ਕਿ ਉਸਦਾ ਥੱਕਿਆ ਸਰੀਰ ਧੂੰਏਂ ਵਾਲ਼ੇ ਨਿੱਘ ਵਿੱਚ ਪਿਆ ਅਰਾਮ ਕਰ ਰਿਹਾ ਸੀ, ਉਸਦੇ ਕੰਨ, ਜਿਹੜੇ ਬਨ ਵਿਚ ਰਹਿਣ ਵਾਲਿਆਂ ਵਾਲੀ ਚੌਕਸੀ ਦੇ ਆਦੀ ਹੋ ਚੁਕੇ ਸਨ, ਹਰ ਅਵਾਜ਼ ਸੁਣ ਰਹੇ ਸਨ। ਪਹੁ-ਫੁਟਾਲੇ ਤੋਂ ਜ਼ਰਾ ਹੀ ਪਹਿਲਾਂ, ਜਦੋਂ ਬਰਫ਼ ਦਾ ਤੂਫਾਨ ਮੱਠਾ ਪੈ ਚੁੱਕਾ ਸੀ ਤੇ ਹੁਣ ਚੁੱਪ ਪਈ ਧਰਤੀ ਉੱਤੇ ਸੰਘਣੀ, ਚਿੱਟੀ ਧੁੰਦ ਫੈਲੀ ਹੋਈ ਸੀ, ਅਲੈਕਸੇਈ ਨੂੰ ਲੱਗਾ ਕਿ ਦਿਆਰ ਦੇ ਦਰਖਤਾਂ ਦੇ ਝੂਲਣ ਤੋਂ ਤੇ ਡਿਗਦੀ ਬਰਫ਼ ਤੋਂ ਪੈਦਾ ਹੁੰਦੀ ਅਵਾਜ਼ ਤੋਂ ਛੁੱਟ ਉਸਨੂੰ ਲੜਾਈ, ਵਿਸਫੋਟਾਂ, ਮਸ਼ੀਨ-ਗੰਨਾਂ ਦੀਆਂ ਬੁਛਾੜਾਂ ਤੇ ਬੰਦੂਕਾਂ ਦੀਆਂ ਗੋਲੀਆਂ ਦੀਆਂ ਅਵਾਜ਼ਾਂ ਸੁਣਾਈ ਦਿੱਤੀਆਂ ਹੋਣ।
"ਕੀ ਮਹਾਜ਼ ਰੇਖਾ ਏਨੀਂ ਨੇੜੇ ਹੋ ਸਕਦੀ ਹੈ ? ਏਨੀਂ ਜਲਦੀ ?"
7
ਪਰ ਜਦੋਂ ਸਵੇਰੇ ਹਵਾ ਨੇ ਧੁੰਦ ਨੂੰ ਖਿੰਡਾ ਦਿੱਤਾ, ਤੇ ਜੰਗਲ, ਜਿਹੜਾ ਰਾਤ ਨੂੰ ਚਾਂਦੀ- ਰੰਗਾ ਹੋ ਗਿਆ ਸੀ, ਧੁੱਪ ਵਿੱਚ ਤੇਜ਼ ਤੇ ਕਕਰੀਲੀ ਚਮਕ ਛੱਡਣ ਲੱਗ ਪਿਆ, ਤੇ ਜਿਵੇਂ ਕਿ ਇਸ ਅਚਨਚੇਤੀ ਤਬਦੀਲੀ ਉੱਤੇ ਖੁਸ਼ੀਆਂ ਮਨਾਉਂਦਾ, ਬਨ-ਪੰਖੇਰੂਆਂ ਦਾ ਭਾਈਚਾਰਾ ਆ ਰਹੀ ਬਸੰਤ ਦੀ ਆਸ ਵਿੱਚ ਚਹਿਚਹਾ ਤੇ ਗਾ ਰਿਹਾ ਸੀ, ਤਾਂ ਵੀ ਅਲੈਕਸੇਈ ਨੂੰ ਲੜਾਈ ਦੀ ਕੋਈ ਅਵਾਜ਼ ਸੁਣਾਈ ਨਹੀਂ ਸੀ ਦੇ ਰਹੀ, ਨਾ ਹੀ ਬੰਦੂਕਾਂ ਦੇ ਚੱਲਣ ਦੀ, ਨਾ ਹੀ ਤੋਪਖਾਨੇ ਦੀ ਗਰਜ ਦੀ ਹੀ, ਭਾਵੇਂ ਉਹ ਕਿੰਨਾਂ ਵੀ ਜ਼ਿਆਦਾ ਕੰਨ ਲਾ ਕੇ ਕਿਉਂ ਨਾ ਸੁਣਦਾ।
