ਚਿੱਤੜਾਂ-ਭਾਰ ਬੈਠਾ ਸੀ: ਇਸਦੀਆਂ ਕਾਲੀਆਂ ਗਿੱਡ-ਭਰੀਆਂ ਅੱਖਾਂ ਵਿੱਚ ਘਬਰਾਹਟ ਸੀ। ਇਸਦੇ ਦੰਦਾਂ ਦੇ ਵਿੱਚੋਂ ਦੀ ਗਾਹੜੇ, ਮਿਟਿਆਲੇ ਲਾਲ ਲਹੂ ਦੀ ਧਾਰ ਵਹਿ ਕੇ ਬਰਫ਼ ਉੱਤੇ ਡਿੱਗਣ ਲੱਗੀ। ਉਸਨੇ ਬੈਠੀ ਅਵਾਜ਼ ਵਿੱਚ, ਭਿਆਨਕ ਗਰਜ ਛੱਡੀ, ਆਪਣੀਆਂ ਪਿਛਲੀਆਂ ਲੱਤਾਂ ਭਾਰ ਹੌਲੀ ਹੌਲੀ ਖੜਾ ਹੋਇਆ, ਤੇ ਇਸ ਤੋਂ ਪਹਿਲਾਂ ਕਿ ਅਲੈਕਸੇਈ ਦੂਜੀ ਗੋਲੀ ਚਲਾਏ, ਢਹਿ-ਢੇਰੀ ਹੋ ਗਿਆ। ਨੀਲੀ ਭਾਹ ਮਾਰਦੀ ਬਰਫ਼ ਹੌਲੀ ਹੌਲੀ ਕਿਰਮਚੀ ਹੋ ਗਈ; ਇਹ ਪਿਘਲਣ ਲੱਗੀ, ਤੇ ਰਿੱਛ ਦੇ ਸਿਰ ਦੇ ਕੋਲ ਹਲਕੀ ਹਲਕੀ ਭਾਫ਼ ਉਠਣ ਲੱਗ ਪਈ। ਰਿੱਛ ਮਰ ਚੁੱਕਾ ਸੀ।
ਅਲੈਕਸਈ ਜਿਸ ਤਣਾਅ ਹੇਠ ਆ ਕੇ ਸਭ ਕੁਝ ਕਰ ਰਿਹਾ ਸੀ, ਉਹ ਇਕਦਮ ਢਿੱਲਾ ਪੈ ਗਿਆ । ਫਿਰ ਉਸਨੂੰ ਆਪਣੇ ਪੈਰ ਵਿੱਚ ਤੇਜ਼, ਸਾੜਵੀਂ ਪੀੜ ਮਹਿਸੂਸ ਹੋਣ ਲੱਗੀ। ਪਿੱਛੇ ਬਰਫ਼ ਉੱਤੇ ਡਿਗਦਿਆਂ ਉਹ ਬੇਹੋਸ਼ ਹੋ ਗਿਆ।
ਉਸਨੂੰ ਹੋਸ਼ ਉਦੋਂ ਆਈ, ਜਦੋਂ ਸੂਰਜ ਅਕਾਸ਼ ਵਿੱਚ ਉੱਚਾ ਜਾ ਚੁੱਕਾ ਸੀ । ਦਿਆਰਾਂ ਦੀਆਂ ਸੰਘਣੀਆਂ ਸਿਖਰਾਂ ਦੇ ਵਿੱਚੋਂ ਦੀ ਲੰਘਦੀਆਂ ਇਸਦੀਆਂ ਕਿਰਨਾਂ ਬਰਫ਼ ਉੱਤੇ ਪੈਂਦੀਆਂ ਚਿਲਕੋਰ ਪੈਦਾ ਕਰ ਰਹੀਆਂ ਸਨ । ਪ੍ਰਛਾਵੇਂ ਹੇਠ ਪਈ ਬਰਫ਼ ਹੁਣ ਪੀਲੀ ਨਹੀਂ ਸੀ ਰਹੀ, ਸਗੋਂ ਗੂਹੜੀ ਨੀਲੀ ਹੋ ਗਈ ਸੀ।
"ਰਿੱਛ ਬਾਰੇ ਮੈਨੂੰ ਸੁਪਨਾ ਆਇਆ ਸੀ ?" ਅਲੈਕਸੇਈ ਦੇ ਆਪਣੇ ਮਨ ਵਿੱਚ ਪਹਿਲਾ ਵਿਚਾਰ ਇਹ ਆਇਆ।
