ਅਸਲੀ ਇਨਸਾਨ ਦੀ ਕਹਾਣੀ
ਬੋਰਿਸ ਪੋਲੇਵੋਈ
ਅਨੁਵਾਦਕ: ਗੁਰੂਬਖਸ਼
ਇਸ ਕਿਤਾਬ ਦੇ ਲੇਖਕ ਬਾਰੇ
ਅਲੈਕਸੇਈ ਮਾਰੇਸੇਯੇਵ,
ਸੋਵੀਅਤ ਯੂਨੀਅਨ ਦਾ ਹੀਰੋ
ਬੋਰਿਸ ਪੋਲੇਵੋਈ ਨਾਲ ਮੇਰੀ ਜਾਣ-ਪਛਾਣ 1943 ਦੀਆਂ ਗਰਮੀਆਂ ਵਿੱਚ ਹੋਈ। ਉਹਨੀਂ ਦਿਨੀਂ ਕੁਰਸਕ ਦੇ ਇਲਾਕੇ ਵਿੱਚ ਘਮਸਾਨ ਦੀ ਲੜਾਈ ਚੱਲ ਰਹੀ ਸੀ ਤੇ ਸਾਡੀ ਰੈਜਮੈਂਟ ਉਸ ਵਿੱਚ ਬੇਹੱਦ ਸਰਗਰਮ ਹਿੱਸਾ ਲੈ ਰਹੀ ਸੀ। ਹਰ ਰੋਜ਼ ਅਸੀਂ ਕਈ ਕਈ ਉਡਾਨਾਂ ਲਾਉਂਦੇ । ਤੇ ਇੱਕ ਸ਼ਾਮ ਇਸੇ ਤਰ੍ਹਾਂ ਦੀ ਇੱਕ ਉਡਾਨ ਤੋਂ ਮਗਰੋਂ ਮੈਂ ਉਤਰਿਆ। ਹਵਾਈ ਜਹਾਜ਼ 'ਚੋਂ ਨਿੱਕਲਦਿਆਂ ਹੀ ਮੈਨੂੰ ਪਾਇਲਟਾਂ ਦੇ ਝੁੰਡ ਵਿੱਚ ਇੱਕ ਅਣਜਾਣਾ ਚਿਹਰਾ ਦਿਖਾਈ ਦਿੱਤਾ; ਉਹ ਮੇਰੇ ਵੱਲ ਇਸ਼ਾਰਾ ਕਰਕੇ ਉਸਨੂੰ ਕੁਝ ਦਸ ਰਹੇ ਸਨ। “ਸੋ, ਫਿਰ ਆ ਗਿਆ ਕੋਈ ਪੱਤਰ-ਪ੍ਰੇਰਕ", ਮੈਂ ਪ੍ਰੇਸ਼ਾਨ ਹੁੰਦਿਆਂ ਠੰਡਾ ਸਾਹ ਭਰਿਆ ਤੇ ਜਲਦੀ ਮੈੱਸ ਵੱਲ ਚੱਲ ਪਿਆ।
ਅਣਜਾਣਾ ਵਿਅਕਤੀ ਝੱਟ ਹੀ ਮੇਰੇ ਨਾਲ ਆ ਰਲਿਆ ਤੇ ਆਪਣੀ ਜਾਣ-ਪਛਾਣ ਕਰਾਉਣ ਲੱਗ ਪਿਆ: "ਬੋਰਿਸ ਪੋਲੇਵੋਈ, "ਪਰਾਵਦਾ" ਦਾ ਜੰਗੀ ਪੱਤਰ ਪ੍ਰੇਰਕ ।" ਪੋਲੇਵੋਈ... ਮੈਨੂੰ ਲੱਗਾ ਕਿ ਇਹ ਨਾਂ "ਪਰਾਵਦਾ" ਦੇ ਸਫ਼ਿਆ ਉੱਤੇ ਦੇਖਿਆ ਤਾਂ ਜ਼ਰੂਰ ਹੋਇਐ, ਪਰ ਉਹ ਲਿਖਦਾ ਕਿਸ ਤਰ੍ਹਾਂ ਦਾ ਹੈ ਤੇ ਕਾਹਦੇ ਬਾਰੇ, ਸਹੁੰ ਰੱਬ ਦੀ ਮੈਨੂੰ ਨਹੀਂ ਸੀ ਪਤਾ। ਪਰ ਮੈਨੂੰ ਇੱਕਦਮ ਹੀ ਚੰਗਾ ਚੰਗਾ ਲੱਗਣ ਲੱਗ ਪਿਆ: ਚੁਸਤ-ਫੁਰਤ, ਸਿੱਧਾ- ਸਾਦਾ ਤੇ ਹਸਮੁਖ ਵਿਅਕਤੀ । ਮੈਂ ਉਸਨੂੰ ਆਪਣੇ ਭੋਰੇ ਵਿੱਚ ਆਉਣ ਦਾ ਸੱਦਾ ਦਿੱਤਾ, ਤੇ ਅਸੀਂ ਕਿੰਨਾਂ ਹੀ ਚਿਰ ਬੈਠੇ ਗੱਲਾਂ ਕਰਦੇ ਰਹੇ । ਚਾਨਣਾ ਹੋ ਚੁੱਕਾ ਸੀ, ਜਦੋਂ ਅਸੀਂ ਇੱਕ ਦੂਜੇ ਤੋਂ ਵਿਦਾ ਹੋਏ।
ਸਵੇਰੇ ਫਿਰ ਲੜਾਈ। ਤੇ ਇੰਝ ਹੀ ਚੱਲਦਾ ਰਿਹਾ। ਮਤਲਬ ਕੀ, ਕਿ ਹਰ ਰੋਜ਼ ਦੇ ਇਸ ਲੜਾਈ ਦੇ ਜੀਵਨ ਵਿੱਚ ਮੈਨੂੰ "ਪਰਾਵਦਾ" ਦਾ ਪੱਤਰ ਪ੍ਰੇਰਕ ਬਿਲਕੁਲ ਹੀ ਭੁੱਲ-ਭੁਲਾ ਗਿਆ। ਤਾਂ ਵੀ, ਪਹਿਲਾਂ ਵਾਂਗ ਹੀ ਅਖ਼ਬਾਰ ਦੇ ਸਫ਼ਿਆਂ ਉੱਤੇ ਉਸਦਾ ਨਾਂ ਮੈਨੂੰ ਦਿਖਾਈ ਦੇ ਜਾਂਦਾ ਸੀ । ਤੇ ਮੈਨੂੰ ਉਹ ਲੋਕ ਵੀ ਬੜੇ ਪਸੰਦ ਆਏ, ਜਿਨ੍ਹਾਂ ਬਾਰੇ ਉਸਨੇ ਲਿਖਿਆ ਹੁੰਦਾ ਸੀ । ਪਰ ਇਹ ਮਿਲਣੀਆਂ ਸਿਰਫ਼ ਅਖ਼ਬਾਰ ਦੇ ਸਫ਼ਿਆਂ ਉੱਤੇ ਹੀ ਹੁੰਦੀਆਂ ਰਹੀਆਂ।
1947 ਵਿਚ, ਮੈਨੂੰ ਪੂਰੀ ਤਰ੍ਹਾਂ ਯਾਦ ਨਹੀਂ ਕਿ ਠੀਕ ਠਾਕ ਕਦੋਂ, ਮੈਂ ਰੇਡੀਓ ਚਲਾਇਆ
ਤਾਂ ਅਨਾਊਂਸਰ ਕੋਈ ਲੜੀਵਾਰ ਪ੍ਰੋਗਰਾਮ ਸਮਾਪਤ ਕਰਦਾ ਕਹਿ ਰਿਹਾ ਸੀ: “ਬੋਰਿਸ ਪੋਲੇਵੋਈ ਦੀ ਰਚਨਾ 'ਅਸਲੀ ਇਨਸਾਨ ਦੀ ਕਹਾਣੀ' ਦਾ ਅਗਲਾ ਭਾਗ ਅਸੀਂ ਕੱਲ੍ਹ ਨੌਂ ਵਜੇ ਤੁਹਾਡੀ ਸੇਵਾ ਵਿਚ ਪੇਸ਼ ਕਰਾਂਗੇ।" ਮੈਨੂੰ ਇੱਕਦਮ ਕਾਲੇ ਵਾਲਾਂ ਵਾਲਾ ਪੱਤਰ ਪ੍ਰੇਰਕ ਯਾਦ ਆ ਗਿਆ, ਜਿਹੜਾ ਇੱਕ ਰਾਤ ਮੇਰੇ ਕੋਲ ਮੇਰੇ ਭੋਰੇ ਵਿੱਚ ਰਿਹਾ ਸੀ। ਤੇ ਅਗਲੇ ਦਿਨ ਸਵੇਰੇ ਨੌਂ ਵਜੇ ਮੈਂ ਰੇਡੀਓ ਲਾਇਆ। ਰੇਡੀਓ ਲਾਇਆ ਤੇ ਆਪਣੇ ਕੰਨਾਂ ਉਤੇ ਇਤਬਾਰ ਨਹੀਂ ਸੀ ਆ ਰਿਹਾ। ਪੋਲੇਵੋਈ ਮੇਰੀ ਕਹਾਣੀ ਦੱਸ ਰਿਹਾ ਸੀ।
