ਪੈਰ ਸੜਨ ਲੱਗ ਪਏ ਜਿਵੇਂ ਕਿ ਉਸਨੇ ਭਖ ਕੇ ਲਾਲ ਹੋਈ ਧਾਤ ਦੀ ਪਲੇਟ ਉੱਤੇ ਪੈਰ ਰੱਖ ਦਿੱਤਾ ਹੋਵੇ। ਉਸਨੇ ਜ਼ਮੀਨ ਦੇ ਬਲ ਰਹੇ ਟੋਟੇ ਨੂੰ ਟੱਪ ਕੇ ਆਪਣੇ ਹਵਾਈ ਜਹਾਜ਼ ਦੇ ਪਰ ਉੱਤੇ ਚੜ੍ਹਨ ਦੀ ਕੋਸ਼ਿਸ਼ ਕੀਤੀ, ਪਰ ਉਸਦੇ ਢਾਂਚੇ ਦੇ ਠੰਡੇ ਪਾਸੇ ਨਾਲ ਟਕਰਾ ਗਿਆ। ਉਸਨੂੰ ਇਹ ਦੇਖ ਕੇ ਹੈਰਾਨੀ ਹੋਈ ਕਿ ਹਵਾਈ ਜਹਾਜ਼ ਦਾ ਪਾਸਾ ਪੱਧਰਾ ਤੇ ਪਾਲਿਸ਼ ਕੀਤਾ ਹੋਇਆ ਨਹੀਂ ਸੀ, ਸਗੋਂ ਖੁਰਦਰਾ ਸੀ, ਜਿਵੇਂ ਇਸ ਨਾਲ ਦਿਆਰਾਂ ਦਾ ਛਿਲਕਾ ਲੱਗਾ ਹੋਵੇ ।... ਪਰ ਲੜਾਕਾ ਹਵਾਈ ਜਹਾਜ਼ ਕਿਤੇ ਨਹੀਂ ਸੀ; ਉਹ ਸੜਕ ਉੱਤੇ ਖੜਾ ਸੀ ਤੇ ਦਰਖਤ ਦੇ ਤਣੇ ਨੂੰ ਥਪਕ ਰਿਹਾ ਸੀ
"ਛਾਇਆ-ਜਾਲ ? ਸੱਟ ਨਾਲ ਮੇਰਾ ਦਿਮਾਗ਼ ਹਿਲਦਾ ਜਾ ਰਿਹਾ ਹੈ!" ਅਲੈਕਸੇਈ ਨੇ ਸੋਚਿਆ। "ਇਸ ਪਹੇ ਉੱਤੇ ਚੱਲਣਾ ਤਸੀਹੇ ਵਾਲੀ ਗੱਲ ਹੋਵੇਗੀ। ਤਾਂ ਕੀ ਮੈਂ ਇਸਤੋਂ ਮੁੜ ਚੱਲਾਂ ? ਪਰ ਉਸ ਨਾਲ ਚਾਲ ਹੌਲੀ ਹੋ ਜਾਏਗੀ... " ਉਹ ਬਰਫ਼ ਉੱਤੇ ਬੈਠ ਗਿਆ ਤੇ ਪਹਿਲਾਂ ਵਾਲੇ ਹੀ ਸੰਖੇਪ, ਪਰ ਤੇਜ਼ ਝਟਕੇ ਨਾਲ ਉਸਨੇ ਆਪਣੇ ਜੱਤ ਦੇ ਬੂਟ ਲਾਹ ਮਾਰੇ ਤੇ, ਉਹਨਾਂ ਨੂੰ ਆਪਣੇ ਟੁੱਟੇ ਹੋਏ ਪੈਰਾਂ ਲਈ ਅਰਾਮਦੇਹ ਬਨਾਉਣ ਲਈ, ਦੰਦਾਂ ਤੇ ਨਹੁੰਆਂ ਨਾਲ ਜ਼ੋਰ ਲਾ ਕੇ ਉਹਨਾਂ ਦੇ ਉਪਰਲੇ ਹਿੱਸੇ ਨੂੰ ਪਾੜ ਕੇ ਉਹਨਾਂ ਦਾ ਮੂੰਹ ਚੌੜਾ ਕਰ ਦਿੱਤਾ, ਫਿਰ ਅੰਗੋਰਾ ਉੱਨ ਦੇ ਬਣੇ ਵੱਡੇ ਗੁਲੂਬੰਦ ਦੇ ਪਾੜ ਕੇ ਦੋ ਹਿੱਸੇ ਕਰ ਦਿੱਤੇ, ਉਹਨਾਂ ਨੂੰ ਪੈਰਾਂ ਉੱਤੇ ਲਪੇਟ ਲਿਆ ਤੇ ਫਿਰ ਬੂਟ ਪਾ ਲਏ।