ਭੂਰੀ, ਜੱਤਲ, ਖਰ੍ਹਵੀਂ ਲਾਸ਼ ਕੋਲ ਹੀ ਨੀਲੀ ਬਰਫ਼ ਉੱਤੇ ਪਈ ਸੀ। ਜੰਗਲ ਅਵਾਜ਼ਾਂ ਨਾਲ ਭਰਿਆ ਪਿਆ ਸੀ । ਚੱਕੀਰਾਹਾ ਗੂੰਜਵੀਂ ਤਰ੍ਹਾਂ ਦਰਖਤ ਦੀ ਛਿੱਲ ਨੂੰ ਠਕੋਰ ਰਿਹਾ ਸੀ; ਚੁਸਤ, ਪੀਲੀ ਛਾਤੀ ਵਾਲੀਆਂ ਪਿੱਦੀਆਂ ਟਾਹਣੀਉਂ-ਟਾਹਣੀ ਫੁਦਕਦੀਆਂ ਹੋਈਆ ਖੁਸ਼ੀ ਖੁਸ਼ੀ ਚਹਿਚਹਾ ਰਹੀਆਂ ਸਨ।
"ਮੈਂ ਜਿਉਂਦਾ ਹਾਂ, ਜਿਉਂਦਾ, ਜਿਉਂਦਾ ਹਾਂ!" ਅਲੈਕਸੇਈ ਨੇ ਆਪਣੇ ਮਨ ਵਿੱਚ ਦੁਹਰਾਇਆ। ਤੇ ਉਸਦਾ ਸਾਰਾ ਸਰੀਰ, ਰੋਮ ਰੋਮ, ਜਿਉਂਦਾ ਹੋਣ ਦੇ ਐਸੇ ਸ਼ਕਤੀਸ਼ਾਲੀ, ਜਾਦੂਈ, ਨਸ਼ਾ ਚਾੜ੍ਹਨ ਵਾਲੇ ਅਹਿਸਾਸ ਨਾਲ ਹੁਲਾਸ ਵਿੱਚ ਆ ਗਿਆ, ਜਿਹੜਾ ਅਹਿਸਾਸ ਹਰ ਵਾਰੀ ਆਦਮੀ ਉੱਪਰ ਛਾ ਜਾਂਦਾ ਹੈ, ਜਦੋਂ ਉਹ ਕਿਸੇ ਮਾਰੂ ਖ਼ਤਰੇ ਵਿੱਚੋਂ ਬਚ ਨਿੱਕਲਦਾ ਹੈ।
ਇਸ ਸ਼ਕਤੀਸ਼ਾਲੀ ਅਹਿਸਾਸ ਦਾ ਪ੍ਰੇਰਿਆ, ਉਹ ਉਛਲ ਕੇ ਖੜੋ ਗਿਆ, ਪਰ ਇੱਕਦਮ ਕਰਾਹੁੰਦਾ ਹੋਇਆ ਰਿੱਛ ਦੀ ਲਾਸ਼ ਉੱਤੇ ਡਿੱਗ ਪਿਆ। ਉਸਦਾ ਸਿਰ ਮਧਮ ਜਿਹੀ, ਗੜ- ਗੜ ਦੀ ਅਵਾਜ਼ ਨਾਲ ਭਰ ਗਿਆ, ਜਿਵੇਂ ਦੋ ਪੁਰਾਣੇ, ਖੁਰਦਰੇ ਚੱਕੀ ਦੇ ਪੁੜ ਫਿਰ ਰਹੇ ਹੋਣ, ਪੀਹ ਰਹੇ ਹੋਣ ਤੇ ਉਸਦੇ ਦਿਮਾਗ਼ ਵਿੱਚ ਕੰਬਣੀਆਂ ਛੇੜ ਰਹੇ ਹੋਣ। ਉਸਦੀਆਂ ਅੱਖਾਂ ਦਰਦ ਕਰ ਰਹੀਆਂ ਸਨ, ਜਿਵੇਂ ਕੋਈ ਉਹਨਾਂ ਨੂੰ ਆਪਣੀਆਂ ਉਂਗਲਾਂ ਨਾਲ ਦਬਾ ਰਿਹਾ ਹੋਵੇ। ਇੱਕ ਵੇਲੇ ਉਸਨੂੰ, ਸੂਰਜ ਦੀਆਂ ਕਿਰਨਾਂ ਦੇ ਠੰਡੇ, ਪੀਲੇ ਚਾਨਣ ਨਾਲ ਭਰਿਆ, ਆਪਣੇ ਆਲੇ-ਦੁਆਲੇ ਸਭ ਕੁਝ ਸਾਫ਼ ਤੇ ਸਪਸ਼ਟ ਦਿਖਾਈ ਦੇਣ ਲੱਗ ਪੈਂਦਾ;