ਉਸੇ ਸ਼ਾਮ ਮੈਂ ਉਸ ਦੇ ਘਰ ਸਾਂ, ਤੇ ਲੇਖਕ ਨੇ ਮੈਨੂੰ ਦੱਸਿਆ ਕਿ ਕਿਵੇਂ ਕਿੰਨਾ ਚਿਰ ਉਹ ਜੰਗ ਦੇ ਦਿਨਾਂ ਵਿਚ ਮੈਨੂੰ ਲੱਭਦਾ ਰਿਹਾ ਸੀ, ਪਰ ਲੱਭ ਨਹੀਂ ਸੀ ਸਕਿਆ। ਵੱਖੋ ਵੱਖਰੇ ਰਾਹਾਂ ਥਾਣੀਂ ਅਸੀਂ ਜਿੱਤ ਤਕ ਪੁੱਜੇ ਸਾਂ। ਕਿਵੇਂ ਮਗਰੋਂ ਉਸਨੇ ਕਿੰਨੇ ਸਾਰੇ ਜੰਗੀ ਮੁਹਾਫ਼ਜ਼ਖਾਨਿਆਂ ਨੂੰ ਛਾਣਿਆ, ਕਿਵੇਂ ਜਲਦੀ ਜਲਦੀ ਝਰੀਟੀਆਂ ਨੋਟਬੁੱਕਾਂ ਅਨੁਸਾਰ ਉਸਨੇ ਸਾਡੀ ਉਦੋਂ ਹੋਈ ਗੱਲਬਾਤ ਨੂੰ ਮੁੜ ਕੇ ਉਸੇ ਰੂਪ ਵਿਚ ਉਜਾਗਰ ਕੀਤਾ।
ਸੋ ਇਸੇ ਸ਼ਾਮ ਤੋਂ ਹੀ ਲੇਖਕ ਬੋਰਿਸ ਪੋਲੇਵੋਈ ਨਾਲ ਮੇਰੀ ਦੋਸਤੀ ਦਾ ਜਨਮ ਹੋਇਆ। ਅਫ਼ਸੋਸ ਦੀ ਗੱਲ ਇਹ ਹੈ ਕਿ ਅਸੀਂ ਇੱਕ ਦੂਜੇ ਨੂੰ ਬਹੁਤ ਘੱਟ ਮਿਲਦੇ ਹਾਂ, ਸਗੋਂ ਸਿਰਫ਼ ਕਾਨਫ਼ਰੰਸਾਂ, ਮੀਟਿੰਗਾਂ ਤੇ ਕਦੇ-ਕਦਾਈਂ ਘਰ ਵਿੱਚ ਵੀ। ਪਰ ਇਹ ਮਿਲਣੀਆਂ ਮੇਰੇ ਲਈ ਸਦਾ ਯਾਦਗਾਰੀ ਰਹੀਆਂ ਹਨ, ਕਿਉਂਕਿ ਪੋਲੇਵੋਈ ਤਾਂ ਵਿਚਾਰਾਂ ਤੇ ਨਿਰੀਖਣਾਂ ਦਾ ਅਮੁੱਕ ਖਜ਼ਾਨਾ ਹੈ। ਤੁਸੀਂ ਇਸ ਵਿੱਚੋਂ ਜਿੰਨਾ ਮਰਜ਼ੀ ਕੱਢੀ ਜਾਓ, ਇਹ ਖ਼ਜ਼ਾਨਾ ਮੁੱਕਣ ਵਿੱਚ ਨਹੀਂ ਆਉਂਦਾ।
