

ਕਾਰਨ, ਰੰਦਾ ਫੇਰ ਕੇ ਤੇ ਸ਼ੀਸ਼ੇ ਨਾਲ ਰਗੜ ਕੇ ਇਹਨਾਂ ਨੂੰ ਮੁਲਾਇਮ ਬਣਾਇਆ ਹੋਇਆ ਸੀ। ਅਲੈਕਸੇਈ ਨੇ ਧੱਕਾ ਮਾਰ ਕੇ ਦਰਵਾਜ਼ਾ ਖੋਹਲਿਆ, ਰਿੜ੍ਹਦਾ ਹੋਇਆ ਇੱਕ ਬੈਂਚ ਤੱਕ ਗਿਆ ਤੇ ਇਸ ਉੱਤੇ ਬੈਠਣਾ ਚਾਹਿਆ, ਪਰ ਉਸਦਾ ਸਰੀਰ ਆਡੀ ਪੁਜ਼ੀਸ਼ਨ ਦਾ ਏਨਾ ਆਦੀ ਹੋ ਚੁੱਕਾ ਸੀ ਕਿ ਉਹ ਆਪਣੇ ਆਪ ਨੂੰ ਸਿੱਧਾ ਨਾ ਕਰ ਸਕਿਆ। ਜਦੋਂ ਆਖ਼ਰ ਉਹ ਬੈਠ ਹੀ ਗਿਆ ਤਾਂ ਉਸਦੀ ਸਾਰੀ ਰੀੜ੍ਹ ਦੀ ਹੱਡੀ ਪੀੜ ਕਰਨ ਲੱਗੀ। ਅਰਾਮ ਕਰਨ ਲਈ ਉਹ ਬਰਫ਼ ਉੱਤੇ ਲੇਟ ਗਿਆ ਤੇ ਅੱਧਾ ਕੁ ਗੁੱਛਾ-ਮੁੱਛਾ ਹੋ ਗਿਆ, ਜਿਵੇਂ ਕੋਈ ਥੱਕਿਆ ਜਾਨਵਰ ਹੋ ਜਾਂਦਾ ਹੈ।
ਉਸਦਾ ਦਿਲ ਭਾਰੀ ਤੇ ਉਦਾਸ ਸੀ।
ਬੈਂਚ ਦੇ ਦੁਆਲੇ ਬਰਫ਼ ਪਿਘਲ ਰਹੀ ਸੀ, ਜਿਸ ਨਾਲ ਕਾਲੀ ਜ਼ਮੀਨ ਨਿੱਕਲਦੀ ਆ ਰਹੀ ਸੀ, ਜਿਸਤੋਂ ਨਿੱਘੀ ਭਾਫ਼ ਉੱਠਦੀ, ਵੱਲ ਖਾਂਦੀ ਤੇ ਹਵਾ ਵਿੱਚ ਥਰਕਦੀ ਸਾਫ਼ ਦਿਖਾਈ ਦੇ ਰਹੀ ਸੀ। ਅਲੈਕਸੇਈ ਨੇ ਨਿੱਘੀ, ਤੇ ਨਰਮ ਮਿੱਟੀ ਦੀ ਮੁੱਠ ਭਰੀ; ਇਹ ਉਸਦੀਆਂ ਉਂਗਲਾਂ ਵਿਚੋਂ ਗਰੀਜ਼ ਵਾਂਗ ਵਗਣ ਲੱਗੀ ਤੇ ਇਸ ਵਿੱਚੋਂ ਸਲ੍ਹਾਬੇ ਤੇ ਗੋਹੇ ਦੀ, ਗਊਆਂ ਦੇ ਵਾੜੇ ਦੀ ਤੇ ਘਰ ਦੀ ਵਾਸ਼ਨਾ ਆ ਰਹੀ ਸੀ।
ਲੋਕ ਇਥੇ ਰਹਿੰਦੇ ਰਹੇ ਸਨ, ਕਦੀ ਬਹੁਤ ਬਹੁਤ ਸਮਾਂ ਪਹਿਲਾਂ ਜ਼ਮੀਨ ਦਾ ਇਹ ਟੋਟਾ ਉਹਨਾਂ ਨੇ ਕਾਲ਼ੇ ਜੰਗਲ ਤੋਂ ਜਿੱਤਿਆ ਸੀ, ਹਲ ਨਾਲ ਇਸ ਉੱਤੇ ਸਿਆੜ ਪਾਏ ਸਨ, ਲੱਕੜੀ ਦੇ ਕਰਾਹੇ ਨਾਲ ਇਸਨੂੰ ਫਰੋਲਿਆ ਸੀ, ਇਸ ਵਿੱਚ ਖਾਦ ਪਾਈ ਸੀ ਤੇ ਇਸਦਾ ਖਿਆਲ ਰੱਖਿਆ ਸੀ। ਜੰਗਲ ਤੇ ਜੰਗਲ ਦੇ ਜਾਨਵਰਾਂ ਦੇ ਖਿਲਾਫ਼ ਨਿਰੰਤਰ ਘੋਲ ਦਾ, ਅਗਲੀ ਫ਼ਸਲ ਤੱਕ ਗੁਜ਼ਾਰਾ ਚਲਾਉਣ ਦੇ ਲਗਾਤਾਰ ਫ਼ਿਕਰ ਦਾ ਇਹ ਮੁਸ਼ਕਲ ਜੀਵਨ ਸੀ। ਸੋਵੀਅਤ ਹਕੂਮਤ ਹੇਠ ਇਥੇ ਇੱਕ ਸਾਂਝਾ ਫਾਰਮ ਕਾਇਮ ਕੀਤਾ ਗਿਆ ਸੀ ਤੇ ਉਹਨਾਂ ਨੇ ਚੰਗੇਰੇ ਜੀਵਨ ਦੇ ਸੁਪਨੇ ਦੇਖਣੇ ਸ਼ੁਰੂ ਕਰ ਦਿੱਤੇ ਸਨ; ਖੇਤੀ ਦੀਆਂ ਮਸ਼ੀਨਾਂ ਆ ਗਈਆਂ ਤੇ ਉਹਨਾਂ ਦੇ ਨਾਲ ਹੀ ਸਵੈਨਿਰਭਰਤਾ ਵੀ ਪਿੰਡ ਦੇ ਤਰਖਾਣਾਂ ਨੇ ਕਿੰਡਰਗਾਰਟਨ ਬਣਾ ਦਿੱਤਾ ਤੇ ਸ਼ਾਮਾਂ ਨੂੰ, ਇਸੇ ਹੀ ਬਗ਼ੀਚੇ ਵਿਚ ਗੁਲਾਬੀ ਗੱਲ੍ਹਾਂ ਵਾਲ਼ੇ ਬੱਚਿਆਂ ਨੂੰ ਨੱਚਦਿਆਂ- ਟਪਦਿਆਂ ਦੇਖ ਕੇ, ਪਿੰਡ ਦੇ ਆਦਮੀਆਂ ਨੇ ਜ਼ਰੂਰ ਸੋਚਿਆ ਹੋਵੇਗਾ ਕਿ ਕਲੱਬ ਤੇ ਰੀਡਿੰਗ ਰੂਮ ਲਈ ਕੋਈ ਇਮਾਰਤ, ਖੜੀ ਕਰਨ ਦਾ ਸਮਾਂ ਆ ਗਿਆ ਹੈ ਜਿਥੇ ਅਰਾਮ ਨਾਲ ਤੇ ਨਿੱਘ ਵਿੱਚ ਉਹ ਸਿਆਲ ਦੀ ਸ਼ਾਮ ਕੱਟ ਸਕਣਗੇ, ਜਦ ਕਿ ਬਾਹਰ ਬਰਫ਼ ਦਾ ਤੂਫ਼ਾਨ ਆਇਆ ਹੋਵੇਗਾ; ਇਥੇ, ਜੰਗਲ ਦੇ ਧੁਰ-ਅੰਦਰ ਤੱਕ ਉਹਨਾਂ ਨੇ ਬਿਜਲੀ ਲਿਆਉਣ ਦੇ ਸੁਪਨੇ ਲਏ ਹੋਣਗੇ। ਹੁਣ ਇਥੇ ਕੁਝ ਨਹੀਂ ਸੀ ਸਿਵਾਏ ਇਕ ਬੀਆਬਾਨ ਦੇ, ਆਪਣੀ ਸਦੀਵੀਂ, ਅਭੰਗ ਚੁੱਪ ਵਾਲੇ ਜੰਗਲ ਦੇ ਹੋਰ ਕੁਝ ਨਹੀਂ ਸੀ।
ਇਸ ਬਾਰੇ ਅਲੈਕਸੇਈ ਜਿੰਨਾ ਜ਼ਿਆਦਾ ਸੋਚਦਾ, ਉਸਦਾ ਦਿਮਾਗ ਓਨਾ ਹੀ ਜ਼ਿਆਦਾ ਸਰਗਰਮ ਹੁੰਦਾ ਜਾਂਦਾ । ਉਸਦੀਆਂ ਅੱਖਾਂ ਸਾਮ੍ਹਣੇ ਪੱਧਰੀ, ਬੰਜਰ ਸਤੇਪੀ ਵਿਚਲੇ ਵੋਲਗਾ ਕੰਢੇ ਦੇ ਛੋਟੇ ਜਿਹੇ, ਧੂੜ ਵਾਲੇ ਕਸਬੇ ਦੀ ਤਸਵੀਰ ਆ ਗਈ। ਗਰਮੀਆਂ ਤੇ ਪਤਝੜ ਵਿੱਚ ਸਤੇਪੀ ਦੀਆਂ ਤੇਜ਼ ਹਵਾਵਾਂ ਕਸਬੇ ਦੇ ਵਿੱਚੋਂ ਦੀ ਵਗਦੀਆਂ ਲੰਘਦੀਆਂ ਸਨ ਤੇ ਧੂੜ ਤੇ