ਅਲੈਕਸੇਈ ਨੂੰ ਧੂਫ ਯਾਦ ਆ ਗਈ। ਛੋਟੀਆਂ ਛੋਟੀਆਂ ਲਾਟਾਂ ਹਿਲਜੁਲ ਰਹੀਆਂ ਸਨ, ਕਦੀ ਤੇਜ਼ ਬਲਣ ਲੱਗ ਪੈਂਦੀਆਂ, ਕਦੀ ਬੁਝ ਜਾਂਦੀਆਂ, ਜਿਸ ਨਾਲ ਸੁਨਹਿਰੀ ਦਿਆਰਾਂ ਤੇ ਚਾਂਦੀ-ਰੰਗੇ ਬਰਚਿਆਂ ਦੇ ਤਣੇ ਚਾਨਣ ਦੇ ਹਲਕੇ ਵਿੱਚ ਉਘੜ ਆਉਂਦੇ ਤੇ ਮੁੜ ਕੇ ਬੁੜਬੁੜ ਕਰਦੇ ਹਨੇਰੇ ਵਿੱਚ ਲੋਪ ਹੋ ਜਾਂਦੇ ।
ਅਲੈਕਸੇਈ ਨੇ ਅੱਗ ਉੱਤੇ ਕੁਝ ਹੋਰ ਸੁੱਕੀਆਂ ਝਾੜੀਆਂ ਸੁੱਟ ਦਿੱਤੀਆਂ ਤੇ ਕੁਝ ਹੋਰ ਕੋਨਾਂ ਦੇ ਛਿਲਕੇ ਲਾਹੇ। ਚੀੜ੍ਹ ਦੇ ਤੇਲ ਦੀ ਵਾਸ਼ਨਾ ਤੋਂ ਉਸਨੂੰ ਬਚਪਨ ਦੇ ਕਦੋਂ ਦੇ ਭੁੱਲੇ- ਵਿਸਰੇ ਦ੍ਰਿਸ਼ ਯਾਦ ਆ ਗਏ।... ਜਾਣੀਆਂ-ਪਛਾਣੀਆਂ ਚੀਜ਼ਾਂ ਨਾਲ ਭਰਿਆ ਹੋਇਆ ਵੱਡਾ ਸਾਰਾ ਕਮਰਾ। ਛੱਤ ਨਾਲ ਲਟਕ ਰਹੀ ਬੱਤੀ ਹੇਠਾਂ ਪਿਆ ਮੇਜ਼। ਆਪਣੇ ਦਿਨ- ਦਿਹਾਰ ਉੱਤੇ ਪਾਉਣ ਵਾਲੇ ਕੱਪੜਿਆਂ ਵਿੱਚ ਉਸਦੀ ਮਾਂ, ਜੋ ਹੁਣੇ ਹੁਣੇ ਗਿਰਜੇ ਤੋਂ ਪ੍ਰਾਰਥਨਾ ਕਰਕੇ ਮੁੜੀ ਹੈ, ਸੰਦੂਕ ਵਿੱਚੋਂ ਇਕ ਲਿਫ਼ਾਫ਼ਾ ਕੱਢਦੀ ਹੈ ਤੇ ਉਸ ਵਿੱਚੋਂ ਚੀੜ੍ਹ ਦੇ ਬੀ ਇੱਕ ਭਾਂਡੇ ਵਿੱਚ ਉਲਟਾ ਦੇਂਦੀ ਹੈ। ਸਾਰਾ ਪਰਿਵਾਰ - ਮਾਂ, ਦਾਦੀ, ਉਸਦੇ ਦੋ ਭਰਾ ਤੇ ਉਹ ਆਪ, ਸਭ ਤੋਂ ਛੋਟਾ- ਮੇਜ਼ ਦੁਆਲੇ ਬੈਠਾ ਹੈ ਤੇ ਗਿਰੀਆਂ ਕੱਢਣ ਦਾ ਗੰਭੀਰ ਕਾਰਜ, ਛੁੱਟੀ ਵਾਲੇ ਦਿਨ ਦੀ ਐਸ਼, ਸ਼ੁਰੂ ਹੋਈ। ਕੋਈ ਇਕ ਲਫ਼ਜ਼ ਨਹੀਂ ਬੋਲ ਰਿਹਾ। ਦਾਦੀ ਵਾਲਾਂ ਵਾਲੀ ਸੂਈ ਨਾਲ ਗਿਰੀਆਂ ਕੱਢਣ ਲੱਗੀ, ਮਾਂ ਨੇ ਵੀ ਇਸੇ ਤਰ੍ਹਾਂ ਸ਼ੁਰੂ ਕੀਤਾ। ਉਹ ਬੜੀ ਸੁਚੱਜੀ ਤਰ੍ਹਾਂ ਆਪਣੇ ਦੰਦਾਂ ਨਾਲ ਬੀ ਭੰਨਦੀ, ਗਿਰੀਆਂ ਕੱਢਦੀ ਤੇ ਮੇਜ਼ ਉੱਤੇ ਇਕੱਠੀਆਂ ਕਰੀ ਜਾਂਦੀ; ਤੇ ਜਦੋਂ ਉਹਨਾਂ ਦੀ ਢੇਰੀ ਬਣ ਜਾਂਦੀ, ਤਾਂ ਉਹਨਾਂ ਨੂੰ ਹੂੰਝ ਕੇ ਆਪਣੇ ਹਥੇਲੀ ਉੱਤੇ ਰੱਖਦੀ ਤੇ ਬੱਚਿਆਂ ਵਿੱਚੋਂ ਕਿਸੇ ਇੱਕ ਦੇ ਖੁੱਲ੍ਹੇ ਮੂੰਹ ਵਿਚ ਸੁੱਟ ਦੇਂਦੀ ਤੇ ਖੁਸ਼ ਕਿਸਮਤ ਬੱਚਾ ਬੁੱਲ੍ਹਾਂ ਨਾਲ ਉਸਦੇ ਹੱਥ ਦੀ ਛੋਹ ਮਹਿਸੂਸ ਕਰਦਾ ਇਹ ਹੱਥ ਖੁਰਦਰਾ ਤੇ ਕੰਮ-ਕਾਜ ਨਾਲ ਫਟਿਆ ਹੁੰਦਾ, ਪਰ ਉਹ ਦਿਨ ਕਿਉਂਕਿ ਛੁੱਟੀ ਦਾ ਦਿਨ ਹੁੰਦਾ ਸੀ, ਇਸ ਲਈ ਇਸ ਵਿੱਚੋਂ ਖੁਸ਼ਬੂਦਾਰ ਸਾਬਣ ਦੀ ਵਾਸ਼ਨਾ ਆਉਂਦੀ ਸੀ।
ਕਾਮੀਸ਼ਿਨ... ਬਚਪਨ। ਸ਼ਹਿਰ ਦੇ ਬਾਹਰਵਾਰ ਉਸ ਨਿੱਕੇ ਜਿਹੇ ਘਰ ਵਿੱਚ ਜੀਵਨ ਬੜਾ ਸੁਖਦਾਈ ਸੀ !...
ਪਰ ਇਥੇ, ਜੰਗਲ ਦੀਆਂ ਅਵਾਜ਼ਾਂ ਵਿਚਕਾਰ, ਤੁਹਾਡਾ ਚਿਹਰਾ ਸੇਕ ਨਾਲ ਗਰਮ ਹੋ ਰਿਹਾ ਹੈ, ਜਦ ਕਿ ਪਿੱਠ ਵਿੱਚ ਠੰਡ ਵੜਦੀ ਜਾ ਰਹੀ ਹੈ। ਹਨੇਰੇ ਵਿਚ ਕੋਈ ਉੱਲੂ ਸੀਟੀਆਂ ਮਾਰ ਰਿਹਾ ਹੈ, ਲੂੰਮੜੀ ਦਾ ਹੁਆਂਕਣਾ ਸੁਣਾਈ ਦੇ ਰਿਹਾ ਹੈ। ਅੱਗ ਦੇ ਨੇੜੇ ਢੁਕ ਕੇ ਬੈਠਾ ਤੇ ਸੋਚਾਂ ਵਿੱਚ ਡੁੱਬਾ ਬੁਝ ਰਹੇ, ਕੰਬਦੀ ਲੋਅ ਵਾਲੇ ਅੰਗਿਆਰਾਂ ਵੱਲ ਦੇਖਦਾ ਹੋਇਆ, ਕੋਈ ਭੁੱਖਾ, ਜ਼ਖਮੀ ਤੇ ਥੱਕ ਕੇ ਚੂਰ ਚੂਰ ਹੋਇਆ ਆਦਮੀ, ਇਸ ਵਿਸ਼ਾਲ, ਸੰਘਣੇ ਜੰਗਲ ਵਿੱਚ ਇਕੱਲਾ ਬੈਠਾ ਹੈ; ਤੇ ਉਸਦੇ ਸਾਮ੍ਹਣੇ, ਹਨੇਰੇ ਵਿੱਚ ਕੋਈ ਅਣਜਾਣਾ ਰਾਹ ਪਿਆ ਹੈ, ਜਿਹੜਾ ਅਚਨਚੇਤੀ ਖ਼ਤਰਿਆਂ ਤੇ ਅਜ਼ਮਾਇਸ਼ਾਂ ਨਾਲ ਭਰਿਆ ਪਿਆ ਹੈ।
"ਕੋਈ ਗੱਲ ਨਹੀਂ, ਸਭ ਕੁਝ ਠੀਕ-ਠਾਕ ਹੋ ਜਾਇਗਾ।" ਇੱਕਦਮ ਆਦਮੀ ਦੇ ਮੂੰਹ ਵਿੱਚੋਂ ਨਿੱਕਲ ਗਿਆ ਤੇ ਅੱਗ ਦੀ ਆਖਰੀ ਲਾਲ ਲਾਟ ਦੇ ਚਾਨਣ ਵਿੱਚ ਦੇਖਿਆ ਜਾ ਸਕਦਾ ਸੀ ਕਿ ਉਸਦੇ ਫਟੇ ਹੋਏ ਬੁੱਲ੍ਹਾਂ ਉੱਪਰ ਕਿਸੇ ਦੂਰ ਦੇ ਖਿਆਲ ਉੱਤੇ ਮੁਸਕਾਣ ਆ ਗਈ ਹੈ।