

ਕਰਨ ਲੱਗਾ । ਉਸਨੂੰ ਲੱਗਾ ਕਿ ਇੰਝ ਉਹ ਕਰ ਸਕਦਾ ਸੀ, ਮੁੜ ਮੁੜ ਕੇ ਪਾਸਿਆਂ ਵੱਲ ਨੂੰ ਰਿੜੀ ਜਾਣਾ ਗੈਂਗਣ ਨਾਲੋਂ ਵਧੇਰੇ ਸੌਖਾ ਸੀ ਤੇ ਇਸ ਵਾਸਤੇ ਬਹੁਤਾ ਜ਼ੋਰ ਲਾਉਣ ਦੀ ਵੀ ਲੋੜ ਨਹੀਂ ਸੀ। ਪਰ ਇਸ ਨਾਲ ਉਸਦੇ ਸਿਰ ਨੂੰ ਤੋਂ ਆਉਣ ਲੱਗ ਪਏ ਤੇ ਮੁੜ ਮੁੜ ਕੇ ਉਹ ਬੇਹੋਸ਼ ਹੋਣ ਲੱਗ ਪਿਆ। ਉਸਨੂੰ ਅਕਸਰ ਰੁਕਣਾ ਪੈਂਦਾ; ਉਹ ਉੱਠ ਬੈਠਦਾ ਤੇ ਉਡੀਕਣ ਲੱਗ ਪੈਂਦਾ ਜਦੋਂ ਤੱਕ ਜ਼ਮੀਨ, ਜੰਗਲ ਤੇ ਅਕਾਸ਼ ਚੱਕਰ ਕਟਣੋਂ ਨਾ ਰੁਕ ਜਾਂਦੇ।
ਦਰਖਤ ਵਿਰਲੇ ਹੋਣੇ ਸ਼ੁਰੂ ਹੋ ਗਏ ਤੇ ਵਿੱਚ ਵਿੱਚ ਖੁੱਲ੍ਹੀ ਥਾਂ ਵੀ ਆ ਜਾਂਦੀ ਜਿਥੋਂ ਦਰਖਤ ਡੇਗੇ ਜਾ ਚੁੱਕੇ ਸਨ। ਸਿਆਲੀ ਸੜਕਾਂ ਦੇ ਨਿਸ਼ਾਨ ਸਾਮ੍ਹਣੇ ਆਉਣ ਲੱਗ ਪਏ। ਅਲੈਕਸੇਈ ਹੁਣ ਹੋਰ ਇਹ ਨਹੀਂ ਸੀ ਸੋਚ ਰਿਹਾ ਕਿ ਉਹ ਆਪਣੇ ਲੋਕਾਂ ਤੱਕ ਪਹੁੰਚ ਸਕੇਗਾ ਕਿ ਨਹੀਂ, ਸਗੋਂ ਉਹ ਰਿੜੀ ਜਾਣ ਲਈ ਦ੍ਰਿੜ੍ਹ ਸੀ, ਜਦੋਂ ਤੱਕ ਉਸ ਵਿੱਚ ਰਿੜ੍ਹੀ ਜਾਣ ਦੀ ਤਾਕਤ ਸੀ। ਜਦੋਂ ਉਸ ਭਿਆਨਕ ਬੋਝ ਕਾਰਨ, ਜਿਹੜਾ ਉਸਦੇ ਸਾਰੇ ਕਮਜ਼ੋਰ ਹੋਏ ਹੋਏ ਪੱਠਿਆਂ ਉੱਪਰ ਪੈ ਰਿਹਾ ਸੀ, ਉਹ ਬੇਹੋਸ਼ ਹੋ ਜਾਂਦਾ, ਤਾਂ ਉਸਦੀਆਂ ਬਾਹਵਾਂ ਤੇ ਉਸਦਾ ਸਾਰਾ ਸਰੀਰ ਆਪਣੇ ਆਪ ਇਹ ਗੁੰਝਲਦਾਰ ਹਰਕਤਾਂ ਕਰੀ ਜਾਂਦਾ ਤੇ ਉਹ ਬਰਫ਼ ਵਿੱਚ ਰਿੜ੍ਹੀ ਗਿਆ — ਉਸ ਪਾਸੇ ਵੱਲ, ਜਿਧਰੋਂ ਤੋਪਾਂ ਚੱਲਣ ਦੀ ਅਵਾਜ਼ ਆ ਰਹੀ ਸੀ- ਪੂਰਬ ਵੱਲ ।
