

".. ਸਾਡੇ ਬੰਦਿਆਂ ਨੇ ਉਹਨਾਂ ਨੂੰ ਉਹ ਮਜ਼ਾ ਚਖਾਇਆ। ਕਿਉਂ, ਨਹੀਂ ਸੀ ਚਖਾਇਆ, ਹੈ! ਇੱਥੇ ਘਮਸਾਨ ਦੀ ਲੜਾਈ ਹੋਈ ! ਤੇ ਉਹ ਕਿੰਨੇ ਹੀ ਸਾਰੇ ਮਾਰੇ ਗਏ ਸਨ। ਕਿਨੇਂ ਹੀ ਸਾਰੇ !"
“ ...ਤੇ ਕਿੰਝ ਦੌੜੇ ਸਨ ਉਹ। ਉਹਨਾਂ ਨੂੰ ਦੌੜਦਿਆਂ ਦੇਖ ਕੇ ਕਿਆ ਮਜ਼ਾ ਆਉਂਦਾ ਸੀ। ਉਹਨਾਂ ਵਿੱਚੋਂ ਇੱਕ ਨੇ ਇੱਕ ਟੱਪ ਅੱਗੇ ਘੋੜਾ ਜੋਤ ਲਿਆ ਤੇ ਇਸ ਵਿੱਚ ਬੈਠ ਕੇ ਦੌੜ ਗਿਆ। ਦੋ ਜਣਿਆ ਨੇ, ਦੋਵੇਂ ਜ਼ਖਮੀ ਸਨ, ਇੱਕ ਘੋੜੇ ਦੀ ਪੂਛਲ ਨੂੰ ਫੜ ਲਿਆ ਤੇ ਇੱਕ ਜਣਾ ਹੋਰ ਇਸਦੀ ਪਿੱਠ ਉੱਤੇ ਚੜ ਬੈਠਾ, ਨਵਾਬਾਂ ਵਾਂਗ । ਕਿਤੇ ਤੂੰ ਵੀ ਦੇਖ ਲੈਂਦਾ ਤਾਂ !... ਉਹਨਾਂ ਤੈਨੂੰ ਕਿਵੇਂ ਫੁੰਡਿਆ ?"
ਜ਼ਰਾ ਕੁ ਗੱਲਾਂ ਮਾਰਨ ਤੋਂ ਮਗਰੋਂ ਮੁੰਡੇ ਕੰਮ ਵਿੱਚ ਰੁਝ ਗਏ। ਉਹਨਾਂ ਦੱਸਿਆ ਕਿ ਉਹ ਪੰਜ ਕੁ ਕਿਲੋਮੀਟਰ ਦੂਰ ਰਹਿੰਦੇ ਹਨ। ਅਲੈਕਸੇਈ ਏਨਾਂ ਕਮਜ਼ੋਰ ਸੀ ਕਿ ਉਹ ਵਧੇਰੇ ਸੁਖਦਾਈ ਤਰ੍ਹਾਂ ਪਿੱਠ ਭਾਰ ਪੈਣ ਲਈ ਪਾਸਾ ਵੀ ਨਹੀਂ ਸੀ ਮੋੜ ਸਕਦਾ। "ਜਰਮਨ ਲੱਕੜ ਭੰਡਾਰ ਤੋਂ," ਜਿਵੇਂ ਕਿ, ਉਹਨਾਂ ਨੇ ਇਸ ਥਾਂ ਨੂੰ ਨਾਂ ਦੇ ਰੱਖਿਆ ਸੀ, ਬਾਲਣ ਲਈ ਲੱਕੜਾ ਲਿਜਾਣ ਵਾਸਤੇ ਉਹਨਾਂ ਨੇ ਜਿਹੜੀ ਬਰਫ਼-ਗੱਡੀ ਲਿਆਂਦੀ ਹੋਈ ਸੀ, ਉਹ ਅਲੈਕਸੇਈ ਨੂੰ ਲਿਜਾਣ ਲਈ ਬਹੁਤ ਛੋਟੀ ਸੀ। ਇਸ ਤੋਂ ਛੁੱਟ, ਅਣਗਾਹੀ ਬਰਫ਼ ਉੱਤੇ ਘਸੀਟ ਕੇ ਲਿਜਾਣ ਲਈ ਉਹਨਾਂ ਵਾਸਤੇ ਬਹੁਤ ਭਾਰੀ ਹੁੰਦਾ। ਵੱਡੇ ਮੁੰਡੇ ਨੇ, ਜਿਸਦਾ ਨਾਂ ਸੇਰਿਓਨਕਾ ਸੀ, ਆਪਣੇ ਭਰਾ ਫੇਦਕਾ ਨੂੰ ਕਿਹਾ ਕਿ ਉਹ ਜਿੰਨੀ ਤੇਜ਼ ਤੋਂ ਤੇਜ਼ ਹੋ ਸਕੇ, ਦੌੜ ਕੇ ਪਿੰਡ ਸਹਾਇਤਾ ਲਈ ਜਾਏ, ਜਦ ਕਿ ਉਹ ਅਲੈਕਸੇਈ ਦੀ ਜਰਮਨਾਂ ਤੋਂ ਰਾਖੀ ਕਰਨ ਲਈ ਉੱਥੇ ਹੀ ਰਹੇਗਾ। ਉਸਨੇ ਇਹ ਗੱਲ ਸਿਰਫ਼ ਕਹਿਣ ਨੂੰ ਹੀ ਕਹੀ, ਪਰ ਅਸਲ ਵਿੱਚ ਉਹ ਦਿਲੋਂ ਯਕੀਨ ਨਹੀਂ ਸੀ ਕਰ ਰਿਹਾ। "ਕੌਣ ਜਾਣੇ।" ਉਹ ਆਪਣੇ ਮਨ ਵਿੱਚ ਸੋਚਣ ਲੱਗਾ। "ਇਹ ਫਾਸਿਸਟ ਬੜੀ ਮੀਸਣੀ ਚੀਜ਼ ਹੁੰਦੇ ਹਨ — ਇਹ ਮਰ ਰਹੇ ਹੋਣ ਦਾ ਬਹਾਨਾ ਵੀ ਕਰ ਸਕਦੇ ਹਨ, ਤੇ ਸੋਵੀਅਤ ਫ਼ੌਜ ਦੇ ਕਾਗਜ਼ ਵੀ ਪ੍ਰਾਪਤ ਕਰ ਸਕਦੇ ਹਨ" ਹੌਲੀ ਹੌਲੀ ਉਸਦੇ ਡਰ ਦੂਰ ਹੋ ਗਏ ਤੇ ਉਸਨੇ ਖੁਲੀ ਤਰ੍ਹਾਂ ਗੱਲਾਂ ਕਰਨੀਆਂ ਸੁਰੂ ਕਰ ਦਿੱਤੀਆਂ।
ਦਿਆਰ ਦੀਆਂ ਸੂਈਆਂ ਦੇ ਨਰਮ ਵਿਛਾਉਂਣੇ ਉੱਤੇ ਊਂਘਦਾ ਹੋਇਆ ਅਲੈਕਸੇਈ ਅੱਧੀਆਂ ਅੱਖਾਂ ਖੋਹਲੀ, ਬੇਧਿਆਨਾ ਜਿਹਾ ਮੁੰਡੇ ਦੀਆਂ ਗੱਲਾਂ ਸੁਣਦਾ ਉਥੇ ਪਿਆ ਰਿਹਾ। ਅਰਾਮਭਰੀ ਅਲਸਾਹਟ ਦੀ ਧੁੰਦ ਦੇ ਵਿੱਚੋਂ ਦੀ ਜਿਹੜੀ ਉਸਦੇ ਸਾਰੇ ਸਰੀਰ ਉਪਰ ਇੱਕਦਮ ਫੈਲ ਗਈ ਸੀ, ਉਸਦੇ ਦਿਮਾਗ਼ ਤੱਕ ਕੁਝ ਕੁ ਉਗੜ ਦੁਗੜੇ ਲਫ਼ਜ਼ ਪੁੱਜ ਰਹੇ ਸਨ; ਤੇ ਭਾਵੇਂ ਉਸਨੂੰ ਸਮਝ ਨਹੀਂ ਸੀ ਆ ਰਹੀ ਕਿ ਇਹਨਾਂ ਲਫ਼ਜ਼ਾਂ ਦਾ ਕੀ ਮਤਲਬ ਹੈ, ਆਪਣੀ ਮਾਤ ਬੋਲੀ ਦੀਆਂ ਧੁਨਾਂ ਉਸਨੂੰ ਬੇਹੱਦ ਖੁਸ਼ੀ ਦੇ ਰਹੀਆਂ ਸਨ। ਸਿਰਫ਼ ਮਗਰੋਂ ਕਿਤੇ ਜਾ ਕੇ ਉਸਨੇ ਉਸ ਮੁਸੀਬਤ ਦੀ ਕਹਾਣੀ ਸੁਣੀ ਜਿਹੜੀ ਪਲਾਵਨੀ ਪਿੰਡ ਦੇ ਵਾਸੀਆਂ ਉੱਤੇ ਆ ਪਈ ਸੀ।
ਜਰਮਨ ਇਸ ਜੰਗਲ ਤੇ ਝੀਲ ਦੇ ਖੰਡ ਵਿੱਚ ਅਕੂਤਬਰ ਵਿੱਚ ਹੀ ਆ ਪੁੱਜੇ ਸਨ, ਜਦੋਂ ਬਰਚੇ ਪੀਲੇ ਪੱਤਿਆਂ ਨਾਲ ਚਮਕ ਰਹੇ ਸਨ ਤੇ ਅਸਪ ਦੇ ਦਰਖਤ ਕੁਸ਼ਗਨੀ ਜਿਹੀ ਲਾਲ