9
ਸੱਤਵੇਂ ਦਿਨ ਅਲੈਕਸੇਈ ਨੂੰ ਪਤਾ ਲੱਗਾ ਕਿ ਹਨੇਰੀ ਵਾਲੀ ਉਸ ਰਾਤ ਨੂੰ ਦੂਰੋਂ ਆ ਰਹੀ ਲੜਾਈ ਦੀ ਅਵਾਜ਼ ਕਿਥੋਂ ਆ ਰਹੀ ਸੀ।
ਬਿਲਕੁਲ ਥੱਕਿਆ ਹੋਇਆ, ਹਰ ਘੜੀ ਅਰਾਮ ਕਰਨ ਲਈ ਰੁਕਦਾ ਹੋਇਆ, ਉਹ ਜੰਗਲੀ ਰਾਤ ਉਪਰੋਂ ਦੀ ਜਿਸਤੋਂ ਬਰਫ਼ ਪਿਘਲ ਰਹੀ ਸੀ, ਆਪਣੇ ਆਪ ਨੂੰ ਘਸੀਟਦਾ ਜਾ ਰਿਹਾ ਸੀ। ਬਸੰਤ ਦੂਰ ਖੜੋਤੀ ਨਹੀਂ ਸੀ ਮੁਸਕਰਾ ਰਹੀ, ਇਹ ਅਣਗਾਹੇ ਜੰਗਲ ਵਿੱਚ ਆਪਣੇ ਨਿੱਘ, ਤੂਫ਼ਾਨੀ ਬੁਲ੍ਹਿਆਂ ਨਾਲ, ਤੇ ਸੂਰਜ ਦੀਆਂ ਚਮਕੀਲੀਆਂ ਕਿਰਨਾਂ ਨਾਲ ਪੁੱਜ ਗਈ ਸੀ, ਜਿਹੜੀਆਂ ਟਾਹਣੀਆਂ ਦੇ ਵਿੱਚੋਂ ਦੀ ਪੈ ਰਹੀਆਂ ਸਨ ਤੇ ਢੇਰਾਂ ਤੇ ਟਿੱਬਿਆਂ ਤੋਂ ਬਰਫ਼ ਹੂੰਝ ਰਹੀਆਂ ਸਨ; ਸ਼ਾਮਾਂ ਨੂੰ ਪਹਾੜੀ-ਕਾਵਾਂ ਦੀ ਸੋਗੀ ਕਾਂ-ਕਾਂ ਸੁਣਾਈ ਦੇਂਦੀ ਸੀ ਤੇ ਸੜਕ ਦੀ ਹੁਣ ਭੂਰੀ ਜਿਹੀ ਹੋਈ ਪਿੱਠ ਉੱਤੇ ਗੰਭੀਰਤਾ ਨਾਲ ਪਏ ਫਿਰਦੇ ਢੰਡਰ- ਕਾਂ ਦਿਖਾਈ ਦੇਂਦੇ ਸਨ; ਗਿੱਲੀ ਬਰਫ਼ ਹੁਣ ਸ਼ਹਿਦ ਦੇ ਛੱਜੇ ਵਾਂਗ ਮੁਸਾਮਦਾਰ ਹੋਈ ਹੋਈ ਸੀ; ਪਿਘਲਦੀ ਬਰਫ਼ ਨਾਲ ਨੀਵੀਆਂ ਥਾਵਾਂ ਉੱਤੇ ਚਮਕਦੇ ਛੱਪੜ ਬਣ ਗਏ ਸਨ, ਤੇ ਉਹ ਜ਼ੋਰਦਾਰ, ਨਸ਼ੀਲੀ ਵਾਸ਼ਨਾ ਆ ਰਹੀ ਸੀ, ਜਿਸ ਨਾਲ ਹਰ ਜਿਊਂਦੀ ਜਾਗਦੀ ਚੀਜ਼ ਨੂੰ ਖੁਸ਼ੀ ਦਾ ਖੁਮਾਰ ਚੜ੍ਹ ਜਾਂਦਾ ਹੈ।
ਅਲੈਕਸੇਈ ਨੂੰ ਬਚਪਨ ਤੋਂ ਹੀ ਸਾਲ ਦਾ ਇਹ ਸਮਾਂ ਚੰਗਾ ਲੱਗਦਾ ਸੀ ਤੇ ਹੁਣ ਵੀ, ਜਦੋਂ ਉਹ ਭੁੱਖ ਦਾ ਦੁੱਖ ਸਹਿ ਰਿਹਾ, ਪੀੜ ਤੇ ਥਕਾਣ ਨਾਲ ਬੋਹੇਸ਼ ਹੁੰਦਾ ਹੋਇਆ ਉਹ ਛੱਪੜਾਂ ਦੇ ਵਿੱਚੋਂ ਦੀ ਆਪਣੇ ਭਾਰੇ ਹੋਏ ਹੋਏ ਤੇ ਭਿੱਜੇ ਹੋਏ ਬੂਟਾਂ ਵਿੱਚ ਬੰਨ੍ਹੇ ਦੁਖਦੇ ਪੈਰਾਂ ਨੂੰ ਘਸੀਟ ਰਿਹਾ ਸੀ ਤੇ ਛੱਪੜਾਂ, ਪਿਘਲੀ ਹੋਈ ਬਰਫ਼ ਤੇ ਜਲਦੀ ਹੋ ਗਏ ਚਿੱਕੜ ਨੂੰ ਕੋਸਦਾ ਜਾ ਰਿਹਾ ਸੀ, ਤਾਂ ਵੀ ਉਹ ਇਸ ਸਿੱਲ੍ਹੀ, ਨਸ਼ੀਲੀ ਸੁਗੰਧੀ ਨੂੰ ਵੱਡੇ ਵੱਡੇ ਸਾਹਵਾਂ ਨਾਲ ਅੰਦਰ ਖਿੱਚ ਰਿਹਾ ਸੀ । ਉਹ ਹੁਣ ਛਪੜਾਂ ਦੇ ਵਿੱਚੋਂ ਦਾ ਆਪਣਾ ਰਾਹ ਨਹੀਂ ਸੀ ਬਣਾ ਰਿਹਾ, ਸਗੋਂ ਠੋਕਰਾਂ ਖਾਂਦਾ, ਡਿੱਗਦਾ, ਉੱਠਦਾ, ਆਪਣੀ ਲੱਠ ਉੱਤੇ ਭਾਰ ਪਾਉਂਦਾ, ਝੂਲਦਾ ਤੇ ਸਾਰੀ ਤਾਕਤ ਇਕੱਠੀ ਕਰਦਾ, ਫਿਰ ਲੱਠ ਨੂੰ ਜਿਥੋਂ ਤੱਕ ਹੁੰਦਾ ਅੱਗੇ ਵੱਲ ਨੂੰ ਸੁੱਟਦਾ, ਤੇ ਪੂਰਬ ਵੱਲ ਨੂੰ ਹੌਲੀ ਹੌਲੀ ਵਧਦਾ ਜਾਂਦਾ।
ਇੱਕਦਮ, ਉਸ ਥਾਂ ਜਿਥੇ ਜੰਗਲੀ ਰਾਹ ਇੱਕਦਮ ਖੱਬੇ ਨੂੰ ਮੁੜ ਜਾਂਦਾ ਸੀ, ਉਹ ਰੁਕ ਗਿਆ ਤੇ ਅਚੰਭਿਤ ਹੋਇਆ ਖੜੋਤਾ ਰਿਹਾ। ਐਸੇ ਨੁਕਤੇ ਉੱਤੇ, ਜਿਥੇ ਸੜਕ ਅਸਧਾਰਨ ਤੌਰ ਉੱਤੇ ਤੰਗ ਸੀ ਤੇ ਇਸਦੇ ਦੋਵੇਂ ਪਾਸੇ ਜਿਵੇਂ ਵਾੜ ਬਣਾਈ ਲਵੇ ਦਿਆਰ ਸੰਘਣੀ ਤਰ੍ਹਾਂ ਉੱਗੇ ਖੜੇ ਸਨ, ਉਸ ਨੇ ਕੁਝ ਦਿਨ ਪਹਿਲਾਂ ਆਪਣੇ ਕੋਲੋਂ ਲੰਘੀਆਂ ਜਰਮਨ ਗੱਡੀਆਂ ਨੂੰ ਦੇਖਿਆ। ਦੋ ਵੱਡੇ ਵੱਡੇ ਦਿਆਰਾਂ ਨੇ ਉਹਨਾਂ ਦਾ ਰਾਹ ਰੋਕਿਆ ਹੋਇਆ ਸੀ। ਇਹਨਾਂ ਦਰਖਤਾਂ ਦੇ ਕੋਲ ਫਾਨੇ ਵਰਗੀ ਬਖਤਰਬੰਦ ਕਾਰ ਖੜੀ ਸੀ; ਇਸਦਾ ਰੇਡੀਏਟਰ ਉਹਨਾਂ ਦੇ ਵਿਚਕਾਰ ਫਸਿਆ ਹੋਇਆ ਸੀ, ਤੇ ਹੁਣ ਇਹ ਚਿੱਟੀ ਨਹੀਂ ਸੀ ਸਗੋਂ ਜੰਗਾਲੀ ਹੋਈ ਲਾਲ ਸੀ, ਤੇ ਇਹ ਆਪਣੇ ਪਹੀਆਂ ਦੇ ਰੋਮਾਂ ਦੇ ਉੱਤੇ ਹੇਠਾਂ ਹੋ ਕੇ ਟਿਕੀ ਹੋਈ ਸੀ, ਕਿਉਂਕਿ ਇਸਦੇ ਟਾਇਰ ਸੜ ਚੁੱਕੇ ਸਨ। ਇਸਦੀ ਛੱਤ ਕਿਸੇ ਵੱਡੀ ਸਾਰੀ ਖੁੰਬ ਵਾਂਗ ਦਰਖਤ ਹੇਠਾਂ