਨਾ ਕਰੋ, ਸਾਥੀ ਕੋਮੀਸਾਰ। ਤੇ ਸਾਡੇ ਪਾਸੇ ਵੱਲ ਇਸ ਸਮੇਂ ਪਤਾ ਜੇ ਕਿਹੜਾ ਸ਼ਿਕਾਰ ਮਿਲਦੈ ? ਪਾਈਕ ਮੱਛਲੀ ! ਤੁਸੀਂ ਯਕੀਨ ਨਹੀਂ ਕਰਨਾ, ਪਰ ਹੈ ਬਿਲਕੁਲ ਸੱਚ। ਤੁਸੀਂ ਸੁਣਿਆ ਨਹੀਂ ਹੋਇਆ ਇਸ ਬਾਰੇ ? ਬੇਸ਼ੱਕ, ਚੰਗਾ ਸ਼ੁਗਲ ਰਹਿੰਦੈ, ਤੇ ਤੁਸੀਂ ਕੁਝ ਕਮਾਈ ਵੀ ਕਰ ਸਕਦੇ ਹੋ। ਜਿਉਂ ਹੀ ਝੀਲ ਉੱਪਰਲੀ ਬਰਫ਼ ਤਿੜਕਦੀ ਹੈ ਤੇ ਦਰਿਆ ਕੰਢਿਆਂ ਉੱਪਰੋਂ ਦੀ ਵਹਿਣ ਲੱਗਦੇ ਹਨ, ਤਾਂ ਉਹ ਸਾਰੀਆਂ ਕੰਢਿਆਂ ਉਤੇ, ਉਥੋਂ