ਪੀਲੀਆਂ ਪਿੰਦੀਆਂ ਦੀ ਖੁਸ਼ ਚੀਂ-ਚੀਂ, ਤੇ ਨੀਲ-ਕੰਠਾਂ ਦੀ ਖੁਸ਼ਕ ਤੇ ਭੁੱਖੀ ਟਰਾਂ-ਟਰਾਂ ਜੰਗਲ ਦੇ ਵਿੱਚੋਂ ਦੀ ਹਲਕੀਆਂ ਹਲਕੀਆਂ ਲਹਿਰਾਂ ਦੇ ਰੂਪ ਵਿੱਚ ਵਹਿ ਰਹੀ ਇਸ ਸੋਗੀ, ਉਤਸੁਕ, ਤੇ ਲਮਕਵੀਂ ਅਵਾਜ਼ ਨੂੰ ਕੋਈ ਵੱਖਰਾ ਰੰਗ ਦੇ ਰਹੀ ਸੀ।
ਆਲਡਰ ਦੇ ਰੁੱਖ ਦੀ ਟਾਹਣ ਉੱਤੇ ਆਪਣੀ ਤੇਜ਼, ਕਾਲੀ ਚੁੰਝ ਨੂੰ ਤਿੱਖੀ ਕਰਦਿਆਂ ਕਾਲਕੂਟ ਨੇ ਆਪਣਾ ਸਿਰ ਖੜਾ ਕਰ ਲਿਆ, ਜ਼ਰਾ ਕੁ ਕੰਨ ਲਾ ਕੇ ਸੁਣਿਆ ਤੇ ਉੱਡਣ ਲਈ ਤਿਆਰ ਹਾਲਤ ਵਿੱਚ ਆ ਗਈ। ਟਾਹਣੀਆਂ ਅਵਾਜ਼ ਦੇਣ ਲੱਗੀਆਂ, ਜਿਵੇਂ ਖਤਰੇ ਦੀ ਸੂਚਨਾ ਦੇ ਰਹੀਆਂ ਹੋਣ । ਕੋਈ ਵੱਡਾ ਸਾਰਾ ਤੇ ਮਜ਼ਬੂਤ ਜੀਵ ਹੇਠਾਂ ਉੱਗੀਆਂ ਝਾੜੀਆਂ ਦੇ ਵਿੱਚੋਂ ਦੀ ਪੈਰ ਧਰੂੰਹਦਾ ਲੰਘ ਰਿਹਾ ਸੀ। ਝਾੜੀਆਂ ਸਰਸਰ ਕਰਨ ਲੱਗੀਆਂ, ਛੋਟੇ ਛੋਟੇ ਦਿਆਰਾਂ ਦੀਆਂ ਟੀਸੀਆਂ ਬੇਚੈਨੀ ਨਾਲ ਝੂਲਣ ਲੱਗੀਆਂ, ਖਸਤਾ ਬਰਫ਼ ਦੀ ਕਿਰਚ- ਕਿਰਚ ਸੁਣਾਈ ਦੇਣ ਲੱਗੀ । ਕਾਲਕੂਟ ਨੇ ਚੀਕ ਮਾਰੀ ਤੇ ਆਪਣੀ ਤੀਰ ਵਰਗੀ ਪੂਛ ਨੂੰ ਸਿੱਧਾ ਕਰਦੀ ਹੋਈ ਉੱਥੋਂ ਉੱਡ ਗਈ।
ਬਰਫ਼-ਢਕੇ ਦਿਆਰਾਂ ਦੇ ਵਿੱਚੋਂ ਇੱਕ ਲੰਮੀ ਭੂਰੀ ਜਿਹੀ ਥੂਥਣੀ ਨਜ਼ਰ ਆਈ, ਜਿਸਦੇ ਸਿਰ ਉੱਤੇ ਭਾਰੀ-ਭਰਕਮ, ਸ਼ਾਖਦਾਰ ਸਿੰਗ ਸਨ । ਉਸਦੀਆਂ ਡਰਦੀਆਂ ਅੱਖਾਂ ਅਥਾਹ ਵਾਦੀ ਨੂੰ ਘੋਖ ਰਹੀਆਂ ਸਨ । ਗੁਲਾਬੀ, ਮਖਮਲੀ ਨਾਸਾਂ ਜ਼ੋਰ ਜ਼ੋਰ ਦੀ ਫ਼ਰਕ ਰਹੀਆਂ ਸਨ ਤੇ ਗਰਮ, ਭਾਫ਼ਦਾਰ ਸਾਹ ਦੇ ਬੱਦਲ ਛੱਡ ਰਹੀਆਂ ਸਨ।
