Back ArrowLogo
Info
Profile
Previous
Next

ਦੁਪਹਿਰ ਵੇਲੇ, ਖਾਣ ਦਾ ਫੈਸਲਾ ਕੀਤਾ।

5

ਹਰ ਕਦਮ ਚੁੱਕਣ ਨਾਲ ਹੁੰਦੀ ਪੀੜ ਤੇ ਆਪਣਾ ਮਨ ਲਾਂਭੇ ਲਿਜਾਣ ਲਈ ਅਲੈਕਸੇਈ ਨੇ ਆਪਣੇ ਰਸਤੇ ਬਾਰੇ ਸੋਚਣਾ ਤੇ ਹਿਸਾਬ ਲਾਉਣਾ ਸ਼ੁਰੂ ਕਰ ਦਿੱਤਾ। ਜੇ ਉਹ ਹਰ ਰੋਜ਼ ਦਸ ਜਾਂ ਬਾਰ੍ਹਾਂ ਕਿਲੋਮੀਟਰ ਕਰੇ, ਤਾਂ ਉਹ ਤਿੰਨ, ਜਾਂ ਹੱਦ ਚਾਰ ਦਿਨਾਂ ਵਿੱਚ ਆਪਣੀ ਮੰਜ਼ਿਲ ਤੱਕ ਪੁੱਜ ਜਾਏਗਾ।

"ਠੀਕ ਹੈ। ਸੋ, ਦਸ ਜਾਂ ਬਾਰ੍ਹਾਂ ਕਿਲੋਮੀਟਰ ਦਾ ਮਤਲਬ ਕੀ ਹੈ। ਕਿਲੋਮੀਟਰ ਦਾ ਮਤਲਬ ਹੈ ਦੋ ਹਜ਼ਾਰ ਕਦਮ; ਸੋ, ਦਸ ਕਿਲੋਮੀਟਰ ਬਣੇ ਵੀਹ ਹਜ਼ਾਰ ਕਦਮ, ਪਰ ਇਹ ਤਾਂ ਬਹੁਤ ਨੇ, ਜੇ ਮੈਂ ਇਹ ਵੀ ਖਿਆਲ ਰਖਾਂ ਕਿ ਹਰ ਪੰਜ ਸੌ ਜਾਂ ਛੇ ਸੌ ਕਦਮਾਂ ਤੋਂ ਪਿੱਛੋਂ ਮੈਨੂੰ ਅਰਾਮ ਕਰਨਾ ਪਵੇਗਾ।... "

ਇੱਕ ਦਿਨ ਪਹਿਲਾਂ, ਤੁਰਨਾ ਸੌਖਾ ਬਨਾਉਣ ਲਈ, ਅਲੈਕਸੇਈ ਆਪਣੇ ਸਾਮ੍ਹਣੇ ਕੁਝ ਦਿਸਦੇ ਟੀਚੇ ਰੱਖ ਲੈਂਦਾ ਸੀ; ਦਿਆਰ ਦਾ ਦਰਖਤ, ਕੋਈ ਮੁੱਢ, ਜਾਂ ਸੜਕ ਉੱਤੇ ਕੋਈ ਗੜਾ, ਤੇ ਹਰ ਇੱਕ ਵੱਲ ਅਰਾਮ ਕਰਨ ਦੀ ਥਾਂ ਵਜੋਂ ਵਧਣ ਦੀ ਕੋਸ਼ਿਸ਼ ਕਰਦਾ ਸੀ। ਹੁਣ ਉਹਨੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਅੰਕਾਂ ਵਿੱਚ ਬਦਲ ਲਿਆ - ਕਦਮਾਂ ਦੀ ਨਿਸ਼ਚਿਤ ਗਿਣਤੀ ਵਿੱਚ ਉਸਨੇ ਹਰ ਪੜਾਅ ਨੂੰ ਇੱਕ ਹਜ਼ਾਰ ਕਦਮਾਂ ਦਾ, ਭਾਵ, ਅੱਧੇ ਕਿਲੋਮੀਟਰ ਦਾ ਬਨਾਉਣ ਦੀ ਕੋਸ਼ਿਸ਼ ਕੀਤੀ, ਤੇ ਘੜੀ ਦੇ ਹਿਸਾਬ ਨਾਲ ਅਰਾਮ ਕਰਨ ਲੱਗਾ- ਪੰਜ ਮਿੰਟ ਤੋਂ ਵੱਧ ਨਹੀਂ। ਉਸਨੇ ਹਿਸਾਬ ਲਾਇਆ ਕਿ ਬੜੀ ਮੁਸ਼ਕਲ ਨਾਲ, ਉਹ ਸੂਰਜ ਚੜ੍ਹਨ ਤੋਂ ਲੈ ਕੇ ਸੂਰਜ ਡੁੱਬਣ ਤੱਕ ਦਸ ਕਿਲੋਮੀਟਰ ਕਰ ਸਕਦਾ ਸੀ।

