ਆਪਣੇ ਪਿੱਛੇ ਜੰਗਲ ਦੀ ਉਸ ਸੁਨਸਾਨ ਸੜਕ ਉੱਤੇ ਪਈ ਅਛੁਹ ਬਰਫ਼ ਉੱਤੇ ਟੇਢੇ-ਮੇਢੇ, ਵਲ-ਵਲਾਵੇਂ ਵਾਲ਼ੇ ਪੈਰ-ਚਿੰਨ, ਇੰਝ ਛੱਡਦਾ ਜਾ ਰਿਹਾ ਸੀ, ਜਿਸ ਤਰ੍ਹਾਂ ਕੋਈ ਜ਼ਖਮੀ ਜਾਨਵਰ ਛੱਡਦਾ ਹੈ।
4
ਤੇ ਇਸ ਤਰ੍ਹਾਂ ਉਹ ਸ਼ਾਮ ਹੋਣ ਤੱਕ ਚਲਦਾ ਰਿਹਾ। ਜਦੋਂ ਉਸਦੇ ਪਿੱਛੇ ਛੁਪ ਰਹੇ ਸੂਰਜ ਨੇ ਆਪਣੀ ਠੰਡੀ, ਲਾਲ ਚਮਕ ਦਰਖਤਾਂ ਦੀਆਂ ਟੀਸੀਆਂ ਉੱਤੇ ਸੁੱਟੀ ਤੇ ਜੰਗਲ ਵਿੱਚ ਪ੍ਰਛਾਵੇਂ ਸੰਘਣੇ ਹੋਣ ਲੱਗੇ, ਤਾਂ ਉਹ ਜੁਨੀਪਰ ਦੀਆਂ ਝਾੜੀਆਂ ਵਾਲੀ ਵਾਦੀ ਤੱਕ ਪੁੱਜਾ, ਤੇ ਉਥੇ ਉਸਨੂੰ ਐਸਾ ਦ੍ਰਿਸ਼ ਦਿਖਾਈ ਦਿੱਤਾ, ਜਿਸ ਨਾਲ ਉਸਨੂੰ ਇਉਂ ਲੱਗਣ ਲੱਗਾ, ਜਿਵੇਂ ਕਿ ਕੋਈ ਉਸਦੀ ਰੀੜ੍ਹ ਉੱਤੇ ਠੰਡਾ ਗਿੱਲਾ ਤੌਲੀਆਂ ਫੇਰ ਰਿਹਾ ਹੋਵੇ, ਤੇ ਉਸਦੀ ਟੋਪੀ ਹੇਠਾਂ ਉਸਦੇ ਵਾਲ ਖੜੇ ਹੋ ਗਏ।
ਸਪਸ਼ਟ ਤੌਰ ਉੱਤੇ, ਜਦੋਂ ਲੜਾਈ ਚੱਲ ਰਹੀ ਸੀ, ਤਾਂ ਇਸ ਵਾਦੀ ਵਿੱਚ ਕੋਈ ਮੈਡੀਕਲ ਦਸਤਾ ਨਿਯੁਕਤ ਕੀਤਾ ਗਿਆ ਸੀ । ਜ਼ਖਮੀਆਂ ਨੂੰ ਇਥੇ ਲਿਆਂਦਾ ਜਾਂਦਾ ਸੀ ਤੇ ਦਿਆਰਾਂ ਦੀਆਂ ਸੂਈਆਂ ਵਰਗੀਆਂ ਪੱਤੀਆਂ ਉੱਤੇ ਉਹਨ੍ਹਾਂ ਨੂੰ ਲਿਟਾਇਆ ਜਾਂਦਾ ਸੀ। ਤੇ ਇਥੇ ਉਹ ਅਜੇ ਵੀ ਝਾੜੀਆਂ ਦੇ ਹੇਠਾਂ ਪਏ ਸਨ, ਕੋਈ ਬਰਫ਼ ਵਿੱਚ ਅੱਧੇ ਤੇ ਕੋਈ ਪੂਰੇ ਦੱਬੇ ਹੋਏ। ਪਹਿਲੀ ਨਜ਼ਰੇ ਹੀ ਇਹ ਸਪਸ਼ਟ ਹੋ ਜਾਂਦਾ ਸੀ ਕਿ ਉਹ ਆਪਣੇ ਜ਼ਖਮਾਂ ਕਾਰਨ ਨਹੀਂ ਸਨ ਮਰੇ। ਕਿਸੇ ਨੇ ਛੁਰੇ ਦੇ ਮਹਾਰਤ ਵਾਲੇ ਹੱਥਾਂ ਨਾਲ ਵਾਰ ਕਰਕੇ ਉਹਨਾਂ ਦੇ ਗਲੇ ਕੱਟ ਦਿੱਤੇ ਸਨ, ਤੇ ਉਹ ਸਾਰੇ ਦੇ ਸਾਰੇ ਇੱਕੋ ਹੀ ਢੰਗ ਨਾਲ ਲੰਮੇ ਪਏ ਹੋਏ ਸਨ, ਸਿਰ ਪਿੱਛੇ ਨੂੰ ਸੁੱਟੀ, ਜਿਵੇਂ ਇਹ ਦੇਖਣ ਦੀ ਕੋਸ਼ਿਸ਼ ਕਰ ਰਹੇ ਹੋਣ ਕਿ ਉਹਨਾਂ ਦੇ ਪਿੱਛੇ ਕੀ ਹੋ ਰਿਹਾ ਹੈ। ਤੇ ਇਥੇ ਹੀ ਇਸ ਭਿਆਨਕ ਦ੍ਰਿਸ਼ ਦੀ ਵਿਆਖਿਆ ਵੀ ਹੋ ਜਾਂਦੀ ਸੀ । ਇੱਕ ਸੋਵੀਅਤ ਫ਼ੌਜੀ ਦੀ ਬਰਫ਼ ਨਾਲ ਢਕੀ ਲਾਸ਼ ਦੇ ਕੋਲ, ਦਿਆਰ ਦੇ ਹੇਠਾਂ ਲੱਕ-ਲੱਕ ਤੱਕ ਬਰਫ਼ ਵਿੱਚ ਦੱਬੀ ਇੱਕ ਨਰਸ, ਫ਼ੌਜੀ ਦਾ ਸਿਰ ਆਪਣੀ ਗੋਦ ਵਿੱਚ ਰੱਖੀ ਬੈਠੀ ਸੀ; ਉਹ ਨਿੱਕੀ ਜਿਹੀ, ਨਾਜ਼ੁਕ ਲਗਦੀ ਕੁੜੀ ਸੀ, ਜਿਸਨੇ ਜਿੱਤ ਦੀ ਟੋਪੀ ਪਾਈ ਹੋਈ ਸੀ, ਜਿਸਦੀਆਂ ਕੰਨ- ਪਟੀਆਂ ਨੂੰ ਉਸਨੇ ਫੀਤੇ ਨਾਲ ਠੋਡੀ ਹੇਠਾਂ ਬੰਨ੍ਹਿਆ ਹੋਇਆ ਸੀ। ਉਸਦੀਆਂ ਮੌਰਾਂ ਦੇ ਵਿਚਕਾਰ ਕਰਕੇ ਕਿਸੇ ਛੁਰੇ ਦੀ ਬੇਹਦ ਚਮਕੀਲੀ ਮੁੱਠ ਬਾਹਰ ਦਿਖਾਈ ਦੇ ਰਹੀ ਸੀ। ਨੇੜੇ ਹੀ ਐਸ: ਐਸ: ਦੀ ਕਾਲੀ ਵਰਦੀ ਪਾਈ ਇੱਕ ਫਾਸਿਸਟ ਦੀ, ਤੇ ਇੱਕ ਸੋਵੀਅਤ ਫੌਜੀ ਦੀ ਲਾਸ਼ ਸੀ, ਜਿਸਦੇ ਸਿਰ ਉੱਤੇ ਖੂਨ ਨਾਲ ਲਿੱਬੜੀ ਪੱਟੀ ਬੱਝੀ ਹੋਈ ਸੀ। ਦੋਹਾਂ ਨੇ ਆਪਣੇ ਆਖ਼ਰੀ ਮਾਰੂ ਘੋਲ ਵਿੱਚ ਇੱਕ ਦੂਜੇ ਦਾ ਗਲਾ ਫੜਿਆ ਹੋਇਆ ਸੀ । ਅਲੈਕਸੇਈ ਨੇ ਇੱਕਦਮ ਅੰਦਾਜ਼ਾ ਲਾ ਲਿਆ ਕਿ ਕਾਲੇ ਕੱਪੜਿਆਂ ਵਾਲੇ ਨੇ ਜ਼ਖਮੀਆਂ ਨੂੰ ਕਤਲ ਕੀਤਾ ਸੀ, ਤੇ ਸੋਵੀਅਤ ਫ਼ੌਜੀ, ਜਿਹੜਾ ਅਜੇ ਜਿਉਂਦਾ ਸੀ, ਐਨ ਉਸ ਵੇਲੇ ਕਾਤਲ ਉਪਰ ਟੁੱਟ ਪਿਆ ਸੀ, ਜਿਸ ਵੇਲੇ ਉਹ ਨਰਸ ਨੂੰ ਛੁਰਾ ਮਾਰ ਰਿਹਾ ਸੀ । ਤੇ ਉਸਨੇ ਦੁਸ਼ਮਣ ਨੂੰ ਆਪਣੀਆਂ ਉਂਗਲਾਂ ਵਿੱਚ ਰਹਿ ਗਈ ਬਾਕੀ ਸਾਰੀ ਤਾਕਤ ਨਾਲ ਗਲੇ ਤੋਂ ਫੜ ਲਿਆ ਸੀ।