ਕੋਸ਼ਿਸ਼ ਕਰਕੇ, ਜਿਵੇਂ ਕਿ ਉਹ ਆਪਣਾ ਹੀ ਕੋਈ ਦੰਦ ਕੱਢ ਰਿਹਾ ਹੋਵੇ, ਉਸਨੇ ਦੂਜਾ ਬੂਟ ਵੀ ਲਾਹ ਮਾਰਿਆ।
ਉਸਦੇ ਦੋਵੇਂ ਪੈਰ ਬੇਕਾਰ ਸਨ । ਪ੍ਰਤੱਖ ਸੀ ਕਿ ਜਦੋਂ ਉਹ ਆਪਣੇ ਹਵਾਈ ਜਹਾਜ਼ ਦੀ ਕਾਕਪਿਟ ਵਿੱਚੋਂ ਬਾਹਰ ਆ ਪਿਆ ਸੀ, ਤਾਂ ਉਸਦੇ ਪੈਰ ਜ਼ਰੂਰ ਕਿਸੇ ਚੀਜ਼ ਵਿੱਚ ਅੜ ਗਏ। ਹੋਣਗੇ ਤੇ ਇਸ ਤਰ੍ਹਾਂ ਨਾਲ ਉਸਦੇ ਗਿੱਟਿਆਂ ਤੋਂ ਲੈ ਕੇ ਪੱਬਾਂ ਤੱਕ ਦੀਆਂ ਹੱਡੀਆਂ ਚੂਰ- ਚੂਰ ਹੋ ਗਈਆਂ ਹੋਣਗੀਆਂ। ਸਧਾਰਨ ਹਾਲਤਾਂ ਵਿੱਚ, ਬੇਸ਼ਕ, ਉਹ ਇਹੋ ਜਿਹੀ ਭਿਆਨਕ ਹਾਲਤ ਵਿੱਚ ਪੈਰਾਂ ਉੱਤੇ ਖੜੇ ਹੋਣ ਦੀ ਕੋਸ਼ਿਸ਼ ਕਰਨ ਦਾ ਵੀ ਸੁਪਨਾ ਨਾ ਲੈਂਦਾ। ਪਰ ਇਸ ਅਣਗਾਹੇ ਜੰਗਲ ਦੇ ਐਨ ਵਿਚਕਾਰ, ਦੁਸ਼ਮਣ ਦੇ ਪਿਛਵਾੜੇ ਉਹ ਇਕੱਲਾ ਸੀ, ਜਿੱਥੇ ਕਿਸੇ ਆਦਮੀ ਦੇ ਮਿਲਣ ਦਾ ਮਤਲਬ ਕੋਈ ਸਹਾਰਾ ਨਹੀਂ ਸੀ, ਸਗੋਂ ਮੌਤ ਸੀ । ਸੋ ਉਸਨੇ ਪੂਰਬ ਵੱਲ ਨੂੰ, ਜੰਗਲ ਦੇ ਵਿੱਚੋਂ ਦੀ, ਸੌਖੀਆਂ ਸੜਕਾਂ ਜਾਂ ਮਨੁੱਖੀ ਵਸੋਂ ਦੀਆਂ ਥਾਵਾਂ ਲੱਭਣ ਦੀ ਕੋਸ਼ਿਸ਼ ਕੀਤੇ ਤੋਂ ਬਿਨਾਂ ਵਧੀ ਜਾਣ ਦਾ ਨਿਸ਼ਚਾ ਕੀਤਾ: ਹਰ ਹਾਲਤ ਉੱਤੇ ਵਧੀ ਜਾਣ ਦਾ।
ਉਹ ਰਿੱਛ ਦੀ ਲਾਸ਼ ਤੋਂ ਦ੍ਰਿੜ੍ਹਤਾ ਨਾਲ ਉਠਿਆ, ਜ਼ੋਰ ਜ਼ੋਰ ਦੀ ਸਾਹ ਲਿਆ, ਦੰਦ ਪੀਸੇ ਤੇ ਪਹਿਲਾ ਕਦਮ ਪੁੱਟਿਆ। ਉਹ ਘੜੀ ਪਲ ਲਈ ਖੜਾ ਰਿਹਾ, ਦੂਸਰਾ ਪੈਰ ਬਰਫ਼ ਉੱਤੋਂ ਚੁੱਕਿਆ ਤੇ ਫਿਰ ਇੱਕ ਹੋਰ ਕਦਮ ਪੁੱਟਿਆ। ਉਸਦਾ ਦਿਮਾਗ਼ ਅਵਾਜ਼ਾਂ ਨਾਲ ਭਰ ਗਿਆ, ਤੇ ਮੈਦਾਨ ਝੂਲਣ ਲੱਗਾ ਤੇ ਤੁਰਦਾ ਹੋਇਆ ਦੂਰ ਜਾਣ ਲੱਗਾ।
