

ਲੱਗ ਪਿਆ। ਅਲੈਕਸੇਈ ਨੂੰ ਇਹ ਲਫ਼ਜ਼ ਸਾਫ਼ ਸਾਫ਼ ਸੁਣਾਈ ਦਿੱਤੇ
"ਤੂੰ ਸੁਣਦਾ ਨਹੀਂ ? ਉਹ ਕਹਿੰਦਾ ਹੈ ਕਿ ਉਹ ਮੋਨਚਾਲੇਵ ਹਵਾਈ ਅੱਡੇ ਤੋਂ ਹੈ।... ਕੀ ਪਤਾ ਉਹ ਸੱਚ ਹੀ ਬੋਲਦਾ ਹੋਵੇ।... ਤੇ ਉਹ ਰੋਂਦਾ ਪਿਐ।...” ਫਿਰ ਕੋਈ ਉੱਚੀ ਸਾਰੀ ਕੂਕਿਆ: "ਹੇ-ਏ ਪਾਇਲਟਾ! ਆਪਣਾ ਪਿਸਤੌਲ ਵਗਾਂਹ ਮਾਰ! ਇਸਨੂੰ ਸੁੱਟ ਦੇਹ, ਨਹੀਂ ਤਾਂ ਅਸੀਂ ਨਹੀਂ ਬਾਹਰ ਆਉਣਾ। ਅਸੀਂ ਦੌੜ ਜਾਵਾਂਗੇ।"
ਅਲੈਕਸੇਈ ਨੇ ਆਪਣਾ ਪਿਸਤੌਲ ਸੁੱਟ ਦਿੱਤਾ। ਟਾਹਣਾਂ ਵੱਖ ਵੱਖ ਹੋਈਆਂ ਤੇ ਦੋ ਮੁੰਡੇ ਖ਼ਬਰਦਾਰ, ਦੋ ਘੋਖੀ ਪਿੰਦੀਆਂ ਵਾਂਗ ਅੱਖ-ਪਲਕਾਰੇ ਵਿੱਚ ਉੱਡ ਜਾਣ ਲਈ ਤਿਆਰ, ਚੌਕਸੀ ਨਾਲ ਹੱਥ ਵਿੱਚ ਹੱਥ ਫੜੀ ਅਲੈਕਸੇਈ ਤੱਕ ਆਏ। ਵੱਡੇ ਕੋਲ, ਜਿਹੜਾ ਪਤਲਾ ਜਿਹਾ, ਨੀਲੀਆਂ ਅੱਖਾਂ ਵਾਲਾ ਤੇ ਕੱਕੇ ਵਾਲਾਂ ਵਾਲਾ ਸੀ, ਇੱਕ ਕੁਹਾੜੀ ਸੀ। ਛੋਟੇ ਮੁੰਡੇ ਨੇ, ਜਿਹੜਾ ਲਾਲ ਵਾਲਾਂ ਵਾਲਾ ਤੇ ਛਾਈਆਂ ਭਰੇ ਚਿਹਰੇ ਵਾਲਾ ਛੋਟਾ ਜਿਹਾ ਜੀਵ ਸੀ, ਜਿਸ ਦੀਆਂ ਅੱਖਾਂ ਨਾ ਦਬਾਈ ਜਾ ਸਕਣ ਵਾਲੀ ਉਤਸੁਕਤਾ ਨਾਲ ਲਿਸ਼ਕ ਰਹੀਆਂ ਸਨ ਤੇ ਜਿਹੜਾ ਪਹਿਲੇ ਦੇ ਇੱਕ ਕਦਮ ਪਿੱਛੇ ਪਿੱਛੇ ਆ ਰਿਹਾ ਸੀ, ਘੁਸਰ ਮੁਸਰ ਕਰਦੀ ਅਵਾਜ਼ ਵਿਚ ਬੋਲਿਆ:
"ਉਹ ਰੋ ਰਿਹਾ ਹੈ। ਉਹ ਸੱਚਮੁਚ ਰੋ ਰਿਹਾ ਹੈ। ਤੇ ਸੁਕੜ ਜਿਹਾ! ਦੇਖ ਕਿਵੇਂ ਸੁਕੜ ਜਿਹਾ ਹੈ!"