ਹੁਣ ਚੱਲਣਾ ਸੋਖੇਰਾ ਹੋ ਗਿਆ । ਪਰ ਉਸ ਨੂੰ 'ਤੁਰਨਾ' ਕਹਿਣਾ ਸ਼ਾਇਦ ਪੂਰਾ ਠੀਕ ਨਾ ਹੋਵੇ। ਤੁਰਨਾ ਨਹੀਂ ਸਗੋਂ ਅੱਗੇ ਨੂੰ ਵਧਣਾ, ਬੜੇ ਧਿਆਨ ਨਾਲ ਅੱਗੇ ਵਧਣਾ, ਆਪਣੀਆਂ ਅੱਡੀਆਂ ਉੱਤੇ ਭਾਰ ਪਾ ਕੇ ਤੇ ਆਪਣੇ ਪੈਰ ਉਤਾਂਹ ਚੁੱਕ ਕੇ ਜਿਸ ਤਰ੍ਹਾਂ ਬੰਦਾ ਦਲਦਲ ਵਿੱਚ ਚੱਲਦਾ ਹੈ। ਹਰ ਕੁਝ ਕਦਮਾਂ ਪਿੱਛੋਂ ਪੀੜ ਤੇ ਥਕਾਵਟ ਨਾਲ ਉਸਦਾ ਸਿਰ ਘੁੰਮਣ ਲੱਗ ਪੈਂਦਾ। ਉਹ ਰੁਕਣ ਲਈ ਆਪਣੀਆਂ ਅੱਖਾਂ ਬੰਦ ਕਰਨ ਲਈ, ਕਿਸੇ ਦਰਖਤ ਦੇ ਤਣੇ ਨਾਲ ਢਾਸਣਾ ਲਾਉਣ ਲਈ, ਜਾਂ ਅਰਾਮ ਕਰਨ ਵਾਸਤੇ ਕਿਸੇ ਬਰਫ਼ ਦੇ ਢੇਰ ਉੱਤੇ ਬੈਠਣ ਲਈ ਮਜ਼ਬੂਰ ਹੋ ਜਾਂਦਾ, ਤੇ ਉਸਨੂੰ ਆਪਣੀਆਂ ਨਾੜਾਂ ਵਿੱਚ ਖੂਨ ਦੀ ਧੜਕਣ ਸ਼ਿੱਦਤ ਨਾਲ ਮਹਿਸੂਸ ਹੋਣ ਲੱਗ ਪੈਂਦੀ।
ਤੇ ਇਸ ਤਰ੍ਹਾਂ ਉਹ ਕਈ ਘੰਟਿਆਂ ਤੱਕ ਅੱਗੇ ਵਧਦਾ ਗਿਆ। ਪਰ ਜਦੋਂ ਉਸਨੇ ਮੁੜ ਕੇ ਪਿੱਛੇ ਦੇਖਿਆ ਤਾਂ ਉਸਨੂੰ ਅਜੇ ਵੀ ਸੂਰਜ ਦੀਆਂ ਕਿਰਨਾਂ ਨਾਲ ਚਮਕਦੀ ਸੜਕ ਦੇ ਮੋੜ ਉੱਤੇ ਜੰਗਲ ਦੀ ਹੱਦ ਦਿਖਾਈ ਦੇ ਰਹੀ ਸੀ, ਜਿੱਥੇ ਬਰਫ਼ ਉੱਤੇ ਉਸ ਉਜ਼ਬੇਕ ਦੀ ਲਾਸ਼ ਕਾਲੇ ਧੱਬੇ ਵਾਂਗ ਪਈ ਸੀ । ਅਲੈਕਸੇਈ ਨੂੰ ਬੇਹਦ ਨਿਰਾਸ਼ਾ ਹੋਈ। ਨਿਰਾਸ਼ਾ ਹੋਈ, ਪਰ ਉਸਨੂੰ ਭੈ ਨਾ ਆਇਆ। ਇਸ ਨਾਲ ਉਸ ਵਿੱਚ ਹੋਰ ਵੀ ਤੇਜ਼ ਚੱਲਣ ਦੀ ਭਾਵਨਾ ਜਾਗ ਪਈ। ਉਹ ਬਰਫ਼ ਦੇ ਢੇਰ ਤੋਂ ਉਠਿਆ, ਆਪਣੇ ਦੰਦਾਂ ਨੂੰ ਘੁੱਟ ਕੇ ਮੀਚਿਆ, ਤੇ ਨੇੜੇ ਹੀ ਕੋਈ ਨਿਸ਼ਾਨਾ ਚੁਣ ਕੇ, ਉਸ ਉੱਤੇ ਧਿਆਨ ਟਿਕਾਉਂਦਿਆਂ, ਦਿਆਰ ਦੇ ਇੱਕ ਦਰਖਤ ਤੋਂ ਦੂਜੇ ਦਰਖਤ ਤੱਕ, ਇੱਕ ਮੁੱਢੀ ਤੋਂ ਦੂਜੀ ਮੁੱਢੀ ਤੱਕ, ਬਰਫ਼ ਦੇ ਇੱਕ ਢੇਰ ਤੋਂ ਦੂਜੇ ਢੇਰ ਤੱਕ ਉਹ ਲਗਾਤਾਰ ਵਧਦਾ ਗਿਆ। ਤੇ ਜਿਉਂ ਜਿਉਂ ਉਹ ਵਧਦਾ ਜਾ ਰਿਹਾ ਸੀ, ਤਿਉਂ ਤਿਉਂ