ਥਕਾਵਟ ਤੇ ਪੀੜ ਨਾਲ ਅਲੈਕਸੇਈ ਕਮਜ਼ੋਰੀ ਵਧਦੀ ਜਾਂਦੀ ਮਹਿਸੂਸ ਕਰ ਰਿਹਾ ਸੀ । ਆਪਣੇ ਬੁੱਲ੍ਹ ਟੁਕਦਿਆਂ, ਉਸਨੇ ਵਧਣਾ ਜਾਰੀ ਰਖਿਆ ਤੇ ਇੱਕ ਜੰਗਲੀ ਪਹੇ ਤੱਕ ਪੁੱਜ ਗਿਆ, ਜਿਹੜਾ ਤਬਾਹ ਹੋਏ ਟੈਂਕ ਦੇ ਕੋਲੋਂ, ਗਰਨੇਡ ਹੱਥ ਵਿੱਚ ਫੜੀ ਮਰੇ ਪਏ ਉਜ਼ਬੇਕ ਦੇ ਕੋਲੋਂ ਦੀ ਹੋ ਕੇ, ਪੂਰਬ ਵੱਲ ਜੰਗਲ ਦੇ ਅੰਦਰ ਵੱਲ ਨੂੰ ਜਾਂਦਾ ਸੀ । ਨਰਮ ਬਰਫ਼ ਉੱਤੇ ਲੰਗੜਾਉਂਦੇ ਚੱਲਣਾ ਏਨਾਂ ਮਾੜਾ ਨਹੀਂ ਸੀ, ਪਰ ਜਿਉਂ ਹੀ ਉਸਨੇ ਹਵਾ ਨਾਲ ਸਖ਼ਤ ਹੋਈ, ਬਰਫ਼ ਨਾਲ ਢਕੀ ਸੜਕ ਦੀ ਉਭਰੀ ਸਤਹ ਉੱਤੇ ਪੈਰ ਧਰਿਆ, ਤਾਂ ਪੀੜ ਏਨੀਂ ਅਸਹਿ ਹੋ ਗਈ ਕਿ ਇੱਕ ਵੀ ਹੋਰ ਕਦਮ ਪੁੱਟਣ ਦੀ ਉਸਦੀ ਹਿੰਮਤ ਨਾ ਪਈ, ਤੇ ਉਹ ਰੁਕ ਗਿਆ। ਆਪਣੇ ਪੈਰਾਂ ਨੂੰ ਕੁਢੱਬੇ ਜਿਹੇ ਢੰਗ ਨਾਲ ਚੌੜਾ ਕਰੀ ਉਹ ਉਥੇ ਖੜਾ ਸੀ, ਤੇ ਉਸਦਾ ਸਰੀਰ ਜਿਵੇਂ ਹਵਾ ਨਾਲ ਝੂਲ ਰਿਹਾ ਸੀ। ਇੱਕਦਮ ਉਸਦੀਆਂ ਅੱਖਾਂ ਅੱਗੇ ਧੁੰਦ ਛਾ ਗਈ। ਸੜਕ, ਦਿਆਰ ਦੇ ਦਰਖਤ, ਦਿਆਰਾਂ ਦੀਆਂ ਸਲੇਟੀ ਜਿਹੀਆਂ ਟੀਸੀਆਂ ਤੇ ਉਹਨਾਂ ਵਿਚਕਾਰ ਅਕਾਸ਼ ਦੇ ਲੰਬੂਤਰੇ ਚਟਾਕ ਅਲੋਪ ਹੋ ਗਏ।... ਉਹ ਆਪਣੇ ਹਵਾਈ ਅੱਡੇ ਵਿੱਚ, ਲੜਾਕਾ ਹਵਾਈ ਜਹਾਜ਼ ਕੋਲ, ਆਪਣੇ ਲੜਾਕਾ ਹਵਾਈ ਜਹਾਜ਼ ਕੋਲ ਖੜਾ ਸੀ, ਤੇ ਉਸਦਾ ਮਕੈਨਿਕ, ਪਤਲਾ ਜਿਹਾ ਯੂਰਾ, ਹਮੇਸ਼ਾ ਵਾਂਗ ਜਿਸਦੇ ਬਿਨਾਂ ਹਜਾਮਤ ਕੀਤੇ ਤੇ ਮੈਲੇ ਚਿਹਰੇ ਉੱਤੇ ਅੱਖਾਂ ਤੇ ਦੰਦ ਚਮਕਦੇ ਰਹਿੰਦੇ ਸਨ, ਉਸਨੂੰ ਕਾਕਪਿਟ ਵੱਲ ਇਸ਼ਾਰਾ ਕਰਕੇ ਬੁਲਾ ਰਿਹਾ ਸੀ, ਜਿਵੇਂ ਕਹਿ ਰਿਹਾ ਹੋਵੇ: "ਇਹ ਤਿਆਰ ਹੈ, ਉੱਡ ਚੱਲ!.।" ਅਲੈਕਸੇਈ ਨੇ ਹਵਾਈ ਜਹਾਜ਼ ਵੱਲ ਕਦਮ ਪੁੱਟਿਆ, ਪਰ ਜ਼ਮੀਨ ਡੋਲ ਰਹੀ ਸੀ ਤੇ ਉਸਦੇ