Back ArrowLogo
Info
Profile

ਆਪਣੇ ਮਨ ਤੋਂ ਪੁੱਛਣ ਲੱਗ ਪਿਆ: "ਕੀ ਸੀ ਇਹ ? ਭੈੜਾ ਸੁਪਨਾ ?” ਉਸਨੂੰ ਯਾਦ ਆਇਆ: ਸਿਗਰਟ-ਲਾਈਟਰ। ਪਰ ਸੂਰਜ ਦੀਆਂ ਸਖੀ ਕਿਰਨਾਂ ਦੇ ਨਿੱਘ ਵਿਚ, ਜਦ ਕਿ ਆਸ-ਪਾਸ ਦੀ ਹਰ ਚੀਜ਼ - ਪਿਘਲਦੀ ਬਰਫ਼, ਦਰਖਤਾਂ ਦੇ ਤਣੇ, ਤੇ ਇਥੋਂ ਤੱਕ ਕਿ ਦਿਆਰਾਂ ਦੀਆਂ ਸੂਈਆਂ ਵੀ— ਲਿਸ਼ਕ ਰਹੀ ਤੇ ਚਮਕਾਂ ਮਾਰ ਰਹੀ ਸੀ, ਉਸਨੇ ਆਪਣੀ ਬਦਕਿਸਮਤੀ ਨੂੰ ਬਹੁਤਾ ਗੰਭੀਰਤਾ ਨਾਲ ਨਾ ਲਿਆ। ਪਰ ਇਸਤੋਂ ਵੀ ਭੈੜੀ ਕੋਈ ਚੀਜ਼ ਵਾਪਰ ਗਈ। ਆਪਣੇ ਸੁੰਨ ਹੋਏ ਹੱਥਾਂ ਦੀ ਕਰਿੰਗੜੀ ਨੂੰ ਖੋਹਲਦਿਆਂ ਉਸਨੂੰ ਪਤਾ ਲੱਗਾ ਕਿ ਉਹ ਖੜਾ ਹੀ ਨਹੀਂ ਸੀ ਹੋ ਸਕਦਾ। ਉੱਠਣ ਦੇ ਕਈ ਯਤਨਾਂ ਪਿੱਛੋਂ, ਉਸਦੀ ਕਾਂਟੇ ਵਰਗੀ ਲੱਠ ਟੁੱਟ ਗਈ ਤੇ ਉਹ ਬੋਰੀ ਵਾਂਗ ਢੇਰ ਹੋ ਗਿਆ। ਆਪਣੇ ਸੁੱਜੇ ਅੰਗਾਂ ਨੂੰ ਅਰਾਮ ਦੇਣ ਲਈ ਉਹ ਪਿੱਠ ਭਾਰ ਹੋ ਗਿਆ ਤੇ ਦਿਆਰਾਂ ਦੀਆਂ ਟਾਹਣਾਂ ਦੇ ਵਿੱਚੋਂ ਦੀ ਅਥਾਹ ਨੀਲੇ ਅਕਾਸ਼ ਵੱਲ ਦੇਖਣ ਲੱਗਾ, ਜਿਸਦੇ ਆਰ-ਪਾਰ ਸੁਨਹਿਰੇ ਘੁੰਗਰਲੇ ਕਿੰਗਰਿਆਂ ਵਾਲੇ ਚਿੱਟੇ, ਫੰਬਿਆਂ ਵਰਗੇ ਬੱਦਲ ਦੌੜੀ ਜਾ ਰਹੇ ਸਨ। ਹੌਲੀ ਹੌਲੀ ਉਸਦਾ ਸਰੀਰ ਠੀਕ ਮਹਿਸੂਸ ਕਰਨ ਲੱਗਾ, ਪਰ ਉਸਦੀਆਂ ਲੱਤਾਂ ਨੂੰ ਕੁਝ ਹੋ ਗਿਆ ਸੀ। ਉਹ ਘੜੀ-ਪਲ ਲਈ ਵੀ ਉਸਦਾ ਭਾਰ ਨਹੀਂ ਸਨ ਸਹਿ ਸਕਦੀਆਂ।

ਦਿਆਰ ਦੇ ਦਰਖਤ ਨੂੰ ਫੜਦਿਆਂ ਉਸਨੇ ਇੱਕ ਵਾਰੀ ਫਿਰ ਉੱਠਣ ਦੀ ਕੋਸ਼ਿਸ਼ ਕੀਤੀ ਤੇ ਆਖ਼ਰ ਸਫ਼ਲ ਹੋ ਗਿਆ, ਪਰ ਜਿਉਂ ਹੀ ਉਸਨੇ ਆਪਣੀਆਂ ਲੱਤਾਂ ਨੂੰ ਦਰਖਤ ਤੱਕ ਲਿਆਉਣ ਦੀ ਕੋਸ਼ਿਸ਼ ਕੀਤੀ, ਉਹ ਕਮਜ਼ੋਰੀ ਨਾਲ, ਤੇ ਪੈਰਾਂ ਵਿੱਚ ਕਿਸੇ ਭਿਆਨਕ, ਨਵੀਂ ਤਰ੍ਹਾਂ ਦੀ ਖੁਰਕ ਕਰਦੀ ਪੀੜ ਨਾਲ ਢੇਰੀ ਹੋ ਗਿਆ।

