ਜਿਹੜਾ ਉਸਨੇ ਲੈਣਾ ਸੀ। ਜਰਮਨ ਹਵਾਈ ਅੱਡਾ ਜਿਸ ਉੱਤੇ ਸਤੋਰਮੋਵਿਕਾਂ ਨੇ ਹਮਲਾ ਕੀਤਾ ਸੀ, ਅਗਲੇ ਮੋਰਚਿਆਂ ਤੋਂ ਲਗਭਗ ਸੱਠ ਕਿਲੋਮੀਟਰ ਪੱਛਮ ਵਿੱਚ ਸੀ। ਹਵਾ ਵਿੱਚ ਹੋਈ ਲੜਾਈ ਦੌਰਾਨ ਉਸਦੇ ਸਾਥੀ ਦੁਸ਼ਮਣ ਨੂੰ ਹਵਾਈ ਅੱਡੇ ਤੋਂ ਲਗਭਗ ਵੀਹ ਕਿਲੋਮੀਟਰ ਪੂਰਬ ਵੱਲ ਧੱਕ ਕੇ ਲੈ ਗਏ ਸਨ, ਤੇ ਦੂਹਰੀ "ਕੈਂਚੀ" ਤੋਂ ਬਚਣ ਤੋਂ ਪਿੱਛੋਂ, ਉਹ ਜ਼ਰੂਰ ਕੁਝ ਹੋਰ ਪੂਰਬ ਨੂੰ ਹੋ ਗਿਆ ਹੋਵੇਗਾ। ਸੋ, ਉਹ ਜ਼ਰੂਰ ਅਗਲੇ ਮੋਰਚਿਆਂ ਤੋਂ ਲਗਭਗ ਪੈਂਤੀ ਕਿਲੋਮੀਟਰ, ਅਗਲੀਆਂ ਜਰਮਨ ਡਵੀਜ਼ਨਾਂ ਤੋਂ ਬਹੁਤ ਪਿੱਛੇ, ਉਸ ਵੱਡੇ ਸਾਰੇ ਜੰਗਲੀ ਇਲਾਕੇ ਵਿੱਚ ਡਿੱਗਾ ਹੋਵੇਗਾ, ਜਿਹੜਾ ਕਾਲਾ ਜੰਗਲ ਕਰਕੇ ਜਾਣਿਆ ਜਾਂਦਾ ਸੀ, ਜਿਸਦੇ ਉੱਪਰੋਂ ਦੀ ਉਹ ਨੇੜੇ ਦੇ ਜਰਮਨ ਅੱਡਿਆਂ ਉੱਪਰ ਛੋਟੇ ਛੋਟੇ ਹਮਲਿਆਂ ਵਿੱਚ ਬੰਬਰਾਂ ਤੇ ਸਤੋਰਮੋਵਿਕਾਂ ਦੇ ਰੱਖਿਅਕ ਵਜੋਂ ਉਡਦਾ ਕਈ ਵਾਰੀ ਲੰਘ ਚੁੱਕਾ ਸੀ। ਅਕਾਸ਼ ਵਿੱਚੋਂ ਇਹ ਜੰਗਲ ਉਸਨੂੰ ਹਮੇਸ਼ਾ ਹੀ ਬੇਅੰਤ ਵੱਡਾ ਹਰਾ ਸਾਗਰ ਦਿਖਾਈ ਦਿੱਤਾ ਸੀ । ਸਾਫ਼ ਮੌਸਮ ਵਿੱਚ ਇਹ ਦਿਆਰ ਦੇ ਦਰਖਤਾਂ ਦੀਆਂ ਝੂਲਦੀਆਂ ਟੀਸੀਆਂ ਨਾਲ ਲਹਿਰਾਉਂਦਾ ਹੁੰਦਾ ਸੀ; ਪਰ ਭੈੜੇ ਮੌਸਮ ਵਿੱਚ, ਪਤਲੀ ਪਤਲੀ, ਸਲੇਟੀ ਧੁੰਦ ਵਿੱਚ ਲਿਪਟਿਆ, ਇਹ ਪੱਧਰੀ, ਅਕਾਵੀਂ ਪਾਣੀ ਦੀ ਉਜਾੜ ਵਾਂਗ ਲੱਗਦਾ ਸੀ, ਜਿਸਦੀ ਸਤਹ ਉੱਤੇ ਨਿੱਕੀਆਂ ਨਿੱਕੀਆਂ ਲਹਿਰਾਂ ਰਿੜਦੀਆਂ ਜਾ ਰਹੀਆਂ ਹੋਣ।