ਵੱਡਾ ਮੁੰਡਾ, ਅਜੇ ਵੀ ਕੁਹਾੜੀ ਫੜੀ, ਅਲੈਕਸੇਈ ਤੱਕ ਪੁੱਜਾ, ਆਪਣੇ ਵੱਡੇ ਸਾਰੇ ਨਮਦੇ ਦੇ ਬੂਟ ਨਾਲ, ਜਿਹੜੇ ਸ਼ਇਦ ਉਸਨੇ ਆਪਣੇ ਪਿਓ ਦੇ ਪਾ ਰੱਖੇ ਸਨ, ਠੁੱਡਾ ਮਾਰਦਿਆਂ ਪਿਸਤੋਲ ਨੂੰ ਹੋਰ ਦੂਰ ਸੁੱਟ ਦਿੱਤਾ, ਤੇ ਬੋਲਿਆ:
"ਤੂੰ ਕਹਿੰਦਾ ਹੈ ਕਿ ਤੂੰ ਪਾਇਲਟ ਹੈ। ਤੇਰੇ ਕੋਲ ਕੋਈ ਕਾਗਜ਼ ਹਨ ? ਲਿਆ ਜ਼ਰਾ ਦੇਖੀਏ!"
"ਇਥੇ ਕੌਣ ਹੈ, ਸਾਡੇ ਲੋਕ ਜਾਂ ਜਰਮਨ ?" ਅਲੈਕਸੇਈ ਨੇ ਹੌਲੀ ਜਿਹੀ ਪੁੱਛਿਆ ਤੇ ਨਾ ਚਾਹੁੰਦਾ ਵੀ ਮੁਸਕਾ ਪਿਆ।
“ਮੈਨੂੰ ਕੀ ਪਤਾ ? ਮੈਂ ਤਾਂ ਇਥੇ ਜੰਗਲ ਵਿੱਚ ਰਹਿੰਦਾ ਹਾਂ। ਮੈਨੂੰ ਕੋਈ ਆ ਕੇ ਰਿਪੋਰਟ ਨਹੀ ਦੇਂਦਾ", ਵੱਡੇ ਮੁੰਡੇ ਨੇ ਡਿਪਲੋਮੈਟਿਕ ਤਰੀਕੇ ਨਾਲ ਜਵਾਬ ਦਿੱਤਾ।
ਅਲੈਕਸੇਈ ਕੋਲ ਹੋਰ ਕੋਈ ਚਾਰਾ ਨਹੀਂ ਸੀ, ਸਿਵਾਏ ਇਸਦੇ ਕਿ ਆਪਣੀ ਵਰਦੀ ਦੀ ਜੇਬ ਵਿੱਚ ਹੱਥ ਮਾਰੇ ਤੇ ਆਪਣਾ ਪ੍ਰਮਾਣ-ਪੱਤਰ ਕੱਢੇ । ਅਫਸਰਾਂ ਵਾਲਾ ਲਾਲ ਕਾਰਡ ਦੇਖਦਿਆਂ ਹੀ, ਜਿਸ ਉੱਤੇ ਸਿਤਾਰਾ ਸੀ, ਮੁੰਡਿਆਂ ਉੱਪਰ ਜਾਦੂਈ ਅਸਰ ਹੋਇਆ। ਇੰਝ ਲੱਗਦਾ ਸੀ ਕਿ ਉਹਨਾਂ ਦਾ ਬਚਪਨ, ਜਿਹੜਾ ਜਰਮਨ ਕਬਜ਼ੇ ਦੇ ਦੌਰਾਨ ਉਹ ਗੁਆ ਬੈਠੇ ਸਨ ਉਹਨਾਂ ਦੇ ਆਪਣੇ ਪਿਆਰੇ ਸੋਵੀਅਤ ਪਾਇਲਟ ਦੇ ਆਉਣ ਨਾਲ ਉਹਨਾਂ ਕੋਲ ਇੱਕਦਮ ਮੁੜ ਆਇਆ ਹੋਵੇ।
“ਹਾਂ, ਹਾਂ, ਸਾਡੇ ਲੋਕ ਹੀ ਨੇ ਏਥੇ। ਤਿੰਨ ਦਿਨਾਂ ਦੇ ਉਹ ਇੱਥੇ ਨੇ ।"
"ਤੇਰੀਆਂ ਹੱਡੀਆਂ ਕਿਉਂ ਨਿਕਲੀਆਂ ਹੋਈਆਂ ?"