ਕੀ ਅੰਤ ਆ ਗਿਆ ਹੈ ? ਕੀ ਉਸਦਾ ਇਥੇ ਹੀ, ਦਿਆਰ ਦੇ ਦਰਖਤਾਂ ਹੇਠ ਨਾਸ਼ ਹੋ ਜਾਇਗਾ ਜਿਥੇ ਜੰਗਲ ਦੇ ਜਾਨਵਰਾਂ ਵੱਲੋਂ ਸਾਫ਼ ਕੀਤੀਆਂ ਉਸਦੀਆਂ ਹੱਡੀਆਂ ਨੂੰ ਵੀ ਕੋਈ ਲੱਭਣ ਤੇ ਦਫਨਾਉਣ ਵਾਲਾ ਸ਼ਾਇਦ ਨਹੀਂ ਹੋਵੇਗਾ ? ਦਬਾ ਲੈਣ ਵਾਲੀ ਕਮਜ਼ੋਰੀ ਉਸਨੂੰ ਹੇਠਾਂ ਜ਼ਮੀਨ ਨਾਲ ਲਾਈ ਜਾ ਰਹੀ ਸੀ । ਪਰ ਦੂਰੋਂ ਤੋਪਾਂ ਦੀ ਗਰਜ ਸੁਣਾਈ ਦੇ ਰਹੀ ਸੀ। ਉਥੇ ਲੜਾਈ ਚੱਲ ਰਹੀ ਸੀ, ਤੇ ਉਸਦੇ ਆਪਣੇ ਲੋਕ ਵੀ ਉਥੇ ਸਨ। ਕੀ ਇਹ ਆਖ਼ਰੀ ਅੱਠ ਜਾਂ ਦਸ ਕਿਲੋਮੀਟਰ ਤੈਅ ਕਰਨ ਲਈ ਕਾਫੀ ਸ਼ਕਤੀ ਪੈਦਾ ਕਰਨ ਤੋਂ ਉਹ ਅਸਮਰਥ ਰਹੇਗਾ ?

ਤੋਪਾਂ ਦੀ ਗਰਜ ਨੇ ਉਸ ਵਿੱਚ ਨਵੀਂ ਹਿੰਮਤ ਫੂਕ ਦਿੱਤੀ; ਇਹ ਗਰਜ ਉਸਨੂੰ ਸਿਰੜ ਨਾਲ ਸੱਦਾ ਦੇ ਰਹੀ ਸੀ, ਤੇ ਉਸਨੇ ਇਸ ਸੱਦੇ ਨੂੰ ਹੁੰਗਾਰਾ ਭਰਿਆ। ਉਹ ਆਪਣੇ ਹੱਥਾਂ ਤੇ ਗੋਡਿਆਂ ਭਾਰ ਹੋ ਗਿਆ ਤੇ ਪਸ਼ੂਆਂ ਵਾਂਗ ਚੱਲਣ ਲੱਗਾ, ਪਹਿਲਾਂ ਪਹਿਲਾਂ ਦੂਰ ਚੱਲ ਰਹੀ ਲੜਾਈ ਦੀਆਂ ਅਵਾਜ਼ਾਂ ਨਾਲ ਮੁਗਧ ਹੋਇਆ ਹੋਇਆ, ਕਿਸੇ ਅੰਤਰਪ੍ਰੇਰਨਾ ਨਾਲ, ਤੇ ਮਗਰੋਂ ਚੇਤੰਨ ਤੌਰ ਉੱਤੇ ਤੇ ਜਾਣ-ਬੁੱਝ ਕੇ, ਇਹ ਸਮਝਿਆ ਕਿ ਲੱਠ ਦੀ ਸਹਾਇਤਾ ਲੈਣ ਨਾਲੋਂ ਇਸ ਤਰ੍ਹਾਂ ਨਾਲ ਜੰਗਲ ਦੇ ਵਿੱਚੋਂ ਦੀ ਜਾਣਾ ਵਧੇਰੇ ਸੌਖਾ ਹੈ। ਕਿਉਂਕਿ ਹੁਣ

ਉਸਦੇ ਪੈਰਾਂ ਉੱਤੇ ਕੋਈ ਭਾਰ ਨਹੀਂ ਸੀ ਪੈ ਰਿਹਾ, ਇਸ ਲਈ ਇਹ ਘੱਟ ਦੁਖ ਰਹੇ ਸਨ, ਤੇ ਹੱਥਾਂ ਤੇ ਗੋਡਿਆਂ ਦੇ ਸਹਾਰੇ ਉਹ ਵਧੇਰੇ ਤੇਜ਼ ਚੱਲ ਸਕਦਾ ਸੀ । ਤੇ ਮੁੜ ਨਿਰੋਲ ਖੁਸ਼ੀ ਕਰਕੇ ਉਸਨੂੰ

39 / 372
Previous
Next