

ਕਰੇਨਬੈਰੀਆਂ ਪਹਿਲਾਂ ਅਸਲੀ ਭੋਜਨ ਸੀ ਜਿਹੜਾ ਉਸਨੇ ਪਿਛਲੇ ਕੁਝ ਦਿਨਾਂ ਵਿੱਚ ਖਾਧਾ ਸੀ, ਤੇ ਉਹਨਾਂ ਦੇ ਸੁਖਾਵੇਂ ਖਟ-ਮਿਠੇ ਸੁਆਦ ਨਾਲ ਉਸਦੇ ਢਿੱਡ ਵਿੱਚ ਵੱਟ ਫਿਰਨ ਲਗ ਪਏ । ਪਰ ਉਸ ਵਿਚ ਮਨ ਦੀ ਏਨੀਂ ਸ਼ਕਤੀ ਨਹੀਂ ਸੀ ਰਹਿ ਗਈ ਕਿ ਉਹ ਉਦੋਂ ਤੱਕ ਉਡੀਕੇ ਜਦੋਂ ਤੱਕ ਇਹ ਵੱਟ ਰੁਕ ਨਹੀਂ ਜਾਂਦੇ। ਉਹ ਝਾੜੀਓ-ਝਾੜੀ ਗੈਂਗਦਾ ਗਿਆ ਤੇ ਰਿੱਛ ਵਾਂਗ ਆਪਣੀ ਜੀਭ ਦੇ ਬੁਲਾਂ ਨਾਲ ਖਟ-ਮਿੱਠੀਆਂ ਕਰੇਨਬੈਰੀਆਂ ਚੁਗਦਾ ਗਿਆ। ਇਸ ਤਰ੍ਹਾਂ ਨਾਲ ਉਸਨੇ ਕਈ ਝਾੜੀਆਂ ਖਾਲੀ ਕਰ ਦਿੱਤੀਆਂ; ਉਸਨੂੰ ਆਪਣੇ ਗੜੁੱਚ ਹੋਏ ਬੂਟਾਂ ਵਿਚ ਨਾ ਤਾਂ ਬਸੰਤ ਦਾ ਪਾਣੀ ਤਰ ਗਿਆ ਮਹਿਸੂਸ ਹੋ ਰਿਹਾ ਸੀ, ਤੇ ਨਾ ਹੀ ਥਕਾਵਟ ਮਹਿਸੂਸ ਹੋ ਰਹੀ ਸੀ – ਮੂੰਹ ਵਿੱਚ ਖਟ ਮਿਠੇ ਸੁਆਦ ਤੇ ਪੇਟ ਵਿੱਚ ਸੁਖਦਾਈ ਜਿਹੇ ਭਾਰੀਪਨ ਤੋਂ ਸਿਵਾ ਉਸਨੂੰ ਕੁਝ ਨਹੀਂ ਸੀ ਮਹਿਸੂਸ ਹੋ ਰਿਹਾ।
ਉਸਨੂੰ ਉਲਟੀ ਆ ਗਈ, ਪਰ ਤਾਂ ਵੀ ਉਹ ਆਪਣੇ ਆਪ ਨੂੰ ਰੋਕ ਨਾ ਸਕਿਆ ਤੇ ਮੁੜ ਕਰੇਨਬੈਰੀਆਂ ਚੁਗਣ ਲਗ ਪਿਆ। ਉਸਨੇ ਆਪਣੇ ਹੱਥਾਂ ਤੋਂ ਆਪਣੇ ਬਣਾਏ "ਬੂਟ" ਉਤਾਰੇ ਤੇ ਮੀਟ ਦੇ ਆਪਣੇ ਪੁਰਾਣੇ ਡੱਬੇ ਨੂੰ ਬੈਰੀਆਂ ਨਾਲ ਭਰ ਲਿਆ। ਉਸਨੇ ਆਪਣੀ ਟੋਪੀ ਨੂੰ ਵੀ ਇਹਨਾਂ ਨਾਲ ਭਰ ਲਿਆ ਤੇ ਇਸਨੂੰ ਫੀਤੇ ਨਾਲ ਆਪਣੀ ਪੇਟੀ ਨਾਲ ਬੰਨ੍ਹ ਲਿਆ ਤੇ ਗੈਂਗਦਾ ਹੋਇਆ ਅੱਗੇ ਵਧ ਗਿਆ। ਉਹ ਉਸ ਅਲਸਾਹਟ ਉੱਪਰ ਬੜੀ ਮੁਸ਼ਕਲ ਨਾਲ ਕਾਬੂ ਪਾ ਰਿਹਾ ਸੀ, ਜਿਹੜੀ ਉਸਦੇ ਸਾਰੇ ਸਰੀਰ ਉਤੇ ਫੈਲਦੀ ਜਾ ਰਹੀ ਸੀ।