ਬੁੱਢਾ ਰੋਝ ਦਿਆਰਾਂ ਵਿਚਕਾਰ ਬੁੱਤ ਬਣਿਆ ਖੜਾ ਸੀ। ਸਿਰਫ਼ ਇਸਦੀ ਪਿੱਠ ਦੀ ਚਮੜੀ ਕੰਬ ਰਹੀ ਸੀ। ਇਸਦੇ ਕੰਨ, ਡਰ ਨਾਲ ਖੜੇ, ਹਰ ਅਵਾਜ਼ ਸੁਣ ਰਹੇ ਸਨ ਤੇ ਇਸਦੀ ਸੁਨਣ-ਸ਼ਕਤੀ ਏਨੀਂ ਸੂਖਮ ਸੀ ਕਿ ਇਹ ਕਿਸੇ ਦਿਆਰ ਦੇ ਤਣੇ ਵਿੱਚ ਛੇਕ ਕਰ ਰਹੇ ਕਿਸੇ ਗਬਰੈਲੇ ਦੀ ਅਵਾਜ਼ ਵੀ ਸੁਣ ਸਕਦਾ ਸੀ। ਪਰ ਇਹਨਾਂ ਸੂਖਮ ਕੰਨਾਂ ਨੂੰ ਵੀ ਪੰਛੀਆਂ ਦੀ ਚਾਂ-ਚਾਂ, ਚਾਂ-ਚਾਂ, ਚੱਕੀਰਾਹੇ ਦੀ ਠਕ-ਠਕ ਤੇ ਦਿਆਰਾਂ ਦੀਆਂ ਟੀਸੀਆਂ ਦੀ ਇਕਸਾਰ ਸਰਸਰ ਤੋਂ ਛੁੱਟ ਕੁਝ ਨਹੀਂ ਸੀ ਸੁਣਾਈ ਦੇ ਰਿਹਾ।
ਰੋਝ ਦੀ ਸੁਨਣ-ਸ਼ਕਤੀ ਉਸਨੂੰ ਧਰਵਾਸ ਦੇਂਦੀ ਲੱਗਦੀ ਸੀ, ਪਰ ਉਸਦੀ ਸੁੰਘਣ- ਸ਼ਕਤੀ ਉਸਨੂੰ ਖ਼ਤਰੇ ਦੀ ਚੇਤਾਵਨੀ ਦੇ ਰਹੀ ਸੀ । ਪਿਘਲਦੀ ਬਰਫ਼ ਦੀ ਸੱਜਰੀ ਵਾਸ਼ਨਾ ਦੇ ਨਾਲ ਤੇਜ਼, ਭੈੜੀਆਂ ਲੱਗਦੀਆਂ ਤੇ ਮਨਹੂਸ ਜਿਹੀਆਂ ਬੋਆਂ ਰਲੀਆਂ ਹੋਈਆਂ ਸਨ, ਜਿਹੜੀਆਂ ਇਸ ਜੰਗਲ ਲਈ ਓਪਰੀਆਂ ਸਨ । ਪਸ਼ੂ ਦੀਆਂ ਉਦਾਸ, ਕਾਲੀਆਂ ਅੱਖਾਂ ਲਿਸ਼ਕਦੀ ਚਿੱਟੀ ਬਰਫ਼ ਦੀ ਪੇਪੜੀ ਉੱਤੇ ਪਏ ਕਾਲੇ ਜਿਹੇ ਅਕਾਰਾਂ ਉੱਪਰ ਜਾ ਪਈਆਂ। ਬਿਨਾਂ ਹਿਲਿਆਂ ਇਸਨੇ ਹਰ ਪੱਠਾ ਅਕੜਾ ਲਿਆ ਤੇ ਝਾੜੀਆਂ ਵਿੱਚ ਜਾ ਵੜਣ ਲਈ ਤਿਆਰ ਹੋ ਗਿਆ; ਪਰ ਬਰਫ਼ ਉਪਰਲੇ ਅਕਾਰ ਬੇਹਰਕਤ, ਇੱਕ ਦੂਜੇ ਦੇ ਨਾਲ ਲੱਗੇ ਹੋਏ ਤੇ ਇੱਕ ਦੂਜੇ ਦੇ ਉੱਪਰ ਪਏ ਸਨ । ਉਹਨਾਂ ਦੀ ਗਿਣਤੀ ਕਾਫੀ ਸੀ, ਪਰ ਇੱਕ ਵੀ ਹਿਲਜੁੱਲ ਨਹੀਂ ਸੀ ਰਿਹਾ, ਤੇ ਇਸ ਪਵਿੱਤਰ ਸ਼ਾਂਤੀ ਨੂੰ ਭੰਗ ਨਹੀਂ ਸੀ ਕਰ ਰਿਹਾ। ਉਹਨਾਂ ਦੇ ਨੇੜੇ, ਬਰਫ਼ ਦੇ ਢੇਰਾਂ ਵਿੱਚੋਂ ਅਜੀਬ ਦੈਂਤਾਂ ਵਰਗੀਆਂ ਸ਼ਕਲਾਂ ਦਿਖਾਈ ਦੇ ਰਹੀਆਂ ਸਨ। ਇਹਨਾਂ ਵਿੱਚੋਂ ਹੀ ਉਹ ਤੇਜ਼ ਤੇ ਮਨਹੂਸ ਬੋਆਂ ਆ ਰਹੀਆਂ ਸਨ।