ਅਲੈਕਸੇਈ ਨੂੰ ਯਾਦ ਨਹੀਂ ਸੀ ਕਿ ਉਹ ਰਾਤ ਉਸਨੇ ਕਿਵੇਂ ਕੱਟੀ ਸੀ, ਜਾਂ ਅਗਲੀ ਸਵੇਰ ਉਹ ਕਾਫੀ ਅੱਗੇ ਵਧ ਗਿਆ ਸੀ ਜਾਂ ਨਹੀਂ । ਸਭ ਕੁਝ ਅਰਧ-ਮੂਰਛਾ ਦੇ ਹਨੇਰੇ ਵਿੱਚ ਡੁੱਬਾ ਹੋਇਆ ਸੀ। ਉਸ ਨੂੰ ਆਪਣੇ ਰਾਹ ਵਿੱਚ ਆਈਆਂ ਰੁਕਵਟਾਂ ਬਾਰੇ ਕੁਝ ਕੁਝ ਯਾਦ ਸੀ: ਡੇਗੇ ਹੋਏ ਦਿਆਰ ਦੇ ਦਰਖਤ ਦਾ ਸੁਨਹਿਰੀ ਤਣਾ, ਜਿਸ ਵਿੱਚੋਂ ਅੰਬਰ ਦੇ ਰੰਗ ਦਾ ਬਰੋਜ਼ਾ ਨਿੱਕਲ ਰਿਹਾ ਸੀ, ਛਤੀਰੀਆਂ ਦਾ ਇੱਕ ਢੇਰ, ਆਲੇ ਦੁਆਲੇ ਹਰ ਥਾਂ ਪਿਆ ਬੂਰਾ ਤੇ ਸੱਕ, ਦਰਖਤ ਦੀ ਇੱਕ ਮੁੱਢੀ, ਜਿਸਦੇ ਕੱਟੇ ਹੋਏ ਸਿਰੇ ਉੱਤੇ ਉਸਦੀ ਉਮਰ ਦੇ ਇੱਕ ਇੱਕ ਸਾਲ ਦਾ ਇੱਕ ਇੱਕ ਛੱਲਾ ਪਿਆ ਹੋਇਆ ਸੀ।
ਕਿਸੇ ਅਸਧਾਰਨ ਅਵਾਜ਼ ਨੇ ਉਸਨੂੰ ਉਸਦੀ ਅਰਧ-ਮੂਰਛਾ ਦੀ ਹਾਲਤ ਵਿੱਚੋਂ ਕੱਢ ਲਿਆ, ਪੂਰੀ ਤਰਾਂ ਹੋਸ਼ ਵਿੱਚ ਲੈ ਆਂਦਾ ਤੇ ਉਸਨੂੰ ਉੱਠ ਕੇ ਬੈਠਣ ਤੇ ਚਾਰ ਚੁਫੇਰੇ ਦੇਖਣ ਲਈ ਮਜ਼ਬੂਰ ਕਰ ਦਿੱਤਾ। ਉਸਨੇ ਦੇਖਿਆ ਕਿ ਉਹ ਇੱਕ ਖੁੱਲੀ ਥਾਂ ਉੱਤੇ ਸੀ ਜਿੱਥੋਂ ਜੰਗਲ ਸਾਫ਼ ਕੀਤਾ ਜਾ ਚੁੱਕਾ ਸੀ; ਉਥੇ ਧੁੱਪ ਦਾ ਹੜ੍ਹ ਆਇਆ ਹੋਇਆ ਸੀ, ਤੇ ਜਿੱਥੇ ਡੇਗੇ ਜਾ ਚੁਕੇ ਤੇ ਅਜੇ ਤੱਕ ਅਣਛਾਂਗੇ ਦਰਖਤ ਤੇ ਗੋਲੀਆਂ ਖਿਲਰੀਆਂ ਪਈਆਂ ਹਨ। ਬਾਲਣ ਵਾਲੀਆਂ ਲੱਕੜਾਂ ਦੇ ਢੇਰ ਸਾਫ-ਸੁਥਰੀ ਤਰ੍ਹਾਂ ਵੱਖ ਵੱਖ ਕਰਕੇ ਲਾਏ ਹੋਏ ਸਨ। ਦੁਪਹਿਰ ਦਾ ਸੂਰਜ ਸਿਰ ਉੱਤੇ ਖੜਾ ਸੀ । ਬਰੋਜ਼ੇ, ਗਰਮ ਹੋਏ ਕੋਨੀਫਰਾਂ ਤੇ ਬਰਫ਼ ਦੇ ਸਲ੍ਹਾਬੇ ਦੀ ਵਾਸ਼ਨਾ ਨਾਲ ਹਵਾ ਭਰੀ ਪਈ ਸੀ, ਤੇ ਜ਼ਮੀਨ ਤੋਂ, ਜਿਸ ਤੋਂ ਅਜੇ ਤੱਕ ਬਰਫ਼ ਨਹੀਂ ਸੀ ਪਿਘਲੀ ਬਹੁਤ ਉੱਪਰ ਇੱਕ ਚੰਡੋਲ ਗਾ ਰਹੀ ਸੀ ਤੇ ਆਪਣੀ ਸਾਰੀ ਰੂਹ ਆਪਣੀ ਸਾਦੀ ਜਿਹੀ ਧੁਨ ਵਿਚ ਪਾ ਰਹੀ ਸੀ।
ਅਸਪੱਸ਼ਟ ਜਿਹੇ ਖਤਰੇ ਦੀ ਭਾਵਨਾ ਨਾਲ ਭਰੇ ਹੋਏ ਅਲੈਕਸੇਈ ਨੇ ਸਾਫ਼ ਕੀਤੇ ਮੈਦਾਨ