ਉਸਨੇ ਉਸਨੂੰ ਜ਼ਰਾ ਕੁ ਚੜ੍ਹਦੀਆਂ ਕਲਾਂ ਵਿੱਚ ਲੈ ਆਂਦਾ, ਜਦੋਂ ਉਹ ਮੁੜ ਕੇ ਆਪਣੇ ਰਾਹ ਪਿਆ।
ਪਰ ਇਥੇ ਭਾਰੀ ਨਿਰਾਸ਼ਾ ਉਸਦੀ ਉਡੀਕ ਕਰ ਰਹੀ ਸੀ । ਬਰਫ਼ ਦੇ ਤੂਫ਼ਾਨ ਨੇ ਰਸਤੇ ਦਾ ਨਾਂ-ਨਿਸ਼ਾਨ ਮਿਟਾ ਦਿੱਤਾ ਸੀ, ਤੇ ਇਸਨੂੰ ਢਾਲਵੇਂ ਤੇ ਨੋਕਦਾਰ ਬਰਫੀਲੇ ਢੇਰਾਂ ਨਾਲ ਅੱਟ ਦਿੱਤਾ ਸੀ। ਇੱਕੋ ਜਿਹੀ, ਨੀਲੀ ਭਾਹ ਮਾਰਦੀ ਲਿਸ਼ਕ ਨਾਲ ਅਲੈਕਸੇਈ ਦੀਆਂ ਅੱਖਾਂ ਦੁਖਣ ਲੱਗੀਆਂ। ਉਸਦੇ ਪੈਰ ਗੁਦਗੁਦੀ, ਅਜੇ ਤੱਕ ਅਣਜੰਮੀ ਬਰਫ਼ ਵਿੱਚ ਖੁਭ ਖੁਭ ਜਾਂਦੇ ਤੇ ਉਹ ਬਹੁਤ ਮੁਸ਼ਕਲ ਨਾਲ ਹੀ ਉਹਨਾਂ ਨੂੰ ਬਾਹਰ ਖਿੱਚ ਸਕਦਾ ਸੀ । ਉਸਦੀਆਂ ਸੋਟੀਆਂ ਕਿਸੇ ਕੰਮ ਨਹੀਂ ਸਨ ਆ ਰਹੀਆਂ, ਕਿਉਂਕਿ ਉਹ ਵੀ ਬਰਫ਼ ਵਿੱਚ ਧਸ ਜਾਂਦੀਆਂ ਸਨ।
ਦੁਪਹਿਰ ਵੇਲੇ, ਜਦੋਂ ਦਰਖਤਾਂ ਹੇਠਲੇ ਪ੍ਰਛਾਵੇ ਗੂਹੜੇ ਹੋ ਗਏ ਤੇ ਸੂਰਜ ਜੰਗਲ ਵਿਚਲੇ ਰਾਹ ਉਪਰ ਦਰਖਤਾਂ ਦੀਆਂ ਟੀਸੀਆਂ ਦੇ ਉੱਪਰੋਂ ਦੀ ਪੈ ਰਿਹਾ ਸੀ, ਤਾਂ ਅਲੈਕਸੇਈ ਨੇ ਅਜੇ ਤੱਕ ਸਿਰਫ਼ ਪੰਦਰਾਂ ਕੁ ਸੌ ਕਦਮ ਪੁੱਟੇ ਸਨ, ਤੇ ਉਹ ਏਨਾਂ ਥੱਕ ਚੁੱਕਾ ਸੀ ਕਿ ਹਰ ਨਵਾਂ ਕਦਮ ਪੁੱਟਣ ਲਈ ਉਸਨੂੰ ਪੂਰੀ ਦ੍ਰਿੜ੍ਹਤਾ ਨੂੰ ਅਮਲ ਵਿੱਚ ਲਿਆਉਣਾ ਪੈਂਦਾ ਸੀ । ਉਸਦਾ ਸਿਰ ਚਕਰਾਉਣ ਲੱਗਾ। ਪੈਰਾਂ ਹੇਠੋਂ ਜ਼ਮੀਨ ਤਿਲ੍ਹਕਦੀ ਲੱਗੀ। ਘੜੀ ਘੜੀ ਉਹ ਡਿੱਗ ਪੈਂਦਾ, ਕਿਸੇ ਬਰਫ਼ ਦੇ ਢੇਰ ਉੱਤੇ ਘੜੀ-ਪਲ ਲਈ ਬੇਹਰਕਤ ਪਿਆ ਰਹਿੰਦਾ, ਆਪਣਾ ਮੱਥਾ ਧੂੜ ਵਰਗੀ ਬਰਫ਼ ਨਾਲ ਲਾਉਂਦਾ, ਤੇ ਫਿਰ ਖੜਾ ਹੋ ਕੇ ਕੁਝ ਕਦਮ ਹੋਰ ਤੁਰ ਲੈਂਦਾ। ਉਸ ਨੂੰ ਸੋਣ ਦੀ, ਲੰਮੇ ਪੈ ਜਾਣ ਤੇ ਸਭ ਕੁਝ ਭੁੱਲ ਜਾਣ ਦੀ ਅਰੁਕ ਇੱਛਾ ਮਹਿਸੂਸ ਹੋਈ, ਜਦ ਉਸਨੂੰ ਇਕ ਵੀ ਅੰਗ ਹਿਲਾਉਣਾ ਨਾ ਪਵੇ। ਜੋ ਹੁੰਦਾ ਹੈ, ਹੋਵੇ । ਉਹ ਰੁਕ ਗਿਆ, ਸੁੰਨ ਹੋਇਆ, ਪਾਸਿਆਂ ਵੱਲ ਨੂੰ ਝੂਲਦਾ ਹੋਇਆ ਖੜਾ ਰਿਹਾ, ਤੇ ਫਿਰ, ਬੁਲ੍ਹਾਂ ਨੂੰ ਇੰਝ ਜ਼ੋਰ ਦੀ ਦੰਦਾਂ ਹੇਠ ਦਬਾਉਂਦਿਆਂ ਕਿ ਉਹ ਪੀੜ ਕਰਨ ਲੱਗ ਪਏ, ਉਸਨੇ ਆਪਣੇ ਆਪ ਨੂੰ ਸਾਵਧਾਨ ਕੀਤਾ ਤੇ ਮਸਾਂ ਹੀ ਪੈਰ ਘਸੀਟਣ ਦੀ ਹਿੰਮਤ ਕਰਦਿਆਂ ਕੁਝ ਕਦਮ ਚੱਲਿਆ।
ਆਖ਼ਰ ਉਸਨੂੰ ਮਹਿਸੂਸ ਹੋਣ ਲੱਗਾ ਕਿ ਉਹ ਹੋਰ ਨਹੀਂ ਸੀ ਚੱਲ ਸਕਦਾ, ਕਿ ਧਰਤੀ ਉਪਰਲੀ ਕੋਈ ਤਾਕਤ ਵੀ ਉਸਨੂੰ ਉਸ ਨੁਕਤੇ ਤੋਂ ਨਹੀਂ ਸੀ ਹਿਲਾ ਸਕਦੀ, ਕਿ ਜੇ ਉਹ ਹੁਣ ਬੈਠ ਗਿਆ, ਤਾਂ ਮੁੜ ਕਦੀ ਵੀ ਨਹੀਂ ਉੱਠ ਸਕੇਗਾ। ਉਸਨੇ ਬੜੀ ਸਿੱਕ ਨਾਲ ਆਲੇ- ਦੁਆਲੇ ਨਜ਼ਰ ਮਾਰੀ। ਸੜਕ ਕੰਢੇ ਇੱਕ ਲਵਾ, ਘੁੰਗਰਾਲਾ ਜਿਹਾ ਦਿਆਰ ਦਾ ਦਰਖਤ ਖੜਾ ਸੀ । ਆਪਣੀ ਤਾਕਤ ਦਾ ਆਖਰੀ ਟੇਪਾ ਹਰਕਤ ਵਿੱਚ ਲਿਆਂਦਿਆਂ, ਅਲੈਕਸੇਈ ਨੇ ਉਸ ਵੱਲ ਕਦਮ ਪੁੱਟਿਆ ਤੇ ਇਸ ਉੱਤੇ ਜਾ ਡਿੱਗਾ। ਉਸਦੀ ਠੋਡੀ ਦੇ ਟਾਹਣੀਆਂ ਦੇ ਜੋੜ ਦੇ ਵਿਚਕਾਰ ਟਿਕੀ ਹੋਈ ਸੀ। ਇਸ ਨਾਲ ਉਸਦੇ ਟੁੱਟੇ ਪੈਰਾਂ ਤੋਂ ਕੁਝ ਕੁ ਭਾਰ ਹੌਲਾ ਹੋ ਗਿਆ ਤੇ ਉਸਨੂੰ ਜ਼ਰਾ ਕੁ ਅਰਾਮ ਮਹਿਸੂਸ ਹੋਣ ਲੱਗਾ। ਉਸਨੇ ਝੂਮਦੀਆਂ ਸ਼ਾਖਾ ਨਾਲ ਢੋਹ ਲਾ ਲਈ, ਤੇ ਇਸ ਅਵਸਥਾ ਦਾ ਅਨੰਦ ਮਾਨਣ ਲੱਗਾ। ਆਪਣੇ ਆਪ ਨੂੰ ਵਧੇਰੇ ਅਰਾਮ ਦੀ ਹਾਲਤ ਵਿੱਚ ਲਿਆਉਣ ਲਈ, ਉਸਨੇ ਪਹਿਲਾਂ ਇੱਕ ਲੱਤ ਫੈਲਾਈ, ਤੇ ਫਿਰ ਦੂਜੀ ਲੱਤ ਫੈਲਾਈ, ਜਦ ਕਿ ਆਪਣੀ ਠੋਡੀ ਉਸਨੇ ਅਜੇ ਵੀ ਉਸੇ ਤਰ੍ਹਾਂ ਟਿਕਾ ਰੱਖੀ ਸੀ,