Back ArrowLogo
Info
Profile

ਬਰਫ਼ ਉੱਤੇ ਪਈ ਸੀ। ਬਖਤਰਬੰਦ ਗੱਡੀ ਦੇ ਨੇੜੇ ਤਿੰਨ ਲਾਸ਼ਾਂ ਪਈਆਂ ਸਨ, ਇਸਦੇ ਅਮਲੇ ਦੀਆਂ, ਛੋਟੀਆਂ, ਕਾਲੀਆਂ, ਮੈਲੀਆਂ, ਜੈਕਟਾਂ ਤੇ ਕੱਪੜੇ ਦੀਆਂ ਟੋਪੀਆਂ ਪਾਈ।

ਦੋ ਸਧਾਰਨ ਗੱਡੀਆਂ ਇਹ ਵੀ ਜੰਗਾਲ ਦੇ ਰੰਗ ਦੀਆਂ ਲਾਲ ਤੇ ਸੜੀਆਂ ਹੋਈਆਂ ਸਨ - ਬਖਤਰਬੰਦ ਗੱਡੀ ਦੇ ਪਿੱਛੇ ਖੜੀਆਂ ਸਨ, ਪਿਘਲਦੀ ਬਰਫ਼ ਵਿੱਚ, ਜਿਹੜੀ ਧੂੰਏਂ, ਸਵਾਹ ਤੇ ਸੜੀ ਲੱਕੜ ਨਾਲ ਕਾਲੀ ਹੋਈ ਪਈ ਸੀ । ਚਾਰੇ ਪਾਸੇ, ਸੜਕ ਦੇ ਨਾਲ ਨਾਲ, ਝਾੜੀਆਂ ਦੇ ਹੇਠਾਂ ਤੇ ਟੋਇਆਂ ਵਿੱਚ, ਜਰਮਨ ਸਿਪਾਹੀਆਂ ਦੀਆਂ ਲਾਸ਼ਾਂ ਪਈਆਂ ਸਨ। ਇਹ ਪ੍ਰਤੱਖ ਸੀ ਕਿ ਉਹ ਤ੍ਰਾਹ ਕੇ ਉੱਠ ਨੱਠੇ ਸਨ, ਕਿ ਤੂਫਾਨ ਵਲੋਂ ਫੈਲਾਏ ਗਏ ਬਰਫ਼ੀਲੇ ਪਰਦੇ ਨਾਲ ਕੱਜੇ ਹਰ ਦਰਖਤ ਦੇ, ਹਰ ਝਾੜੀ ਦੇ ਪਿਛੋਂ ਮੌਤ ਉਹਨਾਂ ਉਪਰ ਟੁੱਟ ਪਈ ਸੀ, ਤੇ ਉਹਨਾਂ ਨੂੰ ਇਹ ਪਤਾ ਵੀ ਨਹੀਂ ਸੀ ਲੱਗਾ ਕਿ ਕੀ ਵਾਪਰ ਗਿਆ ਹੈ, ਤੇ ਉਹ ਮਾਰੇ ਗਏ ਸਨ। ਪੈਂਟ ਤੋਂ ਬਿਨਾਂ ਅਫ਼ਸਰ ਦੀ ਲਾਸ਼ ਇੱਕ ਦਰਖਤ ਨਾਲ ਬੱਝੀ ਹੋਈ ਸੀ। ਕਾਲੇ ਕਾਲਰ ਵਾਲ਼ੇ ਉਸਦੇ ਹਰੇ ਕੋਟ ਨਾਲ ਇੱਕ ਕਾਗਜ਼ ਦਾ ਟੋਟਾ ਪਿੱਨ ਲਾ ਦੇ ਜੋੜ ਦਿੱਤਾ ਗਿਆ ਸੀ, ਜਿਸ ਉੱਤੇ ਲਿਖਿਆ ਹੋਇਆ ਸੀ: "ਜਿਹੜੀ ਚੀਜ਼ ਲੈਣ ਆਇਆ ਸੈਂ, ਉਹ ਤੈਨੂੰ ਮਿਲ ਗਈ ਹੈ," ਤੇ ਇਸਦੇ ਹੇਠਾਂ ਕਿਸੇ ਹੱਥ ਨਾਲ, ਪੱਕੀ ਸਿਆਹੀ ਵਿੱਚ ਲਿਖਿਆ ਹੋਇਆ ਸੀ: "ਕੁੱਤਾ।"

