ਦੂਜੀ ਘੜੀ ਸਭ ਕੁਝ ਸਲੇਟੀ, ਚਮਕਦੇ ਪਰਦੇ ਪਿਛੇ ਸਭ ਕੁਝ ਛੁਪ ਜਾਂਦਾ।
"ਬਹੁਤ ਮਾੜੀ ਗੱਲ ਹੈ! ਡਿੱਗਣ ਨਾਲ ਜ਼ਰੂਰ ਮੇਰੇ ਸਿਰ ਵਿੱਚ ਸੱਟ ਲੱਗ ਗਈ ਹੋਵੇਗੀ। ਤੇ ਮੇਰੇ ਪੈਰਾਂ ਨੂੰ ਵੀ ਕੁਝ ਹੋ ਗਿਆ ਹੈ ", ਅਲੈਕਸੇਈ ਸੋਚਣ ਲੱਗਾ।
ਕੂਹਣੀਆਂ ਭਾਰ ਆਪਣੇ ਆਪ ਨੂੰ ਉਤਾਂਹ ਚੁੱਕਦਿਆਂ ਉਸਨੇ ਹੈਰਾਨੀ ਨਾਲ ਵਿਸ਼ਾਲ ਮੈਦਾਨ ਵੱਲ ਦੇਖਿਆ ਜਿਹੜਾ ਜੰਗਲ ਦੇ ਕਿਨਾਰੇ ਤੋਂ ਪਾਰ ਦੁਮੇਲ ਤੱਕ ਫੈਲਿਆ ਹੋਇਆ ਸੀ, ਜਿਥੇ ਸਲੇਟੀ ਅਰਧ-ਚੱਕਰ ਵਿੱਚ ਦੂਰ ਦੂਜਾ ਜੰਗਲ ਦਿਖਾਈ ਦੇਂਦਾ ਸੀ।
ਪ੍ਰਤੱਖ ਤੌਰ ਉੱਤੇ, ਪਤਝੜ ਵਿਚ, ਜਾਂ ਸ਼ਇਦ ਚੜ੍ਹਦੇ ਸਿਆਲ ਵਿੱਚ ਇਸ ਜੰਗਲ ਦੇ ਕਿਨਾਰੇ ਰੱਖਿਆ ਦੀ ਰੇਖਾ ਸੀ, ਜਿਸ ਉੱਤੇ ਸੋਵੀਅਤ ਫ਼ੌਜ ਡਟੀ ਰਹੀ ਸੀ, ਸ਼ਇਦ ਬਹੁਤੀ ਦੇਰ ਨਹੀਂ, ਪਰ ਸਿਰੜ੍ਹ ਨਾਲ, ਮਰਨ ਤੱਕ। ਤੂਫ਼ਾਨਾਂ ਨੇ ਬਰਫ਼ ਦੀ ਨਰਮ ਨਰਮ ਰੂੰ ਦੀ ਤਹਿ ਨਾਲ ਧਰਤੀ ਦੇ ਫੱਟਾਂ ਨੂੰ ਢੱਕ ਦਿੱਤਾ ਸੀ; ਪਰ ਉਸ ਤਹਿ ਦੇ ਹੇਠਾਂ ਨੂੰ, ਅੱਖ ਅਜੇ ਵੀ ਖਾਈਆਂ ਦੀ ਕਤਾਰ ਨੂੰ ਤਬਾਹ ਹੋਈਆਂ ਮਸ਼ੀਨ-ਗੰਨਾਂ ਦੇ ਥੜ੍ਹਿਆਂ ਦੀ ਥਾਂ ਬਣੇ ਟਿਬਿਆਂ ਨੂੰ, ਗੋਲਿਆਂ ਨਾਲ ਬਣੇ ਅਨੇਕ ਵੱਡੇ ਛੋਟੇ ਟੋਇਆਂ ਨੂੰ ਨਿਖੇੜ ਸਕਦੀ ਸੀ, ਜਿਹੜੇ ਜੰਗਲ ਦੇ ਕਿਨਾਰੇ ਉਪਰਲੇ ਕੱਟੇ-ਵਢੇ ਤੇ ਗੋਲਿਆਂ ਨਾਲ ਉਡੇ ਦਰਖਤਾਂ ਦੇ ਪੈਰਾਂ ਤੱਕ ਫੈਲੇ ਹੋਏ ਸਨ। ਇਸ ਛਾਨਣੀ ਛਾਨਣੀ ਹੋਏ ਮੈਦਾਨ ਵਿੱਚ ਟਿਮਕਣਿਆਂ ਵਾਂਗ ਕਿੰਨੇ ਸਾਰੇ ਟੈਂਕ ਦਿਖਾਈ ਦੇਂਦੇ ਸਨ, ਜਿਨ੍ਹਾਂ ਉੱਪਰ ਪਾਈਕ ਮੱਛੀ ਦੇ ਚਾਣਿਆਂ ਵਾਂਗ ਰੰਗ ਬਰੰਗਾ ਰੋਗਨ ਹੋਇਆ ਹੋਇਆ ਸੀ। ਉਹ ਬਰਫ਼ ਉੱਤੇ ਜੰਮੇ ਖੜੇ ਸਨ, ਤੇ ਸਾਰੇ ਦੇ ਸਾਰੇ - ਖਾਸ ਕਰਕੇ ਬਿਲਕੁਲ ਸਿਰੇ ਦਾ ਟੈਂਕ, ਜਿਹੜਾ ਗਰਨੇਡ ਵੱਜਣ ਨਾਲ, ਜਾਂ ਸੁਰੰਗ ਫਟਣ ਨਾਲ ਪਾਸੇ ਪਰਨੇ ਉਲਟ ਗਿਆ ਹੋਵੇਗਾ, ਜਿਸ ਕਰਕੇ ਇਸਦੀ ਲੰਮੀ ਨਾਲੀ ਜ਼ਮੀਨ ਵੱਲ ਇੰਝ ਲਟਕੀ ਹੋਈ ਸੀ, ਜਿਵੇਂ ਮੂੰਹ ਵਿੱਚੋਂ ਜੀਭ ਲਟਕੀ ਹੁੰਦੀ ਹੈ - ਅਜੀਬ ਜਿਹੇ ਦੈਂਤਾਂ ਦੀਆਂ ਲੋਥਾਂ ਲੱਗਦੇ ਸਨ। ਤੇ ਸਾਰੇ ਮੈਦਾਨ ਉੱਪਰ, ਘੱਟ ਡੂੰਘੀਆਂ ਖਾਈਆਂ ਦੇ ਕੰਢਿਆਂ ਉੱਤੇ, ਟੈਂਕਾਂ ਦੇ ਨੇੜੇ ਤੇ ਜੰਗਲ ਦੇ ਸਿਰੇ ਉੱਤੇ, ਸੋਵੀਅਤ ਤੇ ਜਰਮਨ ਸਿਪਾਹੀਆਂ ਦੀਆਂ ਲਾਸ਼ਾਂ ਵਿਛੀਆ ਹੋਈਆ ਸਨ । ਇਹ ਏਨੀਆਂ ਜ਼ਿਆਦਾ ਸਨ ਕਿ ਕਿਤੇ ਕਿਤੇ ਤਾਂ ਇਹ ਇੱਕ ਦੂਜੇ ਦੇ ਉੱਪਰ ਢੇਰਾਂ ਵਿਚ ਪਈਆ ਸਨ; ਤੇ ਇਹ ਬਿਲਕੁਲ ਉਸੇ ਹੀ ਹਾਲਤ ਵਿੱਚ ਜੰਮੀਆਂ ਹੋਈਆਂ ਸਨ, ਜਿਸ ਹਾਲਤ ਵਿੱਚ ਮੌਤ ਨੇ ਉਹਨਾਂ ਨੂੰ ਕੁਝ ਹੀ ਮਹੀਨੇ ਪਹਿਲਾਂ, ਚੜ੍ਹਦੇ ਸਿਆਲ ਵਿੱਚ, ਲੜਾਈ ਵਿੱਚ ਢਾਹ ਲਿਆ ਸੀ।
ਇਹਨਾਂ ਸਭ ਚੀਜ਼ਾਂ ਤੋਂ ਅਲੈਕਸੇਈ ਨੂੰ ਇੱਥੇ ਲੜੀ ਗਈ ਘਮਸਾਣ ਦੀ ਤੇ ਸਿਰੜ੍ਹੀ ਲੜਾਈ ਦਾ ਪਤਾ ਲੱਗਦਾ ਸੀ, ਪਤਾ ਲੱਗਦਾ ਸੀ ਕਿ ਉਸਦੇ ਜੁਝਾਰ ਸਾਥੀ ਇੱਥੇ ਲੜੇ ਸਨ, ਸਭ ਕੁਝ ਭੁਲਾ-ਭੁਲਾ ਕੇ, ਸਿਵਾਏ ਇੱਕ ਗੱਲ ਦੇ ਕਿ ਉਹਨਾਂ ਨੇ ਦੁਸ਼ਮਣ ਨੂੰ ਰੋਕਣਾ ਸੀ, ਉਸਨੂੰ ਲੰਘਣ ਨਹੀਂ ਸੀ ਦੇਣਾ। ਜ਼ਰਾ ਕੁ ਦੂਰ, ਜੰਗਲ ਦੇ ਸਿਰੇ ਉੱਤੇ, ਇੱਕ ਮੋਟੇ ਦਿਆਰ ਦੇ ਪੈਰਾਂ ਵਿੱਚ, ਜਿਹੜਾ ਗੋਲੇ ਨਾਲ ਕੱਟਿਆ ਗਿਆ ਸੀ ਤੇ ਜਿਸਦੇ ਲੰਮੇ, ਕੱਟੇ ਹੋਏ ਤਣੇ ਵਿੱਚੋਂ ਪੀਲਾ ਪੀਲਾ ਪਾਰਦਰਸ਼ੀ ਬਰੋਜ਼ਾ ਇਸ ਵੇਲੇ ਟਪਕ ਰਿਹਾ ਸੀ, ਜਰਮਨ ਸਿਪਾਹੀਆਂ ਦੀਆਂ ਲਾਸ਼ਾਂ ਪਈਆਂ ਸਨ, ਜਿਨ੍ਹਾਂ ਦੀਆਂ ਖੋਪਰੀਆਂ ਫਿੱਸੀਆਂ ਹੋਈਆਂ ਤੇ ਚਿਰਹੇ ਕੱਟੇ-ਵੱਢੇ