ਤੇ ਸਿਰਫ਼ ਇੱਕ ਵਾਰੀ ਅਸੀਂ ਕਿਨੋਂ ਦਿਨ ਇੱਕ ਦੂਜੇ ਦੇ ਨਾਲ ਰਹੇ-ਅਮਰੀਕਾ ਵਿਚ, ਜਿੱਥੇ ਅਸੀਂ ਜੰਗ ਵਿੱਚ ਹਿੱਸਾ ਲੈ ਚੁੱਕੇ ਅਮਰੀਕਣਾਂ ਦੇ ਸੱਦੇ ਉੱਤੇ ਗਏ ਸਾਂ। ਪੋਲੇਵੋਈ ਦਾ ਇਹ ਅਮਰੀਕਾ ਦਾ ਦੂਜਾ ਚੱਕਰ ਸੀ । ਪੋਲੇਵੋਈ ਦੀ ਪਹਿਲੀ ਅਮਰੀਕੀ ਯਾਤਰਾ ਦੇ ਸਮੇਂ ਹੀ ਉੱਥੋਂ ਦੇ ਇੱਕ ਪ੍ਰਸਿੱਧ ਪੱਤਰਕਾਰ ਨੇ ਹਵਾਈ ਜਹਾਜ਼ਾਂ ਦੇ ਨਿੱਜੀ ਤਜ਼ਰਬੇ ਦੇ ਅਧਾਰ ਉੱਤੇ ਇਹ ਦਾਅਵਾ ਕੀਤਾ ਸੀ ਅਲੈਕਸੇਈ ਮਰੇਸੇਯੋਵ ਦੀ ਸਾਰੀ ਕਹਾਣੀ ਮਨਘੜਤ ਹੈ। ਇਸ ਵਾਰੀ ਪੋਲੇਵੋਈ ਨੇ ਮੈਨੂੰ ਜਿਊਂਦੀ ਜਾਗਦੀ ਮਿਸਾਲ ਵੱਜੋਂ ਪੇਸ਼ ਕੀਤਾ ਹੈ। ਪਰ ਲੱਗਦਾ ਹੈ। ਕਿ ਉਸ ਅਮਰੀਕੀ ਪੱਤਰਕਾਰ ਨੂੰ ਫਿਰ ਵੀ ਵਿਸ਼ਵਾਸ ਨਾ ਆਇਆ।
ਪੋਲੇਵੋਈ ਨੂੰ ਇਸ ਵੇਲੇ ਸੱਤਵਾਂ ਦਹਾਕਾ ਲੱਗਾ ਹੋਇਆ ਹੈ। ਚਾਲ੍ਹੀ ਤੋਂ ਵੱਧ ਸਾਲਾਂ ਤੋਂ ਉਹ ਸੋਵੀਅਤ ਸਾਹਿਤ ਦੀ ਸੇਵਾ ਕਰ ਰਿਹਾ ਹੈ। ਹੁਣ ਤੱਕ ਉਹ ਚਾਰ ਵੱਡੇ ਵੱਡੇ ਨਾਵਲ, ਤੇ ਕਹਾਣੀਆਂ ਤੇ ਲੇਖਾਂ ਦੀਆਂ ਵੀਹ ਕਿਤਾਬਾਂ ਦੇ ਚੁੱਕਾ ਹੈ । ਤੇ ਚੈਨ ਤਾਂ ਉਸਨੂੰ ਸੁਪਨੇ ਵਿੱਚ ਵੀ ਨਹੀਂ ਆਉਂਦਾ, ਕਿਉਂਕਿ ਉਸਨੇ ਜਿਹੜਾ ਪੇਸ਼ਾ ਆਪਣੇ ਲਈ ਚੁਣਿਆ ਹੋਇਆ ਹੈ. ਉਸ ਵਿਚ ਤਾਂ ਚੈਨ ਮਿਲਦਾ ਨਹੀਂ - ਪੱਤਰਕਾਰ ਦੇ ਪੇਸ਼ੇ ਵਿੱਚ। ਮੈਂ ਕੋਈ ਗ਼ਲਤ ਗੱਲ ਨਹੀਂ ਕਹੀਂ— ਉਹ ਲੇਖਕ ਹੈ, ਪਰ ਰਹਿੰਦਾ ਪੱਤਰਕਾਰ ਵਾਂਗ ਹੈ। ਹਮੇਸ਼ਾ ਪੈਂਡੇ ਪਏ ਰਹਿਣਾ, ਤਲਾਸ਼ ਕਰਦੇ ਰਹਿਣਾ, ਹਮੇਸ਼ਾ ਲਿਖਣ ਲਈ ਤਿਆਰ ਰਹਿਣਾ।
ਅਫ਼ਸੋਸ ਦੀ ਗੱਲ ਹੈ ਕਿ ਮੈਂ ਸਾਹਿਤਕਾਰ ਨਹੀਂ ਹਾਂ। ਜੇ ਮੈਂ ਸ਼ਬਦਾਂ ਦਾ ਕਲਾਕਾਰ ਹੁੰਦਾ