

ਰਹੀ ਸੀ, ਕੋਈ ਹਮਲਾ ਕਰ ਰਿਹਾ ਸੀ ਤੇ ਕੋਈ ਪੂਰੇ ਜ਼ੋਰ ਨਾਲ ਰਾਖੀ ਕਰ ਰਿਹਾ ਸੀ । ਖੁਸ਼ੀ ਦੇ ਅੱਥਰੂ ਅਲੈਕਸੇਈ ਦੀਆਂ ਗੱਲ੍ਹਾਂ ਉੱਤੇ ਤਿਲ੍ਹਕ ਆਏ।
ਉਸਨੇ ਆਪਣੀਆਂ ਅੱਖਾਂ ਪੂਰਬ ਵੱਲ ਲਾ ਰੱਖੀਆਂ। ਠੀਕ ਹੈ, ਜਿਸ ਥਾਂ ਉਹ ਸੀ ਉਥੋਂ ਸੜਕ ਤਿੱਖੀ ਤਰ੍ਹਾਂ ਉਲਟੇ ਪਾਸੇ ਨੂੰ ਮੁੜਦੀ ਸੀ, ਤੇ ਉਸਦੇ ਸਾਮ੍ਹਣੇ ਬਰਫ਼ ਦੀ ਦਰੀ ਵਿਛੀ ਪਈ ਸੀ; ਪਰ ਇਹ ਸੱਦਾ ਦੇ ਰਹੀਆਂ ਅਵਾਜ਼ਾਂ ਪੂਰਬ ਵੱਲੋਂ ਆ ਰਹੀਆਂ ਸਨ; ਉਧਰ ਨੂੰ ਹੀ ਛਾਪੇਮਾਰਾਂ ਦੀਆਂ ਕਾਲੀਆਂ ਪੈੜਾਂ ਜਾ ਰਹੀਆਂ ਸਨ; ਉਥੇ ਕਿਤੇ ਜੰਗਲ ਵਿੱਚ ਹੀ, ਇਹ ਦਲੇਰ ਜੰਗਲ-ਵਾਸੀ ਕਿਸੇ ਥਾਂ ਰਹਿੰਦੇ ਸਨ।
ਤੇ ਅਲੈਕਸੇਈ ਬੁੜਬੁੜਾਇਆ: "ਕੋਈ ਗੱਲ ਨਹੀਂ, ਸਭ ਠੀਕ ਹੈ, ਸਾਥੀਓ, ਸਭ ਕੁਝ ਠੀਕ ਠਾਕ ਹੋ ਜਾਇਗਾ।" ਉਸਨੇ ਜ਼ੋਰਦਾਰ ਢੰਗ ਨਾਲ ਆਪਣੀ ਲੱਠ ਅੱਗੇ ਨੂੰ ਸੁੱਟੀ, ਇਸ ਉੱਪਰ ਆਪਣੀ ਠੋਡੀ ਟਿਕਾਈ ਤੇ ਇਸ ਉੱਪਰ ਆਪਣੇ ਸਰੀਰ ਦਾ ਸਾਰਾ ਭਾਰ ਸੁਟਦਿਆਂ ਉਸਨੇ ਇੱਕ ਕਦਮ, ਤੇ ਫਿਰ ਦੂਜਾ ਕਦਮ ਅੱਗੇ ਬਰਫ਼ ਉੱਪਰ ਸੁਟਿਆ ਤੇ ਮੁਸ਼ਕਲ ਨਾਲ ਪਰ ਦ੍ਰਿੜ੍ਹਤਾ ਨਾਲ ਅੱਗੇ ਵਧਦਾ ਹੋਇਆ, ਸੜਕ ਤੋਂ ਲਾਂਭੇ ਤੁਰ ਪਿਆ।
10
ਉਸ ਦਿਨ ਉਹ ਬਰਫ਼ ਉੱਤੇ ਡੇਢ ਸੌ ਕਦਮ ਵੀ ਪੂਰੇ ਨਾ ਪੁੱਟ ਸਕਿਆ । ਸੰਧਿਆ ਨੇ ਉਸਨੂੰ ਰੁਕਣ ਲਈ ਮਜ਼ਬੂਰ ਕਰ ਦਿੱਤਾ। ਉਸਨੇ ਫਿਰ ਇੱਕ ਪੁਰਾਣੀ ਦਰਖਤ ਦੀ ਮੁੱਢੀ ਚੁੱਕੀ, ਇਸਦੇ ਦੁਆਲੇ ਸੁੱਕੀਆਂ ਝਾੜੀਆਂ ਢੇਰ ਕੀਤੀਆਂ, ਗੋਲ਼ੀ ਦੇ ਖੋਲ ਤੋਂ ਬਣਿਆ ਆਪਣਾ ਸਿਗਰਟ ਖੋਹਲਿਆ, ਇਸਦੀ ਫੌਲਾਦ ਦੀ ਚੱਕਰੀ ਨੂੰ ਘੁਮਾਇਆ, ਮੁੜ ਕੇ ਘੁਮਾਇਆ ਤੇ ਉਹ ਠੰਡਾ-ਯੱਖ ਹੋ ਗਿਆ; ਲਾਈਟਰ ਵਿੱਚੋਂ ਪੈਟਰੋਲ ਖ਼ਤਮ ਹੋ ਚੁੱਕਾ ਸੀ। ਉਸਨੇ ਇਸਨੂੰ ਹਿਲਾਇਆ, ਗੈਸ ਦੀ ਆਖ਼ਰੀ ਰਹਿੰਦ-ਖੂਹੰਦ ਨੂੰ ਤੇਜ਼ ਕਰਨ ਦੀ ਕੋਸ਼ਿਸ਼ ਵਿੱਚ ਇਸ ਵਿੱਚ ਫੂਕਾਂ ਮਾਰੀਆਂ ਪਰ ਵਿਅਰਥ । ਰਾਤ ਪੈ ਗਈ। ਉਸਦੇ ਲਾਈਟਰ ਵਿੱਚੋਂ ਨਿਕਲਦੇ ਛੋਟੇ ਛੋਟੇ ਚੰਗਿਆੜੇ ਅੱਖ-ਪਲਕਾਰੇ ਲਈ ਉਸਦੇ ਚਿਹਰੇ ਦੁਆਲਿਉਂ ਹਨੇਰਾ ਦੂਰ ਕਰ ਦੇਂਦੇ ਸਨ। ਉਸਨੇ ਚੱਕਰੀ ਨੂੰ ਉਦੋਂ ਤੱਕ ਘੁਮਾਉਣਾ ਜਾਰੀ ਰੱਖਿਆ ਜਦੋਂ ਤੱਕ ਚਕਮਾਕ ਬਿਲਕੁਲ ਨਾ ਘਸ ਗਿਆ, ਪਰ ਅੱਗ ਤਾਂ ਵੀ ਨਾ ਬਲੀ।
ਉਸਨੂੰ ਆਖ਼ਰ ਰਾਹ ਟਟੋਲਦਿਆਂ ਦਿਆਰ ਦੇ ਲਵੇ ਬੂਟਿਆ ਦੇ ਝੁੰਡ ਤੱਕ ਜਾਣਾ ਪਿਆ। ਉੱਥੇ ਉਹ ਗੁੱਛਾ-ਮੁੱਛਾ ਹੋ ਕੇ ਬੈਠ ਗਿਆ, ਆਪਣੀ ਠੋਡੀ ਨੂੰ ਆਪਣੇ ਗੋਡਿਆਂ ਉੱਪਰ ਰੱਖ ਲਿਆ, ਗੋਡਿਆਂ ਦੁਆਲੇ ਬਾਹਵਾਂ ਨਾਲ ਕਰਿੰਗੜੀ ਪਾ ਲਈ ਤੇ ਜੰਗਲ ਦੀ ਸਰਸਰ ਨੂੰ ਸੁਣਦਾ ਚੁੱਪ-ਚਾਪ ਬੈਠਾ ਰਿਹਾ। ਉਸ ਰਾਤ ਉਹ ਮਾਯੂਸੀ ਦਾ ਸ਼ਿਕਾਰ ਹੋ ਸਕਦਾ ਸੀ, ਪਰ ਸੁੱਤ-ਉਨੀਂਦੇ ਜੰਗਲ ਵਿੱਚ ਤੋਪਾਂ ਚੱਲਣ ਦੀ ਅਵਾਜ਼ ਹੋਰ ਵੀ ਜ਼ਿਆਦਾ ਸਪਸ਼ਟ ਸੀ, ਤੇ ਉਸਨੂੰ ਲੱਗਦਾ ਸੀ ਕਿ ਹੁਣ ਉਹ ਗੋਲਿਆਂ ਦੇ ਛੁੱਟਣ ਦੀ ਤਿੱਖੀ ਅਵਾਜ਼ ਤੇ ਉਹਨਾਂ ਦੇ ਦੂਰ ਜਾ ਕੇ ਡਿੱਗਣ ਤੇ ਫਟਣ ਦੀ ਅਵਾਜ਼ ਵਿਚਕਾਰ ਨਿਖੇੜ ਕਰ ਸਕਦਾ ਸੀ।
ਉਹ ਸਵੇਰੇ ਖ਼ਤਰੇ ਤੇ ਦੁੱਖ ਦੀ ਅਕਾਰਨ ਭਾਵਨਾ ਨਾਲ ਜਾਗਿਆ। ਇੱਕਦਮ ਉਹ