ਉਸ ਰਾਤ, ਰੀਂਗਕੇ ਇੱਕ ਪੁਰਾਣੇ ਫ਼ਰ ਦੇ ਦਰਖਤ ਦੀ ਓਟ ਨੇ ਹੇਠ ਜਾਣ ਤੋਂ ਪਿਛੋਂ, ਉਸਨੇ ਬੈਰੀਆਂ ਖਾਧੀਆਂ, ਛਿਲਕਾ ਤੇ ਫ਼ਰ ਦੀਆਂ ਕੋਨਾਂ ਦੇ ਬੀ ਚੂਸੇ । ਫਿਰ ਉਸਦੀ ਅੱਖ ਲੱਗ ਗਈ, ਪਰ ਉਸਦੀ ਨੀਂਦ ਇੱਕ ਫ਼ਿਕਰਮੰਦ ਚੌਂਕੀਦਾਰ ਵਾਲੀ ਸੀ । ਕਈ ਵਾਰੀ ਉਸਨੂੰ ਲੱਗਾ ਕਿ ਕੋਈ ਚੁੱਪ-ਚਾਪ ਰੀਂਗਦਾ ਹੋਇਆ ਹਨੇਰੇ ਵਿਚ ਉਸ ਤੱਕ ਆ ਪੁੱਜਾ ਹੈ। ਉਹ ਆਪਣੀਆਂ ਅੱਖਾਂ ਖੋਹਲਦਾ ਤੇ ਏਨੀਂ ਤੀਖਣਤਾ ਨਾਲ ਆਪਣੇ ਕੰਨ ਖੜੇ ਕਰ ਲੈਂਦਾ ਕਿ ਉਹ ਘੂੰ-ਘੂੰ ਕਰਨ ਲੱਗ ਪੈਂਦੇ, ਉਹ ਆਪਣੀ ਪਿਸਤੌਲ ਕੱਢ ਲੈਂਦਾ ਤੇ ਅਹਿਲ ਹੋ ਕੇ ਬੈਠ ਜਾਂਦਾ, ਡਿਗਦੀ ਕੋਨ ਦੀ ਅਵਾਜ਼ ਨਾਲ, ਰਾਤ ਨੂੰ ਸਖ਼ਤ ਹੋ ਚੁੱਕੀ ਬਰਫ਼ ਦੇ ਚੁਰ-ਚੁਰ ਕਰਨ ਨਾਲ, ਤੇ ਬਰਫ਼ ਦੇ ਹੇਠੋਂ ਲੰਘ ਰਹੇ ਨਿੱਕੇ ਨਿੱਕੇ ਝਰਨਿਆਂ ਦੀ ਮੱਧਮ ਜਿਹੀ ਸਾਂ-ਸਾਂ ਨਾਲ ਉਹ ਤ੍ਰਭਕ ਪੈਂਦਾ ।
ਸਿਰਫ਼ ਪਹੁ-ਫੁੱਟਣ ਤੋਂ ਪਹਿਲਾਂ ਕਿਤੇ ਉਸਨੂੰ ਨੀਂਦ ਆਈ। ਉਹ ਉਠਿਆ ਤਾਂ ਕਾਫ਼ੀ ਚਾਨਣ ਹੋ ਚੁੱਕਾ ਸੀ, ਤੇ ਜਿਸ ਦਰਖਤ ਹੇਠ ਉਹ ਪਿਆ ਹੋਇਆ ਸੀ, ਉਸਦੇ ਦੁਆਲੇ ਉਸਨੂੰ ਲੂੰਮੜੀ ਦੇ ਪੈਰਾਂ ਦੇ ਵਲ ਖਾਂਦੇ ਨਿਸ਼ਾਨ ਦਿਖਾਈ ਦਿੱਤੇ, ਜਿਨ੍ਹਾਂ ਦੇ ਵਿੱਚੋਂ ਦੀ ਉਸਦੀ ਪਿੱਛੇ ਪਿੱਛੇ ਲਮਕਦੀ ਪੂਛਲ ਦੀ ਲਕੀਰ ਜਾ ਰਹੀ ਸੀ।
"ਸੋ ਇਹ ਚੀਜ਼ ਸੀ ਜਿਹੜੀ ਮੇਰੀ ਨੀਂਦ ਉਖਾੜਦੀ ਰਹੀ ਹੈ!" ਪੈਰਾਂ ਦੇ ਨਿਸ਼ਾਨ ਤੋਂ ਇਹ ਪ੍ਰਤੱਖ ਸੀ ਕਿ ਲੂੰਮੜੀ ਦੁਆਲੇ ਚੱਕਰ ਕੱਟਦੀ ਰਹੀ ਸੀ, ਬੈਠ ਜਾਂਦੀ ਸੀ ਤੇ ਮੁੜ ਉਸਦੇ ਚੱਕਰ ਕੱਟਣ ਲੱਗ ਪੈਂਦੀ ਸੀ। ਅਲੈਕਸੇਈ ਦੇ ਮਨ ਵਿੱਚ ਬੜਾ ਭੈੜਾ ਜਿਹਾ ਖਿਆਲ ਆ ਗਿਆ। ਸ਼ਿਕਾਰੀਆਂ ਦਾ ਕਹਿਣਾ ਹੈ ਕਿ ਇਹ ਮੱਕਾਰ ਜਾਨਵਰ ਕਿਸੇ ਬੰਦੇ ਦੀ ਆਉਂਦੀ