ਅਲੈਕਸੇਈ ਨੇ ਕੁਝ ਖਾਣ ਲਈ ਲੱਭਦਿਆਂ ਲੜਾਈ ਦੀ ਇਸ ਥਾਂ ਦੀ ਖੋਜ ਕੀਤੀ। ਉਸਨੂੰ ਜੋ ਲੱਭਾ, ਉਹ ਸੀ ਬਾਸੀ, ਢਿੱਲਾ ਜਿਹਾ ਰਸ, ਜਿਹੜਾ ਬਰਫ਼ ਵਿੱਚ ਮਧੋਲਿਆ ਪਿਆ ਸੀ ਤੇ ਪੰਛੀਆਂ ਨੇ ਜਿਸਨੂੰ ਨੂੰਗੇ ਮਾਰੇ ਹੋਏ ਸਨ । ਉਸਨੇ ਇੱਕਦਮ ਇਸਨੂੰ ਮੂੰਹ ਵਿਚ ਪਾ ਲਿਆ ਤੇ ਰਾਈ ਦੀ ਰੋਟੀ ਦੀ ਖੱਟੀ ਜਿਹੀ ਵਾਸ਼ਨਾ ਨੂੰ ਹਾਬੜਿਆਂ ਵਾਂਗ ਸਾਹ ਨਾਲ ਅੰਦਰ ਖਿੱਚਣ ਲੱਗਾ। ਉਹ ਸਾਰਾ ਰਸ ਆਪਣੇ ਮੂੰਹ ਵਿੱਚ ਸੁੱਟ ਲੈਣਾ ਚਾਹੁੰਦਾ ਸੀ ਤੇ ਸੁਗੰਧੀ ਭਰੀ, ਗੁੱਦਾ ਬਣੀ ਰੋਟੀ ਨੂੰ ਚਿੱਥਣਾ, ਚਿੱਥਣਾ ਤੇ ਹੋਰ ਚਿੱਥਣਾ ਚਾਹੁੰਦਾ ਸੀ, ਪਰ ਉਸਨੇ ਆਪਣੀ ਇੱਛਾ ਨੂੰ ਦਬਾ ਲਿਆ, ਤੇ ਰਸ ਦੇ ਤਿੰਨੇ ਟੋਟੇ ਕਰਕੇ ਦੋ ਟੋਟਿਆਂ ਨੂੰ ਆਪਣੇ ਪੱਟਾਂ ਉਪਰਲੀਆਂ ਜੇਬਾਂ ਹੇਠਾਂ ਕਰਕੇ ਤੁਂਨ ਲਿਆ ਤੇ ਤੀਜੇ ਨੂੰ ਭੋਰਨ ਲੱਗ ਪਿਆ, ਤੇ ਭੋਰ ਨੂੰ ਇੰਝ ਚੂਸਣ ਲੱਗ ਪਿਆ, ਜਿਵੇਂ ਕਿ ਇਹ ਮਠਿਆਈ ਹੋਵੇ, ਤਾਂ ਕਿ ਜਿਥੋਂ ਤੱਕ ਹੋ ਸਕੇ, ਵੱਧ ਤੋਂ ਵੱਧ ਸਮਾਂ ਇਸਤੋਂ ਖੁਸ਼ੀ ਲੈ ਸਕੇ।

ਇੱਕ ਵਾਰੀ ਫਿਰ ਉਸਨੇ ਲੜਾਈ ਦੇ ਦ੍ਰਿਸ਼ ਨੂੰ ਦੇਖਿਆ, ਤੇ ਇਥੇ ਉਸਨੂੰ ਇੱਕ ਖਿਆਲ ਆਇਆ: "ਇਥੇ ਕਿਤੇ ਨੇੜੇ ਹੀ ਜ਼ਰੂਰ ਛਾਪੇਮਾਰ ਹੋਣਗੇ। ਉਹਨਾਂ ਨੇ ਜ਼ਰੂਰ ਝਾੜੀਆਂ ਵਿਚਲੀ ਤੇ ਦਰਖਤਾਂ ਦੇ ਦੁਆਲੇ ਦੀ ਬਰਫ਼ ਨੂੰ ਪੈਰਾਂ ਹੇਠ ਲਿਤਾੜਿਆਂ ਹੋਵੇਗਾ!" ਹੋ ਸਕਦਾ ਹੈ ਉਹਨਾਂ ਨੇ ਪਹਿਲਾਂ ਹੀ ਉਸਨੂੰ ਲਾਸ਼ਾਂ ਵਿਚਕਾਰ ਪਏ ਫਿਰਦੇ ਨੂੰ ਦੇਖ ਲਿਆ ਸੀ ਤੇ ਕਿਤੋਂ ਫ਼ਰ ਦੇ ਦਰਖਤ ਦੀ ਟੀਸੀ ਤੋਂ, ਜਾਂ ਕਿਸੇ ਝਾੜੀ ਪਿੱਛੋਂ, ਕੋਈ ਛਾਪੇਮਾਰ ਸੂਹੀਆ ਉਸਨੂੰ ਦੇਖ ਰਿਹਾ ਹੋਵੇ! ਉਸਨੇ ਆਪਣੇ ਮੂੰਹ ਦੁਆਲੇ ਆਪਣੇ ਹੱਥਾਂ ਦਾ ਬੁੱਕ ਬਣਾਇਆ ਤੇ ਆਪਣੀ ਸਾਰੀ ਤਾਕਤ ਨਾਲ ਚੀਕਿਆ:

"ਹੇ-ਹੇ! ਛਾਪੇਮਾਰੋ। ਛਾਪੇਮਾਰੋ"

36 / 372
Previous
Next