ਭਾਗ ਪਹਿਲਾ
1
ਸਿਤਾਰੇ ਅਜੇ ਵੀ ਝਿਲਮਿਲਾ ਰਹੇ ਸਨ ਤੇਜ਼ ਤੇ ਸ਼ੀਤਲ; ਪਰ ਪੂਰਬ ਵਿੱਚ ਲੋਅ ਲੱਗਣੀ ਸ਼ੁਰੂ ਹੋ ਚੁੱਕੀ ਸੀ । ਦਰਖਤਾਂ ਦੇ ਆਕਾਰ ਹਨੇਰੇ ਵਿੱਚੋਂ ਜ਼ਰਾ ਜ਼ਰਾ ਉਘੜਣ ਲੱਗ ਪਏ ਸਨ । ਇੱਕਦਮ ਤੇਜ਼ ਸੱਜਰੀ ਹਵਾ ਉਹਨਾਂ ਦੀਆਂ ਸਿਖਰਾਂ ਦੇ ਉੱਪਰੋਂ ਦੀ ਵਗਣ ਲਗੀ। ਜੰਗਲ ਵਿੱਚ ਇੱਕਦਮ ਜਾਨ ਪੈ ਗਈ, ਤੇ ਇਹ ਭਰਵੇਂ ਟੁਣਕਵੇਂ ਸ਼ੋਰ ਨਾਲ ਭਰ ਗਿਆ। ਸੋ ਸੌ ਸਾਲ ਪੁਰਾਣੇ ਦਿਆਰ ਬੇਚੈਨ, ਸਾਂ-ਸਾਂ ਕਰਦੀਆਂ ਅਵਾਜ਼ਾਂ ਵਿੱਚ ਇੱਕ ਦੂਜੇ ਨਾਲ ਘੁਸਰ-ਮੁਸਰ ਕਰਨ ਲੱਗੇ, ਤੇ ਉਹਨਾਂ ਦੀਆਂ ਕੰਬਦੀਆਂ ਟਾਹਣੀਆਂ ਉੱਪਰੋਂ ਕੱਕਰ ਹਲਕੀ ਹਲਕੀ ਸਰਸਰਾਹਟ ਨਾਲ ਕਿਰਨਾ ਸ਼ੁਰੂ ਹੋ ਗਿਆ।
ਹਵਾ ਜਿਸ ਤਰ੍ਹਾਂ ਇੱਕਦਮ ਵਗਣੀ ਸ਼ੁਰੂ ਹੋਈ ਸੀ, ਉਸੇ ਤਰ੍ਹਾਂ ਇੱਕਦਮ ਰੁਕ ਗਈ। ਦਰਖਤ ਫਿਰ ਆਪਣੀ ਯੱਖ ਨੀਂਦਰ ਵਿੱਚ ਬੇਹਰਕਤ ਹੋ ਗਏ। ਫਿਰ ਇੱਕਦਮ ਪ੍ਰਭਾਤ ਤੋਂ ਪਹਿਲਾਂ ਦੀਆਂ ਜੰਗਲ ਦੀਆਂ ਸਾਰੀਆਂ ਅਵਾਜ਼ਾਂ ਸੁਣਾਈ ਦੇਣ ਲੱਗੀਆਂ: ਲਾਗਲੀ ਜੂਹ ਵਿੱਚ ਭੁੱਖੇ ਭੇੜੀਆਂ ਦੀ ਆਪਸੀ ਘੁਰ ਘੁਰ, ਲੂੰਬੜੀਆਂ ਦਾ ਚੌਕਸ ਹੁਆਂਕਣਾ, ਤੇ ਹੁਣੇ ਹੁਣੇ ਉਠੇ ਚੱਕੀਰਾਹੇ ਦੀ ਪਹਿਲੀ, ਅਨਿਸ਼ਚਿਤ ਠਕ-ਠਕ, ਜਿਹੜੀ ਸ਼ਾਂਤ ਜੰਗਲ ਵਿੱਚ ਏਨੀ ਸੰਗੀਤਕ ਅਵਾਜ ਪੈਦਾ ਕਰ ਰਹੀ ਸੀ ਕਿ ਇੰਝ ਲੱਗਦਾ ਸੀ ਜਿਵੇਂ ਉਹ ਦਰਖਤ ਦੇ ਤਣੇ ਨੂੰ ਨਹੀਂ ਸਗੋਂ ਵਾਇਲਨ ਨੂੰ ਠਕੋਰ ਰਿਹਾ ਹੋਵੇ।