ਧੁੱਪ ਵਿੱਚ ਚਮਕਦੇ ਬਰਫ਼ ਦੇ ਫੰਬੇ ਚਿੱਟੇ, ਧੂਏਂ ਵਰਗੇ ਝਰਨੇ ਵਾਂਗ ਦਰਖਤਾਂ ਤੋਂ ਝਰਨ ਲੱਗੇ। ਕਿਤੇ ਕਿਤੇ ਹਲਕਾ ਜਿਹਾ ਖੜਾਕ ਦੇਂਦੇ, ਪਾਣੀ ਦੇ ਭਾਰੀ ਤੁਪਕੇ ਬਰਫ਼ ਉੱਤੇ ਆ ਡਿੱਗਦੇ । ਬਸੰਤ ਆ ਗਈ ਸੀ। ਇਹ ਪਹਿਲੀ ਵਾਰੀ ਸੀ ਕਿ ਇਸਨੇ ਆਪਣੀ ਆਮਦ ਦਾ ਏਨੇਂ ਜ਼ੋਰਦਾਰ ਤੇ ਦ੍ਰਿੜ ਢੰਗ ਨਾਲ ਐਲਾਨ ਕੀਤਾ ਸੀ।
ਅਲੈਕਸੇਈ ਨੇ ਡੱਬੇ ਬੰਦ ਮਾਸ ਦੀ ਮਾੜੀ-ਮੋਟੀ ਰਹਿੰਦ-ਖੂੰਹਦ-ਸੁਆਦੀ ਚਰਬੀ ਨਾਲ ਲਿੱਬੜੇ ਮਾਸ ਦੇ ਕੁਝ ਧਾਗਿਆਂ ਨੂੰ ਸਵੇਰ ਵੇਲੇ ਖਾ ਲੈਣ ਦਾ ਫੈਸਲਾ ਕੀਤਾ, ਕਿਉਂਕਿ ਉਸਨੂੰ ਮਹਿਸੂਸ ਹੋਣ ਲੱਗਾ ਕਿ ਜੇ ਉਸ ਨੇ ਇੰਝ ਨਾ ਕੀਤਾ, ਤਾਂ ਉਸ ਵਿੱਚ ਉੱਠਣ ਦੀ ਵੀ ਹਿੰਮਤ ਨਹੀਂ ਹੋਣ ਲੱਗੀ। ਉਸਨੇ ਆਪਣੀ ਅੰਗੂਠੇ ਨਾਲ ਦੀ ਉਂਗਲੀ ਨਾਲ ਡੱਬੇ ਨੂੰ ਅੰਦਰੋਂ ਚੰਗੀ ਤਰ੍ਹਾਂ ਸਾਫ ਕੀਤਾ, ਇਸਦੇ ਦੰਦੇਦਾਰ ਮੂੰਹ ਨਾਲ ਹੱਥ ਨੂੰ ਵੀ ਕਿਤੇ ਕਿਤੇ ਫੱਟੜ ਕਰ ਲਿਆ, ਪਰ ਉਸਨੂੰ ਲੱਗਦਾ ਕਿ ਅਜੇ ਵੀ ਚਰਬੀ ਕਿਤੇ ਨਾ ਕਿਤੇ ਅੜੀ ਰਹਿ ਗਈ ਹੈ। ਉਸਨੇ ਡੱਬਾ ਬਰਫ਼ ਨਾਲ ਭਰ ਲਿਆ, ਬੁਝ ਰਹੀ ਅੱਗ ਨਾਲੋਂ ਸੁਆਹ ਝਾੜ ਦਿੱਤੀ ਤੇ ਡੱਬਾ ਬਲਦੇ ਅੰਗਾਰਿਆਂ ਉੱਤੇ ਰੱਖ ਦਿੱਤਾ। ਮਗਰੋਂ ਉਸਨੇ ਜ਼ਰਾ ਜ਼ਰਾ ਮਾਸ ਦੀ ਪੁੱਠ ਵਾਲਾ ਨਿੱਘਾ ਪਾਣੀ ਬੜੇ ਸੁਆਦ ਨਾਲ ਘੁੱਟ ਘੁੱਟ ਕਰਕੇ ਪੀਤਾ। ਜਦੋਂ ਮੁਕਾ ਲਿਆ, ਤਾਂ ਉਸਨੇ ਡੱਬੇ ਨੂੰ ਆਪਣੀ ਜੇਬ ਵਿੱਚ ਪਾ ਲਿਆ, ਤਾਂ ਕਿ ਉਸਨੂੰ ਚਾਹ ਬਣਾਉਣ ਲਈ ਵਰਤ ਸਕੇ । ਆਹ, ਗਰਮ ਗਰਮ ਚਾਹ! ਇਹ ਇੱਕ ਖੁਸ਼ੀ ਦੇਣ ਵਾਲੀ ਲੱਭਤ ਸੀ । ਤੇ