ਇਸ ਤੱਥ ਦਾ ਚੰਗਾ ਪੱਖ ਵੀ ਸੀ ਤੇ ਮਾੜਾ ਵੀ ਕਿ ਉਹ ਇਸ ਅਥਾਹ ਜੰਗਲ ਦੇ ਵਿਚਕਾਰ ਡਿੱਗਾ ਸੀ । ਚੰਗਾ ਪੱਖ ਇਹ ਸੀ ਕਿ ਇਥੇ ਕਿਸੇ ਜਰਮਨਾਂ ਦੇ ਮਿਲਣ ਦੀ ਸੰਭਾਵਨਾ ਘੱਟ ਸੀ, ਕਿਉਂਕਿ ਉਹ ਆਮ ਕਰਕੇ ਸੜਕਾਂ ਤੇ ਕਸਬਿਆਂ ਦੇ ਨੇੜੇ ਰਹਿੰਦੇ ਸਨ। ਮਾੜਾ ਪੱਖ ਇਹ ਸੀ ਕਿ ਉਸਦਾ ਰਸਤਾ ਭਾਵੇਂ ਲੰਮਾਂ ਨਹੀਂ ਸੀ, ਪਰ ਬੜਾ ਮੁਸ਼ਕਲ ਸੀ; ਉਸਨੂੰ ਸੰਘਣੀਆਂ ਝਾੜੀਆਂ ਦੇ ਵਿਚੋਂ ਦੀ ਲੰਘ ਕੇ ਜਾਣਾ ਪੈਣਾ ਸੀ, ਤੇ ਇਸ ਗੱਲ ਦੀ ਬਹੁਤੀ ਸੰਭਾਵਨਾ ਨਹੀਂ ਸੀ ਕਿ ਉਸਨੂੰ ਕੋਈ ਮਨੁੱਖੀ ਸਹਾਇਤਾ, ਸ਼ਰਨ, ਰੋਟੀ ਦਾ ਸਿੱਕੜ ਜਾਂ ਪੀਣ ਲਈ ਕਿਸੇ ਗਰਮ ਗਰਮ ਚੀਜ਼ ਦਾ ਕੱਪ ਹੀ ਮਿਲ ਜਾਏਗਾ। ਉਸਦੇ ਪੈਰ ਕੀ ਉਹ ਉਸਨੂੰ ਲਿਜਾ ਸਕਣਗੇ ? ਕੀ ਉਹ ਤੁਰਨ ਦੇ ਸਮਰਥ ਹੋ ਸਕੇਗਾ ?...
ਉਹ ਰਿੱਛ ਦੀ ਲਾਸ਼, ਤੋਂ ਹੌਲੀ ਹੌਲੀ ਉਠਿਆ। ਉਸਨੇ ਫਿਰ ਮਹਿਸੂਸ ਕੀਤਾ ਕਿ ਉਹੀ ਸਖ਼ਤ ਪੀੜ ਉਸਦੇ ਪੈਰਾਂ ਤੋਂ ਸ਼ੁਰੂ ਹੋ ਕੇ ਉੱਪਰ ਨੂੰ ਜਾਂਦੀ ਸਾਰੇ ਸਰੀਰ ਵਿੱਚ ਫੈਲ ਗਈ ਹੈ। ਉਸਦੇ ਮੂੰਹ ਵਿੱਚੋਂ ਕਸ਼ਟ ਦੀ ਚੀਕ ਨਿੱਕਲ ਗਈ ਤੇ ਉਹ ਮੁੜ ਬੈਠ ਗਿਆ। ਉਸਨੇ ਆਪਣੇ ਜੱਤ ਦੇ ਬੂਟ ਲਾਹੁਣ ਦੀ ਕੋਸ਼ਿਸ਼ ਕੀਤੀ, ਪਰ ਉਹ ਹਿੱਲਦੇ ਤੱਕ ਨਹੀਂ ਸਨ; ਹਰ ਵਾਰੀ ਜ਼ੋਰ ਲਾਉਂਦਾ ਉਹ ਕਰਾਹ ਪੈਂਦਾ ਸੀ। ਆਪਣੇ ਦੰਦ ਮੀਚਦਿਆਂ ਤੇ ਅੱਖਾਂ ਘੁੱਟ ਕੇ ਬੰਦ ਕਰਦਿਆਂ ਉਸਨੇ ਦੋਹਾਂ ਹੱਥਾਂ ਨਾਲ ਇੱਕ ਬੂਟ ਲਾਹ ਮਾਰਿਆ ਤੇ ਇੱਕਦਮ ਬੇਹੋਸ਼ ਹੋ ਗਿਆ। ਜਦੋਂ ਉਹ ਹੋਸ਼ ਵਿੱਚ ਆਇਆ ਤਾਂ ਉਸਨੇ ਧਿਆਨ ਨਾਲ ਆਪਣੇ ਪੈਰ ਉੱਪਰ ਬੱਝਾ ਕੱਪੜਾ ਖੋਹਲਿਆ। ਪੈਰ ਸੁੱਜਾ ਪਿਆ ਸੀ ਤੇ ਇਹ ਪੂਰੇ ਦਾ ਪੂਰਾ ਇੱਕੋ ਲਾਲ ਸੂਹਾ ਜ਼ਖਮ ਲੱਗਦਾ ਸੀ। ਹਰ ਜੋੜ ਵਿੱਚ ਇਹ ਜਲਣ ਪੈਦਾ ਕਰ ਰਿਹਾ ਤੇ ਦਰਦ ਕਰ ਰਿਹਾ ਸੀ। ਉਸਨੇ ਬਰਫ਼ ਉੱਤੇ ਪੈਰ ਟਿਕਾਇਆ ਤੇ ਦਰਦ ਕੁਝ ਘੱਟ ਗਿਆ। ਇਸੇ ਤਰ੍ਹਾਂ ਜਾਨ-ਹੂਲਵੀਂ