ਤੇ ਇਸ ਤਰ੍ਹਾਂ, ਬਰਫ਼ ਦੇ ਤੂਫ਼ਾਨ ਨੇ ਉਹਨਾਂ ਸਾਰਿਆਂ ਨੂੰ ਦਬਾ ਦਿੱਤਾ ਸੀ- ਜੱਤ ਦੀ ਟੋਪੀ ਵਾਲੀ ਨਾਜ਼ੁਕ ਕੁੜੀ, ਜਿਹੜੀ ਆਪਣੇ ਸਰੀਰ ਨਾਲ ਜ਼ਖਮੀ ਆਦਮੀ ਨੂੰ ਬਚਾ ਰਹੀ ਸੀ; ਕਾਤਲ ਤੇ ਉਸ ਤੋਂ ਬਦਲਾ ਲੈਣ ਵਾਲਾ, ਇੱਕ ਦੂਜੇ ਨੂੰ ਗਲੇ ਤੋਂ ਫੜੀ, ਉਸਦੇ ਪੈਰਾਂ ਵਿੱਚ ਡਿਗੇ ਹੋਏ ਸਨ, ਜਿਨ੍ਹਾਂ ਵਿੱਚ ਕਿ ਉਸਨੇ ਖੁੱਲ੍ਹੀਆਂ ਲੱਤਾਂ ਵਾਲੇ ਪੁਰਾਣੇ ਫ਼ੌਜੀ ਬੂਟ ਪਾਏ ਹੋਏ ਸਨ।
ਅਲੈਕਸੇਈ ਕੁਝ ਪਲ ਉਥੇ ਮੂਰਤੀ ਬਣਿਆ ਖੜਾ ਰਿਹਾ, ਫਿਰ ਲੰਗੜਾਉਂਦਾ ਹੋਇਆ ਨਰਸ ਤੱਕ ਗਿਆ ਤੇ ਉਸਦੀ ਪਿੱਠ ਵਿੱਚੋਂ ਛੁਰਾ ਕੱਢ ਲਿਆ। ਇਹ ਐਸ: ਐਸ: ਛੁਰਾ ਸੀ, ਜਿਹੜਾ ਪੁਰਾਣੀ ਜਰਮਨ ਤਲਵਾਰ ਦੀ ਸ਼ਕਲ ਦਾ ਬਣਾਇਆ ਗਿਆ ਸੀ, ਜਿਸਦੀ ਮਾਹੋਜਨੀ ਲੱਕੜੀ ਦੀ ਮੁੱਠ ਉੱਤੇ ਚਾਂਦੀ ਨਾਲ ਐਸ. ਐਸ. ਦਾ ਨਿਸ਼ਾਨ ਬਣਿਆ ਹੋਇਆ ਸੀ। ਜੰਗਾਲ ਲੱਗੇ ਫਲ ਉੱਤੇ ਉਕਰਿਆ ਹੋਇਆ ਸੀ: (Alles fiir Deutschland (ਸਭ ਕੁਝ ਜਰਮਨੀ ਲਈ) ਅਜੇ ਵੀ ਪੜ੍ਹਿਆ ਜਾ ਸਕਦਾ ਸੀ। ਅਲੈਕਸੇਈ ਨੇ ਜਰਮਨ ਦੀ ਲਾਸ਼ ਨਾਲੋਂ ਛੁਰੇ ਦਾ ਚਮੜੇ ਦਾ ਮਿਆਨ ਲਾਹਿਆ; ਆਪਣੇ ਸਫਰ ਦੌਰਾਨ ਉਸਨੂੰ ਇਸ ਹਥਿਆਰ ਦੀ ਲੋੜ ਪਵੇਗੀ। ਫਿਰ ਉਸਨੇ ਬਰਫ਼ ਦੇ ਹੇਠੋਂ ਜ਼ਮੀਨ ਤੋਂ ਇੱਕ ਚਾਦਰ ਪੁੱਟੀ, ਨਰਸ ਦੀ ਲਾਸ਼ ਨੂੰ ਇਸ ਨਾਲ ਢੱਕ ਦਿੱਤਾ ਤੇ ਦਿਆਰ ਦੀਆਂ ਕੁਝ ਟਾਹਣੀਆਂ ਇਸ ਉੱਤੇ ਰੱਖ ਦਿੱਤੀਆਂ।
ਉਦੋਂ ਤੱਕ ਸੰਧਿਆ ਹੋ ਚੁੱਕੀ ਸੀ। ਦਰਖਤਾਂ ਵਿਚਕਾਰ ਚਾਨਣ ਦੀਆਂ ਪੱਟੀਆਂ ਬੁਝ ਗਈਆਂ । ਸੰਘਣੇ ਤੇ ਕੱਕਰੀਲੇ ਹਨੇਰੇ ਨੇ ਵਾਦੀ ਨੂੰ ਆਪਣੀ ਲਪੇਟ ਵਿੱਚ ਲੈ ਲਿਆ । ਇਥੇ ਚੁੱਪ-ਚਾਂ ਸੀ, ਪਰ ਸ਼ਾਮ ਦੀ ਹਵਾ ਦਰਖਤਾਂ ਦੀਆਂ ਟੀਸੀਆਂ ਵਿੱਚੋਂ ਬੁੱਲ੍ਹੇ ਬਣ ਕੇ ਲੰਘਦੀ ਸੀ ਤੇ ਜੰਗਲ ਗਾਉਣ ਲੱਗ ਪੈਂਦਾ ਸੀ, ਕਦੀ ਸਹਿਲਾਵੀ ਲੋਰੀ, ਤੇ ਕਦੀ ਫਿਕਰ ਤੇ ਖ਼ਤਰੇ ਦੀ ਧੁਨ। ਧੂੜ ਵਰਗੀ ਖੁਸ਼ਕ ਬਰਫ਼, ਜਿਹੜੀ ਹੁਣ ਦਿਖਾਈ ਨਹੀਂ ਸੀ ਦਿੰਦੀ, ਪਰ ਹੌਲੀ ਹੌਲੀ ਪੈ ਰਹੀ ਤੇ ਚਿਹਰੇ ਨੂੰ ਚੁਭ ਰਹੀ ਸੀ, ਹੁਣ ਵਾਦੀ ਵਿੱਚ ਉਡਦੀ ਆ ਰਹੀ ਸੀ।
ਵੋਲਗਾ ਸਤੇਪੀ ਵਿੱਚ ਕਾਮੀਸ਼ਿਨ ਕਸਬੇ ਦੇ ਜੰਮਪਲ ਇੱਕ ਸ਼ਹਿਰੀ ਆਦਮੀ, ਜਿਸਨੂੰ ਜੰਗਲ ਦੇ ਜੀਵਨ ਦਾ ਕੋਈ ਤਜਰਬਾ ਨਹੀਂ ਸੀ, ਅਲੈਕਸੇਈ ਨੇ ਰਾਤ ਲਈ ਤਿਆਰੀ ਕਰਨ ਦੀ, ਜਾਂ ਅੱਗ ਬਾਲਣ ਦੀ ਕੋਈ ਤਕਲੀਫ਼ ਨਹੀਂ ਸੀ ਕੀਤੀ। ਸੰਘਣੇ ਹਨੇਰੇ ਵਿਚ ਘਿਰ ਜਾਣ ਕਰਕੇ ਤੇ ਆਪਣੇ ਟੁੱਟੇ ਹੋਏ ਤੇ ਥੱਕੇ ਪੈਰਾਂ ਵਿੱਚ ਪੀੜ ਨਾਲ ਪੈ ਰਹੀਆਂ ਚੀਸਾਂ ਤੋਂ ਚੇਤੰਨ, ਹੁਣ ਉਸ ਵਿੱਚ ਲੱਕੜਾਂ ਇਕੱਠੀਆਂ ਕਰਨ ਦੀ ਹਿੰਮਤ ਨਹੀਂ ਸੀ; ਉਹ ਰੀਂਗਦਾ ਹੋਇਆ ਇੱਕ ਲਵੇ ਦਿਆਰ ਹੇਠਲੀਆਂ ਸੰਘਣੀਆਂ ਝਾੜੀਆਂ ਵਿੱਚ ਚਲਾ ਗਿਆ, ਦਰਖਤ ਹੇਠਾਂ ਬੈਠ ਗਿਆ, ਆਪਣੇ ਮੋਢੇ ਸੁੰਗੇੜ ਲਏ, ਸਿਰ ਨੂੰ ਗੋਡਿਆਂ ਉੱਤੇ ਟਿਕਾ ਲਿਆ, ਜਿਨ੍ਹਾਂ ਦੁਆਲੇ ਉਸਨੇ ਆਪਣੀਆਂ ਬਾਹਵਾਂ ਵਲੀਆਂ ਹੋਈਆਂ ਸਨ ਤੇ ਆਪਣੇ ਹੀ ਸਾਹ ਨਾਲ ਆਪਣੇ ਆਪ ਨੂੰ ਗਰਮ ਕਰਦਿਆਂ, ਬਿਲਕੁਲ ਅਹਿਲ ਬੈਠ ਗਿਆ ਤੇ ਸ਼ਾਂਤੀ ਤੇ ਟਿਕਾਅ ਨੂੰ ਮਾਨਣ ਲੱਗਾ।
ਉਸਨੇ ਆਪਣੀ ਪਿਸਤੌਲ ਦਾ ਘੋੜਾ ਚੜ੍ਹਾ ਰੱਖਿਆ ਸੀ, ਪਰ ਇਹ ਗੱਲ ਸੰਦੇਹ ਵਾਲੀ