ਦਿਆਰਾਂ ਦੀਆਂ ਬੋਝਲ ਟੀਸੀਆਂ ਉੱਪਰੋਂ ਦੀ ਹਵਾ ਫਿਰ ਸ਼ੋਰ ਮਚਾਉਂਦੇ ਹੋਏ ਬੁੱਲ੍ਹੇ ਬਣ ਕੇ ਵਗਣ ਲੱਗੀ। ਇਸ ਵੇਲੇ ਰੋਸ਼ਨ ਹੋ ਚੁੱਕੇ ਅਕਾਸ਼ ਵਿੱਚ ਆਖ਼ਰੀ ਸਿਤਾਰੇ ਮਲਕੜੇ ਜਿਹੇ ਬੁਝ ਗਏ; ਅਕਾਸ਼ ਖ਼ੁਦ ਵੀ ਸੁੰਗੜ ਗਿਆ ਤੇ ਸੰਘਣਾ ਹੋ ਗਿਆ ਲੱਗਦਾ ਸੀ। ਰਾਤ ਦੇ ਹਨੇਰੇ ਦੇ ਬਾਕੀ ਨਿਸ਼ਾਨ ਵੀ ਲਾਹ ਮਾਰਦਾ ਹੋਇਆ ਜੰਗਲ ਆਪਣੀ ਸਾਰੀ ਤਾਜ਼ਾ ਸ਼ਾਨ ਨਾਲ ਉੱਤਰ ਆਇਆ। ਦਿਆਰਾਂ ਦੇ ਘੁੰਗਰਾਲੇ ਸਿਰਾਂ ਤੇ ਫਰ ਦੇ ਦਰਖਤਾਂ ਦੀਆਂ ਨੁਕੀਲੀਆਂ ਟੀਸੀਆਂ ਨੂੰ ਛੁਹ ਰਹੀ ਗੁਲਾਬੀ ਭਾਹ ਤੋਂ ਇਹ ਦੱਸਿਆ ਜਾ ਸਕਦਾ ਸੀ ਕਿ ਸੂਰਜ ਚੜ੍ਹ ਆਇਆ ਹੈ ਤੇ ਦਿਨ ਸਾਫ ਹੋਵੇਗਾ, ਸਰਦੀ ਖੂਬ ਪਵੇਗੀ ਤੇ ਕੱਕਰ ਵੀ ਪਵੇਗਾ।
ਹੁਣ ਤੱਕ ਬਿਲਕੁਲ ਚਾਨਣ ਹੋ ਚੁੱਕਾ ਸੀ। ਰਾਤ ਦੇ ਸ਼ਿਕਾਰ ਨੂੰ ਹਜ਼ਮ ਕਰਨ ਲਈ ਭੇੜੀਏ ਜੰਗਲ ਦੇ ਅੰਦਰ ਜਾ ਵੜੇ ਸਨ, ਤੇ ਲੂੰਬੜੀਆਂ ਵੀ ਬਰਫ਼ ਉੱਤੇ ਚਲਾਕੀ ਨਾਲ ਵਾਹੇ ਗਏ ਟੇਢੇ-ਮੇਢੇ ਨਿਸ਼ਾਨ ਛੱਡ ਕੇ ਮੈਦਾਨ ਵਿੱਚੋਂ ਜਾ ਚੁੱਕੀਆਂ ਸਨ। ਪੁਰਾਤਨ ਜੰਗਲ ਹੁਣ ਇਕਸਾਰ ਲਗਾਤਾਰ ਅਵਾਜ਼ ਨਾਲ ਗੂੰਜ ਰਿਹਾ ਸੀ। ਸਿਰਫ਼ ਪੰਛੀਆਂ ਦਾ ਚਹਿਚਹਾਉਂਣਾ ਤੇ ਚੱਕੀਰਾਹੇ ਦੀ ਠਕ-ਠਕ, ਟਾਹਣੀਓ-ਟਾਹਣੀ ਫੁਦਕਦੀਆਂ ਫਿਰਦੀਆਂ