

ਪੁੱਛਿਆਂ ਤੇ ਉਸਨੂੰ ਲੱਗਾ ਜਿਵੇਂ ਉਸਨੂੰ ਦਰਖਤਾਂ ਦੇ ਝੁੰਡ ਵਿੱਚੋਂ ਕਿਸੇ ਦੀ ਇਹ ਪੁੱਛਦੇ ਦੀ ਆਵਾਜ਼ ਸੁਣਾਈ ਦਿੱਤੀ ਹੋਵੇ: "ਕੀ ਇਹ ਆਦਮੀ ਹੈ ?” ਇਹ ਉਸਦੀ ਕਲਪਨਾ ਸੀ ? ਜਾਂ ਉਸਨੂੰ ਸੱਚਮੁਚ ਕਿਸੇ ਦੀ ਝੁੰਡ ਵਿੱਚ ਰੂਸੀ ਬੋਲਦੇ ਦੀ ਅਵਾਜ਼ ਸੁਣਾਈ ਦਿੱਤੀ ਸੀ ? ਕਿਉਂ, ਲੈ, ਰੂਸੀ । ਤੇ ਕਿਉਂਕਿ ਇਹ ਰੂਸੀ ਸੀ, ਇਸ ਲਈ ਉਸ ਉਤੇ ਇੱਕਦਮ ਖੁਸ਼ੀ ਦਾ ਐਸਾ ਝੱਲ ਤਾਰੀ ਹੋ ਗਿਆ ਕਿ, ਇਹ ਸੋਚਣ ਲਈ ਰੁਕੇ ਤੋਂ ਬਿਨਾਂ ਕਿ ਇਹ ਕੋਈ ਦੋਸਤ ਸੀ ਜਾਂ ਦੁਸਮਣ, ਉਸਨੇ ਇੱਕ ਜੇਤੂ ਕੂਕ ਛੱਡੀ, ਉੱਛਲ ਕੇ ਪੈਰਾਂ-ਭਾਰ ਖੜ ਗਿਆ, ਉਸ ਥਾਂ ਵੱਲ ਦੌੜਿਆਂ ਜਿਧਰੋਂ ਅਵਾਜ਼ ਆਈ ਸੀ ਤੇ ਇੱਕਦਮ ਢਹਿ-ਢੇਰੀ ਹੋ ਗਿਆ ਜਿਵੇਂ ਉਸਨੂੰ ਕਿਸੇ ਨੇ ਦਰਖਤ ਵਾਂਗ ਡੇਗ ਦਿੱਤਾ ਹੋਵੇ, ਤੇ ਉਸਦਾ ਪਿਸਤੌਲ ਬਰਫ਼ ਵਿੱਚ ਡਿੱਗ ਪਿਆ...
14
ਉੱਠਣ ਦੇ ਅਸਫ਼ਲ ਯਤਨ ਪਿੱਛੋਂ ਡਿੱਗਦਿਆਂ ਅਲੈਕਸੇਈ ਬੇਹੋਸ਼ ਹੋ ਗਿਆ, ਪਰ ਸਿਰ ਉੱਤੇ ਖੜੇ ਖਤਰੇ ਦੀ ਭਾਵਨਾ ਨੇ ਉਸਨੂੰ ਤੁਰੰਤ ਹੋਸ਼ ਵਿੱਚ ਲੈ ਆਂਦਾ। ਨਿਰਸੰਦੇਹ ਦਿਆਰਾਂ ਵਿੱਚ ਲੋਕ ਲੁਕੇ ਹੋਏ ਸਨ, ਉਸਨੂੰ ਦੇਖ ਰਹੇ ਤੇ ਇਕ ਦੂਜੇ ਨਾਲ ਘੁਸਰ-ਮੁਸਰ ਕਰ ਰਹੇ ਸਨ।
ਉਹ ਬਾਹਾਂ-ਭਾਰ ਉਤਾਂਹ ਉਠਿਆ, ਬਰਫ਼ ਵਿੱਚੋਂ ਆਪਣਾ ਪਿਸਤੌਲ ਚੁੱਕਿਆ, ਇਸਨੂੰ ਨਜ਼ਰੋਂ ਉਹਲੇ, ਜ਼ਮੀਨ ਦੇ ਨੇੜੇ ਰਖਦਿਆਂ, ਦੇਖਣ ਲੱਗ ਪਿਆ। ਖਤਰੇ ਨੇ ਉਸਨੂੰ ਮੂਰਛਾ ਦੀ ਅਵਸਥਾ ਵਿੱਚੋਂ ਪੂਰੀ ਤਰ੍ਹਾਂ ਕੱਢ ਲਿਆਂਦਾ ਸੀ । ਉਸਦਾ ਦਿਮਾਗ਼ ਸ਼ੁਧਤਾਈ ਨਾਲ ਕੰਮ ਕਰ ਰਿਹਾ ਸੀ। ਇਹ ਲੋਕ ਕੋਣ ਸਨ ? ਸ਼ਾਇਦ ਲੱਕੜਹਾਰੇ, ਜਿਨਾਂ ਨੂੰ ਜਰਮਨਾਂ ਨੇ ਆਪਣੇ ਲਈ ਲੱਕੜਾਂ ਕੱਟਣ ਲਈ ਇੱਥੇ ਆਉਣ ਵਾਸਤੇ ਮਜ਼ਬੂਰ ਕੀਤਾ ਸੀ ? ਸ਼ਇਦ ਉਹ ਕੋਈ ਰੂਸੀ ਸਨ, ਜਿਹੜੇ ਉਸ ਵਾਂਗ ਹੀ ਘੇਰੇ ਵਿੱਚ ਆਏ ਹੋਏ ਸਨ ਤੇ ਹੁਣ ਜਰਮਨ ਸਫਾਂ ਵਿੱਚੋਂ ਦੀ ਲੰਘ ਕੇ ਆਪਣੇ ਲੋਕਾਂ ਤੱਕ ਪੁੱਜਣ ਦੀ ਕੋਸ਼ਿਸ਼ ਕਰ ਰਹੇ ਸਨ? ਜਾਂ ਸ਼ਾਇਦ, ਨੇੜੇ ਹੀ ਕਿਤੇ ਰਹਿੰਦੇ ਕਿਸਾਨ ਸਨ? ਆਖ਼ਰ ਉਸਨੇ ਕਿਸੇ ਨੂੰ ਇਹ ਸਾਫ਼ ਸਾਫ਼ ਕਹਿੰਦਿਆਂ ਤਾਂ ਸੁਣਿਆ ਹੀ ਸੀ:
"ਆਦਮੀ!"
ਗੈਂਗਣ ਨਾਲ ਸੁੰਨ ਹੋਏ ਉਸਦੇ ਹੱਥ ਵਿੱਚ ਪਿਸਤੌਲ ਕੰਬ ਰਿਹਾ ਸੀ; ਪਰ ਉਹ ਲੜਾਈ ਕਰਨ ਲਈ ਤੇ ਆਪਣੀਆਂ ਬਾਕੀ ਬਚੀਆਂ ਤਿੰਨ ਗੋਲੀਆਂ ਦੀ ਚੰਗੀ ਵਰਤੋਂ ਕਰਨ ਲਈ ਤਿਆਰ ਸੀ...
ਐਨ ਉਸ ਵੇਲੇ ਉਤੇਜਿਤ ਹੋਈ ਹੋਈ ਬੱਚੇ ਵਰਗੀ ਅਵਾਜ਼ ਦਰਖਤਾਂ ਦੇ ਝੁੰਡ ਵੱਲੋਂ ਸੁਣਾਈ ਦਿੱਤੀ
"ਹੇ! ਤੂੰ ਕੋਣ ਹੈ ? ਦੋਇਚ? ਫਰਸ਼ਤੇਹ ?"
ਇਹਨਾਂ ਅਜੀਬ ਲਫਜ਼ਾਂ ਨੇ ਅਲੈਕਸੇਈ ਨੂੰ ਚੌਕਸ ਕਰ ਦਿੱਤਾ, ਪਰ ਨਿਰਸੰਦੇਹ ਇਹ ਕੋਈ ਰੂਸੀ ਸੀ ਜਿਹੜਾ ਅਵਾਜ਼ ਦੇ ਰਿਹਾ ਸੀ ਤੇ ਨਿਰਸੰਦੇਹ ਕੋਈ ਬੱਚਾ।