ਸਨ । ਵਿਚਕਾਰ, ਕਿਸੇ ਦੁਸ਼ਮਨ ਦੇ ਸਰੀਰ ਦੇ ਉੱਤੇ ਇਕ ਵੱਡੇ ਸਾਰੇ, ਗੋਲ ਮੂੰਹ ਵਾਲੇ ਤੇ ਵੱਡੇ ਸਾਰੇ ਸਿਰ ਵਾਲੇ ਮੁੰਡੇ ਦੀ ਲਾਸ਼ ਚੁਫਾਲ ਢੱਠੀ ਪਈ ਸੀ; ਉਸਨੇ ਓਵਰਕੋਟ ਨਹੀਂ ਸੀ ਪਾਇਆ ਹੋਇਆ, ਸਿਰਫ਼ ਫਟੇ ਕਾਲਰ ਵਾਲਾ ਛੋਟਾ ਕੋਟ ਹੀ ਪਾਇਆ ਹੋਇਆ ਸੀ; ਤੇ ਉਸਦੇ ਕੋਲ, ਟੁੱਟੀ ਸੰਗੀਨ ਵਾਲੀ ਤੇ ਚੀਨਾ-ਚੀਨਾ ਹੋਏ, ਖੂਨ ਨਾਲ ਲੱਥ-ਪੱਥ ਬੱਟ ਵਾਲੀ ਬੰਦੂਕ ਪਈ ਸੀ।
ਉਸਤੋਂ ਅੱਗੇ, ਜੰਗਲ ਵੱਲ ਨੂੰ ਜਾਂਦੀ ਸੜਕ ਉੱਤੇ, ਇੱਕ ਛੋਟੇ ਜਿਹੇ, ਰੇਤ ਨਾਲ ਢੱਕੇ ਫ਼ਰ ਦੇ ਦਰਖਤ ਦੇ ਪੈਰਾਂ ਵਿੱਚ ਅੰਡਾਕਾਰ ਮੂੰਹ ਵਾਲੇ ਸਾਂਵਲੇ ਉਜ਼ਬੇਕ ਦੀ ਲਾਸ਼ ਪਈ ਸੀ; ਉਸਦਾ ਚਿਹਰਾ ਪੁਰਾਣੇ ਹਾਥੀ-ਦੰਦ ਵਿੱਚੋਂ ਘੜਿਆ ਗਿਆ ਲੱਗਦਾ ਸੀ। ਉਸਦੇ ਪਿੱਛੇ, ਫ਼ਰ ਦੇ ਦਰਖਤ ਦੀਆਂ ਟਾਹਣਾਂ ਹੇਠ, ਗਰਨੇਡ ਸੋਹਣੀ ਤਰ੍ਹਾਂ ਢੇਰ ਕਰਕੇ ਰੱਖੇ ਹੋਏ ਸਨ; ਤੇ ਉਜ਼ਬੇਕ ਦੇ ਆਪਣੇ ਮੁਰਦਾ, ਅਣਚੁੱਕੇ ਹੱਥ ਵਿੱਚ ਵੀ ਗਰਨੇਡ ਸੀ, ਜਿਵੇਂ ਇਸਨੂੰ ਸੁੱਟਣ ਤੋਂ ਪਹਿਲਾਂ, ਉਸਨੇ ਅਕਾਸ਼ ਵੱਲ ਇਕ ਨਜ਼ਰ ਸੁੱਟੀ ਹੋਵੇ ਤੇ ਉਸੇ ਹੀ ਮੁਦਰਾ ਵਿਚ ਉਹ ਜੰਮ ਕੇ ਰਹਿ ਗਿਆ ਹੋਵੇ।
ਤੇ ਹੋਰ ਵੀ ਅੱਗੇ, ਜੰਗਲ ਵਾਲੀ ਸੜਕ ਦੇ ਨਾਲ ਨਾਲ, ਕੁਝ ਰੰਗ-ਬਰੰਗੇ ਟੈਂਕਾਂ ਦੇ ਨੇੜੇ ਗੋਲਿਆਂ ਨਾਲ ਪਏ ਵੱਡੇ ਵੱਡੇ ਟੋਇਆਂ ਦੇ ਕਿਨਾਰਿਆਂ ਉੱਤੇ, ਕੁਝ ਪੁਰਾਣੇ ਦਰਖਤਾਂ ਦੀਆਂ ਮੁੱਢੀਆਂ ਦੇ ਨੇੜੇ, ਹਰ ਥਾਂ ਲਾਸ਼ਾਂ ਪਈਆਂ ਸਨ - ਰੂੰ ਦੀ ਭਰਤੀ ਵਾਲੀਆਂ ਜਾਕਟਾਂ ਤੇ ਪਜਾਮੇ ਤੇ ਉੱਡੇ ਰੰਗਾਂ ਵਾਲੇ ਹਰੇ ਕੋਟ, ਤੇ ਕੰਨਾਂ ਤੱਕ ਖਿੱਚ ਕੇ ਲਿਆਂਦੀਆਂ ਟੋਪੀਆਂ ਪਾਈ; ਮੁੜੇ ਗੋਡੇ, ਉੱਪਰ ਚੁੱਕੀਆਂ ਠੰਡੀਆਂ ਤੇ ਮੋਮੀ ਚਿਹਰੇ, ਜਿਨ੍ਹਾਂ ਨੂੰ ਲੂੰਮੜੀਆਂ ਨੇ ਦੰਦ ਮਾਰੇ ਹੋਏ ਸਨ ਤੇ ਕਾਲਕੂਟਾਂ ਤੇ ਪਹਾੜੀ ਕਾਵਾਂ ਨੇ ਨੂੰਗੇ ਮਾਰੇ ਹੋਏ ਸਨ, ਬਰਫ਼ਾਂ ਦੇ ਢੇਰਾਂ ਵਿੱਚੋਂ ਬਾਹਰ ਨਿੱਕਲੇ ਦਿਖਾਈ ਦੇਂਦੇ ਸਨ।
ਕਈ ਪਹਾੜੀ ਕਾਂ ਮੈਦਾਨ ਉੱਪਰ ਹੌਲ਼ੀ ਹੌਲ਼ੀ ਚੱਕਰ ਕੱਟ ਰਹੇ ਸਨ ਤੇ ਇਸ ਨਾਲ ਇਕਦਮ ਅਲੈਕਸੇਈ ਨੂੰ "ਈਗੋਰ ਦੀ ਲੜਾਈ" ਨਾਂ ਦੀ ਸੋਗੀ ਪਰ ਗੌਰਵਮਈ ਤਸਵੀਰ ਯਾਦ ਆ ਗਈ। ਮਹਾਨ ਰੂਸੀ ਚਿੱਤਰ ਵਸਨੇਤਸੋਵ ਦੇ ਇਸ ਚਿਤਰ ਦੀ ਨਕਲ ਉਸਦੇ ਸਕੂਲ ਦੀ ਇਤਿਹਾਸ ਦੀ ਕਿਤਾਬ ਵਿੱਚ ਦਿੱਤੀ ਗਈ ਹੋਈ ਸੀ।
"ਮੈਂ ਵੀ ਇਹਨਾਂ ਵਾਂਗ ਕਿਤੇ ਇੱਥੇ ਹੀ ਪਿਆ ਹੋ ਸਕਦਾ ਸਾਂ" ਉਸਨੇ ਸੋਚਿਆ ਤੇ, ਇਕ ਵਾਰੀ ਫਿਰ, ਜਿਊਂਦੇ ਹੋਣ ਦਾ ਅਹਿਸਾਸ ਉਸਦੇ ਸਾਰੇ ਵਜੂਦ ਵਿੱਚ ਭਰ ਗਿਆ। ਉਸਨੇ ਆਪਣੇ ਆਪ ਨੂੰ ਛੱਡਿਆ । ਉਸਦੇ ਸਿਰ ਵਿੱਚ ਅਜੇ ਵੀ ਚੱਕੀ ਦੇ ਖੁਰਦਰੇ ਪੁੜ ਚੱਲ ਰਹੇ ਸਨ, ਉਸਦੇ ਪੈਰ ਪਹਿਲਾਂ ਨਾਲੋਂ ਵੀ ਬੁਰੀ ਤਰ੍ਹਾਂ ਸੜ ਰਹੇ ਸਨ ਤੇ ਦਰਦ ਕਰ ਰਹੇ ਸਨ, ਪਰ ਉਹ ਰਿੱਛ ਦੀ ਲਾਸ਼ ਉੱਤੇ ਬੈਠ ਗਿਆ, ਜਿਹੜੀ ਹੁਣ ਠੰਡੀ ਹੋ ਚੁੱਕੀ ਸੀ ਤੇ ਖੁਸ਼ਕ ਬਰਫ਼ ਡਿੱਗਣ ਨਾਲ ਚਾਂਦੀ ਵਰਗੀ ਲੱਗਦੀ ਸੀ: ਤੇ ਉਹ ਸੋਚਣ ਲੱਗ ਪਿਆ ਕਿ ਹੁਣ ਕੀ ਕੀਤਾ ਜਾਏ, ਕਿੱਥੇ ਜਾਇਆ ਜਾਏ, ਆਪਣੇ ਅਗਲੇ ਮੋਰਚਿਆਂ ਤੱਕ ਕਿਵੇਂ ਪੁੱਜਾ ਜਾਏ।
ਜਦੋਂ ਉਹ ਆਪਣੇ ਜਹਾਜ਼ ਤੋਂ ਬਾਹਰ ਆ ਪਿਆ ਸੀ ਤਾਂ ਉਸਦਾ ਨਕਸ਼ੇ ਵਾਲਾ ਕੇਸ ਗਵਾਚ ਗਿਆ ਸੀ, ਪਰ ਉਹ ਬੜੀ ਸਪਸ਼ਟਤਾ ਨਾਲ ਉਸ ਰਸਤੇ ਨੂੰ ਚਿੱਤਰ ਕਰਦਾ ਸੀ,