

ਕਿ ਉਸਨੇ ਉਪਰ ਠੰਡੀ, ਕਕਰੀਲੀ ਹਵਾ ਵਿੱਚ, ਜੰਗਲ ਦੇ ਉਪਰ ਉੱਚੀ ਕਿਤੇ ਕੋਈ ਜਾਣੀ-ਪਛਾਣੀ ਅਵਾਜ਼ ਸੁਣੀ ਹੈ।
ਉਸਨੇ ਇੱਕਦਮ ਆਪਣੀ ਸੁਸਤੀ ਲਾਹ ਮਾਰੀ । ਇਸ ਅਵਾਜ਼ ਵਿੱਚ ਕੋਈ ਖਾਸ ਗੱਲ ਨਹੀਂ ਸੀ। ਇਹ ਏਨੀਂ ਮੱਧਮ ਸੀ ਕਿ ਜੰਗਲੀ ਜਾਨਵਰ ਦੇ ਅਤਿ ਸੂਖਮ ਕੰਨ ਵੀ ਇਸਨੂੰ ਬਰਫ਼-ਢੱਕੀਆਂ ਦਰਖਤਾਂ ਦੀਆਂ ਟੀਸੀਆਂ ਦੀ ਇਕਸਾਰ ਸਰਸਰ ਨਾਲੋਂ ਨਿਖੇੜਨ ਤੋਂ ਅਸਮਰਥ ਰਹਿੰਦੀ। ਪਰ ਇਸ ਵਿਚਲੀ ਇੱਕ ਖਾਸ ਤਰ੍ਹਾਂ ਦੀ ਸੀਟੀ ਦੀ ਅਵਾਜ਼ ਤੋਂ ਅਲੈਕਸੇਈ ਨੇ ਬਿਲਕੁਲ ਠੀਕ ਠੀਕ ਅੰਦਾਜ਼ਾ ਲਾ ਲਿਆ ਕਿ ਇਹ "ਇਲ-16" ਹਵਾਈ ਜਹਾਜ਼ ਦੀ ਆਵਾਜ਼ ਸੀ, ਜਿਸ ਤਰ੍ਹਾਂ ਦਾ ਹਵਾਈ ਜਹਾਜ਼ ਕਿ ਉਹ ਉਡਾਉਂਦਾ ਰਿਹਾ ਹੈ।
ਇੰਜਣ ਦਾ ਭਿਣਕਵੀਂ ਆਵਾਜ਼ ਨੇੜੇ ਆਉਂਦੀ ਗਈ, ਉੱਚੀ ਹੁੰਦੀ ਗਈ ਤੇ ਹਵਾਈ ਜਹਾਜ਼ ਦੇ ਹਵਾ ਵਿਚ ਮੋੜ ਕੱਟਣ ਦੇ ਨਾਲ ਕਦੀ ਇਹ ਸੀਟੀ ਵਿੱਚ ਬਦਲ ਜਾਂਦੀ ਕਦੀ ਕੱਰਾਹਟ ਵਿਚ, ਤੇ ਆਖ਼ਰ ਉਪਰ ਭੂਰੇ ਜਿਹੇ ਅਕਾਸ਼ ਵਿੱਚ ਅਲੈਕਸੇਈ ਨੂੰ ਛੋਟੀ ਜਿਹੀ, ਹੌਲੀ ਹੌਲੀ ਚੱਲਦੀ ਸਲੀਬ ਜਿਹੀ ਦਿਖਾਈ ਦਿੱਤੀ, ਜਿਹੜੀ ਸਲੇਟੀ ਜਿਹੇ, ਧੁੰਦਲੇ ਬੱਦਲਾਂ ਵਿਚ ਜਾ ਲੁਕਦੀ ਤੇ ਫਿਰ ਨਿੱਕਲ ਆਉਂਦੀ ਸੀ । ਉਸਨੂੰ ਇਸਦੇ ਪਰ੍ਹਾਂ ਉੱਤੇ ਲਾਲ ਸਿਤਾਰੇ ਵੀ ਦਿਖਾਈ ਦੇਣ ਲੱਗ ਪਏ, ਤੇ ਉਸਦੇ ਬਿਲਕੁਲ ਸਿਰ ਉਪਰ ਉਸਨੇ ਚੱਕਰ ਕੱਟਿਆ, ਤੇ ਇਸ ਤਰਾਂ ਕਰਦਾ ਹੋਇਆ ਇਹ ਧੁੱਪ ਵਿੱਚ ਲਿਸ਼ਕਾਂ ਮਾਰਨ ਲੱਗਾ, ਫਿਰ ਇਹ ਟੇਢਾ ਹੋਇਆ ਤੇ ਉਡਦਾ ਹੋਇਆ ਉਥੋਂ ਚਲਾ ਗਿਆ । ਜਲਦੀ ਹੀ ਇਸਦੇ ਇੰਜਣ ਦੀ ਭਿਣਕਵੀਂ ਜਿਹੀ ਅਵਾਜ਼ ਵੀ ਆਉਣੀ ਬੰਦ ਹੋ ਗਈ, ਤੇ ਹਵਾ ਵਿੱਚ ਝੂਲ ਰਹੀਆਂ ਬਰਫ਼-ਢਕੀਆਂ ਟਾਹਣੀਆਂ ਦੀ ਹਲਕੀ ਜਿਹੀ ਖੜ-ਖੜ ਵਿੱਚ ਗੁੰਮ ਗਈ, ਪਰ ਕਿੰਨਾਂ ਚਿਰ ਮਗਰੋਂ ਤਕ ਅਲੈਕਸੇਈ ਨੂੰ ਲੱਗਦਾ ਰਿਹਾ ਕਿ ਜਿਵੇਂ ਉਸਨੂੰ ਅਜੇ ਵੀ ਹਲਕੀ ਜਿਹੀ, ਸੀਟੀ ਵਰਗੀ ਅਵਾਜ਼ ਸੁਣਾਈ ਦੇ ਰਹੀ ਹੋਵੇ।
ਉਸਨੇ ਆਪਣੇ ਆਪ ਦੀ ਕਾਕਪਿਟ ਵਿੱਚ ਬੈਠਿਆਂ ਕਲਪਨਾ ਕੀਤੀ। ਅੱਖ-ਪਲਕਾਰੇ ਵਿੱਚ, ਬੰਦੇ ਦੇ ਸਿਗਰਟ ਸੁਲਗਾਉਣ ਤੋਂ ਵੀ ਪਹਿਲਾਂ, ਉਹ ਜੰਗਲ ਵਿੱਚ ਸਥਿਤ ਆਪਣੇ ਹਵਾਈ ਅੱਡੇ ਉੱਤੇ ਵਾਪਸ ਪੁੱਜ ਸਕਦਾ ਸੀ । ਉਸ ਹਵਾਈ ਜਹਾਜ਼ ਵਿੱਚ ਕੌਣ ਸੀ ? ਸ਼ਾਇਦ ਆਂਦਰੇਈ ਦੇਗਤੀਆਰੈਨਕੋ, ਸਵੇਰ ਦੀ ਗਸ਼ਤ ਲਾ ਰਿਹਾ ਸੀ। ਉਹ ਉਹਨਾਂ ਉਡਾਣਾਂ ਲਈ ਉੱਪਰ ਜਾਇਆ ਕਰਦਾ ਸੀ, ਮਨ ਵਿੱਚ ਇਹ ਲੁਕਵੀਂ ਆਸ ਲੈ ਕੇ ਕਿ ਉਸਦਾ ਟਾਕਰਾ ਦੁਸ਼ਮਣ ਨਾਲ ਹੋ ਜਾਇਗਾ।... ਦੇਗਤੀਆਰੈਨਕੋ ਹਵਾਈ ਜਹਾਜ਼ ਦੋਸਤ ਮੁੰਡੇ...
ਤਾਜ਼ਾ ਸ਼ਕਤੀ ਤੋਂ ਪ੍ਰੇਰਿਤ ਹੁੰਦਿਆਂ, ਅਲੈਕਸੇਈ ਨੇ ਟੋਏ ਦੇ ਬਰਫ਼ ਵਾਲੇ ਪਾਸੇ ਧਿਆਨ ਮਾਰਿਆ।"ਇਸ ਤਰ੍ਹਾਂ ਤਾਂ ਮੈਂ ਕਦੀ ਵੀ ਬਾਹਰ ਨਹੀਂ ਨਿੱਕਲ ਸਕਾਂਗਾ", ਉਸਨੇ ਮਨ ਹੀ ਮਨ ਵਿਚ ਕਿਹਾ। "ਪਰ ਮੈਂ ਇਥੇ ਪਿਆ ਪਿਆ ਮੌਤ ਦੀ ਉਡੀਕ ਨਹੀਂ ਕਰ ਸਕਦਾ।" ਉਸਨੇ ਮਿਆਨ ਵਿੱਚੋਂ ਆਪਣਾ ਛੁਰਾ ਕੱਢਿਆ ਤੇ ਸਿੱਥਲ ਜਿਹੇ ਕਮਜ਼ੋਰ ਵਾਰਾਂ ਨਾਲ ਬਰਫ਼ੀਲੇ ਪਾਸੇ ਵਿੱਚ ਪੈਰ ਅੜਾਉਣ ਲਈ ਥਾਂ ਬਣਾਉਣ ਲੱਗਾ ਜੰਮੀ ਹੋਈ ਬਰਫ਼ ਨੂੰ ਉਹ ਆਪਣੀਆਂ ਉਂਗਲਾਂ ਦੇ ਨਹੁੰਆਂ ਨਾਲ ਖੁਰਚ ਕੇ ਹਟਾਉਂਦਾ। ਉਹ ਉਦੋਂ ਤੱਕ ਖੁਰਚਦਾ