ਵਾਰੀ ਸੀ ਕਿ ਉਸਨੇ ਜ਼ਮੀਨ ਉੱਤੇ ਦੁਸ਼ਮਣ ਨੂੰ ਦੇਖਿਆ ਸੀ । ਹੁਣ ਉਹ ਉਹਨਾਂ ਦੀਆਂ ਪੈੜਾਂ ਉੱਤੇ ਚੱਲ ਰਿਹਾ ਸੀ, ਤੇ ਉਹ ਬਦਲੇ ਵਾਲੇ ਢੰਗ ਨਾਲ ਹੱਸਿਆ। ਉਹਨਾਂ ਨਾਲ ਇਥੇ ਕੋਈ ਚੰਗੀ ਨਹੀਂ ਸੀ ਬੀਤ ਰਹੀ: ਆਪਣੀ ਹਥਿਆਈ ਧਰਤੀ ਉੱਤੇ ਉਹਨਾਂ ਨੂੰ ਸੁਖ-ਚੈਨ, ਕੋਈ ਪ੍ਰਾਹੁਣਾਚਾਰੀ ਨਹੀਂ ਸੀ ਮਿਲ ਰਹੀ! ਇਸ ਅਛੋਹ ਜੰਗਲ ਵਿੱਚ ਵੀ ਜਿਥੇ ਤਿੰਨ ਦਿਨ ਤੋਂ ਉਸਨੂੰ ਇੱਕ ਵੀ ਮਨੁੱਖ ਦੇ ਨਿਸ਼ਾਨ ਨਹੀਂ ਸਨ ਮਿਲੇ, ਉਹਨਾਂ ਦੇ ਅਫ਼ਸਰ ਇਹੋ ਜਿਹੇ ਵੱਡੇ ਅੰਗ-ਰਖਿਅਕ ਦਲ ਨਾਲ ਚੱਲਣ ਲਈ ਮਜ਼ਬੂਰ ਸਨ।
“ਕੋਈ ਗੱਲ ਨਹੀਂ, ਸਭ ਕੁਝ ਠੀਕ-ਠਾਕ ਹੋ ਜਾਏਗਾ।" ਅਲੈਕਸੇਈ ਨੇ ਆਪਣੇ ਆਪ ਨੂੰ ਚੰਗੇ ਰੌਂ ਵਿੱਚ ਲਿਆਉਣ ਲਈ ਕਿਹਾ, ਤੇ ਕਦਮ ਕਦਮ ਕਰਕੇ ਉਹ ਅੱਗੇ ਵਧਦਾ ਗਿਆ, ਇਸ ਗੱਲ ਨੂੰ ਭੁੱਲਣ ਦੀ ਕੋਸ਼ਿਸ਼ ਕਰਦਾ ਕਿ ਉਸਦੇ ਪੈਰਾਂ ਵਿਚਲੀ ਪੀੜ ਵਧੇਰੇ ਤੀਖਣ ਹੁੰਦੀ ਜਾ ਰਹੀ ਹੈ ਤੇ ਉਸਦੀ ਆਪਣੀ ਤਾਕਤ ਵੀ ਖ਼ਤਮ ਹੁੰਦੀ ਮਹਿਸੂਸ ਹੋ ਰਹੀ ਹੈ। ਲਵੇ ਫ਼ਰ ਦੇ ਦਰਖਤ ਦੇ ਛਿਲਕੇ ਨੂੰ ਚਬਾ ਕੇ ਤੇ ਨਿਗਲ ਕੇ, ਤੇ ਬਰਚੇ ਦੀਆਂ ਕੌੜੀਆਂ ਕਲੀਆਂ ਖਾ ਕੇ ਜਾਂ ਲਾਈਮ ਦੇ ਦਰਖਤ ਦੀ ਨਰਮ ਤੇ ਚਮਕਵੀਂ ਛਿਲ ਚੂਸ ਕੇ, ਜਿਹੜੀ ਮੂੰਹ ਵਿੱਚ ਪਈ ਚਿਊਇੰਗ-ਗਮ ਵਰਗੀ ਲੱਗਦੀ ਸੀ, ਉਸ ਲਈ ਆਪਣੇ ਪੇਟ ਨੂੰ ਧੋਖਾ ਦੇਣਾ ਹੁਣ ਸੰਭਵ ਨਹੀਂ ਸੀ।
ਸ਼ਾਮ ਹੋਣ ਤੱਕ ਉਹ ਮਸਾਂ ਪੰਜ ਪੜਾਅ ਪੂਰੇ ਕਰ ਸਕਿਆ। ਰਾਤ ਨੂੰ ਉਸਨੇ ਬਰਚੇ ਦੇ ਅੱਧ-ਸੜੇ, ਬੜੇ ਭਾਰੀ ਤਣੇ ਦੇ ਚਾਰੇ ਪਾਸੇ, ਜਿਹੜਾ ਉਸਨੂੰ ਜ਼ਮੀਨ ਉੱਤੇ ਪਿਆ ਮਿਲ ਗਿਆ ਸੀ, ਬਹੁਤ ਭਾਰੀ ਮਾਤਰਾ ਵਿੱਚ ਦਿਆਰ ਦੀਆਂ ਟਾਹਣੀਆਂ ਤੇ ਸੁੱਕੀਆਂ ਝਾੜੀਆਂ ਇਕੱਠੀਆਂ ਕਰਕੇ ਅੱਗ ਬਾਲੀ । ਦਰਖਤ ਦਾ ਇਹ ਤਣਾ ਸੁਖਦਾਈ ਨਿੱਘ ਦੇਂਦਾ ਹੋਇਆ ਹਲਕੀ ਹਲਕੀ ਲੋਅ ਛੱਡਦਾ ਧੁਖ ਰਿਹਾ ਸੀ, ਤਾਂ ਉਹ ਇਸ ਜੀਵਨ-ਦਾਤਾ ਨਿੱਘ ਤੇ ਚੇਤੰਨ ਜ਼ਮੀਨ ਉੱਤੇ ਨਿੱਸਲ ਪਿਆ ਸੁੱਤਾ ਰਿਹਾ; ਉਹ ਸਹਿਜ-ਸੁਭਾਅ ਹੀ ਸੁੱਤਾ ਸੁੱਤਾ ਪਾਸਾ ਬਦਲਦਾ ਤੇ ਲਾਟਾਂ ਨੂੰ ਮੁੜ ਤੇਜ਼ ਕਰਨ ਲਈ, ਜਿਹੜੀਆਂ ਤਣੇ ਦੇ ਪਾਸਿਆਂ ਨੂੰ ਅਲਸਾਈਆਂ ਜਿਹੀਆਂ ਚੱਟ ਰਹੀਆਂ ਹੁੰਦੀਆਂ, ਕੁਝ ਝਾੜੀਆਂ ਅੱਗ ਵਿੱਚ ਪਾਉਣ ਲਈ ਜਾਗ ਪੈਂਦਾ।
ਅੱਧੀ ਰਾਤ ਨੂੰ ਬਰਫ਼ ਦਾ ਤੂਫ਼ਾਨ ਆ ਗਿਆ। ਸਿਰ ਉਪਰਲੇ ਦਿਆਰ ਦੇ ਦਰਖਤ ਝੂਲਣ ਲੱਗੇ, ਸਰ-ਸਰ, ਕਿੜ-ਕਿੜ ਕਰਨ ਲੱਗੇ ਤੇ ਖ਼ਤਰੇ ਦੇ ਅਹਿਸਾਸ ਨਾਲ ਕਰਾਹੁਣ ਲੱਗੇ। ਚੁਭਵੀਂ ਬਰਫ਼ ਦੇ ਬੱਦਲ ਜ਼ਮੀਨ ਨੂੰ ਹੂੰਝਦੇ ਲੰਘ ਜਾਂਦੇ । ਸਰ-ਸਰ ਕਰਦਾ ਹਨੇਰਾ ਸੁਰ-ਸੁਰ ਕਰਦੀ ਤੇ ਚੰਗਿਆੜੇ ਛੱਡਦੀ ਅੱਗ ਦੇ ਦੁਆਲੇ ਮੰਡਲਾਉਣ ਲੱਗਾ। ਪਰ ਬਰਫ਼ ਦੇ ਤੂਫ਼ਾਨ ਨੇ ਅਲੈਕਸੇਈ ਦੀ ਨੀਂਦ ਨੂੰ ਭੰਗ ਨਾ ਕੀਤਾ; ਉਹ ਘੁਕ, ਗੂਹੜੀ ਨੀਂਦ ਸੁੱਤਾ ਹੋਇਆ ਸੀ ਤੇ ਅੱਗ ਦਾ ਨਿੱਘ ਉਸਦੀ ਰਾਖੀ ਕਰ ਰਿਹਾ ਸੀ।
ਅੱਗ ਜੰਗਲ ਦੇ ਜਾਨਵਰਾਂ ਤੋਂ ਉਸਦਾ ਬਚਾਅ ਕਰ ਰਹੀ ਸੀ। ਜਿਥੋਂ ਤੱਕ ਜਰਮਨਾਂ ਦਾ ਸਵਾਲ ਸੀ, ਇਹੋ ਜਿਹੀ ਰਾਤ ਉਹਨਾਂ ਦਾ ਫਿਕਰ ਕਰਨ ਦੀ ਕੋਈ ਲੋੜ ਨਹੀਂ ਸੀ। ਬਰਫ਼ ਦੇ ਤੂਫ਼ਾਨ ਵੇਲੇ ਉਹ ਜੰਗਲ ਦੇ ਧੁਰ ਅੰਦਰ ਆਉਣ ਦੀ ਹਿੰਮਤ ਨਹੀਂ ਕਰਨਗੇ। ਤਾਂ ਵੀ, ਜਦ