ਪਰ ਪਹਿਲੇ ਇੱਕ ਹਜ਼ਾਰ ਕਦਮ ਕਿੰਨੇ ਮੁਸ਼ਕਲ ਸਨ। ਉਸਨੇ ਪੀੜ ਤੋਂ ਮਨ ਲਾਂਭੇ ਹਟਾਉਣ ਲਈ ਉਹਨਾਂ ਨੂੰ ਗਿਣਨਾ ਸ਼ੁਰੂ ਕਰ ਦਿੱਤਾ, ਪਰ ਪੰਜ ਸੌ ਤੱਕ ਗਿਣਨ ਤੋਂ ਮਗਰੋਂ ਉਹ ਗਿਣਤੀ ਭੁੱਲ ਗਿਆ, ਤੇ ਉਸਤੋਂ ਮਗਰੋਂ ਜਲਣਭਰੀ, ਧੜਕਦੀ ਪੀੜ ਤੋਂ ਛੁੱਟ ਹੋਰ ਕੁਝ ਉਸਦੇ ਦਿਮਾਗ਼ ਵਿੱਚ ਹੀ ਨਹੀਂ ਸੀ ਆਉਂਦਾ। ਤਾਂ ਵੀ, ਉਸਨੇ ਉਹ ਹਜ਼ਾਰ ਕਦਮ ਪੂਰੇ ਕੀਤੇ। ਬੈਠਣ ਦੀ ਹਿੰਮਤ ਨਾ ਹੋਣ ਕਰਕੇ, ਉਹ ਮੂੰਹ ਹੇਠਾਂ ਕਰਕੇ ਬਰਫ਼ ਉੱਤੇ ਢਹਿ ਪਿਆ ਤੇ ਬੜੀ ਪਿਆਸ ਨਾਲ ਇਸਨੂੰ ਚੂਸਣ ਲੱਗਾ, ਆਪਣਾ ਮੱਥਾ ਤੇ ਸੜਦੀਆਂ ਪੁੜਪੁੜੀਆਂ ਇਸਦੇ ਨਾਲ ਘੁੱਟ ਕੇ ਲਾਉਣ ਲੱਗਾ, ਤੇ ਬਰਫ਼ ਦੀ ਛੁਹ ਤੋਂ ਅਕਹਿ ਆਨੰਦ ਮਹਿਸੂਸ ਕਰਨ ਲੱਗਾ।

ਉਹ ਕੰਬ ਗਿਆ ਤੇ ਆਪਣੀ ਘੜੀ ਵੱਲ ਦੇਖਣ ਲੱਗਾ । ਸਕਿੰਟਾਂ ਵਾਲੀ ਸੂਈ ਮਿਥੇ ਗਏ ਪੰਜਾਂ ਮਿੰਟਾਂ ਦੇ ਆਖ਼ਰੀ ਸਕਿੰਟ ਕੱਛ ਰਹੀ ਸੀ। ਉਹ ਹਿੱਲ ਰਹੀ ਸੂਈ ਵੱਲ ਡਰ ਨਾਲ ਦੇਖਣ ਲੱਗਾ, ਜਿਵੇਂ ਕਿ ਇਸਦਾ ਗੇੜਾ ਪੂਰਾ ਹੋਣ ਉੱਤੇ ਕਿਸੇ ਭਿਆਨਕ ਚੀਜ਼ ਦੇ ਵਾਪਰਣ ਦੀ ਆਸ ਹੋਵੇ; ਪਰ ਜਿਉਂ ਹੀ ਇਸਨੇ ਸੱਠ ਸਕਿੰਟ ਪੂਰੇ ਕੀਤੇ, ਉਹ ਕਰਾਹੁੰਦਾ ਹੋਇਆ ਉਛਲ ਕੇ ਖੜੋ ਗਿਆ ਤੇ ਅੱਗੇ ਵੱਲ ਨੂੰ ਵਧਣ ਲੱਗਾ।

25 / 372