

ਖ਼ੁਰਾਕ ਸਨ। ਇਕ ਵਾਰੀ ਉਸ ਨੂੰ ਕੀੜੀਆਂ ਦਾ ਇੱਕ ਵੱਡਾ ਸਾਰਾ ਭਉਣ ਮਿਲ ਗਿਆ ਜਿਹੜਾ ਮੀਂਹ ਨਾਲ ਧੋਤੇ ਤੇ ਸਵਾਰੇ ਤੂੜੀ ਦੇ ਮੂਸਲ ਵਾਂਗ ਜੰਗਲ ਵਿੱਚ ਖੜਾ ਸੀ । ਕੀੜੀਆਂ ਅਜੇ ਸੁੱਤੀਆਂ ਪਈਆਂ ਸਨ, ਉਹਨਾਂ ਦੀ ਬਸਤੀ ਸੁੰਝੀ ਲੱਗਦੀ ਸੀ। ਅਲੈਕਸੇਈ ਨੇ ਇਸ ਨਰਮ ਢੇਰ ਵਿੱਚ ਆਪਣਾ ਹੱਥ ਖੁਭੋਇਆ ਤੇ ਵਾਪਸ ਖਿੱਚਿਆ ਤਾਂ ਇਹ ਕੀੜੀਆਂ ਨਾਲ ਭਰਿਆ ਪਿਆ ਸੀ, ਜਿਹੜੀਆਂ ਉਸਦੀ ਚਮੜੀ ਨਾਲ ਘੁੱਟ ਕੇ ਚੰਬੜੀਆਂ ਹੋਈਆਂ ਸਨ। ਉਸਨੇ ਬੜੇ ਸਵਾਦ ਨਾਲ ਇਹਨਾਂ ਕੀੜੀਆਂ ਨੂੰ ਖਾਣਾ ਸ਼ੁਰੂ ਕਰ ਦਿੱਤਾ; ਆਪਣੇ ਖੁਸ਼ਕ, ਫਟੇ ਮੂੰਹ ਵਿੱਚ ਉਸਨੂੰ ਫਾਰਮਿਕ ਤੇਜ਼ਾਬ ਦਾ ਮਸਾਲੇਦਾਰ, ਖੱਟਾ ਸਵਾਦ ਮਹਿਸੂਸ ਹੋ ਰਿਹਾ ਸੀ। ਉਸਨੇ ਮੁੜ ਮੁੜ ਕੇ ਆਪਣਾ ਹੱਥ ਭਉਣ ਦੇ ਵਿੱਚ ਵਾੜਿਆ, ਜਦੋਂ ਤੱਕ ਕਿ ਇਸ ਅਚਨਚੇਤੀ ਹਮਲੇ ਨਾਲ ਕੀੜੀਆਂ ਦੀ ਸਾਰੀ ਵੱਸੋਂ ਨਾ ਜਾਗ ਪਈ।
ਨਿੱਕੀਆਂ ਨਿੱਕੀਆਂ ਕੀੜੀਆਂ ਪੂਰੇ ਜ਼ੋਰ ਨਾਲ ਆਪਣੀ ਰਾਖੀ ਕਰ ਰਹੀਆਂ ਸਨ: ਉਹ ਅਲੈਕਸੇਈ ਦੇ ਹੱਥ ਨੂੰ, ਬੁਲ੍ਹਾਂ ਨੂੰ, ਜੀਭ ਨੂੰ ਕੱਟ ਰਹੀਆਂ ਸਨ, ਉਹ ਉਸਦੇ ਉਡਾਣ ਵੇਲੇ ਦੇ ਸੂਟ ਦੇ ਅੰਦਰ ਵੜ ਗਈਆਂ ਤੇ ਉਸਦੇ ਪਿੰਡੇ ਨੂੰ ਕੱਟਣ ਲੱਗ ਪਈਆਂ। ਪਰ ਇਹ ਜਲਣ ਦਾ ਅਹਿਸਾਸ ਉਸ ਲਈ ਜੇ ਸੀ ਤਾਂ ਸਿਰਫ਼ ਸੁਖਦਾਈ ਸੀ, ਫਾਰਮਿਕ ਤੇਜ਼ਾਬ ਦਾ ਕੱਟਣਾ ਉਸ ਲਈ ਸ਼ਕਤੀਵਰਧਕ ਸਿੱਧ ਹੋਇਆ। ਉਸਨੂੰ ਪਿਆਸ ਲੱਗ ਗਈ । ਝਾੜੀਆਂ ਦੇ ਵਿਚਕਾਰ ਉਸਨੂੰ ਭੂਰੇ ਜਿਹੇ ਜੰਗਲੀ ਪਾਣੀ ਦਾ ਇੱਕ ਛੋਟਾ ਜਿਹਾ ਛੱਪੜ ਦਿਖਾਈ ਦਿਤਾ ਤੇ ਉਹ ਪਾਣੀ ਪੀਣ ਲਈ ਉਸ ਵੱਲ ਵਧਿਆ, ਪਰ ਇੱਕਦਮ ਪਿੱਛੇ ਹਟ ਗਿਆ- ਉਸ ਮੈਲੇ ਪਾਣੀ ਵਿੱਚੋਂ, ਇਸ ਵਿੱਚੋਂ ਝਲਕਦੇ ਨੀਲੇ ਜਿਹੇ ਅਕਾਸ਼ ਦੇ ਪਿਛੋਕੜ ਵਿਚ ਇਕ ਅਜੀਬ ਜਿਹਾ ਭਿਆਨਕ ਚਿਹਰਾ ਉਸ ਵੱਲ ਅੱਖਾਂ ਪਾੜ ਪਾੜ ਦੇਖ ਰਿਹਾ ਸੀ । ਇਹ ਕਾਲੀ ਚਮੜੀ ਨਾਲ ਢਕੇ ਪਿੰਜਰ ਜਿਹੇ ਦਾ ਚਿਹਰਾ ਸੀ, ਜਿਸ ਉਪਰ ਗੰਦੇ ਤੇ ਘੁੰਗਰਾਲੇ ਵਾਲ ਉੱਗੇ ਹੋਏ ਸਨ । ਵੱਡੀਆਂ ਵੱਡੀਆਂ ਗੋਲ, ਭਿਆਨਕ, ਤਰ੍ਹਾਂ ਨਾਲ ਚਮਕਦੀਆਂ ਅੱਖਾਂ ਡੂੰਘੇ ਟੋਇਆਂ ਵਿਚੋਂ ਦੇਖ ਰਹੀਆਂ, ਤੇ ਅਣਸਵਰੇ ਵਾਲ ਗੰਦੀਆਂ ਜਿਹੀਆਂ ਲਿਟਾਂ ਬਣੀ ਮੱਥੇ ਉੱਤੇ ਪਏ ਸਨ।
"ਕੀ ਇਹ ਮੈਂ ਹੀ ਹਾਂ ?" ਅਲੈਕਸੇਈ ਨੇ ਆਪਣੇ ਆਪ ਤੋਂ ਪੁੱਛਿਆ, ਤੇ ਮੁੜ ਕੇ ਦੇਖਣ ਤੋਂ ਡਰਦਿਆਂ ਉਸਨੇ ਪਾਣੀ ਨਾ ਪੀਤਾ ਸਗੋਂ ਕੁਝ ਬਰਫ਼ ਮੂੰਹ ਵਿੱਚ ਪਾ ਲਈ ਤੇ ਉਸੇ ਸ਼ਕਤੀਸ਼ਾਲੀ ਚੁੰਬਕ ਦਾ ਖਿੱਚਿਆ ਹੋਇਆ ਪੂਰਬ ਵੱਲ ਨੂੰ ਰੀਂਗਣ ਲੱਗਾ।
ਉਸ ਰਾਤ ਉਸਨੇ ਬੰਬ ਨਾਲ ਬਣੇ ਇੱਕ ਵੱਡੇ ਸਾਰੇ ਟੋਏ ਨੂੰ ਆਪਣਾ ਟਿਕਾਣਾ ਬਣਾਇਆ, ਜਿਹੜਾ ਵਿਸਫੋਟ ਨਾਲ ਉਡੀ ਪੀਲੀ ਰੇਤ ਦੀ ਕੰਧ ਨਾਲ ਘਿਰਿਆ ਹੋਇਆ ਸੀ। ਟੋਏ ਦੀ ਤਹਿ ਉਸਨੂੰ ਸ਼ਾਂਤ ਤੇ ਆਰਾਮਦੇਹ ਲੱਗੀ । ਹਵਾ ਇਥੇ ਨਹੀਂ ਸੀ ਲੱਗਦੀ, ਇਸ ਨਾਲ ਸਿਰਫ਼ ਰੇਤ ਹੀ ਸਰ-ਸਰ ਕਰਦੀ ਸੀ ਤੇ ਪਾਸਿਆਂ ਤੋਂ ਤਿਲਕ ਕੇ ਅੰਦਰ ਆ ਡਿਗਦੀ ਸੀ। ਇੱਥੋਂ ਸਿਤਾਰੇ ਅਸਧਾਰਨ ਤੌਰ ਉੱਤੇ ਵੱਡੇ ਤੇ ਹੇਠਾਂ ਕਰਕੇ ਉਸਦੇ ਸਿਰ ਉੱਤੇ ਲਟਕੇ ਲੱਗਦੇ ਸਨ। ਦਿਆਰ ਦੇ ਦਰਖਤ ਦੀ ਬੁਰਦਾਰ ਟਾਹਣੀ, ਜਿਹੜੀ ਸਿਤਾਰਿਆਂ ਦੇ ਹੇਠਾਂ ਇਧਰ ਉਧਰ ਝੂਲ ਰਹੀ ਸੀ, ਐਸੇ ਹੱਥ ਵਾਂਗ ਲੱਗ ਰਹੀ ਸੀ ਜਿਹੜਾ ਕੱਪੜਾ ਫੜੀ ਉਹਨਾਂ